Breaking News
Home / ਮੁੱਖ ਲੇਖ / ‘ਆਪ’ ਦੀ ਹੂੰਝਾ-ਫੇਰ ਜਿੱਤ, ਪੰਜਾਬੀਆਂ ਦਾ ਦਲੇਰਾਨਾ ਫੈਸਲਾ

‘ਆਪ’ ਦੀ ਹੂੰਝਾ-ਫੇਰ ਜਿੱਤ, ਪੰਜਾਬੀਆਂ ਦਾ ਦਲੇਰਾਨਾ ਫੈਸਲਾ

ਡਾ. ਸੁਖਦੇਵ ਸਿੰਘ ਝੰਡ
ਪੰਜਾਬ ਵਿਚ 2022 ਦੀਆਂ ਅਸੈਂਬਲੀ ਚੋਣਾਂ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਪ੍ਰਾਪਤ ਕਰਕੇ ਸ਼ਾਨਦਾਰ ‘ਹੂੰਝਾ-ਫੇਰ ਜਿੱਤ’ ਪ੍ਰਾਪਤ ਕੀਤੀ ਹੈ। ਪਾਰਟੀ ਦੀ ਪੰਜਾਬ ਵਿਚ ਇਹ ਜਿੱਤ ਕਿਸੇ ‘ਸੁਨਾਮੀ’ ਤੋਂ ਘੱਟ ਨਹੀਂ ਹੈ ਜਿਸ ਵਿਚ ਪਿਛਲੇ 100 ਸਾਲ ਤੋਂ ਵਧੀਕ ਪੁਰਾਣੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਕੱਖਾਂ-ਕਾਨਾਂ ਵਾਂਗ ਰੁੜ ਗਈਆਂ ਹਨ ਅਤੇ ਉਨਾਂ ਦੇ ਕਈ ਉਮੀਦਵਾਰ ਤਾਂ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾਅ ਸਕੇ। ਇਨਾਂ ઑਮਹਾਂਰਥੀਆਂ਼ ਦੇ ਨਾਂ ਦੱਸਣ ਦੀ ਜ਼ਰੂਰਤ ਨਹੀਂ ਹੈ, ਲੋਕ ਭਲੀ-ਭਾਂਤ ਜਾਣਦੇ ਹਨ। ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਵਾਰ ਰਹਿ ਚੁੱਕੇ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਸ਼ਾਇਦ ਹੁਣ ‘ਛੇਵੀਂ ਵਾਰ’ ਮੁੱਖ-ਮੰਤਰੀ ਬਣ ਕੇ ਆਪਣੇ ਹੀ ਬਣਾਏ ਹੋਏ ਪਿਛਲੇ ਰਿਕਾਰਡ ਨੂੰ ਤੋੜਨਾ ਚਾਹੁੰਦੇ ਸਨ, ਨੂੰ ਇਨਾਂ ਚੋਣਾਂ ਵਿਚ ਮੂੰਹ ਦੀ ਖਾਣੀ ਪਈ ਹੈ ਅਤੇ ਉਹ ਰਵਾਇਤੀ ‘ਲੰਬੀ’ ਵਿਧਾਨ ਸਭਾ ਸੀਟ ਤੋਂ ਆਪਣੀ ਜਿੱਤ ਹੋਰ ਲੰਬੀ ਨਹੀਂ ਕਰ ਸਕੇ। ਉਨਾਂ ਦਾ ਸਪੁੱਤਰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਖ਼ੁਦ ਨੂੰ ਅਗਲੀ ਸਕਾਰ ਦਾ ‘ਸੰਭਾਵੀ ਮੁੱਖ-ਮੰਤਰੀ’ ਐਲਾਨਿਆ ਸੀ, ਵੀ ਆਪਣੀ ਹਰਮਨ-ਪਿਆਰੀ ਸੀਟ ਜਲਾਲਾਬਾਦ ਤੋਂ ਮੂਧੇ-ਮੂੰਹ ਜਾ ਡਿੱਗਾ ਹੈ। ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਅੰਮ੍ਰਿਤਸਰ ਪੂਰਬੀ ਹਲਕੇ ਜਿੱਥੋਂ ਉਹ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਪਹਿਲਾਂ ਆਪੋ-ਆਪਣੀ ਸ਼ਾਨਦਾਰ ਜਿੱਤ ਦਰਜ ਕਰਵਾ ਚੁੱਕੇ ਸਨ, ਵੀ ਇਸ ਵਾਰ ਬੁਰੀ ਤਰਾਂ ਹਾਰਿਆ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਵੱਲੋਂ ਪੰਜਾਬ ਦੀ ਕਥਿਤ ਤਰੱਕੀ ਤੇ ਖ਼ੁਸ਼ਹਾਲੀ ਲਈ ਦਿੱਤਾ ਗਿਆ ”ਪੰਜਾਬ ਮਾਡਲ” ਵੀ ਚਕਨਾਚੂਰ ਹੋ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਕਾਂਗਰਸ ਪਾਰਟੀ ਦੇ ਸਿਰਕੱਢ ਆਗੂਆਂ ਦੀ ਆਪਸੀ ਅੰਦਰੂਨੀ ਲੜਾਈ ਅਤੇ ਮੁੱਖ-ਮੰਤਰੀਸ਼ਿਪ ਲਈ ਖਿੱਚੋਤਾਣ ਹੀ ਇਸ ਹਾਰ ਦਾ ਮੁੱਖ ਕਾਰਨ ਬਣਿਆ ਹੈ। ਪਰ ਹਾਰ ਤਾਂ ਅਖ਼ੀਰ ਹਾਰ ਹੀ ਹੁੰਦੀ ਹੈ। ਆਪਣੀ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਉਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ਾ ਵੀ ਦੇ ਦਿੱਤਾ ਹੈ।
ਅੰਮ੍ਰਿਤਸਰ ਦੇ ਇਸ ਚੋਣ-ਹਲਕੇ ਤੋਂ ਨਵਜੋਤ ਸਿੱਧੂ ਦੀਆਂ ਗੋਡਣੀਆਂ ਲਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਕਥਿਤ ‘ਮਾਝੇ ਦਾ ਜਰਨੈਲ’ ਬਿਕਰਮ ਸਿੰਘ ਮਜੀਠੀਆ ਜੋ ਆਪਣਾ ਰਵਾਇਤੀ ਚੋਣ-ਹਲਕਾ ਮਜੀਠਾ ਆਪਣੀ ਪਤਨੀ ਗੁਨੀਵ ਕੌਰ ਨੂੰ ਸੌਂਪ ਕੇ ਲਲਕਾਰੇ ਮਾਰਦਾ ਇੱਥੇ ਆਇਆ ਸੀ, ਨੂੰ ਵੀ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ ਅਤੇ ਇਸ ਚੋਣ ਵਿਚ ਤੀਸਰੇ ਨੰਬਰ ‘ਤੇ ਆ ਕੇ ਉਸਦੀ ਹਾਲਤ ਤਾਂ ਨਵਜੋਤ ਸਿੱਧੂ ਨਾਲੋਂ ਵੀ ਪਤਲੀ ਹੋ ਗਈ ਹੈ। ਪੰਜਾਬ ਵਿਚ ઑਨਸ਼ੇ-ਤਸਕਰਾਂ਼ ਦੀ ਕਥਿਤ ਮਦਦ ਕਰਨ ਦੇ ਗੰਭੀਰ ਦੋਸ਼ ਅਧੀਨ ਉਸ ਦੀ ਜ਼ਮਾਨਤ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਰੱਦ ਹੋ ਚੁੱਕੀ ਹੈ। ਉਹ ਇਸ ਸਮੇਂ ਜੁਡੀਸ਼ੀਅਲ ਹਿਰਾਸਤ ਵਿਚ ਪਟਿਆਲੇ ਦੀ ਜੇਲ ਵਿਚ 22 ਮਾਰਚ ਤੱਕ ਬੰਦ ਹੈ ਅਤੇ ਭਾਰਤ ਦੀ ਸਰਵ-ਉੱਚ ਅਦਾਲਤ ઑਸੁਪਰੀਮ ਕੋਰਟ਼ ਤੋਂ ਜ਼ਮਾਨਤ ਮਿਲਣ ਦੀ ਉਡੀਕ ਕਰ ਰਿਹਾ ਹੈ। ਦੋ-ਦੋ ਅਸੈਂਬਲੀ ਸੀਟਾਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਖੜਾ ਹੋਇਆ 111 ਦਿਨ ਦਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਇਨਾਂ ਦੋਹਾਂ ਸੀਟਾਂ ਤੋਂ ਹੀ ਬੁਰੀ ਤਰਾਂ ਹਾਰਿਆ ਹੈ। ਲੱਗਦਾ ਹੈ, ਉਸ ਦੀ ਸਾਲੀ ਦਾ ਮੁੰਡਾ ‘ਹਨੀ’ ਉਸ ਦੇ ਜੜੀਂ ਬਹਿ ਗਿਆ ਹੈ। ਪਰ ਸੱਭ ਤੋਂ ਮਾੜੀ ਤਾਂ ਪੰਜਾਬ ਦੇ ਸਾਢੇ ਨੌਂ ਸਾਲ ਰਹੇ ਸਾਬਕਾ ਮੁੱਖ-ਮੰਤਰੀ ਨਾਲ ਹੋਈ ਹੈ ਜਿਸ ਦੇ ਮੰਤਰੀ-ਮੰਡਲ ਵਿੱਚੋਂ ‘ਮਾਝਾ-ਬ੍ਰਿਗੇਡ’ ਵਾਲਿਆਂ ਨੇ ਬਗ਼ਾਵਤ ਕਰਕੇ ਪਹਿਲਾਂ ਹੀ ਉਸ ਨੂੰ ਮੁੱਖ-ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਸੀ ਅਤੇ ਫਿਰ ਉਸ ਨੇ ਆਪਣੀ ਵੱਖਰੀ ‘ਪੰਜਾਬ ਲੋਕ ਕਾਂਗਰਸ ਪਾਰਟੀ’ ਬਣਾ ਕੇ ਢੀਡਸਿਆਂ ਦੇ ‘ਸੰਯੁਕਤ ਅਕਾਲੀ ਦਲ’ ਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਇਹ ਚੋਣ ਲੜੀ ਸੀ। ਉਸ ਦੀ ਪਾਰਟੀ ਨੇ ਕੋਈ ਸੀਟ ਤਾਂ ਕੀ ਜਿੱਤਣੀ ਸੀ, ਉਹ ਆਪ ਵੀ ਪਟਿਆਲੇ ਸ਼ਹਿਰੀ ਦੀ ਆਪਣੀ ਰਵਾਇਤੀ ਸੀਟ ਤੋਂ ਬਹੁਤ ਬੁਰੀ ਤਰਾਂ ਹਾਰ ਗਿਆ ਹੈ। ਉਸ ਦੀ ਸਹਿਯੋਗੀ ਪਾਰਟੀਆਂ ਵਿੱਚੋਂ ਇਸ ਸਮੇਂ ਕੇਂਦਰ ਵਿਚ ਰਾਜ-ਸੱਤਾ ਹੰਢਾਅ ਰਹੀ ਬੀਜੇਪੀ ਨੂੰ ਕੇਵਲ ਦੋ ਸੀਟਾਂ ਹੀ ਮਿਲ ਸਕੀਆਂ ਹਨ ਅਤੇ ਸੰਯੁਕਤ ਅਕਾਲੀ ਦਲ ਵਾਲੇ ઑਢੀਂਡਸ਼ੇ ਤਾਂ ਬਿਲਕੁਲ ਫਾਡੀ ਹੀ ਰਹੇ ਹਨ।
10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਵਾਰ ਸੱਭਨਾਂ ਨੂੰ ਹੈਰਾਨ ਕਰਨ ਵਾਲੇ ਹਨ। ਬੇਸ਼ਕ, 7 ਮਾਰਚ ਦੀ ਰਾਤ ਨੂੰ ਆਏ ਬਹੁਤੇ ઑਐਗਜ਼ਿਟ-ਪੋਲ ਸਰਵਿਆਂ਼ ਵੱਲੋਂ ਆਮ ਆਦਮੀ ਪਾਰਟੀ ਨੂੰ ਦੂਸਰੀਆਂ ਰਾਜਸੀ ਪਾਰਟੀਆਂ ਨਾਲੋਂ ਕਾਫੀ ਅੱਗੇ ਵਿਖਾਇਆ ਗਿਆ ਸੀ ਅਤੇ ਇਨਾਂ ਵਿੱਚੋਂ ਇਕ ਨੇ ਤਾਂ ਇਸ ਨੂੰ 100 ਸੀਟਾਂ ਦੇਣ ਬਾਰੇ ਵੀ ਕਿਹਾ ਸੀ। ਪਰ ਫਿਰ ਵੀ ਬਹੁਤ ਸਾਰੇ ਪੰਜਾਬੀਆਂ ਨੂੰ ਇਨਾਂ ‘ਤੇ ਯਕੀਨ ਨਹੀਂ ਆ ਰਿਹਾ ਸੀ, ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨਾਂ ਸਰਵਿਆਂ ਨੇ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁ-ਮੱਤ ਲੈਂਦੀ ਹੋਈ ‘ਜੇਤੂ’ ਵਿਖਾ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਵਿਖਾਇਆ ਸੀ ਪਰ ਉਸ ਤੋਂ ਦੋ ਦਿਨਾਂ ਬਾਅਦ ਅਸਲੀ ਚੋਣ-ਨਤੀਜੇ ਆਉਣ ‘ਤੇ ਉਸ ਨੂੰ ਕੇਵਲ 20 ਸੀਟਾਂ ਹੀ ਮਿਲ ਸਕੀਆਂ ਸਨ। ਇਸ ਵਾਰ ਇਹ ‘ਐਗ਼ਜ਼ਿਟ-ਪੋਲ ਸਰਵੇ’ ਕਾਫ਼ੀ ਹੱਦ ਤੱਕ ਸਹੀ ਸਾਬਤ ਹੋਏ ਹਨ, ਭਾਵੇਂ ਇਨਾਂ ਵਿੱਚੋਂ ਬਹੁਤਿਆਂ ਨੇ ‘ਆਪ’ ਨੂੰ ਮਿਲਣ ਵਾਲੀਆਂ ਸੀਟਾਂ ਦੀ ਗਿਣਤੀ 60 ਤੋਂ 72 ਦੇ ਵਿਚਕਾਰ ਹੀ ਦੱਸੀ ਸੀ। 10 ਮਾਰਚ ਨੂੰ ਐਲਾਨ ਹੋਏ ਨਤੀਜਿਆਂ ਨੇ ਇਹ ਗਿਣਤੀ 92 ਤੱਕ ਪਹੁੰਚਾ ਦਿੱਤੀ। ਹੋ ਸਕਦਾ ਹੈ ਕਿ ਇਸ ਪਾਰਟੀ ਦੇ ਆਗੂਆਂ ਨੂੰ ਵੀ ਏਨੀ ਵੱਡੀ ਗਿਣਤੀ ਵਿਚ ਸੀਟਾਂ ਮਿਲਣ ਦੀ ਆਸ ਨਾ ਹੋਵੇ, ਭਾਵੇਂ ਕਿ ਬਹੁਮਤ ਲਿਜਾਣ ਦੀ ਉਨਾਂ ਨੂੰ ਆਸ ਜ਼ਰੂਰ ਸੀ।
20 ਫਰਵਰੀ ਨੂੰ ਪਈਆਂ ਵੋਟਾਂ ਤੋਂ ਬਾਅਦ ਬਹੁਤ ਸਾਰੇ ઑਚੋਣ-ਪੰਡਤ਼ ਪੰਜਾਬ ਵਿਚ ‘ਤ੍ਰਿਸ਼ਕੂ ਸਰਕਾਰ’ (ਹੰਗ-ਅਸੈਂਬਲੀ) ਬਣਨ ਦੀਆਂ ਅਟਕਲਾਂ ਲਗਾ ਰਹੇ ਸਨ। ਕੋਈ ਵੀ ਕਿਸੇ ਵੀ ਪਾਰਟੀ ਨੂੰ ਬਹੁ-ਮੱਤ ਨਹੀਂ ਦੇ ਰਿਹਾ ਸੀ ਅਤੇ ਸਾਰੇ ਇਕ-ਦੂਸਰੀ ਪਾਰਟੀ ਨਾਲ ਮਿਲ਼ ਕੇ ਗੱਠਜੋੜ ਵਾਲੀ ‘ਮਿਲਗੋਭਾ ਸਰਕਾਰ’ ਜਾਂ ਕਿਸੇ ਇਕ ਪਾਰਟੀ ਵੱਲੋਂ ਦੂਸਰੀ ਨੂੰ ਬਾਹਰੋਂ ઑਆਸਰਾ਼ (ਸਮੱਰਥਨ) ਦੇ ਕੇ ‘ਲੰਗੜੀ-ਲੂਲੀ ਸਰਕਾਰ’ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ। 10 ਮਾਰਚ ਨੂੰ ਆਏ ਚੋਣ ਨਤੀਜਿਆਂ ਨੇ ਇਨਾਂ ਸਾਰੇ ਚੋਣ-ਪੰਡਤਾਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ। ਇਨਾਂ ਚੋਣ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਪੰਜਾਬੀ ਚੋਣਾਂ ਵੇਲੇ ਜੋ ਵੀ ਫੈਸਲਾ ਕਰਦੇ ਹਨ, ਉਹ ઑਵਿਚ-ਵਿਚਾਲ਼ੇ ਵਾਲਾ ਨਹੀਂ ਹੁੰਦਾ, ਸਗੋਂ ਇਹ ਸਪੱਸ਼ਟ ‘ਤੇ ਸਾਫ ਹੁੰਦਾ ਹੈ ਅਤੇ ਉਸ ਵਿਚ ਏਧਰ-ਓਧਰ ਹੋਣ ਦੀ ਗੁੰਜਾਇਸ਼ ਨਹੀਂ ਹੁੰਦੀ। ਇਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 92 ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬੀਆਂ ਇਕ ਵਾਰ ਫਿਰ ਦਲੇਰਾਨਾ ਫੈਸਲਾ ਕੀਤਾ ਹੈ।
ਉਂਜ ਵੇਖਿਆ ਜਾਏ ਤਾਂ ਪੰਜਾਬ ਵਿਚ ਹੁਣ ਤੱਕ ਹੋਈਆਂ ਲੱਗਭੱਗ ਸਾਰੀਆਂ ਹੀ ਚੋਣਾਂ ਵਿਚ ਜੇਤੂ ਧਿਰ ਸਪੱਸ਼ਟ ਬਹੁਮੱਤ ਵਿਚ ਰਹੀ ਹੈ, ਭਾਵੇਂ ਇਸ ਵਿਚ ਦੋ ਜਾਂ ਤਿੰਨ ਰਾਜਨੀਤਿਕ ਪਾਰਟੀਆਂ ਦਾ ਚੋਣ ਤੋਂ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ‘ਪ੍ਰੀ-ਪੋਲ ਅਲਾਇੰਸ’ ਹੀ ਸ਼ਾਮਲ ਕਿਉਂ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ‘ਨਹੁੰ-ਮਾਸ ਦੇ ਰਿਸ਼ਤੇ’ ਵਾਲਾ ਗੱਠਜੋੜ ਪੰਜਾਬ ਵਿਚ ਕਈ ਸਾਲ ਰਾਜ ਕਰ ਚੁੱਕਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਵਾਰ ਨਹੁੰ ਵੱਖਰਾ ਤੇ ਮਾਸ ਵੱਖਰਾ ਹੋ ਗਿਆ ਹੈ ਅਤੇ ਇਸ ਨੂੰ ਮਜਬੂਰੀ ਵਿਚ ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ.) ਨਾਲ ਗੱਠ-ਜੋੜ ਕਰਨਾ ਪਿਆ ਜਿਸ ਨਾਲ ਇਸ ਨੇ ਪਹਿਲਾਂ ਵੀ ਇਕ ਵਾਰ ਅਜਿਹਾ ਗੱਠਜੋੜ ਕੀਤਾ ਸੀ ਜੋ ਸਫਲ ਨਹੀਂ ਹੋ ਸਕਿਆ ਸੀ ਅਤੇ ਇਸ ਵਾਰ ਵੀ ਇਸ ਨੂੰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਪਹਿਲਾਂ ਜਦੋਂ ਬੀਜੇਪੀ ਅਜੇ ਹੋਂਦ ਵਿਚ ਨਹੀਂ ਸੀ ਆਈ ਤਾਂ ਅਕਾਲੀ ਦਲ ਨੇ ਇਸ ਪਾਰਟੀ ਦੇ ਪਹਿਲੇ ਨਾਂ ਵਾਲੀ ‘ਜਨਸੰਗ ਪਾਰਟੀ’ ਨਾਲ ਮਿਲ ਕੇ ਚੋਣ ਲੜਦਾ ਰਿਹਾ ਹੈ। ਕਾਂਗਰਸ ਪਾਰਟੀ ਨੇ ਵੀ ਇਕ ਵਾਰ ਕਮਿਊਨਿਸਟ ਪਾਰਟੀਆਂ ਦੇ ਨਾਲ ਗੱਠਜੋੜ ਕਰਕੇ ਪੰਜਾਬ ਵਿਚ ਸਰਕਾਰ ਬਣਾਈ ਸੀ ਜਿਸ ਵਿਚ ਕਮਿਊਨਿਸਟਾਂ ਦੇ ਦੋ ਮੰਤਰੀ ਵੀ ਬਣੇ ਸਨ ਜਿਨਾਂ ਵਿਚ ਅੰਮ੍ਰਿਤਸਰ ਪੱਛਮੀ ਤੋਂ ਜਿੱਤ ਕੇ ਆਇਆ ਸੀ.ਪੀ.ਆਈ. ਦਾ ਬੇਹੱਦ ਇਮਾਨਦਾਰ ਆਗੂ ਸੱਤਪਾਲ ਡਾਂਗ ਵੀ ਸ਼ਾਮਲ ਸੀ। ਦੂਸਰੇ ਦਾ ਹੁਣ ਨਾਂ ਯਾਦ ਨਹੀਂ ਆ ਰਿਹਾ। ਇਹ ਸਾਰੇ ਗੱਠਜੋੜ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਬਣੇ ਸਨ।
ਹੁਣ ਆਮ ਆਦਮੀ ਪਾਰਟੀ ਨੂੰ ਆਸ ਤੋਂ ਵੀਂ ਵੱਧ ਮਿਲੇ ਸਪੱਸ਼ਟ ਸਮੱਰਥਨ ਨਾਲ ਇਸ ਦੀ ਸਰਕਾਰ ਬਣ ਗਈ ਹੈ ਅਤੇ ਪੰਜਾਬ ਦੇ ਵੋਟਰਾਂ ਵੱਲੋਂ ਇਸ ਪਾਰਟੀ ਨੂੰ ਮਿਲਿਆ ਇਹ ઑਭਾਰੀ ਸਮੱਰਥਨ਼ ਹੁਣ ਤੱਕ ਦਾ ਰਿਕਾਰਡ ਹੈ। ਇਸ ਦੇ ਬਣੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਨੂੰ ਇਸ ਦੇ ਵਿਧਾਇਕਾਂ ਨੇ ਸੰਵਿਧਾਨਕ ਤੌਰ ‘ਤੇ ਆਪਣਾ ਨੇਤਾ ਚੁਣ ਲਿਆ ਹੈ ਅਤੇ ਉਨਾਂ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਅਤੇ 92 ਵਿਧਾਇਕਾਂ ਦੀ ਲਿਸਟ ਸੌਂਪ ਕੇ ਵਿਧਾਨ ਸਭਾ ਵਿਚ ਵੱਡੀ ਧਿਰ ਹੋਣ ਦਾ ਦਾਅਵਾ ਪੇਸ਼ ਕਰ ਦਿੱਤਾ। ਇਸ ਤੋਂ ਬਾਅਦ ਭਗਵੰਤ ਮਾਨ ਨੇ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਵਿਦੇਸ਼ਾਂ ਵਿਚ ਵੀ ਕਈ ਸ਼ਹਿਰਾਂ ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਵੱਸਦੇ ਹਨ, ਆਮ ਆਦਮੀ ਪਾਰਟੀ ਦੀ ਇਸ ਮਹਾਨ ਜਿੱਤ ‘ਤੇ ਪੰਜਾਬੀਆਂ ਵੱਲੋਂ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੈਨੇਡਾ ਦੇ ਸ਼ਹਿਰਾਂ ਬਰੈਂਪਟਨ ਅਤੇ ਸਰੀ ਜੋ ਪੰਜਾਬੀਆਂ ਦੇ ਗੜ ਸਮਝੇ ਜਾਂਦੇ ਹਨ, ਵਿਚ ઑਆਪ਼ ਦੇ ਸਮੱਰਥਕਾਂ ਵੱਲੋਂ ਵੱਡੇ-ਵੱਡੇ ਬੈਂਕੁਇਟ ਹਾਲ ਬੁੱਕ ਕਰਵਾ ਕੇ ਸਮੂਹਿਕ ਰੂਪ ਵਿਚ ਇਹ ਖ਼ੁਸ਼ੀ ਸਾਂਝੀ ਕੀਤੀ ਗਈ ਹੈ। ਬਰੈਂਪਟਨ ਵਿਚ ਸੁਦੀਪ ਸਿੰਗਲਾ ਤੇ ਗੁਰਦੀਪ ਢਿੱਲੋਂ ਦੀ ਅਗਵਾਈ ਵਿਚ ਪ੍ਰਬੰਧਕਾਂ ਵੱਲੋਂ ઑਚਾਂਦਨੀ ਬੈਂਕੁਇਟ ਹਾਲ ਵਿਚ ਦੋ ਵੱਡੀਆਂ ਸਕਰੀਨਾਂ ਉੱਪਰ ਇਹ ਚੋਣ-ਨਤੀਜੇ ਵਿਖਾਉਣ ਦਾ ਵਧੀਆ ਇੰਤਜ਼ਾਂਮ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਨਾਂ ਵੱਲੋਂ ਚਾਹ-ਪਾਣੀ ਤੇ ਖਾਣ-ਪੀਣ ਦਾ ਵੀ ਸੁਚੱਜਾ ਪ੍ਰਬੰਧ ਵੀ ਸੀ। ਗਰਮਾ-ਗਰਮ ਚਾਹ ਅਤੇ ਸਨੈਕਸ ਸਵੇਰ ਦੇ ਤਿੰਨ ਵਜੇ ਤੱਕ ਚੱਲਦੇ ਰਹੇ। ਜਿਵੇਂ-ਜਿਵੇਂ ‘ਆਪ’ ਦੇ ਉਮੀਦਵਾਰਾਂ ਦੇ ਹੋਰਨਾਂ ਦੇ ਨਾਲੋਂ ਅੱਗੇ ਹੋਣ ਦੇ ਰੁਝਾਨ ਵੱਧਦੇ ਗਏ, ਹਾਲ ਵਿਚ ਤਾੜੀਆਂ ਦੀ ਗੂੰਜ ਵੀ ਨਾਲੋ-ਨਾਲ ਉੱਚੀ ਹੁੰਦੀ ਗਈ। ਲੋਕਾਂ ਨੇ ਜਦੋਂ ਵੇਖਿਆ ਕਿ ”ਉੱਤਰ ਕਾਂਟੋ ਮੈਂ ਚੜਾਂ” ਵਾਲੀਆਂ ਦੋਹਾਂ ਪਾਰਟੀਆਂ ਦਾ ਸਮਾਂ ਸਮਾਪਤੀ ਦੇ ਕੰਢੇ ‘ਤੇ ਹੈ ਤਾਂ ਤਾੜੀਆਂ ਦੀ ਇਹ ਗੜਗੜਾਹਟ ਹੋਰ ਉਚੇਰੀ ਹੁੰਦੀ ਗਈ। ਜਦੋਂ ਸਕਰੀਨਾਂ ‘ਤੇ 92 ਸੀਟਾਂ ਉੱਪਰ ‘ਆਪ’ ਦੇ ਅੱਗੇ ਚੱਲਣ ਦੀ ਖ਼ਬਰ ਆਈ ਤਾਂ ਢੋਲ ਵੱਜਣੇ ਅਤੇ ਭੰਗੜੇ ਪੈਣੇ ਸ਼ੁਰੂ ਹੋ ਗਏ।
ਢੋਲ ਦੇ ਡੱਗਿਆਂ ‘ਤੇ ਬੀਬੀਆਂ ਨੇ ਵੀ ਨੱਚ ਕੇ ਖ਼ੂਬ ਧਮਾਲਾਂ ਪਾਈਆਂ ਅਤੇ ਉਨਾਂ ਦੇ ਨਾਲ ਬੱਚੇ ਵੀ ਪੂਰੇ ਰੌਂਅ ਵਿਚ ਨੱਚ ਨੱਚ ਕੇ ਧਮਾਲਾਂ ਪਾ ਰਹੇ ਸਨ। ਜਸ਼ਨ ਦੇ ਅਖ਼ੀਰ ਵਿਚ ઑਆਪ਼ ਦਾ ਜੇਤੂ ਕੇਕ ਕੱਟ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਾਰੇ ਪੰਜਾਬੀਆਂ ਨੂੰ ਇਸ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੜੀਆਂ ਆਸਾਂ ਤੇ ਉਮੀਦਾਂ ਹਨ।

 

Check Also

5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼

ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ *ਹੀਰ-ਵੰਨੇ ਵਾਲੇ ‘ਚੁੰਝ ਵਿਦਵਾਨਾਂ’ ਵੱਲੋਂ ਭਾਈ ਸਾਹਿਬ …