Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਸਾਰਾ ਗੈਂਗਲੈਂਡ ਬਣਿਆ…

ਪੰਜਾਬ ਸਾਰਾ ਗੈਂਗਲੈਂਡ ਬਣਿਆ…

ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਪੁਲਿਸ ਤੇ ਕੈਦੀ ਗੁੰਡਿਆਂ ਦੇ ਗਿਰੋਹਾਂ ਵਾਂਗ ਭਿੜੇ, ਨਾਭਾ ਜੇਲ੍ਹ ‘ਚ ਕੈਦੀਆਂ ਨੇ ਹੀ ਕਰ ਦਿੱਤਾ ਕੈਦੀ ਦਾ ਕਤਲ
ਜੇਲ੍ਹ ‘ਚ ਖੂਨੀ ਝੜਪ ਦੌਰਾਨ ਦੋ ਦੀ ਮੌਤ, 17 ਪੁਲਿਸ ਵਾਲੇ ਤੇ 15 ਕੈਦੀ ਜ਼ਖਮੀ, 5 ਕੈਦੀ ਫਰਾਰ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਲੰਘੀ ਰਾਤ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਤੋਂ ਗੁੱਸੇ ‘ਚ ਆਏ ਕੈਦੀਆਂ ਨੇ ਪੁਲਿਸ ਵਾਲਿਆਂ ‘ਤੇ ਹਮਲਾ ਕਰ ਦਿੱਤਾ ਅਤੇ ਇਹ ਝੜਪ ਖੂਨੀ ਹਿੰਸਾ ਦਾ ਰੂਪ ਧਾਰ ਗਈ, ਜਿਸ ਦੌਰਾਨ ਇਕ ਕੈਦੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜੇਲ੍ਹ ਅੰਦਰ ਹੋਈ ਇਸ ਖੂਨੀ ਝੜਪ ਦੌਰਾਨ ਏਸੀਪੀ ਸੰਦੀਪ ਵਢੇਰਾ ਸਣੇ 17 ਪੁਲਿਸ ਕਰਮਚਾਰੀ ਅਤੇ 15 ਕੈਦੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 10 ਕੈਦੀਆ ਨੇ ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਇਨ੍ਹਾਂ ‘ਚੋਂ 5 ਕੈਦੀਆਂ ਨੂੰ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਜਦਕਿ 5 ਕੈਦੀ ਭੱਜਣ ਵਿਚ ਸਫ਼ਲ ਹੋ ਗਏ। ਪੁਲਿਸ ਟੀਮ ਵੱਲੋਂ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਇਸ ਖੂਨੀ ਹਿੰਸਾ ‘ਤੇ ਕਾਬੂ ਪਾਇਆ ਗਿਆ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੈਂਟਰਲ ਜੇਲ੍ਹ ‘ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਏਡੀਜੀਪੀ ਜੇਲ੍ਹ ਰੋਹਿਤ ਚੌਧਰੀ ਤੋਂ ਮੰਗੀ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਹਾਈ ਪ੍ਰੋਫਾਈਲ ਜੇਲ੍ਹਾਂ ‘ਚ ਸੀਆਰਪੀਐਫ ਲਗਾਈ ਜਾਣੀ ਚਾਹੀਦੀ ਹੈ। ਕੈਦੀ ਵੱਲੋਂ ਇਸ ਸਾਰੇ ਘਟਨਾਕ੍ਰਮ ਨੂੰ ਫੇਸਬੁੱਕ ‘ਤੇ ਲਾਈਵ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਮੋਬਾਇਲ ਫੋਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਅੰਦਰ ਇੰਟੈਲੀਜੈਂਸ ਵਿੰਗ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ।
ਕੈਦੀਆਂ ਦਾ ਆਰੋਪ ਪੁਲਿਸ ਦੇ ਤਸ਼ੱਦਦ ਕਾਰਨ ਹੋਈ ਕੈਦੀ ਦੀ ਮੌਤ
ਪੁਲਿਸ ਸੂਤਰਾਂ ਅਨੁਸਾਰ ਸਨੀ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਸਨੀ ਦੀ ਮੌਤ ਹੋ ਗਈ ਪ੍ਰੰਤੂ ਕੈਦੀਆਂ ਦਾ ਆਰੋਪ ਹੈ ਕਿ ਸਨੀ ਦੀ ਮੌਤ ਪੁਲਿਸ ਤਸ਼ੱਦਦ ਕਾਰਨ ਹੋਈ।
ਕੈਦੀਆਂ ਤੇ ਪੁਲਿਸ ਦਰਮਿਆਨ ਹੋਈ ਖੂਨੀ ਝੜਪ ਦੌਰਾਨ ਇਕ ਹੋਰ ਕੈਦੀ ਦੀ ਮੌਤ
ਵੀਰਵਾਰ ਨੂੰ ਬੇਕਾਬੂ ਹੋਏ ਕੈਦੀਆਂ ਵੱਲੋਂ ਪਥਰਾਅ, ਪੁਲਿਸ ਦੀਆਂ ਬੰਦੂਕਾਂ ਖੋ ਕੇ ਪੁਲਿਸ ‘ਤੇ ਫਾਈਰਿੰਗ ਕੀਤੀ ਅਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਈਰਿੰਗ ਦੌਰਾਨ ਦੋਵੇਂ ਪਾਸਿਆਂ ਦੇ ਕਾਫ਼ੀ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਸੇ ਦੌਰਾਨ ਹੀ ਇਕ ਹੋਰ ਕੈਦੀ ਦੀ ਵੀ ਮੌਤ ਹੋ ਗਈ।
ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਦੀਆਂ ਜੇਲ੍ਹਾਂ ‘ਚ ਹੋਵੇਗੀ ਸੀ.ਆਰ.ਪੀ.ਐਫ.ਤਾਇਨਾਤ, ਭਾਰਤੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹੁਕਮ
ਲੁਧਿਆਣਾ : ਭਾਰਤੀ ਗ੍ਰਹਿ ਮੰਤਰਾਲੇ ਨੇ ਚਿੱਠੀ ਜਾਰੀ ਕਰਕੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਚ ਸੀ.ਆਰ.ਪੀ.ਐਫ. ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਜੇਲ੍ਹਾਂ ਵਿੱਚ ਖ਼ਤਰਨਾਕ ਗੈਂਗਸਟਰ ਤੇ ਹੋਰ ਗੰਭੀਰ ਮੁਜਰਮ ਬੰਦ ਹਨ। ਇਸ ਚਿੱਠੀ ਅਨੁਸਾਰ, ਸੀ.ਆਰ.ਪੀ.ਐਫ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਹਾਲਾਂਕਿ, ਇਹ ਹੁਕਮ ਪਿਛਲੇ ਦਿਨੀਂ ਜਾਰੀ ਹੋਏ ਹਨ, ਪਰ ਬਾਹਰ ਉਦੋਂ ਆਏ ਜਦ ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚ ਹਿੰਸਕ ਝੜਪਾਂ ਹੋ ਗਈਆਂ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …