ਢੁੱਡੀਕੇ ‘ਚ ਪਰਵਾਸੀ ਪੰਜਾਬੀ ਦੀ ਕੋਠੀ ਵਿੱਚ ਲੁਕੇ ਸਨ ਗੈਂਗਸਟਰ
ਮੋਗਾ : ਪਿੰਡ ਢੁੱਡੀਕੇ ਵਿੱਚ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਸੁੱਖਾ ਕਾਹਲਵਾਂ ਹੱਤਿਆ ਅਤੇ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਲੋੜੀਂਦੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਸਮੇਤ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗੈਂਗਸਟਰ ਇਕ ਪਰਵਾਸੀ ਪੰਜਾਬੀ ਦੀ ਕੋਠੀ ਵਿੱਚ ਲੁਕੇ ਹੋਏ ਸਨ। ਪੁਲਿਸ ਨੇ ਮੌਕੇ ਤੋਂ ਤਿੰਨ ਪਿਸਤੌਲ ਅਤੇ ਇਕ 12 ਬੋਰ ਦੀ ਬੰਦੂਕ ਤੇ ਦੋ ਗੱਡੀਆਂ ਕਬਜ਼ੇ ਵਿੱਚ ਲਈਆਂ ਹਨ।
ਪਿੰਡ ਢੁੱਡੀਕੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਅਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਪਟਿਆਲਾ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ઠਪਟਿਆਲਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀਕੇ ਵਿੱਚ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਜੋ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਮੁੱਦਕੀ ਦਾ ਰਹਿਣ ਵਾਲਾ ਹੈ, ਨੇ ਆਪਣੇ ਤਿੰਨ ਸਾਥੀਆਂ ਨਾਲ ਪਰਵਾਸੀ ਪੰਜਾਬੀ ਦੇ ਘਰ ਪਨਾਹ ਲਈ ਹੋਈ ਹੈ।
ਪਟਿਆਲਾ ਪੁਲਿਸ ਦੇ ਐਸਪੀ ઠਦੀ ਅਗਵਾਈ ਹੇਠ ਪੁਲਿਸ ਨੇ ਦੁਪਹਿਰ ਬਾਅਦ ਪਿੰਡ ਢੁੱਡੀਕੇ ਵਿੱਚ ਸਬੰਧਤ ਘਰ ਨੂੰ ਘੇਰਾ ਪਾ ਲਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅੰਦਰ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਪੰਦਰਾਂ ਮਿੰਟ ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਪਰ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਕੋਈ ਗੋਲੀਬਾਰੀ ਨਹੀਂ ਹੋਈ, ਜਿਸ ਮਕਾਨ ਵਿੱਚ ਇਹ ਖ਼ਤਰਨਾਕ ਗੈਂਗਸਟਰ ਰੁਕੇ ਹੋਏ ਸਨ, ਉਹ ਮਕਾਨ ਲਾਲਾ ਲਾਜਪਤ ਰਾਏ ਯਾਦਗਾਰੀ ਭਵਨ ਦੇ ਬਿਲਕੁਲ ਨੇੜੇ ਹੈ ਅਤੇ ਇਸ ਮਕਾਨ ਵਿੱਚ ਪਰਵਾਸੀ ਪੰਜਾਬੀ ਰਹਿ ਰਿਹਾ ਹੈ। ਇਸ ਮੁਕਾਬਲੇ ਵਿੱਚ ਕਿਸੇ ਵੀ ਗੈਂਗਸਟਰ ਜਾਂ ਪੁਲਿਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਪੁਲਿਸ ਨੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਪਿੰਡ ਮੰਗੇਵਾਲਾ, ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਕਾਬੂ ਕਰ ਲਿਆ।
ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ 5 ਦਿਨਾ ਪੁਲਿਸ ਰਿਮਾਂਡ ‘ਤੇ ਭੇਜਿਆ
ਪਟਿਆਲਾ : ਨਾਭਾ ਜੇਲ੍ਹ ਬਰੇਕ ਕਾਂਡ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਮਾਸਟਰਮਾਈਂਡ ਗੁਰਪ੍ਰੀਤ ਸੇਖੋਂ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਇਸ ਸਬੰਧੀ ਪਟਿਆਲਾ ਵਿੱਚ ਡੀਆਈਜੀ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ। ਹਾਂਗਕਾਂਗ ਵਿੱਚ ਰਹਿ ਰਿਹਾ ਰਮਨਪ੍ਰੀਤ ਨਾਮੀ ਭਗੌੜਾ ਦੋਸ਼ੀ ਇਨ੍ਹਾਂ ਨੂੰ ਬਾਹਰੋਂ ਫੰਡਿੰਗ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਢੁੱਡੀਕੇ ਦੇ ਜਿਸ ਘਰ ਵਿੱਚ ਇਹ ਦੋਸ਼ੀ ਲੁੱਕੇ ਹੋਏ ਸਨ, ਉਸ ਘਰ ਦੇ ਮਾਲਕ ਐਨਆਰਆਈ ਗੋਲਡੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਦੋ ਗੈਂਗਸਟਰਾਂ ਵਿੱਕੀ ਗੌਂਡਰ ਤੇ ਵਿਕਰਮਜੀਤ ਸਮੇਤ ਕਸ਼ਮੀਰ ਸਿੰਘ ਤੱਕ ਵੀ ਪੁਲਿਸ ਦੇ ਹੱਥ ਜਲਦ ਹੀ ਪਹੁੰਚ ਜਾਣਗੇ।
ਪੰਜਾਬ ਦੀਆਂ ਜੇਲ੍ਹਾਂ ‘ਚੋਂ 311 ਖਤਰਨਾਕ ਅਪਰਾਧੀ ਪੈਰੋਲ ਦੇ ਨਾਂ ‘ਤੇ ਫਰਾਰ
103 ਕੈਦੀ ਕਤਲ ਵਰਗੇ ਸੰਗੀਨ ਕੇਸਾਂ ‘ਚ ਸਨ ਸ਼ਾਮਲ
ਲੁਧਿਆਣਾ : ਪੰਜਾਬ ਦੀਆਂ ਜੇਲ੍ਹਾਂ ਵਿਚ ਕਤਲ, ਅਗਵਾ, ਬਲਾਤਕਾਰ, ਡਕੈਤੀ ਸਮੇਤ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਰਗੇ ਗੰਭੀਰ ਅਪਰਾਧਾਂ ਵਿਚ ਅਦਾਲਤਾਂ ਤੋਂ ਉਮਰ ਕੈਦ ਜਾਂ ਲੰਬੀ ਸਜ਼ਾ ਪਾਉਣ ਵਾਲੇ ਖਤਰਨਾਕ ਅਪਰਾਧੀ ਪੈਰੋਲ ਦੇ ਬਹਾਨੇ ਕਾਇਦੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜਿਸ ਤਰ੍ਹਾਂ ਫਰਾਰ ਹੋ ਰਹੇ ਹਨ, ਉਸ ਦਾ ਸਬੂਤ ਆਰ. ਟੀ. ਆਈ.ਐਕਟ ਤਹਿਤ ਮੁਹੱਈਆ ਸੂਚਨਾ ਤੋਂ ਸਪੱਸ਼ਟ ਹੈ, ਜਿਸ ਦੇ ਮੁਤਾਬਕ ਹੁਣ ਤਕ ਪੰਜਾਬ ਦੀਆਂ ਜੇਲ੍ਹਾਂ ਵਿਚੋਂ 311 ਖਤਰਨਾਕ ਅਪਰਾਧੀ ਪੈਰੋਲ ਦੇ ਬਹਾਨੇ ਫਰਾਰ ਹੋ ਚੁੱਕੇ ਹਨ, ਜੋ ਕਿ ਸੱਭਿਆ ਸਮਾਜ ਲਈ ਗੰਭੀਰ ਖਤਰਾ ਬਣੇ ਹੋਏ ਹਨ। ਆਰ.ਟੀ. ਆਈ. ਐਕਟੀਵਿਸਟ ਰਵੀ ਸ਼ਰਮਾ ਵੱਲੋਂ ਰਾਜ ਭਰ ਦੀਆਂ ਜੇਲ੍ਹਾਂ ਤੋਂ ਮੰਗੀ ਗਈ। ਸੂਚਨਾ ਹੈਰਾਨ ਕਰ ਦੇਣ ਵਾਲੀ ਹੈ। ਪੈਰੋਲ ‘ਤੇ ਜਾਣ ਦੇ ਨਾਂ ‘ਤੇ ਫਰਾਰ ਹੋਏ 311 ਕੈਦੀਆਂ ਵਿਚ 103 ਕਤਲ ਵਰਗੇ ਸੰਗੀਨ ਕੇਸਾਂ ਵਿਚ ਦੋਸ਼ੀ ਪਾਏ ਜਾਣ ‘ਤੇ ਉਮਰ ਕੈਦ ਤੋਂ ਲੈ ਕੇ ਹੋਰ ਲੰਬੀ ਸਜ਼ਾ ਪਾਉਣ ਵਾਲੇ ਅਪਰਾਧੀ ਸ਼ਾਮਲ ਹਨ। ਨਾਲ ਹੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿਚ ਅਹਿਮ ਰੋਲ ਅਦਾ ਕਰਨ ਵਾਲੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਫਰਾਰ ਕੈਦੀਆਂ ਦੀ ਗਿਣਤੀ 139 ਅਤੇ ਹੋਰਨਾਂ ਅਪਰਾਧਕ ਗਤੀਵਿਧੀਆਂ ਵਿਚ ਸਜ਼ਾ ਯਾਫਤਾ ਫਰਾਰ 52 ਖਤਰਨਾਕ ਅਪਰਾਧੀ ਸ਼ਾਮਲ ਹਨ। ਕਾਨੂੰਨ ਵਿਵਸਥਾ ਲਈ ਬੇਹੱਦ ਗੰਭੀਰ ਇਹ ਕੇਸ ਰਾਜ ਦੀ ਸਰਕਾਰ ਅਤੇ ਪੁਲਸ ਵਿਭਾਗ ਦੇ ਪਹਿਲ ਕਦਮੀਆਂ ਵਿਚ ਜ਼ਿਆਦਾ ਮਹੱਤਵਪੂਰਨ ਨਹੀਂ ਰਿਹਾ ਹੈ। ਫਰਾਰ ਅਪਰਾਧੀਆਂ ਨੂੰ ਫੜਨ ਲਈ ਰਾਜ ਪੁਲਸ ਵੱਲੋਂ ਬਣਾਇਆ ਪੀ. ਓ. ਸੈੱਲ ਤਾਂ ਜਿਵੇਂ ਪੂਰੀ ਤਰ੍ਹਾਂ ਦਮ ਤੋੜ ਚੁੱਕਾ ਦਿਖਾਈ ਦਿੰਦਾ ਹੈ। ਸ਼ਰਮਾ ਨੇ ਦੱਸਿਆ ਕਿ ਅਜੇ ਤੱਕ ਮੁਹੱਈਆ ਸੂਚਨਾ ਵਿਚ ਫਿਰੋਜ਼ਪੁਰ ਅਤੇ ਜਲੰਧਰ ਜੇਲ੍ਹ ਦਾ ਰਿਕਾਰਡ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਜੇਕਰ ਉਨ੍ਹਾਂ ਦੀ ਵੀ ਰਿਪੋਰਟ ਆ ਜਾਂਦੀ ਹੈ ਤਾਂ ਫਰਾਰ ਖਤਰਨਾਕ ਅਪਰਾਧੀਆਂ ਦੀ ਗਿਣਤੀ 350 ਤੋਂ ਜ਼ਿਆਦਾ ਤੈਅ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਹੈਰਾਨ ਕਰ ਦੇਣ ਵਾਲਾ ਤੱਥ ਇਹ ਹੈ ਕਿ ਪੈਰੋਲ ‘ਤੇ ਫਰਾਰ ਹੋਣ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਉਨ੍ਹਾਂ ਅਪਰਾਧੀਆਂ ਦੀ ਹੈ, ਜਿਨ੍ਹਾਂ ਨੂੰ ਉਮਰ ਕੈਦ ਜਾਂ 7 ਸਾਲ ਤੋਂ 15 ਸਾਲ ਤੱਕ ਦੀ ਸਜ਼ਾ ਹੋਈ ਹੈ। ਇੰਨਾ ਹੀ ਨਹੀਂ, ਸਾਲਾਂ ਤੋਂ ਫਰਾਰ ਇਨ੍ਹਾਂ ਅਪਰਾਧੀਆਂ ਨੂੰ ਕਾਬੂ ਕਰਨਾ ਤਾਂ ਦੂਰ, ਇਨ੍ਹਾਂ ਦੀ ਫਰਾਰੀ ਸਬੰਧੀ ਸਥਾਨਕ ਪੁਲਿਸ ਨੂੰ ਸਮੇਂ ‘ਤੇ ਸੂਚਨਾ ਦੇਣ ਦੇ ਕੇਸ ਵਿਚ ਜੇਲ੍ਹ ਪ੍ਰਸ਼ਾਸਨ ਦਾ ਰਵੱਈਆ ਕਛੂਆ ਚਾਲ ਵਾਲਾ ਰਿਹਾ ਹੈ।ઠ
ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੈਦੀਆਂ ਦੀ ਗਿਣਤੀ ਜੋ ਕਿ 139 ਹੈ, ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਅਪਰਾਧੀਆਂ ਵੱਲੋਂ ਵੇਚੇ ਨਸ਼ਿਆਂ ਨੇ ਪਤਾ ਨਹੀਂ ਕਿੰਨੇ ਪਰਿਵਾਰ ਬਰਬਾਦ ਕਰ ਦਿੱਤੇ ਅਤੇ ઠਅੱਗੇ ਵੀ ਉਨ੍ਹਾਂ ਦਾ ਇਹ ਧੰਦਾ ਲਗਾਤਾਰ ਜਾਰੀ ਹੈ। ਕਤਲ ਕਰਨ ਵਾਲੇ 103 ਅਪਰਾਧੀਆਂ ਦੀ ਫਰਾਰੀ ਤੋਂ ਸਾਫ ਹੈ ਕਿ ਪੈਰੋਲ ਦੇ ਬਹਾਨੇ ਵੱਡੇ ਪੱਧਰ ‘ਤੇ ਖੇਡ ਖੇਡੀ ਜਾ ਰਹੀ ਹੈ, ਜਿਸ ਦੇ ਨਤੀਜੇ ਆਮ ਜਨਤਾ ਨੂੰ ਭੁਗਤਣੇ ਪੈ ਰਹੇ ਹਨ। ਬਠਿੰਡਾ ਜੇਲ੍ਹ ਤੋਂ ਭਗੌੜੇ ਸਾਰੇ ਉਮਰ ਕੈਦੀ- ਬਠਿੰਡਾ ਜੇਲ ਪ੍ਰਸ਼ਾਸਨ ਵੱਲੋਂ ਮੁਹੱਈਆ ਅੰਕੜੇ ਪ੍ਰੇਸ਼ਾਨ ਕਰ ਦੇਣ ਵਾਲੇ ਹਨ, ਜਿਸ ਤਰ੍ਹਾਂ ਲੁਧਿਆਣਾ ਸੈਂਟਰਲ ਤੋਂ ਪੈਰੋਲ ‘ਤੇ ਫਰਾਰ ਕੁੱਲ 46 ਭਗੌੜਿਆਂ ਵਿਚ 28 ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ੀ ਹਨ, ਉਸੇ ਤਰ੍ਹਾਂ ਬਠਿੰਡਾ ਜੇਲ ਤੋਂ ਸਾਲ 2015ઠਅਤੇ 2016 ਵਿਚ ਫਰਾਰ ਸਾਰੇ 34 ਅਪਰਾਧੀ ਉਮਰ ਕੈਦੀ ਹਨ, ਜੋ ਕਿ ਬੇਹੱਦ ਸੰਗੀਨ ਕੇਸ ਹੈ। ਮਹਿਲਾ ਜੇਲ ਲੁਧਿਆਣਾ ਤੋਂ ਫਰਾਰ ਔਰਤ ਕੈਦੀਆਂ ਦੀ ਗਿਣਤੀ 3 ਹੈ।
ਪੈਰੋਲ ਜੰਪ ਕਰਨ ਵਾਲਿਆਂ ਦੇ ਪਿੱਛੇ ਨਸ਼ਾ ਮਾਫੀਆ- ਅਸਲ ਵਿਚ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸਜ਼ਾ ਯਾਫਤਾ ਕੈਦੀਆਂ ਵਿਚੋਂ 139 ਕੈਦੀਆਂ ਦੇ ਪੈਰੋਲ ਜੰਪ ਕਰਨ ਦੇ ਪਿੱਛੇ ਰਾਜ ਸਰਕਾਰ ਵਿਚ ਸਰਗਰਮ ਤਾਕਤਵਰ ਨਸ਼ਾ ਮਾਫੀਆ ਹੈ, ਜੋ ਕਿ ਆਪਣੇ ਤੇਜ਼ ਤਰਾਰ ਸਾਥੀਆਂ ਨੂੰ ਜੇਲ੍ਹਾਂ ਤੋਂ ਪੈਰੋਲ ‘ਤੇ ਲਿਜਾਣ ਪਿੱਛੇ ਖਾਕੀ ਅਤੇ ਖਾਦੀ ਦੀ ਜਮ ਕੇ ਮਦਦ ਲੈਂਦੇ ਹਨ। ਆਪਣੇ ਸਾਥੀਆਂ ਦੀ ਪੈਰਵੀ ਕਰਨ ਲਈ ਪਾਣੀ ਵਾਂਗ ਪੈਸਾ ਵਹਾਉਣ ਵਾਲਾ ਇਹ ਮਾਫੀਆ ਕਿੰਨਾ ਤਾਕਤਵਰ ਹੈ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਹਾਲਾਂਕਿ ਪੈਰੋਲ ਜੰਪ ਦੇ ਕੇਸਾਂ ਵਿਚ ਤੇਜ਼ੀ ਨਾਲ ਹੋਏ ਵਾਧੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਜ਼ਾ ਯਾਫਤਾ ਕੈਦੀਆਂ ਨੂੰ ਮਿਲਣ ਵਾਲੀ ਪੈਰੋਲ ਪ੍ਰਕਿਰਿਆ ਵਿਚ ਸਖਤੀ ਕਰਦੇ ਹੋਏ ਜ਼ਮਾਨਤ ਰਾਸ਼ੀ 50 ਹਜ਼ਾਰ ਤੋਂ ਵਧਾ ਕੇ 2 ਲੱਖ ਵੀ ਕੀਤੀ ਗਈ ਹੈ ਪਰ ਇਸ ਦਾ ਵੀ ਜ਼ਿਆਦਾ ਅਸਰ ਨਹੀਂ ਹੋਇਆ, ਕਿਉਂਕਿ ਜ਼ਿਆਦਾਤਰ ਜ਼ਮਾਨਤਾਂ ਗੋਲੂ ਗਵਾਹਾਂ ਦੇ ਜ਼ਰੀਏ ਭਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕੰਮ ਹੀ ਜ਼ਮਾਨਤਾਂ ਭਰਵਾਉਣਾ ਹੁੰਦਾ ਹੈ। ਇਹ ਲੋਕ ਇਕ ਰਜਿਸਟਰੀ ‘ਤੇ ਦਰਜਨਾਂ ਜ਼ਮਾਨਤਾਂ ਭਰਵਾਉਣ ਤੋਂ ਬਾਅਦ ਜੇਕਰ ਕੇਸ ਵਿਗੜ ਜਾਂਦਾ ਹੈ ਤਾਂ ਚੁੱਪ-ਚਾਪ ਫਰਾਰ ਹੋ ਜਾਂਦੇ ਹਨ। ਇਹੀ ਗੋਲੂ ਗਵਾਹ ਅਸਲ ਵਿਚ ਜੇਲ੍ਹਾਂ ਵਿਚ ਬੰਦ ਖਤਰਨਾਕ ਗੈਂਗਸਟਰਾਂ ਅਤੇ ਅਪਰਾਧੀਆਂ ਦੀਆਂ ਚੰਦ ਰੁਪਏ ਲੈ ਕੇ ਜ਼ਮਾਨਤਾਂ ਭਰਦੇ ਹਨ। ਰਾਜ ਭਰ ਦੀਆਂ ਅਦਾਲਤਾਂ ਵਿਚ ਸਰਗਰਮ ਇਸ ਗਿਰੋਹ ‘ਤੇ ਲਗਾਮ ਕੱਸਣਾ ਪੁਲਸ ਲਈ ਆਸਾਨ ਨਹੀਂ ਹੈ।
ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਪਨਾਹ ਦੇਣ ਵਾਲੇ ਐਨ ਆਰ ਆਈ ਖਿਲਾਫ ਹੋਇਆ ਕੇਸ ਦਰਜ
ਮੋਗਾ/ਬਿਊਰੋ ਨਿਊਜ਼ : ਮੋਗਾ ਦੇ ਪਿੰਡ ਢੁੱਡੀਕੇ ਦੇ ਜਿਸ ਘਰ ਵਿੱਚੋਂ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਉਸ ਦੇ ਐਨ.ਆਰ.ਆਈ. ਮਾਲਕ ਕੁਲਤਾਰ ਸਿੰਘ ਗੋਲਡੀ ਤੇ ਗੁਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗੋਲਡੀ ਤੇ ਗੁਰਿੰਦਰ ਸਿੰਘ ਖ਼ਿਲਾਫ਼ ਮੋਗਾ ਪੁਲਿਸ ਨੇ ਗੈਂਗਸਟਰ ਨੂੰ ਸ਼ਰਨ ਦੇਣਾ ਤੇ ਵਿੱਤੀ ਮਦਦ ਦੇਣ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਗੋਲਡੀ ਤੇ ਗੁਰਿੰਦਰ ਸਿੰਘ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਗੋਲਡੀ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ। ਮੋਗਾ ਦੇ ਐਸਪੀ ਡੀ ਬਲਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇ ਆਦੇਸ਼ ਤੋਂ ਬਾਅਦ ਦੋਵਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਗੋਲਡੀ ਦੇ ਘਰ ਤੋਂ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਤਿੰਨ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਅਸਲਾ ਤੇ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਸਨ।
ਨਾਭਾ ਜੇਲ੍ਹ ‘ਚੋਂ ਫਰਾਰ ਹੋਏ ਗੈਂਗਸਟਰਾਂ ਦਾ ਕੰਟਰੋਲ ਰੂਮ ਹੈ ਹਾਂਗਕਾਂਗ ‘ਚ
ਪਟਿਆਲਾ : ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਗੈਂਗਸਟਰਾਂ ਦਾ ‘ਕੰਟਰੋਲ ਰੂਮ’ ਹਾਂਗਕਾਂਗ ਵਿਚ ਸੀ। ਉਹ ਉਥੇ ਰਹਿੰਦੇ ਆਪਣੇ ਸਾਂਝੇ ਦੋਸਤ ਹਰਮਨਦੀਪ ਸਿੰਘ ਰੋਮੀ ਰਾਹੀਂ ਹੀ ਇੱਕ ਦੂਜੇ ਦੇ ਸੰਪਰਕ ਵਿਚ ਰਹਿੰਦੇ ਸਨ। ਉਹੀ ਉਨ੍ਹਾਂ ਦਾ ਸੰਪਰਕ ਸੂਤਰ ਸੀ, ਜਿਸ ਰਾਹੀਂ ਇੱਕ ਦੂਜੇ ਨੂੰ ਸੁਨੇਹੇ ਪਹੁੰਚਾਉਂਦੇ ਸਨ। ਇਸ ਤੋਂ ਹੀ ਮਾਲੀ ਮਦਦ ਵੀ ਆਉਂਦੀ ਰਹੀ। ਇਹ ਖੁਲਾਸਾ ਡੀ.ਆਈ.ਜੀ ਅਸ਼ੀਸ਼ ਚੌਧਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਇਸ ਮੌਕੇ ਐਸ. ਭੂਪਥੀ (ਐਸਐਸਪੀ ), ਗੁਰਮੀਤ ਚੌਹਾਨ (ਏ.ਆਈ.ਜੀ ਕਾਊਂਟਰ ਇੰਟੈਲੀਜੈਂਸੀ) ઠਤੇ ਐਸ.ਪੀ ਡੀ ਹਰਵਿੰਦਰ ਵਿਰਕ ਵੀ ਮੌਜੂਦ ਸਨ। ਉਨ੍ਹਾਂ ઠਰੋਮੀ ਨੂੰ ਲਿਆਉਣ ਲਈ ਜਲਦੀ ਹੀ ‘ਰੈਡ ਕਾਰਨਰ’ ਨੋਟਿਸ ਜਾਰੀ ਕਰਵਾਉਣ ਦੀ ਜਾਣਕਾਰੀ ਵੀ ਦਿੱਤੀ। ਰੋਮੀ ਵੀ ਪਹਿਲਾਂ ਜੇਲ੍ਹ ਵਿੱਚ ਰਹਿ ਚੁੱਕਾ ਹੈ। ਸੇਖੋਂ ਨਾਲ਼ ਫੜੇ ਗਏ ਮਨਵੀਰ ઠਸੇਖੋਂ, ਕੁਲਵਿੰਦਰ ਸਿਧਾਣਾ ਅਤੇ ਰਾਜਵਿੰਦਰ ਸਿੰਘ ਸੁਲਤਾਨ ਵਾਰਦਾਤ ਵਿਚ ਸ਼ਾਮਲ ਸਨ ਜਿਨ੍ਹਾਂ ਤੋਂ ਪੰਜ ਹਥਿਆਰਾਂ ਸਮੇਤ 15 ਜਾਅਲੀ ਸ਼ਨਾਖ਼ਤੀ ਕਾਰਡ ਅਤੇ ਦੋ ਕਾਰਾਂ ਵੀ ਮਿਲੀਆਂ ਹਨ। ਸੇਖੋਂ ਖ਼ਿਲਾਫ਼ 30 ਕੇਸ ਦਰਜ ਹਨ। ਜੇਲ੍ਹ ਤੋਂ ਫਰਾਰ ਹੋਣ ਉਪਰੰਤ ਗੈਂਗਸਟਰ ઠਹਰਿਆਣਾ ਜਾ ਕੇ ઠਵੱਖ ਹੋ ਗਏ ਸਨ ਤੇ ਫੇਰ ਰੋਮੀ ਹੀ ઠਸੰਪਰਕ ਸੂਤਰ ਰਿਹਾ, ਜੋ ਵੀ ਉਨ੍ਹਾਂ ਨੂੰ ਲੋੜ ਮੁਤਾਬਕ ਜਾਣਕਾਰੀ ਪ੍ਰਦਾਨ ਕਰਦਾ ਸੀ। ਨੀਟਾ ਦਿਓਲ ਦੇ ਫੜੇ ਜਾਣ ਮੌਕੇ ਸੇਖੋਂ ਵੀ ਇੰਦੌਰ ਵਿਚ ਹੀ ਸੀ, ਪਰ ਦੋਵੇਂ ਇੱਕ ਦੂਜੇ ਦੇ ਇੰਦੌਰ ਵਿਚ ਹੋਣ ਬਾਰੇ ਬੇਖ਼ਬਰ ਸਨ।
ਨਾਭਾ ਜੇਲ੍ਹ ਬਰੇਕ ਕਾਂਡ ਲਈ ਹਥਿਆਰ ਮੁਹੱਈਆ ਕਰਵਾਉਣ ਵਾਲਾ ਪੰਜਾਬ ਗੰਨ ਹਾਊਸ ਦਾ ਮਾਲਕ ਗ੍ਰਿਫਤਾਰ
ਨਾਭਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਬਰੇਕ ਕਾਂਡ ਲਈ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ਾਂ ਤਹਿਤ ਮੋਗਾ ਦੇ ਪੰਜਾਬ ਗੰਨ ਹਾਊਸ ਦੇ ਮਾਲਕ ਕ੍ਰਿਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਕ੍ਰਿਪਾਲ ਸਿੰਘ ਦਾ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਬਰੇਕ ਲਈ ਖਤਰਨਾਕ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਿੱਚ ਕ੍ਰਿਪਾਲ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਇਹ ਖੁਲਾਸਾ ਹੁੰਦਿਆਂ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਗੰਨ ਹਾਊਸ ਮਾਲਕ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਹ ਖੁਲਾਸਾ ਪੁਲਿਸ ਦੀ ਗ੍ਰਿਫਤ ਵਿਚ ਆਏ ਗੁਰਪ੍ਰੀਤ ਸੇਖੋਂ, ਮਨਪ੍ਰੀਤ, ਕੁਲਵਿੰਦਰ ਤੇ ਰਾਜਵਿੰਦਰ ਨੇ ਪੁੱਛਗਿੱਛ ਦੌਰਾਨ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗੈਰਕਾਨੂੰਨੀ ਹਥਿਆਰਾਂ ਦੇ ਧੰਦੇ ਬਾਰੇ ਵੀ ਕੋਈ ਸੁਰਾਗ ਮਿਲ ਸਕਦਾ ਹੈ।