Breaking News
Home / ਪੰਜਾਬ / ਬਠਿੰਡਾ ਏਮਜ਼ ‘ਚ ਓਪੀਡੀ ਸੇਵਾਵਾਂ ਦਾ ਹੋਇਆ ਉਦਘਾਟਨ

ਬਠਿੰਡਾ ਏਮਜ਼ ‘ਚ ਓਪੀਡੀ ਸੇਵਾਵਾਂ ਦਾ ਹੋਇਆ ਉਦਘਾਟਨ

ਪੰਜਾਬ ਤੋਂ ਇਲਾਵਾ ਨੇੜਲੇ ਸੂਬਿਆਂ ਨੂੰ ਵੀ ਮਿਲੇਗਾ ਫਾਇਦਾ
ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸੋਮਵਾਰ ਨੂੰ ਬਠਿੰਡਾ ਏਮਜ਼ ਦੀ ‘ਓਪੀਡੀ ਸੇਵਾ’ ਦਾ ਉਦਘਾਟਨ ਕੀਤਾ ਜਿਸ ਨਾਲ ਹੁਣ ਬਿਮਾਰੀਆਂ ਦੇ ਝੰਬੇ ਮਾਲਵਾ ਖ਼ਿੱਤੇ ਨੂੰ ਵੱਡੀ ਢਾਰਸ ਮਿਲੇਗੀ। ਏਮਜ਼ ਚਾਲੂ ਹੋਣ ਨਾਲ ‘ਕੈਂਸਰ ਟਰੇਨ’ ਦੇ ਦਾਗ ਧੋਤੇ ਜਾਣ ਦੇ ਦਾਅਵੇ ਵੀ ਕੀਤੇ ਗਏ ਹਨ। ਏਮਜ਼ ‘ਚ ਕਿਫਾਇਤੀ ਦਰਾਂ ਉਤੇ ਮਰੀਜ਼ਾਂ ਨੂੰ ਵਧੀਆ ਇਲਾਜ ਦੀ ਸਹੂਲਤ ਮਿਲੇਗੀ। ਇਸ ਪ੍ਰੋਜੈਕਟ ਨਾਲ ਬਾਦਲਾਂ ਨੂੰ ਵੀ ਸਿਆਸੀ ਤੌਰ ‘ਤੇ ਕੁਝ ਰਾਹਤ ਮਿਲੇਗੀ।
ਸੋਮਵਾਰ ਨੂੰ ਦਰਜਨ ‘ਚੋਂ ਕਰੀਬ 9 ਓਪੀਡੀਜ਼ ਲੋਕਾਂ ਲਈ ਖੁੱਲ੍ਹ ਗਈਆਂ ਹਨ। ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਮਜ਼ ਨੂੰ ਵੱਡੀ ਪ੍ਰਾਪਤੀ ਦੱਸਿਆ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੈਡੀਕਲ ਖੇਤਰ ‘ਚ ਵੱਡੇ ਮਾਅਰਕੇ ਮਾਰੇ ਹਨ ਜਿਸ ਤਹਿਤ ਦੇਸ਼ ਭਰ ਵਿਚ ਸਾਢੇ ਪੰਜ ਵਰ੍ਹਿਆਂ ਵਿਚ ਏਮਜ਼ ਸੰਸਥਾਨਾਂ ਦੀ ਗਿਣਤੀ 6 ਤੋਂ ਵੱਧ ਕੇ 22 ਹੋ ਗਈ ਹੈ। ਵਾਜਪਾਈ ਸਰਕਾਰ ਸਮੇਂ ਦੇਸ਼ ਵਿਚ ਪੰਜ ਨਵੇਂ ਏਮਜ਼ ਸੰਸਥਾਨ ਆਏ ਸਨ। ਐੱਨਡੀਏ ਸਰਕਾਰ ਦੌਰਾਨ ਹੀ ਦੇਸ਼ ਵਿਚ ਹੁਣ ਤੱਕ 157 ਨਵੇਂ ਮੈਡੀਕਲ ਕਾਲਜ ਦਿੱਤੇ ਗਏ ਹਨ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਬਠਿੰਡਾ ‘ਚ ਏਮਜ਼ ਜੂਨ 2020 ਤੱਕ ਚਾਲੂ ਹੋ ਜਾਵੇਗਾ। ਫਿਲਹਾਲ ਇਥੇ ਓਪੀਡੀ ਸੇਵਾ ਹੋਵੇਗੀ ਅਤੇ ਨਵੰਬਰ 2020 ਤੋਂ ਐਮਰਜੈਂਸੀ ਅਤੇ ਇਨਡੋਰ ਸੁਵਿਧਾ ਵੀ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2016 ਵਿਚ ਇਸ ਦਾ ਨੀਂਹ ਪੱਥਰ ਰੱਖਿਆ ਸੀ। ਕਰੀਬ 170 ਏਕੜ ‘ਚ ਬਣੇ ਏਮਜ਼ ‘ਤੇ ਕੁੱਲ 925 ਕਰੋੜ ਰੁਪਏ ਦੀ ਲਾਗਤ ਆਵੇਗੀ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਜ਼ ਦਾ ਗੁਆਂਢੀ ਸੂਬਿਆਂ ਨੂੰ ਵੀ ਫਾਇਦਾ ਪੁੱਜੇਗਾ। ਕਪੂਰਥਲਾ ਵਿਚ ਮੈਡੀਕਲ ਕਾਲਜ ਖੋਲ੍ਹੇ ਜਾਣ ਦੀ ਗੱਲ ਕਰਦਿਆਂ ਉਨ੍ਹਾਂ ਹੁਸ਼ਿਆਰਪੁਰ ਵਿਚ ਵੀ ਮੈਡੀਕਲ ਕਾਲਜ ਖੋਲ੍ਹੇ ਜਾਣ ਦੀ ਮੰਗ ‘ਤੇ ਵਿਚਾਰ ਕਰਨ ਦਾ ਹੁੰਗਾਰਾ ਭਰਿਆ।
ਏਮਜ਼ ‘ਚ 12 ਓਪੀਡੀ ਆਰਥੋਪੈਡਿਕ, ਜਨਰਲ ਸਰਜਰੀ, ਜਨਰਲ ਮੈਡੀਸਨ, ਈਐਨਟੀ, ਅੱਖਾਂ ਦੇ ਰੋਗ, ਮਨੋਰੋਗ, ਚਮੜੀ ਰੋਗ, ਇਸਤਰੀ ਤੇ ਪ੍ਰਜਨਣ ਰੋਗ, ਦੰਦਾਂ ਦੇ ਰੋਗ, ਰੇਡੀਓਲੋਜੀ, ਬਾਇਓਕੈਮਿਸਟਰੀ ਤੇ ਪੈਥੌਲੋਜੀ ਆਦਿ ਸ਼ੁਰੂ ਕੀਤੀਆਂ ਗਈਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸ਼ੁਰੂ ਵਿਚ ਰੋਜ਼ਾਨਾ ਇੱਕ ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਵੇਖਿਆ ਜਾਵੇਗਾ ਅਤੇ ਛੇਤੀ ਹੀ ਮਰੀਜ਼ਾਂ ਨੂੰ ਚੈਕੱਅਪ ਕਰਨ ਦੀ ਗਿਣਤੀ 5 ਹਜ਼ਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਦੌਰਾਨ ਐੱਮਬੀਬੀਐੱਸ ਦੀਆਂ 50 ਸੀਟਾਂ ਦਾ ਪਹਿਲਾ ਬੈਚ ਸ਼ੁਰੂ ਹੋ ਗਿਆ ਹੈ।
ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਛੇਤੀ ਹੀ ਸੁਪਰ ਸਪੈਸ਼ਲਿਟੀ ਦੇ ਚਾਰ ਵਿਭਾਗ ਯੂਰੋਲਾਜੀ, ਪੀਡੀਐਟਰਿਕ ਸਰਜਰੀ, ਸਰਜੀਕਲ ਓਨਕੋਲਾਜੀ ਤੇ ਨਿਊਰੋਲੋਜੀ ਕੰਮ ਕਰਨਾ ਸ਼ੁਰੂ ਕਰ ਦੇਣਗੇ। 45 ਬਿਸਤਰਿਆਂ ਵਾਲਾ ਟਰੌਮਾ ਸੈਂਟਰ ਅਗਲੇ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਵਿਖੇ ਸ਼ੁਰੂ ਹੋ ਚੁੱਕਾ ਮੈਡੀਕਲ ਕਾਲਜ ਵੀ ਅਗਲੇ ਸਾਲ ਬਠਿੰਡਾ ਤਬਦੀਲ ਕਰ ਦਿੱਤਾ ਜਾਵੇਗਾ। ਇੱਥੇ ਅੰਮ੍ਰਿਤ ਡਰੱਗ ਸਟੋਰ ਤਹਿਤ ਸਸਤੀ ਕੀਮਤ ‘ਤੇ ਦਵਾਈਆਂ ਮਿਲਣਗੀਆਂ। ਇਸੇ ਤਰ੍ਹਾਂ ਇਥੇ 16 ਅਲਟਰਾ ਮਾਡਰਨ ਥੀਏਟਰ ਖੁੱਲ੍ਹਣਗੇ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਦਾ ਇਸ ਪ੍ਰੋਜੈਕਟ ਲਈ ਸ਼ੁਕਰੀਆ ਅਦਾ ਕਰਦਿਆਂ ਆਖਿਆ ਕਿ ਏਮਜ਼ ਦੇ ਚਾਲੂ ਹੋਣ ਨਾਲ ਇੱਥੇ ਮੈਡੀਕਲ ਟੂਰਿਜ਼ਮ ਵੀ ਪ੍ਰਫੁੱਲਿਤ ਹੋਵੇਗਾ ਅਤੇ ਬਠਿੰਡਾ ਹੁਣ ਐਜ਼ੂਕੇਸ਼ਨ ਹੱਬ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਸਰ ਟਰੇਨ ਦਾ ਦਾਗ਼ ਵੀ ਇਹ ਪ੍ਰੋਜੈਕਟ ਧੋ ਦੇਵੇਗਾ ਅਤੇ ਆਜ਼ਾਦੀ ਮਗਰੋਂ ਪਹਿਲੀ ਦਫਾ ਲੋਕਾਂ ਨੂੰ ਇੰਨੀ ਵੱਡੀ ਸਹੂਲਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਫਿਰੋਜ਼ਪੁਰ ਵਿਚ ਪੀਜੀਆਈ ਦਾ ਸੈਟੇਲਾਈਟ ਸੈਂਟਰ ਚਾਲੂ ਹੋ ਜਾਵੇਗਾ।

Check Also

ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਨਗਰ ਨਿਗਮ ਚੋਣਾਂ ਜਨਵਰੀ ’ਚ ਕਰਵਾਉਣ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ : ਸੂਬੇ ਦੇ ਚੋਣ …