Breaking News
Home / ਹਫ਼ਤਾਵਾਰੀ ਫੇਰੀ / ਤੁਰਕੀ ਤੇ ਸੀਰੀਆ ‘ਚ ਵਿਨਾਸ਼ਕਾਰੀ ਭੂਚਾਲ

ਤੁਰਕੀ ਤੇ ਸੀਰੀਆ ‘ਚ ਵਿਨਾਸ਼ਕਾਰੀ ਭੂਚਾਲ

19 ਹਜ਼ਾਰ ਤੋਂ ਵੱਧ ਮੌਤਾਂ
ਹਜ਼ਾਰਾਂ ਇਮਾਰਤਾਂ ਢਹਿ-ਢੇਰੀ , ਰਾਹਤ ਕਾਰਜਾਂ ਤੇ ਮਦਦ ਲਈ ਭਾਰਤ ਸਮੇਤ ਕਈ ਦੇਸ਼ ਆਏ ਅੱਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਤੁਰਕੀ ਤੇ ਸੀਰੀਆ ‘ਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਹੁਣ ਤੱਕ 19000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਜੇ ਵੀ ਮਲਬੇ ਹੇਠ ਕਈ ਲਾਸ਼ਾਂ ਦੱਬੀਆਂ ਹੋਈਆਂ ਹਨ। ਤੁਰਕੀ ਦੇ ਸ਼ਹਿਰ ਅੰਕਾਰਾ, ਗਾਜ਼ੀਅਨਟੇਪ, ਕਹਿਰਾਮਨਮਾਰਸ, ਦੀਯਾਰਬਾਕੀਰ, ਮਾਲਟਿਆ, ਨੂਰਦਗੀ ਸਮੇਤ 10 ਸ਼ਹਿਰਾਂ ‘ਚ ਭਾਰੀ ਤਬਾਹੀ ਹੋਈ ਹੈ। ਇਥੇ 2 ਹਜ਼ਾਰ ਦੇ ਕਰੀਬ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਤੁਰਕੀ ਦੇ 10 ਸੂਬਿਆਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ।
ਭੁਚਾਲ ਕਾਰਨ ਮਲਬੇ ‘ਚ ਤਬਦੀਲ ਹੋਈਆਂ ਇਮਾਰਤਾਂ ਹੇਠ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹਨ। ਹਾਲਾਂਕਿ ਠੰਢ ਦੇ ਮੌਸਮ ਨੇ ਰਾਹਤ ਕਾਰਜਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਦਰਤ ਦੀ ਮਾਰ ਝੱਲ ਰਹੇ ਤੁਰਕੀ ਵੱਲ ਭਾਰਤ ਸਮੇਤ ਦਰਜਨਾਂ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਹੈ। ਉਧਰ ਸੀਰੀਆ ਦੇ ਰਾਸ਼ਟਰੀ ਭੁਚਾਲ ਕੇਂਦਰ ਦੇ ਮੁਖੀ ਰਾਇਦ ਅਹਿਮਦ ਨੇ ਇਸ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਭੂਚਾਲ ਕਰਾਰ ਦਿੱਤਾ ਹੈ। ਤੁਰਕੀ ਕੋਲ ਸੀਰੀਆ ਨਾਲ ਲਗਦੇ ਸਰਹੱਦੀ ਖੇਤਰ ‘ਚ ਤਾਇਨਾਤ ਫ਼ੌਜ ਨੂੰ ਬਚਾਅ ਕਾਰਜਾਂ ਦਾ ਕੰਮ ਸੌਂਪਿਆ ਗਿਆ ਹੈ, ਜਿਸ ‘ਚ ਬੇਘਰੇ ਲੋਕਾਂ ਲਈ ਟੈਂਟ ਲਗਾਉਣ ਤੇ ਹਤਾਏ ਸੂਬੇ ‘ਚ ਇਕ ਫੀਲਡ ਹਸਪਤਾਲ ਸਥਾਪਿਤ ਕਰਨਾ ਸ਼ਾਮਲ ਹੈ।
ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਕਿਹਾ ਕਿ ਅੰਕਾਰਾ ਸਥਿਤ ਮਨੁੱਖੀ ਸਹਾਇਤਾ ਬ੍ਰਿਗੇਡ ਤੇ 8 ਫ਼ੌਜੀ ਖੋਜ ਤੇ ਬਚਾਅ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਭੁਚਾਲ ਦੇ ਕੇਂਦਰ ਤੋਂ ਲਗਭਗ 33 ਕਿਲੋਮੀਟਰ ਦੂਰ ਸੂਬਾਈ ਰਾਜਧਾਨੀ ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ‘ਚ ਲੋਕਾਂ ਨੇ ਸ਼ਾਪਿੰਗ ਮਾਲਾਂ, ਸਟੇਡੀਅਮਾਂ, ਮਸਜਿਦਾਂ ਤੇ ਕਮਿਊਨਿਟੀ ਸੈਂਟਰਾਂ ‘ਚ ਸ਼ਰਨ ਲਈ ਹੋਈ ਹੈ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …