ਕੇਜਰੀਵਾਲ ਨੂੰ ਦੱਸਿਆ ਬਾਹਰੀ
ਰੂਪਨਗਰ/ਬਿਊਰੋ ਨਿਊਜ਼
ਪੰਜਾਬ ਵਿਚ ਚੋਣ ਪ੍ਰਚਾਰ ਲਈ ਪਹੁੰਚੀ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਨੇ ਖੁਦ ਨੂੰ ਪੰਜਾਬ ਦੀ ਨੂੰਹ ਦੱਸਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬਾਹਰੀ ਦੱਸਦਿਆਂ ਕਾਂਗਰਸ ਪਾਰਟੀ ਲਈ ਵੋਟਾਂ ਮੰਗੀਆਂ। ਰੂਪਨਗਰ ਵਿਚ ਰੋਡ ਸ਼ੋਅ ਦੌਰਾਨ ਪਿ੍ਰਅੰਕਾ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ’ਤੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਗੁਜਰਾਤ ਮਾਡਲ ਦੀ ਗੱਲ ਕਰਦਾ ਹੈ, ਦੂਜਾ ਦਿੱਲੀ ਮਾਡਲ ਦੀ ਗੱਲ ਕਰਦਾ ਹੈ, ਪਰ ਕਿਸੇ ਨੂੰ ਕੋਈ ਸਹਾਇਤਾ ਨਹੀਂ ਮਿਲੀ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਬਰਿੰਦਰ ਸਿੰਘ ਢਿੱਲੋਂ ਨੂੰ ਜਿਤਾਓ ਅਤੇ ਅਸੀਂ ਬਰਿੰਦਰ ਸਿੰਘ ਢਿੱਲੋਂ ਨੂੰ ਮੰਤਰੀ ਬਣਾ ਦਿਆਂਗੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੂਰੇ ਜੋਸ਼ ਨਾਲ ਪਿ੍ਰਅੰਕਾ ਗਾਂਧੀ ਨੂੰ ਪੰਜਾਬ ਦੀ ਨੂੰਹ ਦੱਸਿਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਕਿਹਾ।