ਪ੍ਰੋ. ਕਿਰਪਾਲ ਸਿੰਘ ਬਡੂੰਗਰ
ਸਿੱਖ ਜਗਤ ਵਿੱਚ ਸਮੂਹ ਗੁਰਪੁਰਬਾਂ, ਸ਼ਹੀਦੀ ਦਿਹਾੜਿਆਂ ਅਤੇ ਹੋਰ ਇਤਿਹਾਸਕ ਤਿਉਹਾਰਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ਼ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਵਿੱਚੋਂ ਬੰਦੀ-ਛੋੜ ਦਿਵਸ, ਵਿਸਾਖੀ, ਮਾਘੀ ਆਦਿ ਦਿਹਾੜੇ ਸਿੱਖ ਮਾਨਸਿਕਤਾ ਨਾਲ਼ ਜੁੜੇ ਹੋਏ ਹਨ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿੱਚ ਬੜੀ ਸਜ-ਧਜ ਨਾਲ਼ ਮਨਾਇਆ ਜਾਂਦਾ ਹੈ, ਪਰ ਸਿੱਖ ਕੌਮ ਧਰਮ ‘ਚ ਇਸ ਦਾ ਇਤਿਹਾਸਕ ਪਿਛੋਕੜ ਵਿਲੱਖਣ ਹੈ। ਇਸ ਦਿਨ ਨਾਲ਼ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ਼ ਇਸ ਤਿਉਹਾਰ ਦਾ ਸਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ। ਜਿਹਨਾਂ ਕਾਰਨਾਂ ਕਰਕੇ ਛੇਵੇਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਤੇ ਫਿਰ ਰਿਹਾਅ ਕਰ ਦਿੱਤਾ ਗਿਆ, ਉਹਨਾਂ ਦੀ ਜਾਣਕਾਰੀ ਬਿਨਾਂ ਬੰਦੀ-ਛੋੜ ਦਿਵਸ ਦੀ ਅਹਿਮੀਅਤ ਨੂੰ ਸਮਝਣਾ ਔਖਾ ਹੈ।
ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਹਰਿਮੰਦਰ ਸਾਹਿਬ ਦੇ ਸੰਸਥਾਪਕ, ਬਾਣੀ ਤੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸ ਲਈ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।
ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ਼-ਨਾਲ਼ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫ਼ੌਜ ਤਿਆਰ ਕਰਕੇ ਉਹਨਾਂ ਨੂੰ ਜੰਗ ਦੀ ਟਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲੇ ਦੀ ਸਥਾਪਨਾ ਨਾਲ਼ ਤਾਂ ਹਕੂਮਤ ਹੋਰ ਵੀ ਜਲ-ਬਲ ਬਣ ਗਈ। ਗੁਰੂ-ਘਰ ਦੀ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗ਼ਾਵਤ ਨੂੰ ਸ਼ਹਿ ਦੇਣ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫ਼ੈਲ ਗਈ। ਪਰ ਗੁਰੂ ਸਾਹਿਬ ਜੀ ਦੇ ਪਹੁੰਚਣ ਨਾਲ਼ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ। ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਕਾਲ-ਕੋਠੜੀਆਂ ਵਿੱਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ। ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿੱਚ ਲੈ ਆਂਦਾ। ਓਧਰ ਗੁਰੂ ਸਾਹਿਬ ਜੀ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ। ਸਿੱਖ ਸੰਗਤਾਂ ਦਾ ਇੱਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਲਈ ਰਵਾਨਾ ਹੋਇਆ। ਜਿੱਥੋਂ-ਜਿੱਥੋਂ ਇਹ ਜਥਾ ਕੀਰਤਨ ਕਰਦਾ ਹੋਇਆ ਗੁਜ਼ਰਦਾ, ਸਿੱਖ ਸੰਗਤਾਂ ਇਸ ਦਾ ਭਾਰੀ ਸਵਾਗਤ ਕਰਦੀਆਂ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ਼ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ। ਇਸ ‘ਤੇ ਇਹ ਜਥਾ ਕੀਰਤਨ ਕਰਦਿਆਂ , ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕਰ ਗੁਰੂ ਸਾਹਿਬ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਵਾਪਸ ਮੁੜ ਆਇਆ। ਉਪਰੰਤ ਅੰਮ੍ਰਿਤਸਰ ਤੋਂ ਵਾਰੋ-ਵਾਰੀ ਸਿੱਖਾਂ ਦੇ ਜਥੇ ਗਵਾਲੀਅਰ ਦੇ ਕਿਲ੍ਹੇ ਵੱਲ ਰਵਾਨਾ ਹੋਣ ਲੱਗੇ, ਜੋ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੇ। ਦੂਜੇ ਪਾਸੇ ਸਾਈਂ ਮੀਆਂ ਮੀਰ ਜੀ ਵਲੋਂ ਗੁਰੂ ਸਾਹਿਬ ਦੀ ਸਤਿਕਾਰ ਸਹਿਤ ਰਿਹਾਈ ਸਬੰਧੀ ਜਹਾਂਗੀਰ ਨਾਲ਼ ਗੱਲਬਾਤ ਨਿਰੰਤਰ ਚੱਲ ਰਹੀ ਸੀ, ਜਿਸ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਕਾਮਯਾਬੀ ਮਿਲੀ ਅਤੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਪਰੰਤੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਸਿੱਖ ਪ੍ਰੰਪਰਾਵਾਂ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਬਵੰਜਾ ਕਲੀਆਂ ਵਾਲਾ ਵਿਸ਼ੇਸ਼ ਚੋਲਾ ਪਹਿਨਿਆ ਅਤੇ ਉਨ੍ਹਾਂ ਬਵੰਜਾ ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜ ਕੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਲ ਕੀਤਾ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਰਿਹਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਨਾਲ਼ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਉਸ ਦਿਨ ਸਬੱਬ ਨਾਲ਼ ਦੀਵਾਲੀ ਦਾ ਦਿਹਾੜਾ ਸੀ। ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਧਾਰਨ ‘ਤੇ ਘਰਾਂ ਵਿੱਚ ਘਿਉ ਦੇ ਦੀਵੇ ਜਗਾਏ ਅਤੇ ਅਥਾਹ ਖ਼ੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ-ਛੋੜ ਦਿਵਸ ਦੀਵਾਲੀ ਅਤੇ ਵਿਸਾਖੀ ਦੇ ਦਿਨ ‘ਸਰਬੱਤ ਖਾਲਸਾ’ ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਜਿਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫੈਸਲੇ ਤੇ ਗੁਰਮਤੇ ਕੀਤੇ ਜਾਂਦੇ। 1733 ਈਸਵੀ ਦੀ ਦੀਵਾਲੀ ਦੇ ਅਵਸਰ ‘ਤੇ ਵੀ ਭਾਈ ਮਨੀ ਸਿੰਘ ਨੇ ਇੰਜ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ। ਕਿਉਂਕਿ ਉਸ ਸਮੇਂ ਹਕੂਮਤ ਵਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ। ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜ਼ਾਜਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ , ਜਿਸ ਦੀ ਸੂਹ ਭਾਈ ਮਨੀ ਸਿੰਘ ਨੂੰ ਵੀ ਮਿਲ ਗਈ ਅਤੇ ਉਹਨਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋਂ ਰੋਕ ਦਿੱਤਾ।
ਸੰਗਤਾਂ ਦੇ ਨਾ ਆਉਣ ‘ਤੇ ਭੇਟਾ ਇਕੱਠੀ ਨਾ ਹੋਣ ਕਰਕੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਐਕਸ ਅਦਾ ਕਰਨ ਜਾਂ ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ‘ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ’ ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵਲੋਂ ਦਿੱਤੇ ਫਤਵੇ ਅਨੁਸਾਰ ਭਾਈ ਮਨੀ ਸਿੰਘ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸੰਨ 1758 ਈਸਵੀ ਦੀ ਦੀਵਾਲੀ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਖ਼ਾਲਸੇ ਨੇ ‘ਸਰਬੱਤ ਖਾਲਸਾ’ ਬੋਲਿਆ, ਜਿਸ ਵਿੱਚ ਗੁਰਮਤੇ ਅਨੁਸਾਰ ਵੱਖ-ਵੱਖ ਮਿਸਲਾਂ ਦੇ ਸਰਦਾਰ ਆਪੋ-ਆਪਣੇ ਕਬਜ਼ੇ ਤਹਿਤ ਇਲਾਕਿਆਂ ਦੇ ਮਾਲਕ ਐਲਾਨ ਕੀਤੇ ਗਏ। ਇਹ ਇਕ ਸੁਤੰਤਰ ਖ਼ਾਲਸਾ ਰਾਜ ਦਾ ਅਹਿਦਨਾਮਾ ਸੀ। ਇਸ ਤੋਂ ਪਿੱਛੋਂ ਖ਼ਾਲਸੇ ਨੇ ਸੰਨ 1761 ਦੀ ਦੀਵਾਲੀ ਮੌਕੇ ‘ਸਰਬੱਤ ਖਾਲਸੇ’ ਦਾ ਇਕੱਠ ਕੀਤਾ ਤਾਂ ਜ਼ੰਡਿਆਲੇ ਦੇ ਆਕਿਲ ਦਾਸ ਨਿਰੰਜਨੀਏ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਸੂਹੀਆ ਹੋਣ ਕਰਕੇ, ਉਸ ਨੂੰ ‘ਸੋਧਣ’ ਦਾ ਗੁਰਮਤਾ ਪਾਸ ਕੀਤਾ ਗਿਆ।
ਸੰਨ 1762 ਵਿੱਚ ਖਾਲਸੇ ਦੇ ਇਤਿਹਾਸ ਦਾ ਇਕ ਵੱਡਾ ਖ਼ੂਨੀ ਸਾਕਾ ‘ਵੱਡਾ ਘੱਲੂਘਾਰਾ’ ਵਾਪਰਿਆ। ਜਿਸ ਵਿੱਚ ਅੰਦਾਜਨ ਤੀਹ ਹਜ਼ਾਰ ਦੀ ਗਿਣਤੀ ਵਿੱਚ ਸਿੰਘ, ਬੀਬੀਆਂ ਅਤੇ ਬੱਚੇ ਸ਼ਹੀਦ ਹੋਏ। ਪਰ ਖਾਲਸੇ ਨੇ ਈਨ ਨਹੀਂ ਮੰਨੀ ਅਤੇ ਇਸੇ ਸਾਲ ਦੀ ਦੀਵਾਲੀ ਵਾਲੇ ਦਿਨ ਲਗਭਗ 60,000 ਦੀ ਗਿਣਤੀ ਵਿੱਚ ਤਿਆਰ-ਬਰ-ਤਿਆਰ ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰ ਹੋਇਆ ਅਤੇ ਵੱਡੇ ਘੱਲੂਘਾਰੇ ਦਾ ਬਦਲਾ ਲੈਣ ਦਾ ਅਰਦਾਸਾ ਸੋਧਿਆ।
ਇਸ ਅਰਦਾਸੇ ਤੋਂ ਬਾਅਦ ਖ਼ਾਲਸੇ ਨੇ ਲਾਹੌਰ ਵਲੋਂ ਕੂਚ ਕੀਤਾ ਤਾਂ ਉੱਧਰੋਂ ਅਬਦਾਲੀ, ਜੋ ਅਜੇ ਲਾਹੌਰ ਵਿਖੇ ਹੀ ਰੁਕਿਆ ਹੋਇਆ ਸੀ, ਵੀ ਆਪਣੀਆਂ ਫ਼ੌਜਾਂ ਲੈ ਅੰਮ੍ਰਿਤਸਰ ਵੱਲ ਰਵਾਨਾ ਹੋਇਆ। ਦੋਹਾਂ ਤਾਕਤਾਂ ਦਰਮਿਆਨ ਅੰਮ੍ਰਿਤਸਰ ਸ਼ਹਿਰ ਤੋਂ ਕੁਝ ਦੂਰ ਭਾਰੀ ਟਾਕਰਾ ਹੋਇਆ, ਜੋ ਸਵੇਰ ਤੋਂ ਲੈ ਕੇ ਅੱਧੀ ਰਾਤ ਤੀਕ ਜਾਰੀ ਰਿਹਾ। ਪਾਣੀਪਤ ਦੀ ਤੀਜੀ ਜੰਗ ਦਾ ਜੇਤੂ ਰਾਤ ਦੇ ਹਨੇਰੇ ਵਿੱਚ ਮੈਦਾਨ ਛੱਡ ਵਾਪਸ ਭੱਜ ਗਿਆ। ਖ਼ਾਲਸੇ ਦੀ ਭਾਰੀ ਜਿੱਤ ਹੋਈ ਅਤੇ ਉਸ ਨੇ ਜੇਤੂ ਦੇ ਤੌਰ ‘ਤੇ ਅੰਮ੍ਰਿਤਸਰ ਵਿਖੇ ਪਹੁੰਚ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ। ਆਉਣ ਵਾਲੇ ਸਮਿਆਂ ਦੌਰਾਨ ਵੀ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ਼ ਜੁੜਦੀਆਂ ਗਈਆਂ, ਜਿਹਨਾਂ ਕਰਕੇ ਇਹ ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
ਆਓ ਅੱਜ ਦੀਵਾਲੀ ਦੇ ਇਸ ਇਤਿਹਾਸਕ ਦਿਹਾੜੇ ‘ਤੇ ਪੰਥ ਦੀ ਚੜ੍ਹਦੀ ਕਲਾ ਲਈ, ਮਜ਼ਬੂਤੀ, ਏਕਤਾ ਅਤੇ ਆਪਸੀ ਸਦਭਾਵਨਾ ਕਾਇਮ ਕਰਨ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਵਲੋਂ ਦਰਸਾਏ ਗਏ ਗੁਰਮਤਿ ਗਾਡੀ ਰਾਹ ਨੂੰ ਅਮਲੀ ਰੂਪ ‘ਚ ਅਪਣਾਉਂਦਿਆਂ ਖੰਡੇ-ਬਾਟੇ ਦਾ ਪਾਹੁਲ ਛਕ ਅਤੇ ਮਨੁੱਖਾ ਜੀਵਨ ਸੰਵਾਰ, ਗੁਰੂ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੀਏ।
ੲੲੲ