Breaking News
Home / ਰੈਗੂਲਰ ਕਾਲਮ / ਨਾ ਰੋਵੇ ਕਦੀ ਲਹੌਰ…

ਨਾ ਰੋਵੇ ਕਦੀ ਲਹੌਰ…

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਇਹਨੀ ਦਿਨੀਂ ਇੱਕ ਗੀਤ ਬਹੁਤ ਸੁਣਿਆ ਤੇ ਸਲਾਹਿਆ ਜਾ ਰਿਹਾ ਹੈ, ਜਿਸੇ ਬੋਲ ਹਨ:
ਫੇਰ ਕਦੇ ਨਾ ਪਵੇ ਦੇਖਣਾਦੁੱਖ ਦਾ ਕਾਲਾ ਦੌਰ
ਨਾ ਅੰਮ੍ਰਿਤਸਰ ਦੀ ਅੱਖ ਭਰੇ,ਨਾ ਰੋਵੇ ਕਦੀ ਲਾਹੌਰ
ਦੋਵੇਂ ਗੁਆਂਢੀ ਮੁਲਕਾਂ ਦੀ ਏਕਤਾ ਤੇ ਖੈਰ-ਸੁਖ ਦਾ ਸੁਨੇਹਾ ਦਿੰਦਾ ਇਹ ਗੀਤ ਦੋਵੇਂ ਪੰਜਾਬਾਂ ਦੇ ਮਸ਼ਹੂਰ ਕਲਾਕਾਰਾਂ ਵੱਲੋਂ ਬੜੀ ਪੁਖਤਗੀ ਨਾਲ ਗਾਇਆ ਗਿਆ ਹੈ। ਸਾਡਾ ਇਧਰੋਂ ਦਿਲਖੁਸ਼ ਹੈ ਤੇ ਉਧਰੋਂ ਜਨਾਬ ਸ਼ੌਕਤ ਅਲੀ ਸਾਹਿਬ ਦਾ ਫਰਜੰਦ ਅਮੀਰ ਸ਼ੌਕਤ ਅਲੀ ਹੈ। ਲੰਬੇ ਸਮੇਂ ਤੋਂ ਜਦ ਗੁਆਂਢੀ ਮੁਲਕ ਨਾਲ ਸਾਡੇ ਸਬੰਧਾਂ ਵਿਚ ਕੁੜੱਤਣ ਵਧ ਰਹੀ ਹੈ ਤਾਂ ਇਸ ਗੀਤ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਕਲਾਕਾਰਾਂ ਨੇ ਆਪਣਾ ਵੱਡਾ ਫਰਜ਼ ਅਦਾ ਕਰਦਿਆਂ ਦੋਵੇਂ ਦੇਸ਼ਾਂ ਦੀ ਲੋਕਾਈ ਵਾਸਤੇ ਖੈਰ-ਸੁੱਖ ਮੰਗੀ ਹੈ। ਜਦ ਮੈਂ ਇਹ ਗੀਤ ਸੁਣ ਰਿਹਾ ਸਾਂ ਤਾਂ ਕੁਦਰਤੀ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਬ ਦੀ ਆਪਣੀ ਫੇਰੀ ਦੌਰਾਨ ਅਟਾਰੀ ਬਾਰਡਰ ਦੀ ਚੈਕ ਪੋਸਟ ਤੋਂ ਮੇਰੇ ਸਾਹਿਤਕ ਮਿੱਤਰ ਤੇ ਉਥੋਂ ਦੇ ਮੁੱਖ ਇੰਚਾਰਜ ਸ੍ਰੀ ਬਲਵਿੰਦਰ ਧਾਲੀਵਾਲ ਆਈ.ਆਰ.ਐਸ ਦਾ ਸੁਨੇਹਾ ਮਿਲਦਾ ਹੈ ਕਿ ਅਟਾਰੀ ਬਾਰਡਰ ‘ਤੇ ਕੁਝ ਘੰਟੇ ਉਹਨਾਂ ਨਾਲ ਬਿਤਾਵਾਂ। ਇਸ ਕਾਰਨ ਇਹ ਗੀਤ ਮੈਨੂੰ ਹੋਰ ਵੀ ਪਿਆਰਾ-ਪਿਆਰਾ ਤੇ ਸਮੇਂ ਮੁਤਾਬਕ ਸਾਰਥਿਕ ਲੱਗਣ ਲੱਗਿਆ, ਦੋਵੇਂ ਫ਼ਨਕਾਰ ਰਲ-ਮਿਲ ਕੇ ਤੇ ਡੁੱਬ ਕੇ ਗਾ ਰਹੇ ਹਨ, ਸਾਂਝੀਵਾਲਤਾ ਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ।
ਜਿਵੇਂ-ਜਿਵੇਂ ਮੈਂ ਬਾਰਡਰ ਵੱਲ ਵਧ ਰਿਹਾ ਸਾਂ ਤਾਂ ਮੇਰੀ ਉਤਸੁਕਤਾ ਵਧਣੀ ਤਾਂ ਸੁਭਾਵਿਕ ਸੀ ਹੀ ਸਗੋਂ ਮੈਂ ਬੜਾ ਸੁਖਦ ਜਿਹਾ ਮਹਿਸੂਸ ਕਰ ਰਿਹਾ ਸਾਂ। ਪਰ ਨਾਲ ਨਾਲ ਇੱਕ ਸਵਾਲ ਭਰਿਆ ਅਹਿਸਾਸ ਜਾਗਣ ਲੱਗਿਆ ਸੀ ਕਿ ਸਾਡੀਆਂ ਵੰਡੀਆਂ ਕਿਸਨੇ ਪਾਈਆਂ? ਅੱਜ ਭਰੀਆਂ ਅੱਖਾਂ ਨਾਲ ਦਿਲਖੁਸ਼ ਤੇ ਸ਼ੌਕਤ ਗਾ ਰਹੇ ਨੇ ਇਹ ਗੀਤ! ਇਹ ਗੀਤ, ਜੋ ਸਾਡੇ ਮਨਾਂ ਨੂੰ ਝੰਜੋੜ ਰਿਹਾ ਹੈ ਕੀ ਕੁੜੱਤਣ ਫੈਲਾਉਣੇ ਨੇਤਾਵਾਂ ਦੇ ਮਨਾਂ ਨੂੰ ਵੀ ਕੁਝ ਹਿਲਾਏਗਾ-ਹਲੂੰਣੇਗਾ? ਆਪਣੇ ਆਪ ਨੂੰ ਸਵਾਲ ਕਰਦਾ ਮੈਂ ਆਸ-ਪਾਸ ਦੇਖਦਾ ਜਾ ਰਿਹਾ ਹਾਂ। ਮੈਂ ਪਹਿਲੀ ਵਾਰੀ ਹੱਦ ‘ਤੇ ਆਇਆ ਹਾਂ ਉਹ ਧਾਲੀਵਾਲ ਮਿੱਤਰ ਦੀ ਮੇਜ਼ਬਾਨੀ ਸਦਕਾ। ਦੇਸ਼ਾਂ-ਬਦੇਸ਼ਾਂ ਦੀਆਂ ਹੱਦਾਂ-ਸਰਹੱਦਾਂ ਤਾਂ ਬਹੁਤ ਦੇਖੀਆਂ ਹੋਈਆਂ ਨੇ ਪਰ ਆਪਣੇ ਤੇ ਗੁਆਂਢੀ ਮੁਲਕ ਦੀ ਹੱਦ ‘ਤੇ ਜਾਣ ਦਾ ਸਬੱਬ ਕਦੇ ਨਹੀਂ ਸੀ ਬਣਿਆ।
ਗੱਡੀ ਵਿਚੋਂ ਉਤਰਦੇ ਸਾਰ ਨਵੇਂ-ਪੁਰਾਣੇ ਟਰੱਕਾਂ ਦੇ ਕਾਫਲੇ ਮੱਥੇ ਲੱਗੇ। ਇਹ ਸਾਰੇ ਪਾਕਿਸਤਾਨੀ ਤੇ ਅਫਗਾਨੀ ਟਰੱਕ ਸਨ, ਜੋ ਉਧਰੋਂ ਇਧਰ ਮਾਲ ਲਾਹੁੰਣ ਤੇ ਲੈਣ ਆਏ ਸਨ, ਸਾਡੇ ਟਰੱਕਾਂ ਤੋਂ ਕਾਫੀ ਭਿੰਨ ਸਨ ਤੇ ਉਹਨਾਂ ਉਤੇ ਉਰਦੂ ਵਿਚ ਵੰਨ-ਸੁਵੰਨੀ ਲਿਖਾਈ ਕੀਤੀ ਹੋਈ ਸੀ। ਖਾਨ-ਪਠਾਨ ਡਰਾਈਵਰ ਆਪੋ-ਆਪਣੇ ਆਹਰ ਵਿਚ ਜੁਟੇ ਹੋਏ ਸਨ। ਲਹਿੰਦੇ-ਚੜ੍ਹਦੇ ਮਾਲ ਕੋਲ ਟੋਲੀਆਂ ਬਣਾ ਕੇ ਬੈਠੇ ਕੁਝ ਭੋਜਨ ਖਾ ਰਹੇ ਸਨ ਤੇ ਕੁਝ ਸੁਸਤਾ ਰਹੇ ਸਨ। ਟਰੱਕ ਧੂੜਾਂ ਪੱਟੀ ਫਿਰਦੇ ਸਨ। ਆਸ-ਪਾਸ ਪਾਕਿਸਤਾਨੀ ਲੂਣ ਦੇ ਢੇਰ ਸਨ। ਉਧਰੋਂ ਆਇਆ ਸੀਮਿੰਟ ਲੱਥ ਰਿਹਾ ਸੀ। ਗੋਦਾਮਾਂ ਵਿਚ ਗੇੜਾ ਘੱਤਿਆ ਤਾਂ ਵੰਨ-ਸੁਵੰਨੀਆਂ ਮਹਿਕਾਂ ਆਉਣ ਲੱਗੀਆਂ। ਕਿਧਰੇ ਬਦਾਮ, ਸੌਗੀ, ਮੇਵੇ, ਕਾਜੂ,ਛੁਹਾਰੇ,ਕੱਚਾ ਲੂਣ, ਜਿਪਸਿਮ ਤੇ ਸੀਸਾ ਤੇ ਨਾਲ ਖਰਬੂਜਿਆਂ ਦੇ ਬੀਜ ਵੀ ਲੱਥ ਰਹੇ ਸਨ।
ਧਾਲੀਵਾਲ ਸਾਹਬ ਦਾ ਅਮਲਾ-ਫੈਲਾ ਬੜੇ ਆਦਰ ਨਾਲ ਮੈਨੂੰ ਉਹਨਾਂ ਦੇ ਦਫਤਰ ਅੰਦਰ ਲੈ ਕੇ ਗਿਆ ਤਾਂ ਮਿੱਤਰ ਵਲੋਂ ਇੱਕ ਖੂਬਸੂਰਤ ਗੁਲਦਸਤੇ ਨਾਲ ਲੇਖਕ ਮਿੱਤਰ ਦਾ ਸਵਾਗਤ ਕੀਤਾ ਗਿਆ। (ਚੇਤੇ ਰਹੇ ਕਿ ਇਸੇ ਧਾਲੀਵਾਲ ਮਿੱਤਰ ਨੇ ਪੰਜਾਬੀ ਵਿਚ ਆਈ.ਆਰ. ਐਸ ਕਰ ਕੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਸੀ) ਦਫਤਰ ਵਿਚ ਸਹਿਜ ਤੇ ਸਲੀਕੇ ਭਰਿਆ ਮਾਹੌਲ ਸੀ ਭਾਵੇਂ ਦਫਤਰ ਤੋਂ ਕੁਝ ਵਾਟ ਦੀ ਦੂਰੀ ‘ਤੇ ਹੀ ਦੋਵੇਂ ਮੁਲਕਾਂ ਦੇ ਫੌਜੀ ਆਪਣੇ-ਆਪਣੇ ਥਾਂ ‘ਤੇ ਪਹਿਰੇ ਦਿੰਦੇ ਹੋਏ ਤਣੇ ਖਲੋਤੇ ਸਨ। ਚਾਹ-ਪਾਣੀ ਬਾਅਦ ਅਸੀਂ ਬਾਹਰ ਨਿਕਲੇ। ਧਾਲੀਵਾਲ ਬੜੀ ਬਾਰੀਕੀ ਨਾਲ ਮੈਨੂੰ ਹਰ ਸਥਾਨ ਤੇ ਉਸਦੇ ਪਿਛੋਕੜ ਬਾਬਤ ਜਾਣਕਾਰੀ ਦੇ ਰਿਹਾ ਸੀ। ਪਾਕਿਸਤਾਨ ਵਾਲੇ ਪਾਸਿਓਂ ਕੁਝ, ਜੋ ਯਾਤਰੀ ਏਧਰ ਆ ਰਹੇ ਸਨ, ਉਹਨਾਂ ਦੀ ਚੈਕਿੰਗ ਹੋ ਰਹੀ ਸੀ। ਇਹ ਗਰੀਬ ਤਬਕੇ ਨਾਲ ਸਬੰਧਤ ਯਾਤਰੀ ਸਨ, ਜਿੰਨ੍ਹਾਂ ਦੇ ਹੱਥਾਂ ਵਿਚ ਪੇਂਡੂ ਝੋਲੇ ਤੇ ਕੁਝ ਦੇ ਮੋਢਿਆਂ ‘ਤੇ ਪੁਰਾਣੇ ਬੈਗ ਤੇ ਕੁਝ ਦੇ ਸਿਰਾਂ ‘ਤੇ ਬੋਰੀਆਂ ਤੇ ਗੱਟੇ ਸਨ। ਦੁਪੈਹਿਰ ਦਾ ਵੇਲਾ ਸੀ, ਕੋਈ ਬਹੁਤੀ ਰੌਣਕ ਨਹੀਂ ਸੀ। ਅਸੀਂ ਵੀਜ਼ਾ ਕਾਊਂਟਰਾਂ ‘ਤੇ ਵੀ ਗਏ। ਵੀਜ਼ਾ ਅਫਸਰ ਆਪਣੇ-ਆਪਣੇ ਕੈਬਿਨਾਂ ਵਿਚ ਕੰਪਿਊਟਰਾਂ ‘ਤੇ ਨਜ਼ਰਾਂ ਗੱਡੀ ਪੂਰੇ ਮਸਰੂਫ਼ ਬੈਠੇ ਸਨ। ਮੁਸਾਫਰਖਾਨੇ ਵਿਹਲਿਆਂ ਵਾਂਗ ਹੀ ਸਨ ਤੇ ਕੋਈ-ਕੋਈ ਵਿਰਲਾ-ਟਾਂਵਾਂ ਮੁਸਾਫਿਰ ਬੈਠਾ ਦਿਸਦਾ ਸੀ। ਉਥੇ ਉਸਾਰੀ ਵਗੈਰਾ ਦੇ ਚੱਲ ਰਹੇ ਕੰਮ ਦਾ ਧਾਲੀਵਾਲ ਨੇ ਜਾਇਜ਼ਾ ਲਿਆ ਤੇ ਅਸੀਂ ਇੱਕ ਖੂਬਸੂਰਤ ਗੈਲਰੀ ਵਿਚ ਦਾਖ਼ਲ ਹੋਏ, ਜੋ ਹੱਦ ਨਾਲ ਸਬੰਧਤ ਯਾਦਗਾਰੀ ਤਸਵੀਰਾਂ ਨਾਲ ਖੂਬ ਸ਼ਿੰਗਾਰੀ ਹੋਈ ਸੀ। ਕਸਟਮ ਮੈੱਸ ਵਿਚ ਸਟਾਫ ਵੱਲੋਂ ਕਰਵਾਏ ਦੁਪੈਹਰੀ ਖਾਣੇ ਦਾ ਸਵਾਦ ਮਨ ਵਿਚ ਹਾਲੇ ਵੀ ਤਾਜ਼ਾ ਹੈ। ਹਰੇ-ਭਰੇ ਰੁੱਖਾਂ ‘ਤੇ ਉਧਰਲੇ ਤੇ ਇਧਰਲੇ ਪੰਛੀ ਚਹਿਕ ਰਹੇ ਸਨ। ਇਹਨਾਂ ਨਾ ਵੀਜ਼ੇ ਲੈਣ ਦੀ ਲੋੜ ਸੀ ਤੇ ਨਾ ਚੈਕਿੰਗ ਕਰਵਾਉਣ ਦੀ। ਮਨ ਮਰਜ਼ੀ ਦੇ ਮਾਲਕ ਸਨ ਪੰਛੀ ਪਿਆਰੇ! ਦੇਖਦਾ-ਸੋਚਦਾ ਮੈਂ ਕਾਫੀ ਡੂੰਘੇ ਅਹਿਸਾਸ ਵਿਚ ਲੱਥ ਗਿਆ ਸਾਂ ਕਿ ਮੇਰੇ ਜੀਂਦੇ-ਜੀਅ ਅਜਿਹੀ ਸੁਲੱਖਣੀ ਘੜੀ ਆਵੇ ਤੇ ਬਾਰਡਰ-ਬੂਹੇ ਚੌੜ-ਚੁਪੱਟ ਖੁੱਲ੍ਹ ਜਾਵਣ।ਲੋਕਾਂ ਦੀਆਂ ਆਪਸ ਵਿਚ ਜੱਫੀਆਂ ਪਲੋਕਾਂ ਦੀਆਂ ਆਪਸ ਵਿਚ ਜੱਫੀਆਂ ਪੈਣ। ਕਰੋਧ ਤੇ ਕਾਟੋ-ਕਲੇਸ਼ ਦਾ ਖਾਤਮਾ ਹੋਵੇ। ਦੋਵਾਂ ਮੁਲਕਾਂ ਦਾ ਆਪਸ ਵਿਚ ਵਪਾਰ ਤੇ ਪਿਆਰ ਹੋਰ ਵੀ ਵਧੇ! ਦੁੱਖ ਦਾ ਕਾਲਾ ਦੌਰ ਮੁੜ ਨਾ ਦੇਖਣਾ ਪਵੇ। ਨਾ ਅੰਮ੍ਰਿਤਸਰ ਦੀ ਅੱਖ ਰੋਵੇ ਤੇ ਨਾ ਕਦੀ ਲਾਹੌਰ ਰੋਵੇ! ਮਾਲਕਾ, ਮਿਹਰ ਕਰੀਂ।

 

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …