ਬਸੰਤੀ ਰੰਗ ‘ਚ ਰੰਗਿਆ ਗਿਆ ਖਟਕੜ ਕਲਾਂ, ਇਨਕਲਾਬ ਜ਼ਿੰਦਾਬਾਦ ਦੇ ਲੱਗੇ ਨਾਅਰੇ
ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਣੇ ਦਿੱਲੀ ਵਜ਼ਾਰਤ ਦੇ ਮੰਤਰੀ ਵੀ ਰਹੇ ਹਾਜ਼ਰ
ਨਵੇਂ ਮੁੱਖ ਮੰਤਰੀ ਵੱਲੋਂ ਆਗੂਆਂ/ਵਰਕਰਾਂ ਨੂੰ ਜਿੱਤ ਦਾ ਹੰਕਾਰ ਨਾ ਕਰਨ ਦੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਦੇ ਦਿੱਗਜ ਆਗੂ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦਾ ਹਲਫ ਦਿਵਾਇਆ। ਮਾਨ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਮਾਨ ਨੇ ਸਹੁੰ ਚੁੱਕਣ ਤੋਂ ਫੌਰੀ ਮਗਰੋਂ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਹਲਫਦਾਰੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਵਜ਼ਾਰਤ ਦੇ ਮੰਤਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਂਜ ਹਲਫਦਾਰੀ ਸਮਾਗਮ ਮਿੱਥੇ ਸਮੇਂ ਨਾਲੋਂ ਕਾਫੀ ਪੱਛੜ ਕੇ ਸ਼ੁਰੂ ਹੋਇਆ। ਹਲਫਦਾਰੀ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਕੀਤਾ।
ਭਗਵੰਤ ਮਾਨ ਨੇ ਹਲਫ ਲੈਣ ਮਗਰੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੱਕ ਪੰਜਾਬ ਦੀਆਂ ਨਵੀਆਂ ਸਰਕਾਰਾਂ ਸੂਬੇ ਦੇ ਸਟੇਡੀਅਮ ਅਤੇ ਰਾਜ ਭਵਨਾਂ ਵਿੱਚ ਹਲਫ ਲੈਂਦੀਆਂ ਰਹੀਆਂ ਹਨ, ਪਰ ਅੱਜ ਉਹ ਸ਼ਹੀਦਾਂ ਦੀ ਧਰਤੀ ਉੱਤੇ ਸਹੁੰ ਚੁੱਕ ਕੇ ਖੁਸ਼ਹਾਲ ਪੰਜਾਬ ਬਣਾਉਣ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯੋਧਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ, ਉਨ੍ਹਾਂ ਨੂੰ ਯਾਦ ਕਰਨਾ ਜ਼ਰੂਰੀ ਹੈ ਕਿਉਂਕਿ ਸ਼ਹੀਦਾਂ ਵੱਲੋਂ ਦਿਖਾਏ ਰਾਹ ‘ਤੇ ਚਲਦੇ ਹੋਏ ਹੀ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ‘ਆਪ’ ਆਗੂਆਂ/ਵਰਕਰਾਂ ਨੂੰ ਜਿੱਤ ਦਾ ਹੰਕਾਰ ਨਾ ਕਰਨ ਦੀ ਅਪੀਲ ਕਰਦਿਆਂ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਮਾੜੇ ਹੱਥਾਂ ‘ਚ ਰਹੀ ਤਾਕਤ ਨਾਲ ਵਿਗੜੇ ਹਾਲਾਤ ਨੂੰ ਉਹ ਕੰਮਾਂ ਨਾਲ ਠੀਕ ਕਰਨਗੇ।
ਭਗਵੰਤ ਮਾਨ ਨੇ ਕਿਹਾ ਕਿ ਉਲਝੀ ਤਾਣੀ ਨੂੰ ਸੁਲਝਾਉਣ ਲਈ ਉਨ੍ਹਾਂ ਦੀ ਸਰਕਾਰ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਇਕ ਵੀ ਦਿਨ ਬਰਬਾਦ ਨਹੀਂ ਹੋਵੇਗਾ। ਪੰਜਾਬ ਵਿੱਚ ਤਬਦੀਲੀ ਲਿਆਉਣ ਲਈ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਖੇਤੀ, ਵਪਾਰ, ਸਕੂਲਾਂ ਤੇ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਅਗਾਂਹਵਧੂ ਸੂਬੇ ਦੇ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਨਾਲ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਪੰਜਾਬੀਆਂ ਨੂੰ ਵੀ ਅੱਗੇ ਵੱਧ ਕੇ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭ੍ਰਿਸ਼ਟਾਚਾਰ ਅਤੇ ਹੋਰ ਕੁਰੀਤੀਆਂ ਦੇ ਖਾਤਮੇ ਦੇ ਨਾਲ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦਾ ਪ੍ਰਣ ਦੁਹਰਾਇਆ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਾਂਗ ਹੁਣ ਲੋਕ ਪੰਜਾਬ ਦੀਆਂ ਸਰਕਾਰੀ ਸੁੱਖ ਸਹੂਲਤਾਂ ਨੂੰ ਪਾਰਦਰਸ਼ਤਾ ਨਾਲ ਲਾਗੂਕਰਨ ਦੀਆਂ ਮਿਸਾਲਾਂ ਦੇਣਗੇ। ਖਚਾਖਚ ਭਰੇ ਹੋਏ ਪੰਡਾਲ ਵਿੱਚ ਪੰਜਾਬ ਦੇ ਅਦਾਕਾਰਾਂ ਅਤੇ ਗਾਇਕਾਂ ਲਈ ਵੱਖਰੀ ਥਾਂ ਬਣਾਈ ਹੋਈ ਸੀ। ਇਨ੍ਹਾਂ ਵਿੱਚ ਗੁਰਦਾਸ ਮਾਨ, ਅਮਰ ਨੂਰੀ, ਕਰਮਜੀਤ ਅਨਮੋਲ, ਬੀਨੂ ਢਿੱਲੋਂ, ਮੁਹੰਮਦ ਸਦੀਕ, ਮਨਮੋਹਨ ਵਾਰਿਸ, ਸੰਗੀਤਕਾਰ ਚਰਨਜੀਤ ਅਹੂਜਾ, ਗੀਤਕਾਰ ਬਾਬੂ ਸਿੰਘ ਮਾਨ ਆਦਿ ਸਣੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਸਨ।
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਧੀ ਵੀ ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਣ ਲਈ ਪਹੁੰਚੇ। ਦਿੱਲੀ ਦੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੇ ਨਾਲ ਆਏ ਮੰਤਰੀਆਂ ਨੇ ਪੀਲੇ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਤੇ ਉਨ੍ਹਾਂ ਲਈ ਵੱਖਰੇ ਤੌਰ ‘ਤੇ ਸਟੇਜ ਬਣਾਈ ਗਈ ਸੀ। ਨਵੇਂ ਚੁਣੇ ਗਏ ਵਿਧਾਇਕਾਂ ਲਈ ਵੱਖਰੀ ਸਟੇਜ ਬਣਾਈ ਗਈ ਸੀ। ਸਹੁੰ ਚੁਕਾਉਣ ਦੀ ਰਸਮ ਤਾਂ ਸਿਰਫ ਤਿੰਨ ਮਿੰਟਾਂ ਵਿਚ ਹੀ ਪੂਰੀ ਹੋ ਗਈ ਸੀ, ਬਾਕੀ ਦਾ ਸਮਾਂ ਪੰਜਾਬ ਦੇ ਰਾਜਪਾਲ ਦਾ ਸਨਮਾਨ ਕਰਨ ਤੇ ਨਵੇਂ ਬਣੇ ਮੁੱਖ ਮੰਤਰੀ ਵੱਲੋਂ ਆਏ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨ ਵਿੱਚ ਹੀ ਲੱਗਾ। ਸਹੁੰ ਚੁੱਕਣ ਦੇ ਤੁਰੰਤ ਬਾਅਦ ਭਗਵੰਤ ਮਾਨ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਖਟਕੜ ਕਲਾਂ ਵਿਚ ਹੋਏ ਇਸ ਸਰਕਾਰੀ ਸਮਾਗਮ ਵਿਚ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਪਰ ਦੱਬਦਾ ਕਿੱਥੇ ਆ’ ਗੀਤ ਵਾਰ-ਵਾਰ ਚੱਲਦਾ ਰਿਹਾ। ਇਸ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਵੀ ਚੱਲੇ।
ਨਰਿੰਦਰ ਮੋਦੀ ਵੱਲੋਂ ਮਾਨ ਨੂੰ ਪੰਜਾਬ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਸੱਦਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ ਲੈਣ ਲਈ ਵਧਾਈ ਦਿੰਦਿਆਂ ਸੂਬੇ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਮੋਦੀ ਨੇ ਮਾਨ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਵਿਕਾਸ ਤੇ ਇਥੋਂ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ। ਮੋਦੀ ਨੇ ਟਵੀਟ ਕੀਤਾ, ”ਸ੍ਰੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ‘ਤੇ ਵਧਾਈ। ਪੰਜਾਬ ਦੀ ਤਰੱਕੀ ਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਾਂਗੇ।”
ਭ੍ਰਿਸ਼ਟਾਚਾਰ ਖਿਲਾਫ ਸ਼ਿਕਾਇਤ ਕਰਨ ਲਈ ਵਟਸਐਪ ਨੰਬਰ ਜਾਰੀ ਕਰਨਗੇ ਭਗਵੰਤ
ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਖਿਲਾਫ਼ ਇਕ ਵੱਡਾ ਐਲਾਨ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਹੁਣ ਅੱਗੇ ਦੀ ਜ਼ਿੰਮੇਵਾਰੀ ਮੇਰੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਪੰਜਾਬ ਦੇ ਲੋਕਾਂ ਲਈ ਇਕ ਵੱਡਾ ਐਲਾਨ ਕਰਨ ਜਾ ਰਿਹਾ ਹਾਂ, ਜਿਸ ਨਾਲ ਪੰਜਾਬ ਲੋਕਾਂ ਨੂੰ ਰਾਹਤ ਮਹਿਸੂਸ ਹੋਵੇਗੀ। ਅਸੀਂ ਆਉਂਦੀ 23 ਮਾਰਚ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬਰਸੀ ਮੌਕੇ ਅਸੀਂ ਇਕ ਹੈਲਪਲਾਈਨ ਨੰਬਰ ਜਾਰੀ ਕਰਾਂਗੇ, ਜਿਸ ‘ਤੇ ਭ੍ਰਿਸ਼ਟਾਚਾਰੀਆਂ ਖਿਲਾਫ਼ ਸ਼ਿਕਾਇਤ ਕੀਤੀ ਜਾ ਸਕੇਗੀ। ਇਹ ਮੇਰਾ ਪਰਸਨਲ ਵਟਸਐਪ ਨੰਬਰ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੈਲਪਲਾਈਨ ਨੰਬਰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਵੀ ਜਾਰੀ ਕੀਤਾ ਗਿਆ ਸੀ, ਜਿੱਥੇ ਹੁਣ ਰਿਸ਼ਵਤਖੋਰੀ ਬਿਲਕੁਲ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਰਿਸ਼ਵਤ ਦੇਣ ਤੋਂ ਇਨਕਾਰ ਨਾ ਕਰਿਓ, ਤੁਸੀਂ ਉਸ ਦੀ ਆਡੀਓ-ਵੀਡੀਓ ਰਿਕਾਰਡ ਕਰਕੇ ਮੈਨੂੰ ਭੇਜ ਦਿਓ। ਅਸੀਂ ਉਸ ਭ੍ਰਿਸ਼ਟਾਚਾਰੀ ਖਿਲਾਫ਼ ਜਾਂਚ ਕਰਾਂਗੇ ਅਤੇ ਦੋਸ਼ੀ ਪਾਏ ਜਾਣ ‘ਤੇ ਅਜਿਹੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਧਮਕੀ ਨਹੀਂ ਦੇ ਰਿਹਾ ਕਿਉਂਕਿ ਸਰਕਾਰੀ ਅਦਾਰਿਆਂ ‘ਚ ਕੰਮ ਕਰਨ ਵਾਲੇ 95 ਫੀਸਦੀ ਤੋਂ ਵੱਧ ਕਰਮਚਾਰੀ ਈਮਾਨਦਾਰ ਹਨ।
ਇਨ੍ਹਾਂ ਵਿਚੋਂ ਸਿਰਫ਼ 1-2 ਫੀਸਦੀ ਭ੍ਰਿਸ਼ਟਾਚਾਰੀ ਹਨ ਜਿਨ੍ਹਾਂ ਕਰਕੇ ਸਰਕਾਰੀ ਕਰਮਚਾਰੀ ਬਦਨਾਮ ਹੋ ਰਹੇ ਹਨ। ਮੈਂ ਈਮਾਨਦਾਰ ਅਫ਼ਸਰਾਂ ਅਤੇ ਕਰਮਚਾਰੀਆਂ ਦੇ ਨਾਲ ਖੜ੍ਹਾਂ ਹਾਂ ਅਤੇ ਮੈਂ ਇਨ੍ਹਾਂ ਨੂੰ ਬਦਨਾਮ ਨਹੀਂ ਹੋਣ ਦਿਆਂਗਾ। ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਖਿਲਾਫ਼ ਕਾਰਵਾਈ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।
ਪੰਜਾਬ ਦੇ 115 ਵਿਧਾਇਕਾਂ ਨੇ ਚੁੱਕੀ ਸਹੁੰ
ਨਵੀਂ ਚੁਣੀ ਗਈ 16ਵੀਂ ਪੰਜਾਬ ਵਿਧਾਨ ਸਭਾ ਦਾ ਵੀਰਵਾਰ ਨੂੰ ਪਹਿਲਾ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਸੈਸ਼ਨ ਲਈ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣ ਕੇ ਆਏ 117 ਵਿਧਾਇਕਾਂ ‘ਚੋਂ 115 ਨੂੰ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਾਈ ਗਈ। ਸਭ ਤੋਂ ਪਹਿਲਾਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਜਦਕਿ ਦੋ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਤੇ ਜੰਗੀ ਲਾਲ ਮਹਾਜਨ 22 ਮਾਰਚ ਨੂੰ ਵਿਧਾਨ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …