ਦੂਸ਼ਿਤ ਪਾਣੀ ਨੂੰ ਜ਼ਮੀਨ ‘ਚ ਸੁੱਟਣ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ
ਪਟਿਆਲਾ/ਬਿਊਰੋ ਨਿਊਜ਼: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹਵਾ ਅਤੇ ਪਾਣੀ ਦੀ ਗੁਣਵਤਾ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਬੋਰਡ ਨੇ ਆਪਣੇ ਚੇਅਰਮੈਨ ਕਾਹਨ ਸਿੰਘ ਪੰਨੂੰ ਦੀ ਸਰਪ੍ਰਸਤੀ ਹੇਠ ਹੋਈ ਬੈਠਕ ਵਿਚ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਸੰਸਥਾ ਜਾਂ ਸਨਅਤ ਨੂੰ ਜ਼ਹਿਰੀਲਾ ਪਾਣੀ ਧਰਤੀ ਹੇਠ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਸਬੰਧੀ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਕੋਈ ਵਿਅਕਤੀ ਧਰਤੀ ਹੇਠ ਦੂਸ਼ਿਤ ਪਾਣੀ ਪਾਉਣ ਵਾਲੇ ਦੀ ਸੂਚਨਾ ਦੇਵੇਗਾ, ਉਸ ਨੂੰ ਬੋਰਡ ਇਕ ਲੱਖ ਰੁਪਏ ਦਾ ਇਨਾਮ ਦੇਵੇਗਾ। ਇਸ ਸਬੰਧੀ ਬੋਰਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਬੋਰਡ ਨੇ ਪਾਇਆ ਹੈ ਕਿ ਭਾਵੇਂ ਕਿ ਬੋਰਡ ਦੀਆਂ ਟੀਮਾਂ ਦੇ ਨਿਰੀਖਣ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਮਿਲਦੀਆਂ ਹਨ, ਪਰ ਫਿਰ ਵੀ ਬੋਰਡ ਨੇ ਅਜਿਹੇ ਨੁਕਸਾਨ ਪਹੁੰਚਾਉਣ ਵਾਲਿਆਂ ‘ਤੇ ਨਜ਼ਰ ਰੱਖਣ ਲਈ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਬੋਰਡ ਨੂੰ ਜੋ ਵਿਅਕਤੀ ਸਹੀ ਸੂਚਨਾ ਪ੍ਰਦਾਨ ਕਰੇਗਾ ਕਿ ਕਿਸੇ ਖ਼ਾਸ ਉਦਯੋਗ ਵਲੋਂ ਆਪਣੀ ਚਾਰਦੀਵਾਰੀ ਦੇ ਅੰਦਰ ਜਾਂ ਕਿਸੇ ਹੋਰ ਥਾਂ ‘ਤੇ ਬੋਰਵੈੱਲ ਰਾਹੀਂ ਆਪਣਾ ਅਣਸੋਧਿਆ ਪਾਣੀ ਧਰਤੀ ਹੇਠਲੇ ਪਾਣੀ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਸੂਚਨਾ ਦੇਣ ਵਾਲੇ ਨੂੰ ਉਪਰੋਕਤ ਇਨਾਮ ਦਿੱਤਾ ਜਾਵੇਗਾ ਅਤੇ ਉਸ ਵਿਅਕਤੀ/ਸੰਸਥਾ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
Check Also
ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਨਗਰ ਨਿਗਮ ਚੋਣਾਂ ਜਨਵਰੀ ’ਚ ਕਰਵਾਉਣ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ : ਸੂਬੇ ਦੇ ਚੋਣ …