ਅਮੂਰਤ ਨੂੰ ਮੂਰਤ ਕਰਨ ਵਾਲਾ ਰਚਨਾਕਾਰ ਡਾ. ਅਜੈ ਸ਼ਰਮਾ
ਡਾ. ਹਰਮਹਿੰਦਰ ਸਿੰਘ ਬੇਦੀ
ਪੰਜਾਬੀ ਨਾਟਕ ਦਾ ਇਤਿਹਾਸਕ ਪਰਿਪੇਖ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਪੰਜ ਪਾਣੀਆਂ ਦੀ ਧਰਤੀ ਉਤੇ ਸੰਸਕ੍ਰਿਤ ਸਾਹਿਤ ਦੇ ਮੁੱਢਲੇ ਨਾਟਕ ਰਚੇ ਗਏ। ਇਹ ਕਿਹਾ ਜਾਂਦਾ ਹੈ ਕਿ ਭਰਤ ਮੁਨੀ ਨੇ ਨਾਟ-ਸ਼ਾਸਤਰ ਦੀ ਰਚਨਾ ਵੀ ਸਪਤ ਸਿੰਧੂ ਦੇ ਦਰਿਆਵਾਂ ਦੇ ਕੰਢੇ ਕੀਤੀ। ਪਾਣੀ ਦਾ ਮੁੱਢ ਕਦੀਮ ਤੋਂ ਹੀ ਪੰਜਾਬ ਦੇ ਸਾਹਿਤ ਨਾਲ ਰਿਸ਼ਤਾ ਰਿਹਾ ਹੈ। ਜਿਨ੍ਹਾਂ ਥਾਵਾਂ ਦਾ ਇਤਿਹਾਸ ਦਰਿਆਵਾਂ-ਨਦੀਆਂ ਅਤੇ ਸਮੁੰਦਰਾਂ ਨਾਲ ਜੁੜਿਆ ਹੁੰਦਾ ਹੈ, ਉਥੇ ਪਾਣੀ ਨਾਇਕ ਦੀ ਭੂਮਿਕਾ ਅਦਾ ਕਰਦਾ ਹੈ। ਮਨੁੱਖ ਦਾ ਤੇ ਦੁੱਖ-ਸੁੱਖ ਦਰਿਆਈ ਪਾਣੀਆਂ ਨਾਲ ਹੀ ਜੁੜਿਆ ਹੁੰਦਾ ਹੈ। ਸੋਹਣੀ ਮਹੀਵਾਲ ਦੇ ਕਿੱਸੇ ਦੀ ਕਥਾ ਵੀ ਝਨਾਅ ਦੇ ਪਾਣੀਆਂ ਵਿਚ ਵਾਪਰਦੀ ਹੈ। ਇਸ ਲਈ ਮੈਨੂੰ ਇਹ ਜਾਪਦਾ ਹੈ ਕਿ ਜਦੋਂ ਵੀ ਕੋਈ ਸਾਹਿਤਕਾਰ ਪਾਣੀਆਂ ਦੀ ਬਾਤ ਪਾਉਂਦਾ ਹੈ ਤਾਂ ਉਹ ਪੰਜਾਬੀ ਲੋਕ ਵਿਰਸੇ ਦੇ ਇਤਿਹਾਸ ਦਾ ਪੁਨਰ ਸਿਰਜਣ ਕਰਦਾ ਹੈ। ਡਾ. ਅਜੈ ਸ਼ਰਮਾ ਦਾ ਨਾਟਕ ਇਸ ਪੁਨਰ ਸਿਰਜਣ ਦੀ ਸਿਰਜਣਾਤਮਕ ਊਰਜਾ ਦੀ ਕਹਾਣੀ ਕਹਿੰਦਾ ਹੈ। ਛੱਲਾ ਇਤਿਹਾਸ ਤੇ ਮਿਥਿਹਾਸ ਵਿਚ ਕਦੇ ਵੀ ਗੁਆਚਿਆ ਨਹੀਂ। ਲੋਕ ਗੀਤ, ਲੋਕ ਕਹਾਣੀਆਂ ਅਤੇ ਲੋਕ ਵਿਸ਼ਵਾਸਾਂ ਵਿਚ ਛੱਲਾ ਕਈ ਸ਼ਤਾਬਦੀਆਂ ਪਹਿਲਾਂ ਆਪਣੀ ਹੋਂਦ ਨੂੰ ਸਥਾਪਿਤ ਕਰਕੇ ਰੱਖਦਾ ਹੈ।
ਡਾ. ਅਜੈ ਸ਼ਰਮਾ ਨੇ ਆਪਣੇ ਇਸ ਨਾਟਕ ਵਿਚ ਰਹੱਸ ਦੀਆਂ ਕਈ ਪਰਤਾਂ ਨੂੰ ਉਜਾਗਰ ਕੀਤਾ ਹੈ। ਨਾਟਕ ਦੀ ਊਰਜਾ ਸ਼ਕਤੀ ਅਮੂਰਤ ਵਿਸ਼ੇ ਵਸਤੂ ਨੂੰ ਸਕਾਰਾਤਮਕ ਅਕਾਰ ਦੇਣ ਵਿਚ ਲੁਕੀ ਹੋਈ ਹੈ। ਛੱਲਾ ਨਾਟਕ ਦੀ ਕਹਾਣੀ ਨੂੰ ਨਵੇਂ ਅਨੁਭਵਾਂ ਨਾਲ ਜੋੜ ਕੇ ਸਮਕਾਲ ਵਿਚ ਇਸਦੀ ਸਾਰਥਕਤਾ ਦੱਸੀ ਗਈ ਹੈ। ਪੰਜਾਬੀ ਨਾਟਕ ਵਿਚ ਇਹ ਵੱਖਰਾ ਤਜ਼ਰਬਾ ਹੈ। ਇਤਿਹਾਸ-ਮਿਥਿਹਾਸ ਤੇ ਕਲਪਨਾ ਯਥਾਰਥ ਦੀ ਸ਼ੈਲੀ ਵਿਚ ਇਸ ਤਰ੍ਹਾਂ ਢਲੀ ਹੈ ਕਿ ਕਿਤੇ ਵੀ ਪਾਠਕ ਜਾਂ ਦਰਸ਼ਕ ਨੂੰ ਅਜਨਬੀ ਮਾਹੌਲ ਵਿਚੋਂ ਨਹੀਂ ਲੰਘਣਾ ਪੈਂਦਾ। ਨਾਟਕ ਦਾ ਤਣਾਅ ਉਸ ਵੇਲੇ ਸਿਖਰ ਛੂੰਹਦਾ ਹੈ ਜਦੋਂ ਪੁੱਤਰ ਪਾਣੀਆਂ ਦੀ ਭੇਂਟ ਚੜ੍ਹ ਜਾਂਦਾ ਹੈ ਅਤੇ ਪਿਓ ਉਸ ਦੀਆਂ ਯਾਦਾਂ ਦੇ ਨਾਲ ਜੁੜ ਕੇ ਝੱਲਾ ਬਣ ਜਾਂਦਾ ਹੈ। ਛੱਲਾ ਤੇ ਝੱਲਾ ਇਹ ਦੋਵੇਂ ਪਾਰਗਾਮੀ ਸ਼ਕਤੀਆਂ ਬਣ ਕੇ ਪਾਠਕ ਤੇ ਦਰਸ਼ਕ ਦੇ ਦਿਲ ਨੂੰ ਹਲੂਣਦੀਆਂ ਹਨ। ਇਹੋ ਜਿਹੇ ਵਿਸ਼ੇ ‘ਤੇ ਨਾਟਕੀ ਸੰਵੇਦਨਾ ਦਾ ਵਿਸਥਾਰ ਕਰਨਾ ਬਹੁਤ ਔਖਾ ਹੁੰਦਾ ਹੈ। ਪੱਛਮ ਦੇ ਨਾਟ ਸ਼ਾਸਤਰੀ ਇਹ ਮੰਨਦੇ ਹਨ ਕਿ ਵੱਡੇ ਨਾਟਕ ਵਿਚ ਕਾਲ ਵੱਡੀਆਂ ਸ਼ਕਤੀਆਂ (ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼) ਨਾਲ ਜੁੜ ਕੇ ਕਾਲ ਦੇ ਚੱਕਰ ਨੂੰ ਊਰਜਾਵਾਨ ਤੇ ਗਤੀਸ਼ੀਲ ਬਣਾਉਂਦੇ ਹਨ। ਇਸ ਨਾਟਕ ਵਿਚ ਊਰਜਾ ਦੀ ਇਸ ਸ਼ਕਤੀ ਨੂੰ ਦੇਖਿਆ ਜਾ ਸਕਦਾ ਹੈ।
ਨਾਟਕ ਦੇ ਕੁਝ ਦ੍ਰਿਸ਼ਾਂ ‘ਚ ਤੱਥਾਂ ਤੋਂ ਰਹਿਤ ਹੋਣ ਦਾ ਝਉਲਾ ਪੈਂਦਾ ਹੈ। ਨਾਟਕਕਾਰ ਨੇ ਇਸ ਝਉਲੇ ਨੂੰ ਵੀ ਸ਼ਿਲਪ ਦੀਆਂ ਅਜਿਹੀਆਂ ਇਕਾਈਆਂ ਦੇ ਨਾਲ ਪ੍ਰਕਾਸ਼ਮਾਨ ਕੀਤਾ ਹੈ ਕਿ ਨਾਟਕ ਦੀ ਗੋਂਦ ਕਿਤੇ ਵੀ ਢਿੱਲੀ ਨਹੀਂ ਜਾਪਦੀ। ਖਾਸ ਤੌਰ ‘ਤੇ ਫਲੈਸ਼ਬੈਕ ਦੀ ਸ਼ੈਲੀ ਇਸ ਨਾਟਕ ਦੀ ਅਰਥ ਭਾਵਪੂਰਤਾ ਨੂੰ ਬਹੁਰੰਗੀ ਬਹੁਪਰਤੀ ਬਣਾ ਦਿੰਦੀ ਹੈ। ਭਰਤ ਮੁਨੀ ਨੇ ਚੰਗੇ ਨਾਟਕ ਦੀ ਇਹ ਪਛਾਣ ਵੀ ਸਥਾਪਿਤ ਕੀਤੀ ਸੀ ਕਿ ਨਾਟਕਕਾਰ ਅਮੂਰਤ ਧਾਰਨਾਵਾਂ ਨੂੰ ਜਦੋਂ ਮੂਰਤਾਂ ਵਿਚ ਪਰਿਵਰਤਤਤ ਕਰਦਾ ਹੈ ਉਸ ਵੇਲੇ ਰੰਗਮੰਚ ਸਜੀਵ ਹੋ ਉਠਦਾ ਹੈ। ਭਰਤ ਮੁਨੀ ਮੰਨਦਾ ਸੀ ਕਿ ਰੰਗਮੰਚ ਉਤੇ ਪਈ ਹਰ ਜੜ੍ਹ ਵਸਤੂ ਉਸ ਵੇਲੇ ਨਾਟਕ ਦੀ ਪ੍ਰਕਿਰਿਆ ਵਿਚ ਸ਼ਾਮਿਲ ਹੋ ਜਾਂਦੀ ਸੀ ਜਿਸ ਵੇਲੇ ਸੰਵਾਦਾਂ ਰਾਹੀਂ ਨਾਟਕੀ ਵਿਚਾਰ ਮੂਰਤਮਾਨ ਹੋ ਉਠਦਾ ਹੈ। ਛੱਲੇ ਨਾਟਕ ਵਿਚ ਇਸ ਤਣਾਅ ਦਾ ਸਰਲੀਕਰਨ ਦੇਖਿਆ ਜਾ ਸਕਦਾ ਹੈ।
ਡਾ. ਅਜੈ ਸ਼ਰਮਾ, ਮੂਲ ਰੂਪ ਵਿਚ ਕਥਾਕਾਰ ਹੈ। ਉਹ ਕਥਾ ਵਸਤੂ ਦੀਆਂ ਬਰੀਕੀਆਂ ਨੂੰ ਸਮਝਦਾ ਹੈ। ਉਸ ਨੇ ਆਪਣੇ ਦਸ ਨਾਵਲਾਂ ਵਿਚ ਨਵੇਂ ਤਜਰਬੇ ਵੀ ਕੀਤੇ ਹਨ ਅਤੇ ਨਾਵਲ ਦੀ ਸਿਰਜਣਾਤਮਕ ਭਾਸ਼ਾ ਦਾ ਸੰਚਾਰ ਵੀ ਕੀਤਾ ਹੈ। ਹਥਲੇ ਨਾਟਕ ਵਿਚ ਭਾਸ਼ਾ ਦਾ ਸੰਸਾਰ ਨਾਟਕੀਅਤਾ ਵਿਚ ਢਲ ਕੇ ਸੰਵਾਦਾਂ ਨੂੰ ਦਰਸ਼ਕਾਂ ਦੇ ਹਾਣ ਦਾ ਬਣਾ ਦਿੰਦਾ ਹੈ।
ਮੈਨੂੰ ਜਾਪਦਾ ਹੈ ਕਿ ਜਿੱਥੇ ਅਜੈ ਸ਼ਰਮਾ ਨੇ ਹਿੰਦੀ ਨਾਵਲ ਖੇਤਰ ਵਿਚ ਮੋਹਨ ਰਾਕੇਸ਼, ਜਗਦੀਸ਼ ਚੰਦਰ ਅਤੇ ਅਗੇਅ ਵਰਗੇ ਵੱਡੇ ਨਾਵਲਕਾਰਾਂ ਦੀ ਸੋਚ ਨੂੰ ਪੰਜਾਬੀਅਤ ਰਾਹੀਂ ਵਿਕਸਤ ਕੀਤੈ; ਉਸੇ ਤਰ੍ਹਾਂ ‘ਛੱਲਾ ਮੁੜ ਕੇ ਨਹੀਂ ਆਇਆ’ ਨਾਟਕ ਰਾਹੀਂ ਬਲਵੰਤ ਗਾਰਗੀ ਵਰਗੇ ਨਾਟਕਕਾਰ ਦੀ ਪਰੰਪਰਾ ਨੂੰ ਨਵੇਂ ਸੰਦਰਭਾਂ ਵਿਚ ਸਥਾਪਿਤ ਕਰੇਗਾ।
ਮੈਂ ਕਦੇ ਉਸ ਦੇ ਮੁੱਢਲੇ ਨਾਵਲ ਬਾਰੇ ਵੀ ਇਹੋ ਜਿਹੀ ਭਵਿੱਖਬਾਣੀ ਕੀਤੀ ਸੀ, ਜਿਸ ਨੂੰ ਉਸ ਨੇ ਸੱਚ ਕਰ ਦਿਖਾਇਆ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬੀ ਨਾਟਕ ਦੇ ਖੇਤਰ ਵਿਚ ਵੀ ਉਹ ਇਹੋ ਜਿਹੀਆਂ ਪੈੜਾਂ ਪਾਏਗਾ ਕਿ ਮੈਨੂੰ ਆਪਣੀ ਕਥਣੀ ਅਤੇ ਕਰਨੀ ਵਿਚ ਰੂਪਾਂਤਰ ਹੁੰਦੀ ਦਿਸੇਗੀ। ਮੇਰੀਆਂ ਸ਼ੁਭ ਕਾਮਨਾਵਾਂ ਹਮੇਸ਼ਾ ਨਾਵਲਕਾਰ ਅਜੈ ਸ਼ਰਮਾ ਨਾਲ ਰਹੀਆਂ ਹਨ ਤੇ ਅੱਜ ਇਹ ਸ਼ੁਭ ਕਾਮਨਾਵਾਂ ਨਾਟਕਕਾਰ ਅਜੈ ਸ਼ਰਮਾ ਦੇ ਨਾਲ ਵੀ ਹਨ।
ਸਾਬਕਾ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ।