-2.9 C
Toronto
Friday, December 26, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ ਡੈਮ ਪਿਆਸੇ, ਮੌਨਸੂਨ 'ਤੇ ਟੇਕ

ਪੰਜਾਬ ਦੇ ਡੈਮ ਪਿਆਸੇ, ਮੌਨਸੂਨ ‘ਤੇ ਟੇਕ

bhakhra-dam Jal Bandar copy copyਚੰਡੀਗੜ੍ਹ : ਦੇਸ਼ ਵਿੱਚ ਆਮ ਨਾਲੋਂ ਘੱਟ ਬਰਸਾਤ ਹੋਣ ਕਾਰਨ 13 ਰਾਜਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਤੇ ਪੰਜਾਬ ਵੀ ਹੌਲੀ-ਹੌਲੀ ਇਸ ਸੰਕਟ ਵੱਲ ਵਧ ਰਿਹਾ ਹੈ। ਪੰਜਾਬ ਦੇ ਤਿੰਨ ਡੈਮਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਘਟਣ ਕਾਰਨ ਹਾਲਾਤ ਚਿੰਤਾਜਨਕ ਬਣ ਰਹੇ ਹਨ। ਦੂਜੇ ਪਾਸੇ ਇਸ ਵਾਰ ਮੌਨਸੂਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਕਾਰਨ ਆਸਾਂ ਹਾਲੇ ਹਰੀਆਂ ਹਨ। ਬੀਬੀਐਮਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਲਗਪਗ 98 ਫੁੱਟ ਨੀਵਾਂ ਹੈ। ਪਿਛਲੇ ਸਾਲ 26 ਮਈ ਨੂੰ ਇਸ ਵਿੱਚ 1665.55 ਫੁੱਟ ਪਾਣੀ ਸੀ ਪਰ ਇਸ ਵਾਰ ਇਸ ਦਾ ਪੱਧਰ 1567.66 ਫੁੱਟ ਹੈ। ਪੌਂਗ ਡੈਮ ਵਿੱਚ ਵੀ ਪਿਛਲੇ ਸਾਲ ਪਾਣੀ 1331.12 ਫੁੱਟ ਦੇ ਮੁਕਾਬਲੇ 1284.93 ਫੁੱਟ ਹੈ।
ਰਣਜੀਤ ਸਾਗਰ ਡੈਮ (ਥੀਨ ਡੈਮ) ਦੀ ਸਥਿਤੀ ਵੀ ਵੱਖਰੀ ਨਹੀਂ ਹੈ। ਪਿਛਲੇ ਸਾਲ ਥੀਨ ਡੈਮ ਵਿੱਚ ਪਾਣੀ ਦਾ ਪੱਧਰ 522.12 ਮੀਟਰ ਸੀ ਪਰ ਇਸ ਵਾਰ ਘਟ ਕੇ ਇਹ 504.16 ਮੀਟਰ ਰਹਿ ਗਿਆ ਹੈ। ਅਧਿਕਾਰੀ ਇਸ ਸਥਿਤੀ ਨੂੰ ਗੰਭੀਰ ਨਹੀਂ ਮੰਨ ਰਹੇ ਕਿਉਂਕਿ ਅਗਲੇ ਦਿਨਾਂ ਵਿੱਚ ਬਰਫ਼ ਦੇ ਪਿਘਲਣ ਅਤੇ ਬਰਸਾਤ ਦੀ ਵੱਧ ਸੰਭਾਵਨਾ ਕਰਕੇ ਪਾਣੀ ਪੂਰਾ ਹੋਣ ਦੀ ਉਮੀਦ ਹੈ। ਬੀਬੀਐਮਬੀ ਮੁਤਾਬਕ ਆਮ ਨਾਲੋਂ ਵੱਧ ਮੌਨਸੂਨ ਦਾ ਅਨੁਮਾਨ ਦੇਸ਼ ਭਰ ਦੇ ਔਸਤ ਉੱਤੇ ਆਧਾਰਿਤ ਹੁੰਦਾ ਹੈ। ਦੇਸ਼ ਵਿੱਚ ਪਿਛਲੇ ਦੋ ਸਾਲ ਬੇਸ਼ੱਕ ਬਰਸਾਤ ਆਮ ਨਾਲੋਂ ਘੱਟ ਸੀ ਪਰ ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾ ਬਰਸਾਤ ਕਾਰਨ ਡੈਮਾਂ ਵਿੱਚ ਪਾਣੀ ਦਾ ਸੰਕਟ ਨਹੀਂ ਪੈਦਾ ਨਹੀਂ ਹੋਇਆ। ਹੁਣ ਵੀ ਡੈਮਾਂ ਦੇ ਪਾਣੀ ਦਾ ਪੱਧਰ ਹਿਮਾਚਲ ਵਿਚਲੀ ਬਰਸਾਤ ਉੱਤੇ ਨਿਰਭਰ ਕਰੇਗਾ। ਪੰਜਾਬ ਦੇ ਸਿੰਜਾਈ ਵਿਭਾਗ ઠਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਮੁਰੰਮਤ ਕਾਰਨ ਪਾਣੀ ਦਾ ਪੱਧਰ ਨੀਵਾਂ ਹੋ ਸਕਦਾ ਹੈ ਤੇ ਅਗਲੇ ਦਿਨਾਂ ਵਿੱਚ ਇਹ ਪੱਧਰ ਉੱਚਾ ਹੋ ਸਕਦਾ ਹੈ।
ਸੂਤਰਾਂ ਅਨੁਸਾਰ ਪੰਜਾਬ ਵਿੱਚ ਭਾਗਸਰ ਤੇ ਲੰਬੀ ਮਾਈਨਰਾਂ ਦੀ ਮੁਰੰਮਤ ਲਈ ਪੈਸਾ ਦੇਰੀ ਨਾਲ ਜਾਰੀ ਹੋਣ ਕਾਰਨ ਕੰਮ ਸਮੇਂ ਸਿਰ ਸ਼ੁਰੂ ਨਹੀਂ ਹੋਇਆ ਅਤੇ ਖੇਤੀ ਵਿਭਾਗ ਅਨੁਸਾਰ 50 ਤੋਂ 60 ਹਜ਼ਾਰ ਹੈਕਟੇਅਰ ਰਕਬਾ ਕਪਾਹ ਦੀ ਬਿਜਾਈ ਤੋਂ ਰਹਿ ਗਿਆ ਹੈ। ਸਿੰਜਾਈ ਵਿਭਾਗ ਦਾ ਮੰਨਣਾ ਹੈ ਕਿ ਇਹ ਖੇਤਰ ਝੋਨੇ ਵਾਲਾ ਹੀ ਹੈ, ਜਿਥੇ 15 ਜੂਨ ਤੋਂ ਬਾਅਦ ਪਾਣੀ ਦੀ ਲੋੜ ਪਵੇਗੀ। ਪੰਜਾਬ ਵਿੱਚ ਲਗਪਗ 73 ਫੀਸਦ ਰਕਬਾ ਟਿਊਬਵੈੱਲਾਂ ਰਾਹੀਂ ਸਿੰਜਿਆ ਜਾਂਦਾ ਹੈ ਅਤੇ ਸਿਰਫ਼ 27 ਫੀਸਦ ਰਕਬਾ ਹੀ ਨਹਿਰੀ ਪਾਣੀ ਉੱਤੇ ਨਿਰਭਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰਨ ਪੰਜਾਬ ਵਿੱਚ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ ਅਤੇ ਇਸ ਦਾ ਸਿੱਧਾ ਸਬੰਧ ਨਹਿਰੀ ਪਾਣੀ ਨਾਲ ਵੀ ਹੈ।

RELATED ARTICLES
POPULAR POSTS