‘ਆਪ’ ਆਗੂ ਦੀ ਮਨੀ ਲਾਂਡਰਿੰਗ ਦੇ ਮਾਮਲੇ ‘ਚ ਹੋਈ ਹੈ ਗ੍ਰਿਫਤਾਰੀ
ਨਵੀਂ ਦਿੱਲੀ : ਦਿੱਲੀ ਆਬਕਾਰੀ ਘੁਟਾਲਾ ਮਾਮਲੇ ਵਿਚ ਰਾਊਜ਼ ਐਵੀਨਿਊ ਅਦਾਲਤ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੀ 5 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਾਲਾਂਕਿ ਈਡੀ ਨੇ ਅਦਾਲਤ ਕੋਲੋਂ 10 ਦਿਨ ਦੀ ਰਿਮਾਂਡ ਮੰਗੀ ਸੀ। ਜ਼ਿਕਰਯੋਗ ਹੈ ਕਿ ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਦੇ ਆਰੋਪਾਂ ਵਿਚ 4 ਅਕਤੂਬਰ ਨੂੰ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸੰਜੇ ਸਿੰਘ ਦੀ ਗ੍ਰਿਫਤਾਰੀ ਈਡੀ ਵਲੋਂ ਕਰੀਬ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ। ਧਿਆਨ ਰਹੇ ਕਿ ਸੰਜੇ ਸਿੰਘ ਦੇ ਘਰ ਬੁੱਧਵਾਰ ਸਵੇਰੇ 7 ਵਜੇ ਈਡੀ ਦੀ ਟੀਮ ਨੇ ਛਾਪਾ ਮਾਰਿਆ ਸੀ। ਇਹ ਛਾਪੇਮਾਰੀ ਸੰਜੇ ਸਿੰਘ ਦੇ ਦਿੱਲੀ ਵਾਲੇ ਘਰ ਵਿਚ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਈਡੀ ਦੇ 67 ਅਧਿਕਾਰੀ ਆਬਕਾਰੀ ਨੀਤੀ ਕੇਸ ਦੇ ਬਾਰੇ ‘ਚ ਛਾਣਬੀਣ ਕਰ ਰਹੇ ਹਨ। ਕਿਉਂਕਿ ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿਚ ਸੰਜੇ ਸਿੰਘ ਦਾ ਵੀ ਨਾਮ ਹੈ। ਸੰਜੇ ਸਿੰਘ ਦੇ ਘਰ ਈਡੀ ਦੀ ਛਾਪੇਮਾਰੀ ਸਬੰਧੀ ਸੰਜੇ ਸਿੰਘ ਦੇ ਪਿਤਾ ਨੇ ਕਿਹਾ ਸੀ ਕਿ ਈਡੀ ਆਪਣਾ ਕੰਮ ਕਰ ਰਿਹਾ ਹੈ ਅਤੇ ਅਸੀਂ ਉਸ ਨੂੰ ਪੂਰਾ ਸਹਿਯੋਗ ਦਿਆਂਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 24 ਮਈ ਨੂੰ ਵੀ ਆਬਕਾਰੀ ਨੀਤੀ ਮਾਮਲੇ ਵਿਚ ਸੰਜੇ ਸਿੰਘ ਦੇ ਕਰੀਬੀਆਂ ਦੇ ਘਰੀਂ ਵੀ ਈਡੀ ਨੇ ਛਾਪੇ ਮਾਰੇ ਸਨ। ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ, ਜਿਸ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ ਰਾਘਵ ਚੱਢਾ ਨੂੰ ਆਰੋਪੀ ਨਹੀਂ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੀ ਆਬਕਾਰੀ ਘੁਟਾਲਾ ਮਾਮਲੇ ਵਿਚ ਜੇਲ੍ਹ ‘ਚ ਹੀ ਹਨ।
ਮਨੀਸ਼ ਸਿਸੋਦੀਆ ਨੂੰ ਵੀ ਨਹੀਂ ਮਿਲੀ ਜ਼ਮਾਨਤ
ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਲਈ ਹੁਣ ਅਗਲੀ ਤਰੀਕ 12 ਅਕਤੂਬਰ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਵੀ ਆਬਕਾਰੀ ਘੁਟਾਲਾ ਮਾਮਲੇ ਵਿਚ ਜੇਲ੍ਹ ‘ਚ ਬੰਦ ਹਨ। ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਤੋਂ ਬਾਅਦ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਹਨ, ਜਿਨ੍ਹਾਂ ਨੂੰ ਈਡੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …