Breaking News
Home / ਹਫ਼ਤਾਵਾਰੀ ਫੇਰੀ / ਸਿਆਸੀ ਆਗੂਆਂ ਨੂੰ ਚੋਣਾਂ ਵੇਲੇ ਚੇਤੇ ਆਏ ਵੱਖ-ਵੱਖ ਡੇਰੇ

ਸਿਆਸੀ ਆਗੂਆਂ ਨੂੰ ਚੋਣਾਂ ਵੇਲੇ ਚੇਤੇ ਆਏ ਵੱਖ-ਵੱਖ ਡੇਰੇ

ਫਿਲੌਰ/ਬਿਊਰੋ ਨਿਊਜ਼ : ਸਿਆਸੀ ਆਗੂਆਂ ਨੂੰ ਚੋਣਾਂ ਦਾ ਐਲਾਨ ਹੁੰਦਿਆਂ ਹੀ ਡੇਰੇ ਚੇਤੇ ਆਉਣ ਲੱਗਦੇ ਹਨ। ਵੋਟਾਂ ਲੈਣ ਲਈ ਸਿਆਸਤਦਾਨਾਂ ਦੀ ਇਨ੍ਹਾਂ ਡੇਰਿਆਂ ‘ਤੇ ਨਿਰਭਰਤਾ ਵਧ ਗਈ ਹੈ। ਲੋਕ ਸਭਾ ਹਲਕਾ ਜਲੰਧਰ ਅੰਦਰ ਸੱਚਖੰਡ ਬੱਲਾਂ ਦਾ ਡੇਰਾ ਕਾਫੀ ਚਰਚਾ ਵਿੱਚ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਵੇਲੇ ਇਸ ਡੇਰੇ ਨੂੰ ਦਿੱਤੇ 25 ਕਰੋੜ ਦੇ ਚੈੱਕ ਅਤੇ ਮਗਰੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੜ 25 ਕਰੋੜ ਰੁਪਏ ਦੇ ਚੈੱਕ ਵਾਲੀਆਂ ਤਸਵੀਰਾਂ ਇਨ੍ਹਾਂ ਦਿਨਾਂ ਦੌਰਾਨ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਹ ਇਨ੍ਹਾਂ ਤਸਵੀਰਾਂ ਰਾਹੀਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ‘ਚ ਜੁਟੇ ਹੋਏ ਹਨ। ਜਦੋਂਕਿ ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਕਿਸੇ ਵੀ ਉਮੀਦਵਾਰ ਵੱਲੋਂ ਧਰਮ ਅਤੇ ਜਾਤ ਦੇ ਆਧਾਰ ‘ਤੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ।
ਇਸ ਤਰ੍ਹਾਂ ਡੇਰਾ ਬਿਆਸ ਸਬੰਧੀ ਤਸਵੀਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਾਲਾਂਕਿ, ਉਕਤ ਡੇਰਿਆਂ ਨੇ ਕਿਤੇ ਵੀ ਕਿਸੇ ਵੀ ਪਾਰਟੀ ਨੂੰ ਵੋਟਾਂ ਪਾਉਣ ਜਾਂ ਹਮਾਇਤ ਕਰਨ ਦਾ ਐਲਾਨ ਨਹੀਂ ਕੀਤਾ। ਇਹ ਪਹਿਲੀ ਵਾਰ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਤਸਵੀਰਾਂ ਜਨਤਕ ਹੋਈਆਂ ਹਨ। ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਬਸਪਾ ਦੇ ਬਲਵਿੰਦਰ ਕੁਮਾਰ, ਕਾਂਗਰਸ ਦੇ ਚੰਨੀ ਦੀ ਤਸਵੀਰਾਂ ਡੇਰਾ ਬਿਆਸ ਦੇ ਮੁਖੀ ਨਾਲ ਜਨਤਕ ਹੋ ਚੁੱਕੀਆਂ ਹਨ। ਬਾਕੀ ਉਮੀਦਵਾਰ ਵੀ ਪਿੱਛੇ ਨਹੀਂ ਹਨ, ਇਹ ਉਮੀਦਵਾਰ ਕਿਸੇ ਹੋਰ ਡੇਰਿਆਂ ਦੇ ਚੱਕਰ ਲਗਾ ਚੁੱਕੇ ਹਨ। ਜਿਥੋਂ ਦੀਆਂ ਤਸਵੀਰਾਂ ਇਨ੍ਹਾਂ ਆਗੂਆਂ ਦੇ ਫੇਸਬੁੱਕ ਪੇਜਾਂ ‘ਤੇ ਦੇਖੀਆਂ ਜਾ ਸਕਦੀਆਂ ਹਨ। ਕੋਈ ਵਿਅਕਤੀ ਜਦੋਂ ਮਰਜ਼ੀ ਕਿਸੇ ਡੇਰੇ ਜਾਂ ਕਿਸੇ ਹੋਰ ਧਾਰਮਿਕ ਸਥਾਨ ‘ਤੇ ਜਾਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਵੋਟਾਂ ਦੇ ਦਿਨਾਂ ‘ਚ ਅਜਿਹੀਆਂ ਸਰਗਰਮੀਆਂ ਦੇ ਅਰਥ ਵੱਖਰੇ ਹਨ। ਇਸ ਸਬੰਧੀ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਧਰਮ ਅਤੇ ਜਾਤ ਨੂੰ ਅਧਾਰ ਬਣਾ ਕੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ। ਇਸ ਐਕਟ ਦੀ ਸੈਕਸ਼ਨ 8 ਤੇ 125 ਕਾਫੀ ਸਪੱਸ਼ਟ ਕਰਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਪਰੋਂ ਹੀ ਧਰਮ ਤੇ ਜਾਤ ਦੇ ਅਧਾਰ ‘ਤੇ ਸਿਆਸਤ ਹੋ ਰਹੀ ਹੈ ਤਾਂ ਹੇਠਾਂ ਇਸ ਨੂੰ ਕੌਣ ਰੋਕ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਨ੍ਹਾਂ ਸਰਗਰਮੀਆਂ ਦਾ ਨੋਟਿਸ ਲੈਣਾ ਚਾਹੀਦਾ ਹੈ।

 

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …