Breaking News
Home / ਹਫ਼ਤਾਵਾਰੀ ਫੇਰੀ / ਹਰਿਆਣਾ ਸਰਕਾਰ ਦੀ ਨਜ਼ਰ ਡੇਰਾ ਸਿਰਸਾ ਦੀਆਂ ਵੋਟਾਂ ‘ਤੇ

ਹਰਿਆਣਾ ਸਰਕਾਰ ਦੀ ਨਜ਼ਰ ਡੇਰਾ ਸਿਰਸਾ ਦੀਆਂ ਵੋਟਾਂ ‘ਤੇ

ਡੇਰਾ ਮੁਖੀ ਖੇਤੀ ਸੰਭਾਲਣ ਦੇ ਨਾਂ ਉਤੇ ਵੋਟਾਂ ਸੰਭਾਲਣ ਲਈ ਆ ਸਕਦੈ ਪੈਰੋਲ ‘ਤੇ ਬਾਹਰ
ਸਿਰਸਾ/ਬਿਊਰੋ ਨਿਊਜ਼ : ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਖੇਤੀ ਲਈ ਪੈਰੋਲ ਮਿਲਣਾ ਮੁਸ਼ਕਲ ਲੱਗ ਰਿਹਾ ਹੈ। ਸਿਰਸਾ ਦੇ ਤਹਿਸੀਲਦਾਰ ਨੇ ਰਿਪੋਰਟ ਵਿਚ ਦੱਸਿਆ ਹੈ ਕਿ ਡੇਰੇ ਕੋਲ ਕੁੱਲ 250 ਏਕੜ ਜ਼ਮੀਨ ਹੈ। ਇਸ ਵਿਚ ਕਿਤੇ ਵੀ ਰਾਮ ਰਹੀਮ ਮਾਲਕ ਜਾਂ ਕਾਸ਼ਤਕਾਰ ਨਹੀਂ ਹੈ। ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟਰੱਸਟ ਦੇ ਨਾਮ ਹੈ। ਇਸੇ ਕਰਕੇ ਪ੍ਰਸ਼ਾਸਨ ਦੀ ਨਜ਼ਰ ਵਿਚ ਪੈਰੋਲ ਦਾ ਅਧਾਰ ਨਹੀਂ ਬਣ ਰਿਹਾ ਹੈ। ਡੀਸੀ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਨੂੰ ਜਲਦ ਹੀ ਤਿਆਰ ਕਰਕੇ ਜੇਲ੍ਹ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ। ਐਸਐਸਪੀ ਡਾ. ਅਰੁਣ ਨੇਹਰਾ ਨੇ ਦੱਸਿਆ ਕਿ ਮੈਰਿਟ ਦੇ ਅਧਾਰ ‘ਤੇ ਹੀ ਫੈਸਲਾ ਲਿਆ ਜਾਵੇਗਾ। ਉਥੇ, ਸਿਰਸਾ ਪ੍ਰਸ਼ਾਸਨ ਦੀ ਰਿਪੋਰਟ ਤੋਂ ਬਾਅਦ ਹੀ ਰੋਹਤਕ ਜੇਲ੍ਹ ਪ੍ਰਸ਼ਾਸਨ ਕੋਈ ਫੈਸਲਾ ਲਵੇਗਾ। ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਰਾਮ ਰਹੀਮ ਦੇ ਬਾਹਰ ਆਉਣ ‘ਤੇ ਸਿਰਸਾ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਮੁਸ਼ਕਲ ਆ ਸਕਦੀ ਹੈ। 24 ਘੰਟੇ ਨਿਗਰਾਨੀ ਰੱਖਣਾ ਵੀ ਮੁਸ਼ਕਲ ਹੋਵੇਗਾ। ਇਸ ਲਈ ਪੈਰੋਲ ਦੇਣ ਦੀ ਸਿਫਾਰਸ਼ ਦੇ ਅਸਾਰ ਨਾਂਹ ਦੇ ਬਰਾਬਰ ਹੀ ਹਨ।
ਜੇਲ੍ਹ ਮੰਤਰੀ ਨੇ ਕਿਹਾ – ਪੈਰੋਲ ਹਰ ਕੈਦੀ ਦਾ ਅਧਿਕਾਰ :ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ, ”ਹਰ ਕੈਦੀ ਨੂੰ ਪੈਰੋਲ ਦਾ ਅਧਿਕਾਰ ਹੈ। ਰਾਮ ਰਹੀਮ ਨੇ ਪੈਰੋਲ ਲਈ ਅਪੀਲ ਕੀਤੀ ਹੈ, ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ। ਹੁਣ ਪੈਰੋਲ ‘ਤੇ ਫੈਸਲਾ ਲੈਣ ਦਾ ਕੰਮ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਦਾ ਹੈ।
ਜੇਲ ਸੁਪਰਡੈਂਟ ਨੇ ਪੁੱਛਿਆ- ਕੀ ਪੈਰੋਲ ਦੇਣਾ ਉਚਿਤ ਹੋਵੇਗਾ :ਰੋਹਤਕ ਜੇਲ੍ਹ ਦੇ ਸੁਪਰਡੈਂਟ ਨੇ ਪੈਰੋਲ ਦੇ ਸਬੰਧ ਵਿਚ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਰਾਏ ਮੰਗੀ ਹੈ। ਉਨ੍ਹਾਂ ਨੇ ਸਿਰਸਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਵਿਚ ਚਾਲ ਚਲਣ ਚੰਗਾ ਹੈ। ਉਸ ਨੇ ਜੇਲ੍ਹ ਵਿਚ ਕੋਈ ਅਪਰਾਧ ਨਹੀਂ ਕੀਤਾ।
ਅਕਤੂਬਰ ‘ਚ ਹੋਣੀਆਂ ਹਨ ਚੋਣਾਂ : ਹਰਿਆਣਾ ਵਿਚ ਆਉਂਦੇ ਅਕਤੂਬਰ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਮ ਰਹੀਮ ਦੀ ਪੈਰੋਲ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੇਰੇ ਦੀਆਂ ਵੋਟਾਂ ਖਿੱਚਣ ਲਈ ਸਰਕਾਰ ਕੋਈ ਵੀ ਫੈਸਲਾ ਕਰ ਸਕਦੀ ਹੈ।
250 ਏਕੜ ਜ਼ਮੀਨ ਡੇਰੇ ਦੀ, ਰਾਮ ਰਹੀਮ ਨਾ ਮਾਲਿਕ ਨਾ ਕਾਸ਼ਤਕਾਰ
ਪੈਰੋਲ ਦਾ ਅਧਾਰ ਹੀ ਸਹੀ ਨਹੀਂ, ਅਜੇ ਵੀ ਦੋ ਕੇਸ ਵਿਚਾਰ ਅਧੀਨ
ਗੁਰਮੀਤ ਰਾਮ ਰਹੀਮ ‘ਤੇ ਅਜੇ ਵੀ ਦੋ ਕੇਸ ਸੀਬੀਆਈ ਅਦਾਲਤ ਵਿਚ ਵਿਚਾਰਧੀਨ ਹਨ। ਇਨ੍ਹਾਂ ਵਿਚ ਰਣਜੀਤ ਸਿੰਘ ਹੱਤਿਆ ਅਤੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਕੇਸ ਹੈ। ਜ਼ਿਕਰਯੋਗ ਹੈ ਕਿ ਪੰਚਕੂਲਾ ਅਤੇ ਸਿਰਸਾ ਹਿੰਸਾ ਮਾਮਲੇ ‘ਚ ਅਦਿੱਤਿਆ ਇੰਸਾਂ ਅਜੇ ਤੱਕ ਫਰਾਰ ਹੈ। ਪੁਲਿਸ ਉਸ ਨੂੰ ਮੋਸਟ ਵਾਂਟਿਡ ਅਪਰਾਧੀ ਐਲਾਨ ਚੁੱਕੀ ਹੈ। ਉਸ ‘ਤੇ ਪੰਜ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …