ਸੁਰਜੀਤ ਸਿੰਘ ਫਲੋਰਾ
ਹੋਲੀ ਦਾ ਤਿਉਹਾਰ ਸਰਦੀ ਤੋਂ ਬਾਅਦ ਫਸਲਾਂ ਦੀ ਸਾਂਭ ਸੰਭਾਲ ਤੇ ਗਰਮੀ ਦੀ ਸ਼ੁਰੂਆਤ ਵਿਚ ਹੁਲੇ ਹੁਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ। ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਵੀ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ। ਵੱਖ-ਵੱਖ ਬੋਲੀਆਂ ਤੇ ਸਭਿਆਚਾਰਾਂ ਦੇ ਦੇਸ਼ ਭਾਰਤ ਵਿੱਚ ਹੋਲੀ ਵੀ ਅਲੱਗ-ਅਲੱਗ ਰਵਾਇਤਾਂ ਤੇ ਢੰਗ ਤਰੀਕਿਆਂ ਨਾਲ ਮਨਾਈ ਜਾਂਦੀ ਹੈ। ਕ੍ਰਿਤੀ ਵੀ ਬੜੀ ਖੁਸ਼ੀ ਵਿਚ ਮਸਤ ਹੋ ਜਾਂਦੀ ਹੈ। ਉਹ ਮਿੱਟੀ ਉਡਾ ਕੇ, ਪੁਰਾਣੇ ਪੱਤੇ ਗਿਰਾ ਕੇ ਅਤੇ ਨਵੇਂ ਫੁੱਲ ਅਤੇ ਪੱਤੇ ਲਹਿਰਾ ਕੇ ਆਪਣੀ ਖੁਸ਼ੀ ਦਰਸਾ ਕੇ ਬਸੰਤ ਦਾ ਅਵਿਨੰਦਨ ਕਰਦੀ ਹੈ।
ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਉਠਦਾ ਹੈ। ਹਾੜ੍ਹੀ ਦੀ ਇਸ ਫਸਲ ਦਾ ਸਵਾਗਤ ਹੋਲੀ ਦੇ ਰੂਪ ਵਿਚ ਹੁੰਦਾ ਹੈ। ਲੋਕ ਨਵੇਂ ਅਨਾਜ ਨੂੰ ਹੋਲੀ ਵਿਚ ਜਲਾ ਕੇ ਖਾਂਦੇ ਹਨ। ਪੰਜਾਬ ਵਿਚ ਹੁਣ ਵੀ ਛੋਲੀਏ ਨੂੰ ਅੱਗ ਵਿਚ ਜਲਾ ਕੇ ਖਾਧਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿਚ ਹੋਲਾ ਆਖਦੇ ਹਨ।
ਜੇਕਰ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ, ਔਰਤਾਂ ਗਲੀਆਂ ਵਿਚ ਰਲ-ਮਿਲ ਬੈਠ ਬੋਲੀਆਂ ਪਾ ਕੇ ਧਮਾਲ ਪਾ ਦਿੰਦੀਆਂ ਸਨ। ਪਿਪਲਾਂ ‘ਤੇ ਪੀਂਘਾਂ ਪਾ ਕੇ ਮੁਟਿਆਰਾਂ ਪੀਂਘਾਂ ਝੂਟਦੀਆਂ ਸਨ ਪਰ ਅਫ਼ਸੋਸ ਨਾ ਹੁਣ ਉਹ ਪਿੱਪਲ ਰਹੇ ਤੇ ਨਾ ਹੀ ਉਹੋ ਜਿਹੀਆਂ ਮੁਟਿਆਰਾਂ ਦੀਆਂ ਹਸਰਤਾਂ। ਪਰ ਫਿਰ ਵੀ ਉਹ ਵੇਲੇ ਯਾਦ ਆਉਂਦੇ ਹਨ। ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੁੰਦਾ ਸੀ, ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੁੰਦਾ ਸੀ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹੁੰਦੀਆਂ ਸਨ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ-ਮਿਲਾਪ ਅਤੇ ਜੁਦਾਈ ਦਾ ਗਮ ਹੁੰਦਾ ਸੀ।
ਪਰ ਅੱਜ ਸਮਾਂ ਇੰਨਾ ਬਦਲ ਗਿਆ ਹੈ ਕਿ ਇਕ ਹੀ ਛੱਤ ਹੇਠ ਪਿਉ-ਪੁੱਤਰ, ਮਾਂ ਧੀ ਨਹੀਂ ਰਹਿ ਸਕਦੇ, ਇਕ ਦੂਜੇ ਦੀ ਜਾਨ ਲੈਣ ਲਈ ਤੱਤਪਰ ਰਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰਾ ਪਰਿਵਾਰ ਰਲ-ਮਿਲ ਕੇ ਇਕ ਹੀ ਛੱਤ ਹੇਠ ਸਾਰਾਂ ਜੀਵਨ ਕੱਢ ਲੈਂਦਾ ਸੀ।
ਬੋਲੀਆਂ ਵਿੱਚ ਲੜਾਈ ਹੁੰਦੀ ਸੀ, ਸੁਲਹ ਸਲਾਮਤੀ ਹੁੰਦੀ ਸੀ। ਇਸ ਵਿੱਚ ਗਰੂਰ, ਤਾਬੋਰ ਤੇ ਦੇਸ਼ ਭਗਤੀ ਹੁੰਦੀ ਸੀ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਹੁੰਦੀ ਸੀ। ਨਿਰਾਜ਼ ਤੇ ਮਨਾਉਣ ਦੀ ਗੱਲ ਕਰਦੀਆਂ ਸਨ ਏਹ ਬੋਲੀਆਂ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਸਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲਾਂ ਵੀ ਹੁੰਦੀਆਂ ਸਨ।
ਵਿਆਹ ਸ਼ਾਦੀ ਸਮੇਂ ਨਾਨਕਾ ਮੇਲ ਆਉਂਦਾ ਹੁੰਦਾ ਸੀ, ਗਲੀਆਂ ਵਿਚ ਪਿੰਡਾਂ ਦੀ ਸੱਥ ਤੱਕ ਉਹਨਾਂ ਬੋਲੀਆਂ ਪਾਉਂਦੇ ਜਾਣਾ, ਜੋ ਵੀ ਸਾਹਮਣੇ ਆਉਂਦਾ ਉਸ ਦੇ ਕੱਪੜੇ ਲਾਹ ਲੈਣੇ ਸਾਇਕਲ ਖੋਹ ਲੈਣੇ, ਬੋਲੀਆਂ ਪਾ-ਪਾ ਕੇ ਨੱਚਣਾ ਤੇ ਗਾਲਾਂ, ਤਾਹਨੇ ਮਿਹਨੇ ਇਹ ਸਭ ਆਮ ਜਿਹੀ ਗੱਲ ਸੀ। ਪਰ ਅੱਜ ਦਾ ਸਮਾਂ ਸ਼ਾਦੀ ਕਦ ਹੋ ਗਈ ਕੁਝ ਪਤਾ ਵੀ ਨਹੀਂ ਲੱਗਦਾ, ਜੇਕਰ ਕੋਈ ਕਿਸੇ ਨਾਲ ਹਾਸੇ ਨਾਲ ਮਜਾਕ ਕਰ ਵੀ ਲਏ, ਉਹ ਝੱਟ ਗਲੇ ਨੂੰ ਜਾਂ ਮਾਂ-ਭੈਣ ਦੀ ਇਕ ਕਰਨ ਨੂੰ ਤਿਆਰ ਰਹਿੰਦਾ ਹੈ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇੜ-ਛਾੜ ਤੇ ਰੁਮਾਂਸ ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਲ ਹੁੰਦੀਆਂ ਸਨ। ਇਨ੍ਹਾਂ ਵਿੱਚ ਰਿਸ਼ਤੇ-ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਵਗੁਣ ਵੀ ਦਿਖਾਈ ਦਿੰਦੇ ਸਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਵੀ ਹੁੰਦੀਆਂ ਸਨ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਪਰ ਅੱਜ ਦਾ ਇਨਸਾਨ ਸਿਰਫ਼ ਆਪਣੇ ਵਾਰੇ ਸੋਚਦਾ ਹੈ, ਮਤਲਵੀ ਕਿ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਸਰਘੀ ਵੇਲੇ ਤੋਂ ਲੈ ਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਸੀ, ਅੱਜ ਉਹ ਕੇਵਲ ਟੀਵੀ ਚੈਂਨਲਾ ਨੇ ਲੈ ਲਈ, ਇਥੋਂ ਤੱਕ ਕੇ ਬੰਦਾ ਬਜ਼ਾਰ ਤੱਕ ਜਾ ਕੇ ਖੁਦ ਸਬਜ਼ੀ ਭਾਜੀ ਤੱਕ ਖਰੀਦਣ ਲਈ ਬਾਹਰ ਨਹੀਂ ਨਿਕਲਦਾ ਸਗੋ, ਫੋਨਾਂ ਤੇ ਐਪਸ ਦੀ ਵਰਤੋਂ ਕਰਕੇ ਘਰ ਤੱਕ ਡਲਿਵਰੀ ਕਰਵਾ ਲੈਂਦਾ ਹੈ। ਅੱਜ ਦਾ ਮਨੁੱਖ ਬਹੁਤ ਕਮਜ਼ੋਰ ਪੈ ਚੁੱਕਾ ਹੈ, ਉਹ ਕਸਰਤਾਂ, ਉਹ ਖਾਣੇ ਸਭ ਅਲੋਪ ਹੋ ਚੁਕੇ ਹਨ।
ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਸਨ। ਇਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮੋਈ ਹੋਈ ਹੁੰਦੀ ਸੀ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ – ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾਂ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਸਨ। ਪਰ ਅੱਜ ਦੁੱਧ ਕੌਣ ਰਿੜਕਦਾ ਹੈ, ਪੈਕਟਾਂ ਵਾਲੇ ਦਹੀ, ਬੋਤਲਾਂ ‘ਚ ਲੱਸੀ, ਜਿਸ ਮਰਜ਼ੀ ਕੋਨੇ ਦੇ ਠੇਲੇ ਤੋਂ ਲੈ ਲਉ।
ਅੱਜ ਉਹ ਹੋਲੀ ਦਾ ਮਜ਼ਾ ਵੀ ਨਹੀਂ ਰਿਹਾ, ਹੋਲੀ ਦੀ ਆੜ ਹੇਠ ਮਾਵਾਂ ਭੈਣਾਂ ਨਾਲ ਦੁਰਵਿਵਹਾਰ ਕੀਤੇ ਜਾਂਦੇ ਹਨ। ਉਹਨਾਂ ਦੀਆਂ ਇਜ਼ਤਾਂ ਨਾਲ ਖੇਡਿਆ ਜਾਂਦਾ ਹੈ।
ਖੁਸ਼ੀਆਂ ਦੇ ਇਸ ਤਿਓਹਾਰ ਸਮੇਂ ਕੁੱਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕਿਉਂਕਿ ਨਾ ਤਾਂ ਉਹ ਰੰਗ ਰਹੇ ਨਾ ਉਹ ਪਿਆਰ ਮੁਹੱਬਤ ਵਾਲੇ ਲੋਕ, ਰੰਗਾਂ ਵਿਚ ਮਿਲਾਵਟ, ਕੈਮੀਕਲ ਮਿਲੇ ਹੁੰਦੇ ਹਨ। ਜਿਸ ਕਰਕੇ ਹੋਲੀ ਖੇਡਣ ਤੋਂ ਪਹਿਲਾਂ ਸਰੀਰਾਂ ‘ਤੇ ਸਰ੍ਹੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਲਿਆ ਜਾਵੇ। ਅੱਖਾਂ ‘ਤੇ ਚਸਮੇਂ ਲਗਾ ਲਏ ਜਾਣ। ਚਾਇਨਾ ਦੇ ਰੰਗ ਨਾ ਵਰਤੇ ਜਾਣ। ਕੁਦਰਤੀ ਰੰਗ ਜੋ ਕੇਸੂ ਦੇ ਫੁੱਲਾਂ ਤੋਂ ਤਿਆਰ ਹੁੰਦਾ ਹੈ ਵਰਤਿਆ ਜਾਵੇ। ਖਾਣ ਵਾਲੇ ਰੰਗ ਮਿਲਾ ਕੇ ਆਪ ਹੀ ਸੁੱਕੇ ਗਿੱਲੇ ਰੰਗ ਤਿਆਰ ਕਰ ਲਏ ਜਾਣ। ਕਾਲਾ ਤੇਲ, ਗਰੀਸ, ਚਿੱਕੜ, ਗੰਦੇ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ। ਮੋਟਰ ਸਾਈਕਲਾਂ ‘ਤੇ ਗਲੀਆਂ ਬਜ਼ਾਰਾਂ ਵਿੱਚ, ਰਾਹ ਜਾਂਦੇ ਰਾਹੀਆਂ ‘ਤੇ ਰੰਗ ਸੁੱਟਣ ਤੋਂ ਪਰਹੇਜ਼ ਕੀਤਾ ਜਾਵੇ। ਰੰਗ ਉਤਾਰਨ ਲਈ ਨਹਾਉਣ ਵਾਲੇ ਸਾਬਣ ਦੀ ਹੀ ਵਰਤੋਂ ਕੀਤੀ ਜਾਵੇ। ਚਮੜੀ ਨੂੰ ਖਰੋਚ ਆਉਣ ਤੋਂ ਬਚਾਇਆ ਜਾਵੇ। ਹੋਲੀ ਦੀ ਆੜ ਵਿੱਚ ਪਰਾਈਆਂ ਔਰਤਾਂ ਨਾਲ ਛੇੜ-ਛਾੜ ਨਾ ਕੀਤੀ ਜਾਵੇ।
ਸਾਡੇ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖਾਸ ਮਹੱਤਤਾ ਰੱਖਦਾ ਹੈ। ਮੁਸਲਮਾਨ ਜੋ ਆਨੰਦ ਈਦ ਵਿਚ ਅਤੇ ਈਸਾਈ ਕ੍ਰਿਸਮਿਸ ਵਿਚ ਲੈਂਦੇ ਹਨ, ਹਿੰਦੂਆਂ ਨੂੰ ਉਹੀ ਅਨੰਦ ਹੋਲੀ ਦਾ ਤਿਉਹਾਰ ਪ੍ਰਦਾਨ ਕਰਦਾ ਹੈ। ਹੋਲੀ ਦੇ ਆਉਣ ‘ਤੇ ਸਭ ਲੋਕ ਖੁਸ਼ੀਆਂ ਨਾਲ ਨੱਚ ਉਠਦੇ ਹਨ। ਮਨੁੱਖਾਂ ਦੇ ਵਿੱਚ ਪਈਆਂ ਤਰੇੜਾਂ ਮਿਟ ਜਾਂਦੀਆਂ ਹਨ ਅਤੇ ਸਾਰੇ ਇਕ ਦੂਜੇ ਦੇ ਗਲੇ ਮਿਲ ਕੇ ਪਰਮ ਪਿਤਾ ਪਰਮਾਤਮਾ ਦੇ ਪੁੱਤਰ ਹੋਣ ਨੂੰ ਸੱਚ ਸਾਬਤ ਕਰ ਦਿੰਦੇ ਸਨ ਜਿਸ ਦੀ ਅੱਜ ਫਿਰ ਬਹੁਤ ਲੋੜ ਹੈ।
ਹੋਲੀ ਦਾ ਤਿਉਹਾਰ ਹਰ ਸਾਲ ਫੱਗਨ ਦੀ ਸ਼ੁਕਲ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰ ਦਾ ਸੰਬੰਧ ਅਨੇਕਾਂ ਪੁਰਾਣੀਆਂ ਕਹਾਣੀਆਂ ਨਾਲ ਪ੍ਰਚੱਲਤ ਹੈ। ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ। ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਇਕ ਰਾਜਾ ਸੀ ਜੋ ਕਿਸੇ ਨੂੰ ਈਸ਼ਵਰ ਦਾ ਭਜਨ ਨਹੀਂ ਕਰਨ ਦਿੰਦਾ ਸੀ। ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਅਨੇਕਾਂ ਢੰਗ ਅਪਣਾਏ ਪਰ ਭਗਵਾਨ ਦੇ ਭਗਤ ਨੂੰ ਕੌਣ ਮਾਰ ਸਕਦਾ ਹੈ ? ਪਰੰਤੂ ਉਸ ਦੀ ਭੁਆ ਨੇ ਉਸਨੂੰ ਅੱਗ ਵਿੱਚ ਜਲਾਉਣ ਦੀ ਯੋਜਨਾ ਬਣਾਈ। ਹੋਲਿਕਾ ਨੂੰ ਅੱਗ ਵਿਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਪ੍ਰਹਿਲਾਦ ਆਪਣੀ ਭੂਆ ਦੇ ਨਾਲ ਅੱਗ ਵਿਚ ਬੈਠ ਗਿਆ। ਪ੍ਰਹਿਲਾਦ ਤਾਂ ਜੀਉਂਦਾ ਬਚ ਨਿਕਲਿਆ ਪਰ ਹੋਲਿਕਾ ਸੜ ਗਈ।
ਇਸ ਖੁਸ਼ੀ ਭਰੇ ਵਾਤਾਵਰਣ ਵਿਚ ਲੋਕ ਇਸ ਦਿਨ ਇਕ-ਦੂਜੇ ਉੱਤੇ ਰੰਗ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ। ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹਰੇਕ ਗਲੀ ਅਤੇ ਬਾਜ਼ਾਰ ਵਿਚ ਲਕੜਾਂ ਦੇ ਢੇਰ ਜਲਾਏ ਜਾਂਦੇ ਹਨ ਅਤੇ ਅੱਗ ਦੀਆਂ ਲਪਟਾਂ ਨੂੰ ਵੇਖਕੇ ਲੋਕ ਭਗਤ ਪ੍ਰਹਿਲਾਦ ਨੂੰ ਯਾਦ ਕਰਕੇ ਈਸ਼ਵਰ ਦਾ ਗੁਣਗਾਣ ਕਰਦੇ ਹਨ।
ਹੋਲਿਕਾ ਨੂੰ ਸਾੜਨ ਦੇ ਬਾਅਦ ਲੋਕ ਹਸਦਿਆਂ-ਖੇਡਦਿਆਂ ਇਕ ਦੂਜੇ ‘ਤੇ ਗੁਲਾਲ ਪਾਉਂਦੇ ਅਤੇ ਪੁਰਾਣੇ ਵੈਰ-ਵਿਰੋਧ ਭੁਲਾ ਕੇ ਇਕ ਦੂਜੇ ਦੇ ਗਲੇ ਮਿਲਦੇ ਹਨ। ਵੱਡੇ ਵੱਡੇ ਸ਼ਹਿਰਾਂ ਵਿਚ ਹੁਣ ਇਸ ਦਿਨ ਸੰਗੀਤ ਸਮਾਰੋਹ ਵੀ ਹੋਣ ਲੱਗੇ ਹਨ। ਲੋਕ ਅਬੀਰ ਅਤੇ ਗੁਲਾਲ ਦੇ ਨਾਲ-ਨਾਲ ਸੰਗੀਤ ਦਾ ਅਨੰਦ ਲੈਂਦੇ ਹਨ।
ਸੁਤੰਤਰ ਭਾਰਤ ਵਿਚ ਇਹਨਾਂ ਤਿਉਹਾਰਾਂ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਇਹ ਤਿਉਹਾਰ ਸਾਡੀ ਏਕਤਾ, ਸੰਸਕ੍ਰਿਤੀ ਅਤੇ ਸਭਿਅਤਾ ਦੇ ਮਹਾਨ ਰਾਖੇ ਬਣ ਗਏ ਹਨ ਅੱਜ ਕੱਲ੍ਹ ਹੋਲੀ ਦੇ ਮਨਾਉਣ ਵਿਚ ਕੁਝ ਬੁਰਾਈ ਆ ਗਈ ਹੈ। ਕੁਝ ਲੋਕ ਗੰਦਗੀ ਜਾਂ ਤਾਰਕੋਲ ਪਾ ਕੇ, ਗਾਲਾਂ ਕੱਢ ਕੇ ਜਾਂ ਸ਼ਰਾਬ ਪੀ ਕੇ ਹੋਲੀ ਦੇ ਮਹੱਤਵ ਦਾ ਘਟਾ ਕਰਦੇ ਹਨ। ਕੁਝ ਮਹਿੰਗਾਈ ਕਰਕੇ ਵੀ ਲੋਕ ਕੱਪੜੇ ਖਰਾਬ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਹੋਲੀ ਦਾ ਮਹੱਤਵ ਕੁਝ ਘਟ ਗਿਆ ਹੈ।
ਸਾਡਾ ਕਰੱਤਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਈਏ ਅਤੇ ਇਹਨਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖਈਏ।
ਉਹੋ ਜਿਹਾ ਮਾਹੌਲ ਬਣਾਈਏ ਜੋ ਕਦੇ ਸਾਡੇ ਬਜੁਰਗਾਂ ਨੇ ਸਿਰਜਿਆ ਸੀ। ਜਿਸ ਵਿਚ ਏਕਾ, ਪਿਆਰ ਮੁਹੱਬਤ, ਹਸਰਤ, ਹੁੰਦੀ ਸੀ ਹੋਲੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ।