ਹੋਵੇ ਜਾਂਚ ਬਿੱਟੂ ਦਾ ਕਤਲ ਬੇਅਦਬੀ ਦਾ ਰੋਸਾ ਜਾਂ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਸਾਜ਼ਿਸ਼
ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਡੇਰਾ ਸਿਰਸਾ ਇਕ ਵਾਰ ਫਿਰ ਚਰਚਾਵਾਂ ਵਿਚ ਹੈ। ਬੇਅਦਬੀ ਕਾਂਡ ਦੇ ਮੁੱਖ ਆਰੋਪੀ ਮਹਿੰਦਰਪਾਲ ਬਿੱਟੂ ਦੀ ਨਾਭਾ ਜੇਲ੍ਹ ਵਿਚ ਹੋਈ ਹੱਤਿਆ ਤੋਂ ਬਾਅਦ ਜਿੱਥੇ ਇਹ ਸਵਾਲ ਉਠਣੇ ਸ਼ੁਰੂ ਹੋਏ ਹਨ ਕਿ ਪ੍ਰਮੁੱਖ ਜਾਂਚ ਦਾ ਵਿਸ਼ਾ ਇਹੋ ਹੋਣਾ ਚਾਹੀਦਾ ਹੈ ਕਿ ਬਿੱਟੂ ਦਾ ਕਤਲ ਬੇਅਦਬੀਆਂ ਦੇ ਰੋਸੇ ਵਜੋਂ ਹੋਇਆ ਜਾਂ ਵੱਡੇ ਮਗਰਮੱਛਾਂ ਨੂੰ ਬਚਾਉਣ ਲਈ। ਉਥੇ ਹੀ ਬਿੱਟੂ ਦੇ ਕਤਲ ਤੋਂ ਬਾਅਦ ਜਿਸ ਢੰਗ ਨਾਲ ਨਾਮਚਰਚਾਵਾਂ ‘ਚ ਇਕੱਠ ਹੋਇਆ, ਉਸ ਤੋਂ ਇਹ ਵੀ ਚਰਚਾ ਛਿੜ ਗਈ ਕਿ ਇਸ ਬਹਾਨੇ ਫਿਰ ਤੋਂ ਡੇਰਾ ਪ੍ਰੇਮੀਆਂ ਨੂੰ ਇਕਜੁੱਟ ਹੋਣ ਦਾ ਮੌਕਾ ਮਿਲ ਗਿਆ। ਹੁਣ ਦੇਖਣਾ ਹੋਵੇਗਾ ਕਿ ਨਾਮਚਰਚਾਵਾਂ ਦੇ ਬੂਹੇ ਤਾਂ ਮੁੜ ਖੁੱਲ੍ਹ ਗਏ ਕਿ ਖੇਤੀਬਾੜੀ ਦੀ ਸੰਭਾਲ ਦੇ ਨਾਂ ‘ਤੇ ਡੇਰਾ ਮੁਖੀ ਨੂੰ ਪੈਰੋਲ ਦੇਣ ਲਈ ਹਰਿਆਣਾ ਸਰਕਾਰ ਸੁਨਾਰੀਆ ਜੇਲ੍ਹ ਦੇ ਬੂਹੇ ਕਦੋਂ ਖੋਲ੍ਹਦੀ ਹੈ ਕਿਉਂਕਿ ਭਾਜਪਾ ਦੀ ਨਜ਼ਰ ਡੇਰੇ ਦੀਆਂ ਵੋਟਾਂ ‘ਤੇ ਹੈ।
ਨਾਭਾ : ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬੇਅਦਬੀ ਮਾਮਲਿਆਂ ਦੇ ਮੁੱਖ ਸਾਜਿਸ਼ਕਾਰੀਆਂ ਵਿਚੋਂ ਇਕ ਮਹਿੰਦਰਪਾਲ ਬਿੱਟੂ ਦੀ ਦੋ ਸਿੱਖ ਨੌਜਵਾਨ ਕੈਦੀਆਂ ਨੇ ਇੱਟਾਂ ਮਾਰ-ਮਾਰ ਕੇ ਜੇਲ੍ਹ ਦੇ ਅੰਦਰ ਹੀ ਹੱਤਿਆ ਕਰ ਦਿੱਤੀ। ਦੋਵੇਂ ਹਮਲਾਵਰਾਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੰਜਾਬ ਸਰਕਾਰ ਦੇ ਭਰੋਸਾ ਦਿਵਾਉਣ ਤੋਂ ਬਾਅਦ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਕੀਤਾ ਗਿਆ। ਸਰਕਾਰ ਨੇ ਭਰੋਸਾ ਦਿੱਤਾ ਕਿ ਬੇਅਦਬੀ ਨਾਲ ਸਬੰਧਤ ਦਰਜ ਕੇਸਾਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਿਚ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਕਾਂਡ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਵਧੀਕ ਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਨੂੰ ਇਸ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …