Breaking News
Home / ਹਫ਼ਤਾਵਾਰੀ ਫੇਰੀ / 2036 ਤੱਕ ਅੱਪੜਦਿਆਂ ਭਾਰਤ ਹੋ ਜਾਵੇਗਾ ਬੁੱਢਾ

2036 ਤੱਕ ਅੱਪੜਦਿਆਂ ਭਾਰਤ ਹੋ ਜਾਵੇਗਾ ਬੁੱਢਾ

60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ ਭਾਰਤ ‘ਚ ਹੋ ਜਾਵੇਗੀ ਦੁੱਗਣੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਲ 2036 ਵਿੱਚ ਭਾਰਤ ਬਜ਼ੁਰਗਾਂ ਦਾ ਦੇਸ਼ ਬਣ ਜਾਵੇਗਾ ਅਤੇ ਇੱਥੇ ਨੌਜਵਾਨਾਂ ਦੀ ਆਬਾਦੀ ਘਟ ਜਾਵੇਗੀ। ਇਹ ਇੰਕਸ਼ਾਫ ਸਰਕਾਰ ਦੇ ਆਬਾਦੀ ਸਬੰਧੀ ਟੈਕਨੀਕਲ ਗਰੁੱਪ ਵੱਲੋਂ ਪੇਸ਼ ਕੀਤੇ ਅੰਕੜਿਆਂ ਵਿੱਚ ਕਰਦਿਆਂ ਦੱਸਿਆ ਗਿਆ ਕਿ ਭਾਰਤ ਦੀ ਆਬਾਦੀ 2036 ਵਿੱਚ ਪਿਛਲੀ ਜਨਗਣਨਾ (2011) ਦੇ ਮੁਕਾਬਲੇ 26 ਫ਼ੀਸਦੀ ਵਧ ਜਾਵੇਗੀ ਅਤੇ ਇਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਲੱਗਪਗ ਦੁੱਗਣੀ ਹੋ ਜਾਵੇਗੀ ਜਦਕਿ ਨੌਜਵਾਨ ਉਮਰ ਵਰਗ ਦੀ ਆਬਾਦੀ ਘਟ ਜਾਵੇਗੀ।
ਜਨਸੰਖਿਆ ਸਬੰਧੀ ਰਾਸ਼ਟਰੀ ਕਮਿਸ਼ਨ ਵੱਲੋਂ ਗਠਿਤ ਟੈਕਨੀਕਲ ਗਰੁੱਪ ਵੱਲੋਂ ਇਹ ਖੁਲਾਸਾ ਸੰਸਦ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤਾ ਗਿਆ। ਕਮੇਟੀ, ਜਿਸ ਦੀ ਮੀਟਿੰਗ ਮਈ ਵਿੱਚ ਹੋਈ ਸੀ, ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਦੇ ਮੁੱਢਲੇ ਅੰਕੜੇ ਹਨ। ਸਾਰੇ ਅੰਕੜੇ ਇਕੱਠੇ ਕਰਨ ਮਗਰੋਂ ਇੱਕ ਹੋਰ ਖਰੜਾ ਤਿਆਰ ਕੀਤਾ ਜਾਵੇਗਾ ਜਿਸ ਉਪਰ ਕਮੇਟੀ ਕੰਮ ਕਰ ਰਹੀ ਹੈ। ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਵਿਵੇਕ ਜੋਸ਼ੀ ਨੇ ਕੀਤੀ ਜਿਸਦਾ ਉਦਘਾਟਨ ਵਧੀਕ ਸਕੱਤਰ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਮਨੋਜ ਝਲਾਨੀ ਵੱਲੋਂ ਕੀਤਾ ਗਿਆ। ਕਮੇਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 2011 ਦੀ ਜਨਗਣਨਾ ਵਿਚ ਦਰਜ 1,211 ਮਿਲੀਅਨ ਤੋਂ 26.8 ਫ਼ੀਸਦੀ ਵਧ ਕੇ 2035 ਤਕ 1,536 ਮਿਲੀਅਨ (ਡੇਢ ਅਰਬ ਤੋਂ ਵੱਧ) ਹੋ ਜਾਵੇਗੀ। ਪੇਸ਼ ਕੀਤੇ ਅੰਕੜਿਆਂ ਵਿਚ ਹੋਰ ਖੁਲਾਸਾ ਕੀਤਾ ਗਿਆ ਕਿ 60 ਸਾਲ ਵਰਗ ਦੇ ਲੋਕਾਂ ਦੀ ਆਬਾਦੀ 8.6 ਤੋਂ 15.4 ਫ਼ੀਸਦੀ ਵਧ ਜਾਵੇਗੀ। ਇਸ ਦੇ ਮੁਕਾਬਲੇ 25 ਤੋਂ 29 ਸਾਲ ਵਰਗ ਦੇ ਨੌਜਵਾਨਾਂ ਦੀ ਗਿਣਤੀ 19 ਤੋਂ 15 ਫ਼ੀਸਦੀ ਤਕ ਘਟ ਜਾਵੇਗੀ। ਪ੍ਰਾਜੈਕਟ ਰਿਪੋਰਟ ਅਨੁਸਾਰ ਸ਼ਹਿਰੀ ਆਬਾਦੀ 25 ਫ਼ੀਸਦੀ ਤਕ ਵਧ ਜਾਵੇਗੀ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …