ਸ਼੍ਰੋਮਣੀ ਅਕਾਲੀ ਦਲ ਦੇ 93 ਫੀਸਦੀ ਉਮੀਦਵਾਰ ਕਰੋੜਪਤੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਧਨ ਸ਼ਕਤੀ’ ਦਾ ਦਿਖਾਵਾ ਕਰਨ ਵਾਲੇ ਉਮੀਦਵਾਰਾਂ ਦੁਆਲੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਕੁੱਝ ਆਜ਼ਾਦ ਉਮੀਦਵਾਰਾਂ ਸਮੇਤ 300 ਦੇ ਕਰੀਬ ਉਮੀਦਵਾਰਾਂ ਨੂੰ ਆਮਦਨ ਕਰ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਜਮਹੂਰੀ ਸੁਧਾਰਾਂ ਸਬੰਧੀ ਕੰਮ ਕਰਨ ਵਾਲੀ ਗ਼ੈਰ ਸਰਕਾਰੀ ਸੰਸਥਾ ‘ਏਡੀਆਰ’ ਨੇ ਸਮੂਹ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫ਼ਸਰਾਂ ਨੂੰ ਦਿੱਤੇ ਹਲਫੀਆ ਬਿਆਨਾਂ ਦੇ ਆਧਾਰ ‘ਤੇ ਜੋ ਰਿਪੋਰਟ ਤਿਆਰ ਕੀਤੀ ਹੈ, ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਜ਼ਿਆਦਾ 93 ਫੀਸਦੀ ਉਮੀਦਵਾਰ ਕਰੋੜਪਤੀ ਹਨ। ਕਾਂਗਰਸ ਦੇ 88 ਫੀਸਦੀ, ਭਾਜਪਾ ਦੇ 87 ਫੀਸਦੀ, ਆਮ ਆਦਮੀ ਪਾਰਟੀ ਦੇ 63 ਫੀਸਦੀ, ਆਪਣਾ ਪੰਜਾਬ ਪਾਰਟੀ ਦੇ 31 ਫੀਸਦੀ, ਆਜ਼ਾਦ 23 ਫੀਸਦੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ 22 ਫੀਸਦੀ ਉਮੀਦਵਾਰਾਂ ਨੇ ਕਰੋੜਪਤੀ ਹੋਣ ਦਾ ਦਾਅਵਾ ਕੀਤਾ ਹੈ।
ਵਿਧਾਨ ਸਭਾ ਚੋਣਾਂ ਵਿੱਚ ਉਤਰੇ 178 ਉਮੀਦਵਾਰਾਂ ਨੇ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੋਣ ਦਾ ਗੱਲ ਕਹੀ। 136 ਉਮੀਦਵਾਰਾਂ ਨੇ ਦੋ ਤੋਂ ਪੰਜ ਕਰੋੜ ਰੁਪਏ ਦਰਮਿਆਨ ਜਾਇਦਾਦ ਦੱਸੀ, ਜਦੋਂ ਕਿ 252 ਉਮੀਦਵਾਰ 50 ਲੱਖ ਤੋਂ 2 ਕਰੋੜ ਤੱਕ ਦੀ ਜਾਇਦਾਦ ਵਾਲੇ ਹਨ, 10 ਲੱਖ ਤੋਂ 50 ਲੱਖ ਤੱਕ ਦੀ ਜਾਇਦਾਦ ਵਾਲੇ 238 ਅਤੇ 10 ਲੱਖ ਤੋਂ ਘੱਟ ਵਾਲਿਆਂ ਦੀ ਗਿਣਤੀ ઠ341 ਹੈ।

