ਬੀਰ ਦਵਿੰਦਰ ਸਿੰਘ
ਹੁਣ ਤਾਂ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਕਰੋਪੀ ਨਹੀਂ ਹੈ, ਸਗੋਂ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਦੀ ਆਰਥਿਕ ਖਿੱਚੋਤਾਣ ਦਾ ਨਤੀਜਾ ਹੈ। ਵਿਸ਼ਵ ਦੀ ਆਰਥਿਕਤਾ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਜਿਸ ਤੇਜ਼ੀ ਨਾਲ ਚੀਨ ਦੀ ਆਰਥਿਕਤਾ ਵਿਕਸਤ ਹੋ ਰਹੀ ਸੀ, ਇਸ ਗਤੀਸ਼ੀਲ ਵਰਤਾਰੇ ਕਾਰਨ ਅਮਰੀਕਾ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜ ਰਹੀ ਸੀ। ਅਮਰੀਕਾ ਕਿਸੇ ਨਾ ਕਿਸੇ ਬਹਾਨੇ ਚੀਨ ਦੀ ਇਸ ਚੜ੍ਹਤ ਨੂੰ ਠੱਲ੍ਹ ਪਾਉਣ ਦੇ ਰੌਂਅ ਵਿਚ ਸੀ। ਇਸ ਲਈ ਬੜੇ ਲੰਬੇ ਸਮੇਂ ਤੋਂ ਅੰਦਰੋ-ਅੰਦਰੀ ਠੰਢੀ ਜੰਗ ਚੱਲ ਰਹੀ ਸੀ।
ਚੀਨ ਦੀ ਫ਼ੌਜ ਦੇ ਦੋ ਵੱਡੇ ਜਰਨੈਲਾਂ ਕਿਆਂਊ ਯੰਗ ਅਤੇ ਵੰਗ ਸ਼ੰਗ ਯੂ ਦੋਵਾਂ ਨੇ ਰਲ ਕੇ 1999 ਵਿਚ ਆਪਣੀ ਖੋਜ ‘ਤੇ ਆਧਾਰਿਤ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਸੀ ਜਿਸਦਾ ਸਿਰਲੇਖ ‘ਅਸੀਮਤ ਯੁੱਧ’ (ਚੀਨ ਵੱਲੋਂ ਅਮਰੀਕਾ ਨੂੰ ਬਰਬਾਦ ਕਰਨ ਲਈ ਕੀਤੀ ਗਈ ਵਿਸ਼ਾਲ ਮਨਸੂਬਾਦਾਰੀ) ਸੀ। ਇਸ ਕਿਤਾਬ ਨੂੰ ਬਾਰੀਕੀ ਨਾਲ ਘੋਖਣ ਤੋਂ ਬਾਅਦ ਗੱਲ ਸਾਫ਼ ਹੋ ਜਾਂਦੀ ਹੈ ਕਿ ਚੀਨ, ਅਮਰੀਕਾ ਖਿਲਾਫ਼ ਜੈਵਿਕ ਜੰਗ ਵਿੱਢਣ ਦੀ ਤਿਆਰੀ ਪਿਛਲੇ ਲਗਪਗ 20 ਸਾਲ ਤੋਂ ਕਰ ਰਿਹਾ ਸੀ। ਇਨ੍ਹਾਂ ਦੋਵਾਂ ਜਰਨੈਲਾਂ ਨੇ ਇਹ ਵੀ ਤਸਲੀਮ ਕੀਤਾ ਕਿ ਅਮਰੀਕਾ ਦੀ ਫ਼ੌਜੀ ਸ਼ਕਤੀ ਨੂੰ ਮਾਤ ਦੇਣਾ ਤਾਂ ਚੀਨ ਵਾਸਤੇ ਕਿਸੇ ਤਰ੍ਹਾਂ ਵੀ ਸੰਭਵ ਨਹੀਂ, ਇਸ ਲਈ ਇਸਦੀ ਆਰਥਿਕਤਾ ਦਾ ਲੱਕ ਤੋੜਨ ਲਈ ਵੱਡੇ ਜੈਵਿਕ ਹਮਲੇ ਦੀ ਤਿਆਰੀ ਕਰਨੀ ਚਾਹੀਦੀ ਹੈ। ਇਸੇ ਯੁੱਧ ਨੀਤੀ ਅਧੀਨ ਬਾਇਓਲਾਜੀਕਲ ਵਾਰਫੇਅਰ ਦੀ ਖੁਫ਼ੀਆ ਯੋਜਨਾ ‘ਤੇ ਚੀਨ ਬੜੇ ਲੰਬੇ ਅਰਸੇ ਤੋਂ ਕੰਮ ਹੋ ਰਿਹਾ ਸੀ। ਇਸ ਯੋਜਨਾ ਨੂੰ ਸਿਰੇ ਚਾੜ੍ਹਨ ਦੀਆਂ ਵਿਗਿਆਨਕ ਮਸ਼ਕਾਂ ਦਾ ਕੇਂਦਰ ਵੁਹਾਨ ਵਿਚ ਰੱਖਿਆ ਗਿਆ ਸੀ।
ਅਮਰੀਕਾ ਦੇ ਕੁਝ ਵਿਗਿਆਨੀਆਂ ਤੇ ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਵਾਇਰਸ ਚੀਨ ਦੇ ਵਿਗਿਆਨੀਆਂ ਨੇ ਖੋਜ ਲਈ ਚਮਗਿੱਦੜਾਂ ਵਿਚ ਉਸਦੀ ਤਾਸੀਰ ਅਤੇ ਪਰਿਣਾਮ ਦੇਖਣ ਦੇ ਮਨਸ਼ੇ ਨਾਲ ਭਰਿਆ ਸੀ, ਉਸ ਦੇ ਪ੍ਰਭਾਵਾਂ ਅਤੇ ਲੱਛਣਾਂ ਦੇ ਅਧਿਐਨ ਕਰਨ ਲਈ ਚਮਗਿੱਦੜਾਂ ਦੇ ਜੁੱਸੇ ਵਿਚ ਇਕ ਅਤਿ ਸੂਖਮ, ਬਿਜਲਈ ਪੁਰਜਾ ਧਰਿਆ ਸੀ, ਇਹ ਪੁਰਜਾ ਅਤੀ ਸੂਖਮ ਉਪਗ੍ਰਹਿ ਸੈਂਸਰਾਂ ਰਾਹੀਂ ਵੁਹਾਨ ਦੇ ਕੇਂਦਰੀ ਖੋਜ ਕੇਂਦਰ ਦੇ ਡੈਟਾ ਬੇਸ ‘ਤੇ ਚਮਗਿੱਦੜਾਂ ਦੇ ਸਹਿਜੇ-ਸਹਿਜੇ ਬਦਲ ਰਹੇ ਪ੍ਰਭਾਵਾਂ ਦੀਆਂ ਸੈਨਤੀ-ਸੰਕੇਤਾਂ ਰਾਹੀਂ ਜਾਣਕਾਰੀਆਂ ਭੇਜ ਰਿਹਾ ਸੀ। ਪਰ ਕਿਸੇ ਨਾ ਕਿਸੇ ਕਾਰਨ ਇਸ ਅਤਿ ਸੂਖਮ ਖੋਜ ਦੀ ਵਿਗਿਆਨਕ ਪ੍ਰਕਿਰਿਆ ਕਿਸੇ ਹੋਰ ਖ਼ਤਰਨਾਕ ਵਾਇਰਸ ਤੋਂ ਪ੍ਰਭਾਵਿਤ ਹੋਣ ਕਾਰਨ ਦੋਸ਼ਪੂਰਨ ਹੋ ਗਈ, ਜਿਸ ਕਾਰਨ ਇਹ ਖ਼ਤਰਨਾਕ ਖੋਜ ਬੇਕਾਬੂ ਹੋ ਗਈ। ਜਿਸ ਕਾਰਨ ਬਣਾਵਟੀ ਵਾਇਰਸ ਨਾਲ ਭਰੇ ਚਮਗਿੱਦੜਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਵਿਚੋਂ ਕੁਝ ਚਮਗਿੱਦੜ ਵੂਹਾਨ ਦੇ ਨਾਲ ਲੱਗਦੇ ਸਮੁੰਦਰੀ ਤਟ ਦੇ ਪਾਣੀ ਵਿਚ ਜਾ ਡਿੱਗੇ, ਜਿਸਦਾ ਫੌਰੀ ਪ੍ਰਭਾਵ ਸਮੁੰਦਰੀ-ਜੀਵਾਂ ‘ਤੇ ਪਿਆ ਅਤੇ ਉਨ੍ਹਾਂ ਜੀਵਾਂ ਰਾਹੀਂ ਹੀ ਇਹ ਵਾਇਰਸ ਵੂਹਾਨ ਸ਼ਹਿਰ ਦੀ ਸਭ ਤੋਂ ਵੱਡੀ ਮੱਛੀ ਮੰਡੀ ਵਿਚ ਫੈਲ ਗਿਆ। ਚੀਨ ਦੀ ਇਸ ਖੋਜ ਦੇ ਬੇਕਾਬੂ ਹੋ ਜਾਣ ਦੀ ਨਿਰਾਸ਼ਤਾ ਅਤੇ ਇਸਦੇ ਦੂਰਗਾਮੀ ਵਿਸ਼ੈਲੇ ਪ੍ਰਭਾਵਾਂ ਦੀ ਜਾਣਕਾਰੀ ਚੀਨ ਦੀ ਸਿਖਰਲੀ ਹਾਕਮ ਜੁੰਡਲੀ ਨੂੰ ਪਹਿਲਾਂ ਤੋਂ ਹੀ ਸੀ ਅਤੇ ਉਹ ਇਸ ਦੇ ਦੂਰਰਸ ਸਿੱਟਿਆਂ ਤੋਂ ਫ਼ਿਕਰਮੰਦ ਸਨ। ਇਸੇ ਕਾਰਨ ਭਾਵੀ ਖ਼ਤਰਿਆਂ ਨੂੰ ਭਾਂਪਦਿਆਂ ਚੀਨ ਨੇ ਨਵੇਂ ਹਸਪਤਾਲਾਂ ਦਾ ਫੌਰੀ ਨਿਰਮਾਣ ਕਰਨ ਲਈ ਸਾਰੀ ਲੋੜੀਂਦੀ ਸਮੱਗਰੀ ਪਹਿਲਾਂ ਤੋਂ ਹੀ ਤਿਆਰ ਕਰ ਰੱਖੀ ਸੀ। ਇਸੇ ਲਈ ਉਨ੍ਹਾਂ ਨੇ ਆਪਣੇ ਲੋਕਾਂ ਦੇ ਬਚਾਓ ਲਈ ਆਪਣੇ ਪੱਧਰ ‘ਤੇ ਸਰਗਰਮ ਯਤਨ ਫੌਰੀ ਤੌਰ ‘ਤੇ ਆਰੰਭ ਕਰ ਦਿੱਤੇ ਸਨ, ਪਰ ਵਿਸ਼ਵ ਪੱਧਰ ‘ਤੇ ਇਸ ਵਾਇਰਸ ਦੇ ਮਾਰੂ ਪ੍ਰਭਾਵਾਂ ਦੀ ਵਿਕਰਾਲਤਾ ਅਤੇ ਵਿਆਪਕਤਾ ਦੀ ਕਿਸੇ ਨੂੰ ਭਿਣਕ ਤਕ ਨਹੀਂ ਪੈਣ ਦਿੱਤੀ। ਜੇ ਇਹ ਜਾਣਕਾਰੀ ਉਸ ਵੇਲੇ ਹੀ ਵਿਸ਼ਵ ਸਿਹਤ ਸੰਗਠਨ ਨਾਲ ਸਾਂਝੀ ਕਰ ਲਈ ਜਾਂਦੀ ਤਾਂ ਦੁਨੀਆਂ ਵਿਚ ਇਸ ਕਿਸਮ ਦੀ ਹਾਲ-ਪਾਹਰਿਆ ਨਾ ਮੱਚਦੀ ਜੋ ਅੱਜ ਹੋ ਰਿਹਾ ਹੈ।
ਸਰੀਰਿਕ ਵਿਗਿਆਨ ਅਤੇ ਮੈਡੀਕਲ ਵਿਚ ਨੋਬਲ ਪੁਰਸਕਾਰ ਜੇਤੂ ਅਤੇ ਜਪਾਨ ਦੇ ਉੱਘੇ ਵਿਗਿਆਨੀ ਪ੍ਰੋਫੈਸਰ ਟਾਸੁਕੁ ਹੋਂਜੋ ਨੇ ਮੀਡੀਆ ਅੱਗੇ ਬੋਲ ਕੇ ਸਨਸਨੀ ਪੈਦਾ ਕਰ ਦਿੱਤੀ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਆਫ਼ਤ ਨਹੀਂ, ਜੇ ਇਹ ਕੁਦਰਤੀ ਆਫ਼ਤ ਹੁੰਦੀ ਤਾਂ ਇਹ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਦੀ ਭਿਆਨਕ ਤਬਾਹੀ ਨਾ ਮਚਾਉਂਦਾ। ਕਿਉਂਕਿ ਵਿਸ਼ਵ ਦੇ ਹਰ ਦੇਸ਼ ਵਿਚ ਕੁਦਰਤ ਦੇ ਅਨੁਰੂਪ ਅਲੱਗ-ਅਲੱਗ ਤਾਪਮਾਨ ਹੁੰਦਾ ਹੈ।
ਇਸ ਲਈ ਜਿਨ੍ਹਾਂ ਦੇਸ਼ਾਂ ਵਿਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ, ਇਹ ਵਾਇਰਸ ਘੱਟੋ-ਘੱਟ ਉਨ੍ਹਾਂ ਦੇਸ਼ਾਂ ਵਿਚ ਤਬਾਹੀ ਨਾ ਮਚਾਉਂਦਾ, ਪਰ ਇਹ ਤਾਂ ਜਿਵੇਂ ਸਵਿਟਜ਼ਰਲੈਂਡ ਵਰਗੇ ਠੰਢੇ ਦੇਸ਼ ਵਿਚ ਫੈਲ ਰਿਹਾ ਹੈ, ਉਸ ਤਰ੍ਹਾਂ ਹੀ ਰੇਗਸਤਾਨੀ ਇਲਾਕਿਆਂ ਵਿਚ ਵੀ ਫੈਲ ਰਿਹਾ ਹੈ। ਜੇ ਇਹ ਵਾਇਰਸ ਕੁਦਰਤੀ ਹੁੰਦਾ ਤਾਂ ਇਹ ਕੇਵਲ ਠੰਢੇ ਇਲਾਕਿਆਂ ਵਿਚ ਹੀ ਫੈਲਦਾ ਅਤੇ ਗਰਮ ਇਲਾਕਿਆਂ ਵਿਚ ਜਾ ਕੇ ਦਮ ਤੋੜ ਦਿੰਦਾ। ਉਨ੍ਹਾਂ ਨੇ ਕਿਹਾ, “ਮੈਂ ਜੀਵ ਜੰਤੂ ਅਤੇ ਵਾਇਰਸਾਂ ‘ਤੇ 40 ਸਾਲ ਖੋਜ ਕੀਤੀ ਹੈ, ਕਰੋਨਾ ਵਾਇਰਸ ਕੁਦਰਤੀ ਨਹੀਂ ਹੈ, ਇਹ ਪ੍ਰਯੋਗਸ਼ਾਲਾ ਵਿਚ ਤਿਆਰ ਕੀਤਾ ਗਿਆ ਬਣਾਵਟੀ ਵਾਇਰਸ ਹੈ।
ਇੱਥੇ ਇਸ ਮਾਮਲੇ ਵਿਚ ਵਿਸ਼ਵ ਸਿਹਤ ਸੰਗਠਨ ਵੱਲੋਂ ਪੂਰੀ ਦੁਨੀਆਂ ਅਤੇ ਮਨੁੱਖੀ ਭਾਈਚਾਰੇ ਨਾਲ ਕੀਤੇ ਗਏ ਵਿਸ਼ਵਾਸਘਾਤ ਦੇ ਮਾਮਲੇ ‘ਤੇ ਵੀ ਝਾਤ ਪਾਉਣ ਦੀ ਲੋੜ ਹੈ। ਚੀਨ ਨੇ ਇਸ ਵਾਇਰਸ ਦੇ ਵੂਹਾਨ ਵਿਚ ਫੈਲਣ ਦੀ ਵਿਸ਼ਵ ਸਿਹਤ ਸੰਗਠਨ ਨੂੰ ਵਿਧੀਵਤ ਸੂਚਨਾ 31 ਦਸੰਬਰ 2019 ਨੂੰ ਦੇ ਦਿੱਤੀ ਸੀ, ਪਰ ਕੀ ਵਿਸ਼ਵ ਸਿਹਤ ਸੰਗਠਨ ਦੇ ਅਵੇਸਲੇਪਣ ਦਾ ਇਹ ਸਿਖਰ ਨਹੀਂ ਕਿ ਉਸਦੀ ਪਹਿਲੀ ਟੀਮ ਵੂਹਾਨ ਸ਼ਹਿਰ ਵਿਚ ਪਸਰੇ ਪ੍ਰਕੋਪ ਦਾ ਜਾਇਜ਼ਾ ਲੈਣ ਲਈ 21-22 ਫਰਵਰੀ ਨੂੰ ਪੁੱਜਦੀ ਹੈ। ਉਸਦੀ ਰਿਪੋਰਟ ਦੇ ਆਧਾਰ ‘ਤੇ ਹੀ 30 ਜਨਵਰੀ ਨੂੰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾ. ਟੈਡਰੋਸ ਅਦਾਨੌਮ ਵੱਲੋਂ ਕਰੋਨਾ ਵਾਇਰਸ ਨੂੰ ਵਿਸ਼ਵ ਜਨ ਸਿਹਤ ਲਈ ਸੰਕਟਮਈ ਐਲਾਨਿਆ ਗਿਆ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਤਾਂ ਕਿਸੇ ਵੀ ਮਹੱਤਵਪੂਰਨ ਜਵਾਬੀ ਪ੍ਰਤਿਕਿਰਿਆ ਲਈ ਪੂਰਾ ਜਨਵਰੀ ਦਾ ਮਹੀਨਾ ਅਤੇ ਫਰਵਰੀ ਦੇ ਵੀ ਤਿੰਨ ਹਫ਼ਤੇ ਗਵਾ ਦਿੱਤੇ। ਵਿਸ਼ਵ ਦੇ ਇਸ ਮਹਾਨ ਸਿਹਤ ਸੰਗਠਨ ਵੱਲੋਂ ਹਰਕਤ ਵਿਚ ਆਉਣ ਲਈ ਕੀਤੀ ਗਈ ਹੱਦੋਂ ਵੱਧ ਦੇਰੀ ਦੇ ਰਹੱਸ ਦਾ ਜਵਾਬ ਅੱਜ ਪੂਰਾ ਵਿਸ਼ਵ ਮੰਗ ਰਿਹਾ ਹੈ।
ੲੲੲ
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …