ਕਿਹਾ – ਕੈਪਟਨ ਕੋਲ ਭਾਜਪਾ ਦੇ ਵਫਦ ਨੂੰ ਮਿਲਣ ਲਈ ਖੁੱਲ੍ਹਾ ਸਮਾਂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਲਗਾਮ ਭਾਜਪਾ ਦੇ ਹੱਥ ਹੋਣ ਦੀ ਗੱਲ ਹੁਣ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਵਫ਼ਦ ਨੂੰ ਮਿਲਣ ਲਈ ਤਾਂ ਝੱਟ ਸਮਾਂ ਕੱਢ ਲਿਆ ਪਰ ਪੰਜਾਬ ਦੇ ਬੇਰੁਜ਼ਗਾਰ, ਜੋ ਰੋਜ਼ਾਨਾ ਪ੍ਰਦਰਸ਼ਨ ਕਰ ਰਹੇ ਹਨ, ਨਾਲ ਗੱਲਬਾਤ ਲਈ ਹੁਣ ਤੱਕ ਸਮਾਂ ਨਹੀਂ ਕੱਢ ਸਕੇ। ਕੈਪਟਨ ਦਾ ਇਹ ਰਵੱਈਆ ਪੰਜਾਬ ਦੇ ਲੋਕਾਂ ਨੂੰ ਅਪਮਾਨਿਤ ਕਰਨ ਵਾਲਾ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਪੰਜਾਬ ਵਿੱਚ ਲੋਕਾਂ ਦੀ ਆਵਾਜ਼ ਸੁਣਨ ਨਾਲੋਂ ਦਿੱਲੀ ਵਿੱਚ ਆਪਣੇ ‘ਆਕਾ’ ਦਾ ਹੁਕਮ ਮੰਨਣਾ ਜ਼ਿਆਦਾ ਚੰਗਾ ਸਮਝਦੇ ਹਨ। ਕੇਂਦਰ ਦੀ ਭਾਜਪਾ ਸਰਕਾਰ ਨਾਲ ਨੇੜਤਾ ਹੋਣ ਕਾਰਨ ਉਹ ਆਪਣੀ ਪਾਰਟੀ ਦੇ ਆਗੂਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਤਪਦੀ ਧੁੱਪ ਵਿੱਚ ਸੜਕਾਂ ‘ਤੇ ਨਿਤਰਣ ਲਈ ਮਜਬੂਰ ਹਨ ਤੇ ਮੁੱਖ ਮੰਤਰੀ ਆਪਣੇ ਏਸੀ ਕਮਰੇ ‘ਚੋਂ ਨਿਕਲਣ ਲਈ ਤਿਆਰ ਨਹੀਂ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਹਾਲ ‘ਤੇ ਰੋਣ ਲਈ ਛੱਡ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪਾਰਟੀ ਨੇ ਕਿਹਾ ਸੀ ਕਿ ਕਿਸਾਨੀ ਸੰਘਰਸ਼ ਦੇ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਗੁਪਤ ਸਾਂਝ ਹੈ ਤਾਂ ਕੁਝ ਲੋਕਾਂ ਨੇ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕੀਤਾ ਸੀ ਤੇ ਹੁਣ ਇਨ੍ਹਾਂ ਨੇ ਕੈਪਟਨ ਦੀ ਅਸਲੀਅਤ ਪਛਾਣ ਲਈ ਹੈ।