ਪਰਿਵਾਰ ਨੇ ਕੋਠੀ ‘ਤੇ ਕਬਜ਼ਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿਚ ਹੀਰਾ ਬਾਗ ਸਥਿਤ ਐਨ ਆਰ ਆਈ ਪਰਿਵਾਰ ਦੀ ਕੋਠੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਵੀਰਵਾਰ ਨੂੰ ਖਤਮ ਹੋ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਕੋਠੀ ‘ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਤੋਂ ਚਾਬੀਆਂ ਲੈ ਕੇ ਐਨ ਆਰ ਆਈ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ ਅਤੇ ਪਰਿਵਾਰ ਨੂੰ ਕੋਠੀ ਦਾ ਕਬਜ਼ਾ ਵੀ ਦਿਵਾ ਦਿੱਤਾ ਗਿਆ ਹੈ। ਪ੍ਰੰਤੂ ਐਨ ਆਰ ਆਈ ਪਰਿਵਾਰ ਦਾ ਕਹਿਣਾ ਹੈ ਜਿਨ੍ਹਾਂ ਵਿਅਕਤੀਆਂ ਨੇ ਇਹ ਫਰਜ਼ੀਵਾੜਾ ਕਰਕੇ ਕੋਠੀ ‘ਤੇ ਨਜਾਇਜ਼ ਕਬਜ਼ਾ ਕੀਤਾ ਸੀ ਉਨ੍ਹਾਂ ਖਿਲਾਫ ਪੰਜਾਬ ਸਰਕਾਰ ਬਣਦੀ ਕਾਨੂੰਨੀ ਕਾਰਵਾਈ ਕਰੇ। ਐਨ ਆਰ ਆਈ ਮਹਿਲਾ ਨੇ ਅੱਗੇ ਕਿਹਾ ਕਿ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ, ਉਨ੍ਹਾਂ ਦੇ ਪਤੀ ਸੁਖਵਿੰਦਰ ਸਿੰਘ, ਉਨ੍ਹਾਂ ਦੇ ਕਰੀਬੀ ਅਸ਼ੋਕ ਕੁਮਾਰ ਅਤੇ ਕਰਮ ਸਿੰਘ ਖਿਲਾਫ਼ ਵੀ ਧੋਖਾਧੜੀ ਦੇ ਮਾਮਲੇ ਵਿਚ ਕੇਸ ਦਰਜ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਵਿਵਾਦਤ ਕੋਠੀ ਦਾ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ, ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਦਖਲਅੰਦਾਜ਼ੀ ਤੋਂ ਬਾਅਦ ਸੁਲਝਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੇ ਨਿਰਦੇਸ਼ ਦਿੱਤੇ ਸਨ। ਲੁਧਿਆਣਾ ਪੁਲਿਸ ਦੇ ਐਸਪੀ ਨੇ ਕਿਹਾ ਕਿ ਕੋਠੀ ‘ਤੇ ਕਬਜ਼ੇ ਦਾ ਵਿਵਾਦ ਖਤਮ ਹੋ ਗਿਆ ਅਤੇ ਉਨ੍ਹਾਂ ਨੇ ਖੁਦ ਐਨ ਆਰ ਆਈ ਬਜ਼ੁਰਗ ਅਮਰਜੀਤ ਕੌਰ ਨੂੰ ਕੋਠੀ ਦੀਆਂ ਚਾਬੀਆਂ ਸੌਂਪ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਚਾਹੇ ਤਾਂ ਫਰਜੀਵਾੜਾ ਕਰਨ ਵਾਲਿਆਂ ਖਿਲਾਫ ਉਹ ਕੇਸ ਕਰ ਸਕਦਾ ਹੈ।