Breaking News
Home / ਹਫ਼ਤਾਵਾਰੀ ਫੇਰੀ / ਨਵਾਜ਼ ਦੀ ਛੁੱਟੀ,ਅੱਬਾਸੀ ਬਣੇ ਪਾਕਿ ਦੇ ਪ੍ਰਧਾਨ ਮੰਤਰੀ

ਨਵਾਜ਼ ਦੀ ਛੁੱਟੀ,ਅੱਬਾਸੀ ਬਣੇ ਪਾਕਿ ਦੇ ਪ੍ਰਧਾਨ ਮੰਤਰੀ

ਵਿਰੋਧੀਆਂ ਨੇ ਮਨਾਏ ਜਸ਼ਨ
ਇਸਲਾਮਾਬਾਦ : ਪਾਕਿਸਤਾਨੀ ਸੁਪਰੀਮ ਕੋਰਟ ਨੇ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਨਾਮਾਗੇਟ ਮਾਮਲੇ ਵਿੱਚ ‘ਬੇਈਮਾਨੀ’ ਦਾ ਦੋਸ਼ੀ ਠਹਿਰਾਉਂਦਿਆਂ ਅਯੋਗ ਕਰਾਰ ਦੇ ਦਿੱਤਾ। ਇਸ ਪਿੱਛੋਂ ਸ਼ਰੀਫ਼ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸ਼ਰੀਫ਼ ਤੇ ਉਨ੍ਹਾਂ ਦੇ ਬੱਚਿਆਂ ਖ਼ਿਲਾਫ਼ ਪਨਾਮਾ ਦਸਤਾਵੇਜ਼ ਲੀਕ ਘਪਲੇ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਚਲਾਇਆ ਜਾਵੇ। ਇਹ ਤੀਜੀ ਵਾਰ ਹੈ ਜਦੋਂ 67-ਸਾਲਾ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਆਦ ਪੁੱਗਣ ਤੋਂ ਪਹਿਲਾਂ ਛੱਡਣਾ ਪਿਆ ਹੈ। ਇਸ ਬੇਤਾਬੀ ਨਾਲ ਉਡੀਕੇ ਜਾ ਰਹੇ ਫ਼ੈਸਲੇ ਨੇ ਪਾਕਿਸਤਾਨ ਨੂੰ ਉਸ ਨਾਜ਼ੁਕ ਮੌਕੇ ਸਿਆਸੀ ਸੰਕਟ ਵਿੱਚ ਪਾ ਦਿੱਤਾ, ਜਦੋਂ ਮੁਲਕ ਪਹਿਲਾਂ ਹੀ ਮਾੜੀ ਮਾਲੀ ਹਾਲਤ ਅਤੇ ਦਹਿਸ਼ਤਗਰਦੀ ਦਾ ਸਾਹਮਣਾ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ, ਕਾਨੂੰਨੀ ਅੜਚਨ ਹੋਣ ਕਰਕੇ ਉਨੇ ਸਮੇਂ ਤੱਕ ਸ਼ਾਹਿਦ ਖਾਕਨ ਅੱਬਾਸੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦਿੱਤੀ ਜਾ ਸਕਦੀ ਹੈ। ਜਿਉਂ ਹੀ ਪੰਜ-ਜੱਜਾਂ ਦੀ ਬੈਂਚ ਵੱਲੋਂ ਇਤਫ਼ਾਕ ਰਾਇ ਨਾਲ ਕੀਤਾ ਫ਼ੈਸਲਾ ਖਚਾਖਚ ਭਰੀ ਅਦਾਲਤ ਵਿੱਚ ਜਸਟਿਸ ਐਜਾਜ਼ ਅਫ਼ਜ਼ਲ ਖ਼ਾਨ ਨੇ ਪੜ੍ਹ ਕੇ ਸੁਣਾਇਆ ਤਾਂ ਅਦਾਲਤ ਦੇ ਬਾਹਰ ਵਿਰੋਧੀ ਪਾਰਟੀ ਪਾਕਿਤਸਾਨ ਤਹਿਰੀਕ-ਏ-ਇਨਸਾਫ਼ ਦੇ ਕਾਰਕੁਨਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਉਹ ਖ਼ੁਸ਼ੀ ਵਿੱਚ ਸ਼ਰੀਫ਼ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ।
ਇਹ ਤਾਂ ਅਜੇ ਸ਼ੁਰੂਆਤ ਹੀ ਹੈ: ਇਮਰਾਨ ਖ਼ਾਨ : ਨਵਾਜ਼ ਸ਼ਰੀਫ਼ ਖ਼ਿਲਾਫ਼ ਚੱਲੇ ਪਨਾਮਾਗੇਟ ਕੇਸ ਦੇ ਤਿੰਨਾਂ ਵਿੱਚੋਂ ਇਕ ਪਟੀਸ਼ਨਰ ਤੇ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ, ”ਇਹ ਤਾਂ ਹਾਲੇ ਸ਼ੁਰੂਆਤ ਹੈ।” ਕ੍ਰਿਕਟਰ ਤੋਂ ਸਿਆਸਤਦਾਨ ਬਣੇ 64 ਸਾਲਾ ਖ਼ਾਨ ਨੇ ਫ਼ੈਸਲੇ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਫ਼ੈਸਲੇ ਲਈ ਨਿਆਂਪਾਲਿਕਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ”ਲੰਘੇ 60 ਦਿਨਾਂ ਦੌਰਾਨ ਸਾਂਝੀ ਜਾਂਚ ਕਮੇਟੀ ਨੇ ਜੋ ਕੰਮ ਕੀਤਾ ਹੈ, ਉਹ ਪੱਛਮ ਵਿੱਚ ਵੀ ਕਦੇ ਨਹੀਂ ਹੋ ਸਕਿਆ।”
ਨਵਾਜ਼ ਸ਼ਰੀਫ ਦੇ ਭਰੋਸੇਯੋਗ ਹਨ ਨਵੇਂ ਪ੍ਰਧਾਨ ਮੰਤਰੀ
ਇਸਲਾਮਾਬਾਦ : ਨਵਾਜ਼ ਸ਼ਰੀਫ ਤੋਂ ਬਾਅਦ ਪਾਕਿਸਤਾਨ ਵਿਚ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋ ਗਈ। ਨਵਾਜ਼ ਦੀ ਪਾਰਟੀ ਪੀਐਮਐਲ-ਐਨ ਦੇ ਸ਼ਾਹਿਦ ਖਾਕਨ ਅੱਬਾਸੀ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸ਼ਰੀਫ 220 ਅਰਬ ਰੁਪਏ ਦੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਪੀਐਮਐਲ-ਐਨ ਵੱਲੋਂ ਸਰਬਸੰਮਤੀ ਨਾਲ ਚੁਣੇ ਗਏ ਅੱਬਾਸੀ ਨੇ ਕਿਹਾ ਉਹ ਨਵਾਜ਼ ਸ਼ਰੀਫ ਦੀਆਂ ઠਨੀਤੀਆਂ ਨੂੰ ਅੱਗੇ ਵਧਾਉਣ ‘ਤੇ ਕੰਮ ਕਰਨਗੇ। ਵਿਰੋਧੀ ਧਿਰ ਕਿਸੇ ਵੀ ਉਮੀਦਵਾਰ ਦੇ ਨਾਮ ‘ਤੇ ਸਹਿਮਤੀ ਬਣਾਉਣ ‘ਚ ਕਾਮਯਾਬ ਨਹੀਂ ਹੋ ਸਕਿਆ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਅਵਾਮੀ ਮੁਸਲਿਮ ਲੀਗ ਦੇ ਨੇਤਾ ਸ਼ੇਖ਼ ਰਸ਼ੀਦ ਦਾ ਨਾਮ ਅੱਗੇ ਕੀਤਾ ਸੀ।
ਐਨ ਆਰ ਆਈ ਵੀ ਪਾ ਸਕਣਗੇ ਹੁਣ ਫੌਜੀਆਂ ਦੀ ਤਰ੍ਹਾਂ ਵੋਟ
ਨਵੀਂ ਦਿੱਲੀ : ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਵੀ ਹੁਣ ਫੌਜੀਆਂ ਦੀ ਤਰ੍ਹਾਂ ਭਾਰਤੀ ਚੋਣ ਪ੍ਰਣਾਲੀ ‘ਚ ਹਿੱਸਾ ਲੈ ਸਕਣਗੇ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪਰਵਾਸੀ ਭਾਰਤੀਆਂ (ਐਨ ਆਰ ਆਈ) ਦੇ ਲਈ ਚੋਣ ਕਾਨੂੰਨ ‘ਚ ਸੋਧ ਕਰਦੇ ਹੋਏ ਪਰਾਕਸੀ ਵੋਟਿੰਗ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਤਾ ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਐਨ ਆਰ ਆਈਜ਼ ਨੂੰ ਆਪਣੀ ਵੋਟ ਪਾਉਣ ਲਈ ਭਾਰਤ ਆਉਣ ਦੀ ਜ਼ਰੂਰਤ ਨਹੀਂ ਰਹੇਗੀ। ਐਨ ਆਰ ਆਈਜ਼ ਨੂੰ ਵੋਟ ਪਾਉਣ ਦੇ ਲਈ ਹੋਰ ਸਾਧਨਾਂ ਦੀ ਤਰ੍ਹਾਂ ਪਰਾਕਸੀ ਵੋਟਿੰਗ ਦੀ ਸਹੂਲਤ ਦੇ ਲਈ ਕਾਨੂੰਨ ‘ਚ ਸੋਧ ਕਰਨੀ ਹੋਵੇਗੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …