-6.6 C
Toronto
Sunday, February 1, 2026
spot_img
Homeਹਫ਼ਤਾਵਾਰੀ ਫੇਰੀਅਹਿਮਦਾਬਾਦ (ਭਾਰਤ) 'ਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼

ਅਹਿਮਦਾਬਾਦ (ਭਾਰਤ) ‘ਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼

241 ਯਾਤਰੀਆਂ ਦੀ ਮੌਤ * ਸਿਰਫ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਹੀ ਜਿੰਦਾ ਬਚਿਆ * ਏਅਰ ਇੰਡੀਆ ਦੀ ਫਲਾਈਟ ਜਾਣੀ ਸੀ ਲੰਡਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸੂਬਾ ਗੁਜਰਾਤ ਦੇ ਅਹਿਮਦਾਬਾਦ ਵਿਚ ਵੀਰਵਾਰ ਦੁਪਹਿਰੇ ਏਅਰ ਇੰਡੀਆ ਦਾ ਬੋਇੰਗ 787 ਡਰੀਮ ਲਾਈਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦਾ ਵੀ ਦਿਹਾਂਤ ਹੋ ਗਿਆ ਹੈ।
ਦੱਸਣਯੋਗ ਹੈ ਕਿ ਵਿਜੇ ਰੂਪਾਣੀ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਵੀ ਹਨ। ਇਸ ਜਹਾਜ਼ ਵਿਚ 242 ਯਾਤਰੀ ਸਵਾਰ ਸਨ ਅਤੇ ਇਨ੍ਹਾਂ ਵਿਚੋਂ 241 ਯਾਤਰੀਆਂ ਦੀ ਮੌਤ ਹੋ ਗਈ। ਸਿਰਫ ਭਾਰਤੀ ਮੂਲ ਦਾ ਇਕ ਬ੍ਰਿਟਿਸ਼ ਨਾਗਰਿਕ ਹੀ ਜਿੰਦਾ ਬਚਿਆ ਹੈ।
ਇਸ ਜਹਾਜ਼ ਵਿਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇਕ ਕੈਨੇਡੀਆਈ ਨਾਗਰਿਕ ਸਮੇਤ ਕੁੱਲ 230 ਯਾਤਰੀ ਸਵਾਰ ਸਨ। ਇਨ੍ਹਾਂ ਵਿਚ 103 ਪੁਰਸ਼, 114 ਮਹਿਲਾਵਾਂ, 11 ਬੱਚੇ ਅਤੇ 2 ਨਵਜਾਤ ਸ਼ਾਮਲ ਸਨ। ਇਸ ਜਹਾਜ਼ ਵਿਚ 12 ਕਰੂ ਮੈਂਬਰ ਵੀ ਸਨ।
ਇਹ ਜਹਾਜ਼ ਜਿਸ ਬਿਲਡਿੰਗ ਨਾਲ ਟਕਰਾਇਆ ਹੈ, ਉਥੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਡਾਕਟਰ ਰਹਿੰਦੇ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ 15 ਡਾਕਟਰ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਹਨ। ਏਅਰ ਇੰਡੀਆ ਦੀ ਇਸ ਫਲਾਈਟ ਨੇ ਦੁਪਹਿਰੇ 1 ਵੱਜ ਕੇ 38 ਮਿੰਟ ‘ਤੇ ਉਡਾਨ ਭਰੀ ਸੀ ਅਤੇ ਦੋ ਮਿੰਟ ਬਾਅਦ ਹੀ 1 ਵੱਜ ਕੇ 40 ਮਿੰਟ ‘ਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ ਸੀ। ਇਹ ਵੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਕਈ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਦੀ ਪਹਿਚਾਣ ਕਰਨੀ ਮੁਸ਼ਕਲ ਹੈ। ਇਸ ਤਰ੍ਹਾਂ ਅਜਿਹੇ ਕਈ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਡੀਐਨਏ ਟੈਸਟ ਕੀਤੇ ਜਾਣਗੇ।
ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਣੀ ਦਾ ਵੀ ਦਿਹਾਂਤ
ਜਹਾਜ਼ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਰੂਪਾਣੀ ਦਾ ਵੀ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਵਿਜੇ ਰੂਪਾਣੀ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਵੀ ਹਨ। ਵਿਜੇ ਰੂਪਾਣੀ ਪੈਸੇਂਜਰ ਲਿਸਟ ਵਿਚ 12ਵੇਂ ਨੰਬਰ ‘ਤੇ ਸਨ। ਦੱਸਿਆ ਜਾ ਰਿਹਾ ਹੈ ਰੂਪਾਣੀ ਲੰਡਨ ਵਿਚ ਆਪਣੀ ਧੀ ਨੂੰ ਮਿਲਣ ਲਈ ਜਾ ਰਹੇ ਸਨ। ਵਿਜੇ ਰੂਪਾਣੀ ਦੀ ਧੀ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਲੰਡਨ ਵਿਚ ਰਹਿੰਦੀ ਹੈ। ਜ਼ਿਕਰਯੋਗ ਹੈ ਵਿਜੇ ਰੂਪਾਣੀ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਧਿਆਨ ਰਹੇ ਕਿ ਵਿਜੇ ਰੂਪਾਣੀ ਤਿੰਨ ਦਿਨ ਪਹਿਲਾਂ ਲੁਧਿਆਣਾ ਪੱਛਮੀ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਵੀ ਕਰਕੇ ਗਏ ਸਨ।
242 ਵਿਚੋਂ ਸਿਰਫ 1 ਵਿਅਕਤੀ ਹੀ ਜਿੰਦਾ ਬਚਿਆ
ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ ਵਿਚ 242 ਵਿਚੋਂ ਸਿਰਫ 1 ਵਿਅਕਤੀ ਦੀ ਜਾਨ ਬਚੀ ਹੈ। ਇਹ ਵਿਅਕਤੀ ਜਹਾਜ਼ ਦੀ ਸੀਟ ਨੰਬਰ 11 ਏ ‘ਤੇ ਬੈਠਾ ਸੀ। ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਨੇ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ਖਮੀ ਹੋਏ ਰਮੇਸ਼ ਵਿਸ਼ਵਾਸ ਨਾਲ ਹਸਪਤਾਲ ਵਿਚ ਮੁਲਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਗਟਾਇਆ ਦੁੱਖ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਅਹਿਮਦਾਬਾਦ ਵਿਚ ਵਾਪਰੇ ਜਹਾਜ਼ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਮਹਿਸੂਸ ਕਰਦੇ ਹਨ। ਇਸ ਜਹਾਜ਼ ਵਿਚ ਇਕ ਕੈਨੇਡੀਅਨ ਨਾਗਰਿਕ ਸਮੇਤ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 241 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜਿੰਦਾ ਬਚਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਸੰਵੇਦਨਾ ਜਹਾਜ਼ ਵਿਚ ਸਵਾਰ ਸਾਰੇ ਵਿਅਕਤੀਆਂ ਦੇ ਅਜ਼ੀਜ਼ਾਂ ਨਾਲ ਹੈ। ਇਸੇ ਦੌਰਾਨ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਵਿਸ਼ਵ ਦੇ ਬਹੁਤ ਸਾਰੇ ਨੇਤਾਵਾਂ ਨੇ ਵੀ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮਾਰਕ ਕਾਰਨੀ ਨੇ ਕਿਹਾ ਕਿ ਅਹਿਮਦਾਬਾਦ ਜਹਾਜ਼ ਹਾਦਸੇ ਦੌਰਾਨ ਮਾਰੇ ਗਏ ਕੈਨੇਡੀਅਨ ਨਾਗਰਿਕ ਦੇ ਪਰਿਵਾਰ ਦੀ ਕੈਨੇਡਾ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਇਸ ਦੁੱਖ ਦੀ ਘੜੀ ‘ਚ ਕੈਨੇਡਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਡਾਕਟਰਾਂ ਦੇ ਹੋਸਟਲ ਦੀ ਬਿਲਡਿੰਗ ਨਾਲ ਟਕਰਾਇਆ ਜਹਾਜ਼
ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਸਿਵਲ ਹਸਪਤਾਲ ਦੇ ਹੋਸਟਲ ਦੀ 4 ਬਿਲਡਿੰਗ ਨਾਲ ਟਕਰਾਇਆ ਸੀ। ਇਸ ਬਿਲਡਿੰਗ ਵਿਚ ਰੈਜੀਡੈਂਟ ਡਾਕਟਰ ਰਹਿੰਦੇ ਹਨ। ਘਟਨਾ ਦੇ ਦੌਰਾਨ 50 ਤੋਂ 60 ਡਾਕਟਰ ਮੌਜੂਦ ਸਨ। ਧਮਾਕੇ ਦਾ ਅਸਰ ਏਨਾ ਜ਼ਿਆਦਾ ਸੀ ਕਿ ਬਿਲਡਿੰਗ ਅੰਦਰ ਮੌਜੂਦ ਕਈ ਡਾਕਟਰ ਜ਼ਖ਼ਮੀ ਹੋ ਗਏ। ਦੱਸਿਆ ਗਿਆ ਕਿ ਜਹਾਜ਼ ਵਿਚ ਅੱਗ ਲੱਗਣ ਕਾਰਨ ਉਠੇ ਧੂੰਏਂ ਨਾਲ ਹੋਸਟਲ ਦੀ ਬਿਲਡਿੰਗ ਪੂਰੀ ਤਰ੍ਹਾਂ ਕਾਲੀ ਹੋ ਗਈ ਅਤੇ ਹਰ ਪਾਸੇ ਮਲਬਾ ਪਿਆ ਸੀ। ਜ਼ਖਮੀ ਡਾਕਟਰਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

RELATED ARTICLES
POPULAR POSTS