ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸੋਮਵਾਰ ਐੱਮ.ਪੀ. ਸੋਨੀਆ ਸਿੱਧੂ ਆਪਣੇ ਫ਼ੈੱਡਰਲ ਸਾਥੀਆਂ ਨਾਲ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਿਟੀ ਕੌਂਸਲਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਬੱਜਟ 2025 ਵਿੱਚ ਬਰੈਂਪਟਨ-ਵਾਸੀਆਂ ਲਈ ਚੰਗੇਰੇ ਅਤੇ ਸੁਰੱਖ਼ਿਅਤ ਭਵਿੱਖ ਲਈ ਜ਼ਰੂਰਤਾਂ ਬਾਰੇ ਭਾਵਪੂਰਤ ਵਿਚਾਰ-ਵਟਾਂਦਰਾ ਹੋਇਆ। ਇਸਦੇ ਨਾਲ ਹੀ ਇਸ ਬੱਜਟ ਵਿੱਚ ਇਹ ਵਿਚਾਰ ਵੀ ਹੋਈ ਕਿ ਇਸ ਬੱਜਟ ਨੂੰ ਸਾਰਿਆਂ ਦੇ ਲਈ ਵਿਆਪਕ ਤੇ ਸੰਮਲਿਤ ਕਿਵੇਂ ਬਣਾਇਆ ਜਾ ਸਕਦਾ ਹੈ।
ਇਸ ਦੌਰਾਨ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਦੇ ਸੰਭਾਵੀ ਵਿਕਾਸ ਅਤੇ ਬਰੈਂਪਟਨ-ਵਾਸੀਆਂ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਬੱਜਟ 2025 ਵਿੱਚ ਪਹਿਲ ਦੇ ਅਧਾਰ ‘ਤੇ ਹੋਣ ਵਾਲੇ ਕੰਮਾਂ ਉੱਪਰ ਜ਼ੋਰ ਦਿੱਤਾ। ਪਰਿਵਾਰਾਂ ਦੀ ਸਿਹਤ ਸੁਰੱਖ਼ਿਆ ਦੇ ਮੱਦੇਨਜ਼ਰ ਕੈਂਸਰ ਅਤੇ ਡਾਇਬਟੀਜ਼ ਵਰਗੀਆਂ ਘਾਤਕ ਬੀਮਾਰੀਆਂ ਦੀ ਰੋਕਥਾਮ ਲਈ ਉਨ੍ਹਾਂ ਨੇ ਕੈਨੇਡੀਅਨ ਇੰਸਟੀਚਿਊਟ ਆਫ਼ ਹੈੱਲਥ ਰਿਸਰਚ ਰਾਹੀਂ ਕੀਤੀ ਜਾ ਰਹੀ ਖੋਜ ਲਈ ਫ਼ੈੱਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਪੂੰਜੀ-ਨਿਵੇਸ਼ ਦੀ ਵਕਾਲਤ ਕੀਤੀ।
ਬਰੈਂਪਟਨ ਵਿੱਚ ਵਿਉਂਤਬੱਧ ‘ਐਂਬਰਲੇਟਨ ਕਮਿਊਨਿਟੀ ਸੈਂਟਰ’ ਦੀ ਉਦਾਹਰਨ ਦਿੰਦਿਆਂ ਹੋਇਆਂ ਉਨ੍ਹਾਂ ਵੱਲੋਂ ਵਿਆਪਕ ਕਮਿਊਨਿਟੀ ਇਨਫ਼ਰਾਸਟਰੱਕਚਰ ਪ੍ਰਾਜੈੱਕਟਾਂ ਦੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਕਮਿਊਨਿਟੀ ਨੂੰ ਆਪਸੀ ਮੇਲ-ਮਿਲਾਪ ਲਈ ਅਜੋਕੀਆਂ ਸੁੱਖ-ਸਹੂਲਤਾਂ ਮੁਹੱਈਆ ਕਰਵਾਏਗਾ। ਇਸਦੇ ਨਾਲ ਹੀ ਬਰੈਂਪਟਨ ਦੇ ਹੈੱਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਲਈ ਉਨ੍ਹਾਂ ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸੀਨ ਸਥਾਪਿਤ ਕਰਨ ਦੀ ਹਮਾਇਤ ਕੀਤੀ ਜੋ ਡਾਕਟਰੀ ਵਿਸ਼ੇਸ਼ੱਗਿਆਂ ਦੀ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰੇਗਾ ਅਤੇ ਸਥਾਨਕ ਮੈਡੀਕਲ ਸੁਰੱਖਿਆ ਵਿੱਚ ਵਾਧਾ ਕਰੇਗਾ।
ਉਪਰੋਕਤ ਬਾਰੇ ਆਪਣੇ ਵਿਚਾਰਾਂ ਨੂੰ ਲੜੀਬੰਦ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਤੇਜ਼ੀ ਨਾਲ ਵੱਧਣ ਵਾਲਾ ਸ਼ਹਿਰ ਹੈ ਅਤੇ ਇਸ ਵਿੱਚ ਭਵਿੱਖੀ ਵਿਕਾਸ ਦੀਆਂ ਅਨੇਕਾਂ ਸੰਭਾਵਨਾਵਾਂ ਹਨ। ਬੱਜਟ 2025 ਵਿੱਚ ਸਿਹਤ ਸੁਰੱਖਿਆ ਨੂੰ ਹੋਰ ਵਧਾਉਣ ਲਈ ਪੂੰਜੀ-ਨਿਵੇਸ਼ ਲਈ ਸਾਡੇ ਕੋਲ ਬੜੇ ਵਧੀਆ ਮੌਕੇ ਹਨ ਜਿਸ ਨਾਲ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਸਰਬ-ਵਿਆਪਕ ਕਮਿਊਨਿਟੀ ਸਥਾਨ ਬਣਨਗੇ ਅਤੇ ਸਿਹਤ ਲਈ ਅੱਗੋਂ ਹੋਰ ਖੋਜ ਕਰਨ ਦੀਆਂ ਸੰਭਾਵਨਾਵਾਂ ਹੋਣਗੀਆਂ। ਇਨ੍ਹਾਂ ਦੇ ਨਾਲ ਸਮੁੱਚੇ ਕੈਨੇਡਾ ਵਿੱਚ ਪਰਿਵਾਰਾਂ ਨੂੰ ਲਾਭ ਪਹੁੰਚੇਗਾ।”
ਉਨ੍ਹਾਂ ਹੋਰ ਕਿਹਾ, ”ਸਿਟੀ, ਪ੍ਰੋਵਿੰਸ ਅਤੇ ਕਮਿਊਨਿਟੀ ਭਾਈਵਾਲਾਂ ਦੇ ਨਾਲ ਇਕੱਠੇ ਹੋ ਕੇ ਕੰਮ ਕਰਨ ਨਾਲ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਬੱਜਟ 2025 ਬਰੈਂਪਟਨ-ਵਾਸੀਆਂ ਲਈ ਲਾਹੇਵੰਦ ਸਾਬਤ ਹੋਵੇ ਜਿਸਦੀ ਸਾਨੂੰ ਲੋੜ ਵੀ ਹੈ।”
ਫੈੱਡਰਲ ਬੱਜਟ 2025 ਬਰੈਂਪਟਨ ਤੇ ਬਰੈਂਪਟਨ-ਵਾਸੀਆਂ ਲਈ ਚੰਗੇਰਾ, ਸੁਰੱਖ਼ਿਅਤ ਅਤੇ ਵਿਆਪਕ ਹੋਵੇਗਾ : ਸੋਨੀਆ ਸਿੱਧੂ
RELATED ARTICLES

