Breaking News
Home / ਮੁੱਖ ਲੇਖ / ਜਲ੍ਹਿਆਂਵਾਲਾ ਬਾਗ਼

ਜਲ੍ਹਿਆਂਵਾਲਾ ਬਾਗ਼

ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀઠ
ਸੁਰਿੰਦਰ ਕੋਛੜ
ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 96 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ ਵੀ ਬਣਾਈਆਂ ਜਾ ਚੁੱਕੀਆਂ ਹਨ, ਪਰੰਤੂ ਇਸ ਸਭ ਦੇ ਬਾਵਜੂਦ ਲੋਕਾਂ ਦੇ ਪਾਸ ਉਹੀਓ ਜਾਣਕਾਰੀਆਂ ਪਹੁੰਚ ਸਕੀਆਂ ਹਨ, ਜੋ ਆਪਣੇ-ਆਪ ਵਿਚ ਅਧੂਰੀਆਂ ਮਹਿਸੂਸ ਹੁੰਦੀਆਂ ਹਨ ਜਾਂ ਜਿਨ੍ਹਾਂ ‘ਤੇ ਪੂਰੀ ਤਰ੍ਹਾਂ ਨਾਲ ਖੋਜ ਨਹੀਂ ਕੀਤੀ ਜਾ ਸਕੀ। ਇਸ ਲੇਖ ਵਿਚ ਉਨ੍ਹਾਂ ਲੋਕਾਂ ਦੁਆਰਾ ਦਿੱਤੀਆਂ ਜਾਣਕਾਰੀਆਂ ‘ਤੇ ਚਰਚਾ ਕਰ ਰਹੇ ਹਾਂ, ਜੋ ਇਸ ਕਾਂਡ ਦੇ ਚਸ਼ਮਦੀਦ ਗਵਾਹ ਹੀ ਨਹੀਂ ਸਗੋਂ ਇਸ ਕਾਂਡ ਦੇ ਭੋਗੀ ਵੀ ਰਹੇ ਹਨ।
ਜਦੋਂ ਜਨਰਲ ਆਰ.ਈ.ਐਚ. (ਰਿਨਾਲਡ ਏਡਵਰਡ ਹੈਨਰੀ) ਡਾਇਰ ਦੁਆਰਾ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਹਜ਼ਾਰਾਂ ਬੇਗੁਨਾਹਾਂ ਦੇ ਨਾਲ ਖੂਨੀ ਖੇਡ ਖੇਡਿਆ ਜਾ ਰਿਹਾ ਸੀ ਤਾਂ ਉਸ ਭੀੜ ਵਿਚ ਇਕ ਚਾਰ ਸਾਲਾਂ ਦਾ ਬਾਲਕ ਵੀ ਮੂਕ ਦਰਸ਼ਕ ਬਣ ਕੇ ਇਹ ਦਿਲਾਂ ਨੂੰ ਕੰਬਾਅ ਦੇਣ ਵਾਲਾ ਮੰਜ਼ਰ ਵੇਖ ਰਿਹਾ ਸੀ। ਗੋਲੀ ਚੱਲਣ ਤੋਂ ਬਾਅਦ ਬਾਗ਼ ਵਿਚ ਭਗਦੜ ਮਚਣ ‘ਤੇ ਉਸ ਦਾ ਇਕ ਹੱਥ ਉਸ ਦੇ ਰਿਸ਼ਤੇ ਵਿਚ ਲਗਦੇ ਚਾਚੇ ਅਤੇ ਇਕ ਹੱਥ ਦਾਦੇ ਨੇ ਫੜਿਆ ਹੋਇਆ ਸੀ। ਬਾਗ਼ ਦੇ ਦੱਖਣ ਵੱਲ ਬਣੀਆਂ ਧੋਬੀਆਂ ਦੀਆਂ ਝੌਂਪੜੀਆਂ ਤੋਂ ਟੱਪ ਕੇ ਕਿਸੇ ਤਰ੍ਹਾਂ ਨਾਲ ਇਹ ਲੋਕ ਉਥੋਂ ਜਾਨ ਬਚਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਆਸਟ੍ਰੇਲੀਆ ਵਿਚ ਰਹਿ ਰਹੇ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਇਸ ਚਸ਼ਮਦੀਦ ਗ਼ਵਾਹ ਸ. ਭਰਪੂਰ ਸਿੰਘ ਮੋਕਲ ਅਨੁਸਾਰ ਉਪਰੋਕਤ ਕਾਂਡ ਦੇ ਸਮੇਂ ਉਨ੍ਹਾਂ ਦੀ ਉਮਰ ਚਾਰ ਸਾਲ ਦੀ ਰਹੀ ਹੋਣ ਕਰਕੇ ਉਸ ਦਿਨ ਬਾਗ਼ ਵਿਚ ਕੀ-ਕੀ ਹੋਇਆ, ਇਹ ਭਾਵੇਂ ਉਨ੍ਹਾਂ ਨੂੰ ਯਾਦ ਨਹੀਂ ਰਿਹਾ, ਪਰ ਬਾਗ਼ ਵਿਚ ਮੌਜੂਦ ਹਜ਼ਾਰਾਂ ਜ਼ਖਮੀਆਂ ਦੇ ਦਿਲਾਂ ਨੂੰ ਕੰਬਾਅ ਦੇਣ ਵਾਲੀ ਹੂਕ ਅੱਜ ਵੀ ਉਨ੍ਹਾਂ ਦੇ ਕੰਨਾਂ ਵਿਚ ਗੂੰਜਦੀ ਹੈ, ਜਿਸ ਨਾਲ ਧੁੰਦਲੇ-ਧੁੰਦਲੇ ਜਿਹੇ ਖ਼ੌਫ਼ਨਾਕ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆਉਣ ਲਗਦੇ ਹਨ। ਉਹ ਉਸ ਦਿਨ ਨੂੰ ਇਕ ਵਾਰ ਫਿਰ ਯਾਦ ਕਰਕੇ ਦੱਸਣਾ ਸ਼ੁਰੂ ਕਰਦੇ ਹਨ-’13 ਅਪ੍ਰੈਲ ਨੂੰ ਜਦੋਂ ਮੇਰੇ ਦਾਦਾ ਚੌਧਰੀ ਸੁੰਦਰ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਹਰਸ਼ਾ ਸਿੰਘ ਜਲਸਾ ਵੇਖਣ ਲਈ ਬਾਗ਼ ਵਿਚ ਜਾਣ ਲੱਗੇ ਤਾਂ ਜਾਂਦੇ ਹੋਏ ਉਹ ਮੈਨੂੰ ਵੀ ਨਾਲ ਲੈ ਗਏ। ਜਦੋਂ ਬਾਗ਼ ਵਿਚ ਗੋਲੀ ਚੱਲਣੀ ਸ਼ੁਰੂ ਹੋਈ ਤਾਂ ਮੇਰੇ ਚਾਚਾ ਮੈਨੂੰ ਚੁੱਕ ਕੇ ਉਥੋਂ ਭੱਜ ਨਿਕਲੇ। ਬਾਗ਼ ਦੀ ਦੀਵਾਰ ਟੱਪਦਿਆਂ ਉਨ੍ਹਾਂ ਦੀ ਖੱਬੀ ਬਾਂਹ ਦੀ ਹੱਡੀ ਟੁੱਟ ਗਈ, ਜਿਸ ਦਾ ਉਹ ਇਲਾਜ ਨਹੀਂ ਸਨ ਕਰਵਾ ਸਕਦੇ, ਕਿਉਂਕਿ ਕੋਈ ਵੀ ਜ਼ਖਮੀ ਵਿਅਕਤੀ ਪੁਲਿਸ ਵਾਲਿਆਂ ਨੂੰ ਰਸਤੇ ਵਿਚ ਮਿਲ ਜਾਂਦਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ।

Check Also

ਭਾਰਤ ਦੀਆਂ ਖੇਤੀ ਨੀਤੀਆਂ ਵਿਚ ਤਬਦੀਲੀ ਦੀ ਜ਼ਰੂਰਤ

ਡਾ. ਗਿਆਨ ਸਿੰਘ ਭਾਰਤ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ 19 ਜੂਨ …