ਲੰਘੀ 8 ਦਸੰਬਰ ਨੂੰ ਵਾਪਰਿਆ ਸੀ ਇਹ ਭਿਆਨਕ ਹਾਦਸਾ
ਬੇਂਗਲੁਰੂ/ਬਿਊਰੋ ਨਿਊਜ਼
ਲੰਘੇ ਦਿਨੀਂ ਵਾਪਰੇ ਹੈਲੀਕਾਪਟਰ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਨੇ ਵੀ ਅੱਜ ਦਮ ਤੋੜ ਦਿੱਤਾ। ਇਸ ਹਾਦਸੇ ’ਚ ਬਚਣ ਵਾਲੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਹੀ ਸਨ, ਜਿਨ੍ਹਾਂ ਦਾ ਇਲਾਜ ਬੇਂਗਲੁਰੂ ਦੇ ਹਸਪਤਾਲ ਵਿਚ ਚੱਲ ਰਿਹਾ ਸੀ, ਜਿੱਥੇ ਅੱਜ ਵਰੁਣ ਸਿੰਘ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਜ਼ਿੰਦਗੀ ਦੀ ਜੰਗ ਹਾਰ ਗਏ। ਧਿਆਨ ਰਹੇ ਲੰਘੀ 8 ਦਸੰਬਰ ਨੂੰ ਤਾਮਿਲਨਾਡੂ ਦੇ ਜੰਗਲਾਂ ’ਚ ਇਹ ਭਿਆਨਕ ਹੈਲੀਕਾਪਟਰ ਹਾਦਸਾ ਵਾਪਰਿਆ ਸੀ, ਜਿਸ ਵਿਚ ਦੇਸ਼ ਦੇ ਪਹਿਲੇ ਚੀਫ਼ ਡਿਫੈਂਸ ਆਫ਼ ਸਟਾਫ ਬਿਪਿਨ ਰਾਵਤ ਅਤੇ ਉਨ੍ਹਾਂ ਧਰਮ ਪਤਨੀ ਮਧੁਲਿਕਾ ਰਾਵਤ ਸਮੇਤ 13 ਫੌਜੀ ਅਫ਼ਸਰਾਂ ਦੀ ਜਾਨ ਚਲੀ ਗਈ ਸੀ। ਗਰੁੱਪ ਕੈਪਟਨ ਵਰੁਣ ਸਿੰਘ ਯੂਪੀ ਦੇ ਦੇਵਰੀਆ ਦੇ ਖੋਰਮਾ ਕਨਹੌਲੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦਾ ਜਨਮ ਦਿੱਲੀ ’ਚ ਹੋਇਆ ਸੀ। ਵਰੁਣ ਸਿੰਘ ਦੇ ਪਿਤਾ ਕ੍ਰਿਸ਼ਨ ਪ੍ਰਤਾਪ ਸਿੰਘ ਵੀ ਫੌਜ ਵਿਚੋਂ ਕਰਨਲ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ। ਗਰੁੱਪ ਕੈਪਟਨ ਵਰੁਣ ਸਿੰਘ ਆਪਣੇ ਪਿੱਛੇ ਪਤਨੀ ਗੀਤਾਂਜਲੀ, ਬੇਟਾ ਰਿਦ ਰਮਨ ਅਤੇ ਬੇਟੀ ਅਰਾਧਿਆ ਨੂੰ ਛੱਡ ਗਏ ਹਨ।