Breaking News
Home / ਪੰਜਾਬ / ਹਰਿਮੰਦਰ ਸਾਹਿਬ ਦੀ ਸ਼ਾਂਤੀ ਭੰਗ

ਹਰਿਮੰਦਰ ਸਾਹਿਬ ਦੀ ਸ਼ਾਂਤੀ ਭੰਗ

ਡਾਂਗਾਂ ਦਾ ਵਰ੍ਹਿਆ ਪ੍ਰਸ਼ਾਦ
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਝੜਪ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਵੀਰਵਾਰ ਨੂੰ ਉਸ ਸਮੇਂ ਝੜਪ ਹੋ ਗਈ ਜਦੋਂ ਮੁਤਵਾਜ਼ੀ ਜਥੇਦਾਰ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਆਗੂ ਮਾਸਟਰ ਜੌਹਰ ਸਿੰਘ ਖਿਲਾਫ਼ ਕਾਰਵਾਈ ਲਈ ਮੀਟਿੰਗ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਰਹੇ ਸਨ। ਝੜਪ ਦੌਰਾਨ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀ ਯੂਨਾਈਟਿਡ ਅਕਾਲੀ ਦਲ ਦੇ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨੈਲ ਸਿੰਘ ਸਖੀਰਾ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਤੇ ਟਾਸਕ ਫੋਰਸ ਦੇ ਅਮਰੀਕ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ। ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਵੱਲੋਂ ਮਾਸਟਰ ਜੌਹਰ ਸਿੰਘ ਨੂੰ ਤਲਬ ਕੀਤਾ ਗਿਆ ਸੀ। ਵੇਰਵਿਆਂ ਮੁਤਾਬਕ ਮਾਸਟਰ ਜੌਹਰ ਸਿੰਘ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੁੱਜ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਮਾਸਟਰ ਜੋਹਰ ਸਿੰਘ ਨੂੰ ਜਬਰੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਲੈ ਆਂਦਾ। ਇਸ ਦੌਰਾਨ ਜੋੜਾ ਘਰ ਨੇੜੇ ਮੁਤਵਾਜ਼ੀ ਜਥੇਦਾਰ ਅਤੇ ਉਨ੍ਹਾਂ ਦੇ ਸਮਰਥਕ ਵੀ ਪੁੱਜ ਚੁੱਕੇ ਸਨ। ਸਤਨਾਮ ਸਿੰਘ ਮਨਾਵਾਂ ਜਦੋਂ ਮੁੜ ਮਾਸਟਰ ਜੌਹਰ ਸਿੰਘ ਨੂੰ ਕਾਰਵਾਈ ਲਈ ਅੰਦਰ ਲੈ ਕੇ ਜਾਣ ਲੱਗਾ ਤਾਂ ਟਾਸਕ ਫੋਰਸ ਵੱਲੋਂ ਉਸ ਨੂੰ ਰੋਕਿਆ ਗਿਆ, ਜਿਥੇ ਤਕਰਾਰ ਮਗਰੋਂ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ‘ਚ ਫੈਡਰੇਸ਼ਨ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਦੀ ਦਸਤਾਰ ਹਿਲ ਗਈ, ਜਰਨੈਲ ਸਿੰਘ ਸਖੀਰਾ ਦੀ ਕਮੀਜ਼ ਫਟ ਗਈ ਅਤੇ ਸਤਨਾਮ ਸਿੰਘ ਮਨਾਵਾਂ ਦੇ ਹੱਥ ‘ਤੇ ਸੱਟ ਲੱਗੀ।
ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਨੇ ਕਿਰਪਾਨਾਂ ਬਾਹਰ ਖਿੱਚ ਲਈਆਂ ਜਿਸ ਕਾਰਨ ਸ਼੍ਰੋਮਣੀ ਕਮੇਟੀ ਅਧਿਕਾਰੀ ਬਿਜੈ ਸਿੰਘ ਤੇ ਅਮਰੀਕ ਸਿੰਘ ਨੂੰ ਵੀ ਸੱਟਾਂ ਲੱਗੀਆਂ। ਉਥੇ ਮੌਜੂਦ ਪੁਲਿਸ ਦੀ ਦਖ਼ਲ-ਅੰਦਾਜ਼ੀ ਨਾਲ ਇਕ ਵਾਰ ਮਾਮਲਾ ਠੱਲ੍ਹ ਗਿਆ। ਉਪਰੰਤ ਜਦੋਂ ਮੁਤਵਾਜ਼ੀ ਜਥੇਦਾਰ ਘੰਟਾ ਘਰ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਪੁੱਜੇ ਤਾਂ ਉਥੇ ਪਰਿਕਰਮਾ ‘ਚ ਜਥੇਦਾਰ ਨੂੰ ਘੇਰਨ ਦਾ ਯਤਨ ਕੀਤਾ ਗਿਆ। ਇਸ ਦੌਰਾਨ ਉਹ ਵੀ ਟਾਸਕ ਫੋਰਸ ਦੇ ਸਾਥੀਆਂ ਸਮੇਤ ਨੇਜ਼ੇ ਲੈ ਕੇ ਬਾਹਰ ਆ ਗਏ। ਇਥੇ ਇਕ-ਦੂਜੇ ਨੂੰ ਵੰਗਾਰਿਆ ਗਿਆ ਪਰ ਪੁਲਿਸ ਦੀ ਦਖ਼ਲ-ਅੰਦਾਜ਼ੀ ਨਾਲ ਮਾਮਲਾ ਸ਼ਾਂਤ ਹੋ ਗਿਆ। ਦੋਵਾਂ ਧਿਰਾਂ ਦੀ ਇਸ ਕਾਰਵਾਈ ਦੌਰਾਨ ਉਥੋਂ ਲੰਘ ਰਹੇ ਗੈਰ ਪੰਜਾਬੀ ਸ਼ਰਧਾਲੂ ਡਰ ਗਏ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਅਤੇ ਮੈਨੇਜਰ ਸੁਲੱਖਣ ਸਿੰਘ ਨੇ ਆਖਿਆ ਕਿ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਸ਼ਾਂਤੀ ਅਤੇ ਮਰਿਆਦਾ ਵਿੱਚ ਖਲਲ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ ਅਤੇ ਹਿੰਸਾ ਲਈ ਜ਼ਿੰਮੇਵਾਰਾਂ ਦੀ ਪਛਾਣ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨੇਤਾਗਿਰੀ ਚਮਕਾਉਣ ਨਹੀਂ ਦਿੱਤੀ ਜਾਵੇਗੀ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਹਿੰਸਕ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਮਾਸਟਰ ਜੌਹਰ ਸਿੰਘ ਸ਼ਰਧਾਲੂ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗਿਆ ਸੀ, ਜਿਸ ਨੂੰ ਮਸੰਦਾਂ ਵਰਗੀ ਕਾਰਵਾਈ ਰਾਹੀਂ ਜਬਰੀ ਅਤੇ ਅਪਮਾਨਜਨਕ ਢੰਗ ਨਾਲ ਬਾਹਰ ਕੱਢਿਆ ਗਿਆ।
ਸਰਬੱਤ ਖਾਲਸਾ ਦੇ ਜਥੇਦਾਰਾਂ ਵਲੋਂ ਜੌਹਰ ਸਿੰਘ ਤਨਖ਼ਾਹੀਆ ਕਰਾਰ
ਅੰਮ੍ਰਿਤਸਰ : ਸਰਬੱਤ ਖਾਲਸਾ ਦੇ ਜਥੇਦਾਰਾਂ ਵਲੋਂ ਜੌਹਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਜੌਹਰ ਸਿੰਘ ਨੂੰ ਹਫ਼ਤੇ ਲਈ ਰੋਜ਼ਾਨਾ ਇੱਕ-ਇੱਕ ਘੰਟੇ ਲਈ ਕੀਰਤਨ ਸਰਵਣ ਕਰਨ, ਸੰਗਤ ਦੇ ਜੋੜੇ ਸਾਫ ਕਰਨ ਤੇ ਲੰਗਰ ਦੇ ਜੂਠੇ ਬਰਤਨ ਮਾਂਜਣ ਦੀ ਸਜ਼ਾ ਦਿੱਤੀ ਹੈ। ਇਸ ਮੌਕੇ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਵੀ ਉੱਥੇ ਮੌਜੂਦ ਸਨ। ਜੌਹਰ ਸਿੰਘ ਨੇ ਲਗਾਈ ਤਨਖਾਹ ਨੂੰ ਕਬੂਲ ਕਰ ਲਿਆ ਹੈ ਅਤੇ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸੇਵਾ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ਜੌਹਰ ਸਿੰਘ, ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਤੇ ਇੱਥੋਂ ਦੇ ਸਕੱਤਰ ਨੇ ਪਿਛਲੇ ਦਿਨੀਂ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜ ਲਿਆ ਸੀ।
ਹਨੀਪ੍ਰੀਤ ਨੇ ਕਬੂਲਿਆ ਪੰਚਕੂਲਾ ਹਿੰਸਾ ਪਿੱਛੇ ਮੇਰਾ ਹੱਥ
ਚੰਡੀਗੜ੍ਹ : ਦੁਬਾਰਾ ਰਿਮਾਂਡ ਮਿਲਦਿਆਂ ਹੀ ਹਨੀਪ੍ਰੀਤ ਨੇ ਪੁਲਿਸ ਕੋਲ ਕਬੂਲ ਕਰ ਲਿਆ ਕਿ ਪੰਚਕੂਲਾ ਦੀ ਹਿੰਸਾ ਪਿੱਛੇ ਮੇਰਾ ਹੀ ਹੱਥ ਸੀ। ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦੇ ਨਾਲ ਸੁਖਦੀਪ ਕੌਰ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਵਿਸ਼ੇਸ਼ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫਿਰ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਨੀਪ੍ਰੀਤ ਅਦਾਲਤ ਰੂਮ ਵਿਚ ਫੁੱਟ-ਫੁੱਟ ਕੇ ਰੋਈ ਅਤੇ ਕਹਿ ਰਹੀ ਸੀ ਮੈਨੂੰ ਜਿੰਨਾ ਵੀ ਪਤਾ ਸੀ ਮੈਂ ਪੁਲਿਸ ਨੂੰ ਦੱਸ ਦਿੱਤਾ ਹੈ। ਚੇਤੇ ਰਹੇ ਕਿ ਪਿਛਲੇ ਦਿਨਾਂ ਤੋਂ ਹਨੀਪ੍ਰੀਤ ਪੁਲਿਸ ਰਿਮਾਂਡ ‘ਤੇ ਸੀ, ਪਰ ਪੁਲਿਸ ਹਨੀਪ੍ਰੀਤ ਕੋਲੋਂ ਕੋਈ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਕਰ ਸਕੀ।
ਪੁਲਿਸ ਨੇ ਅਦਾਲਤ ਵਿਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਹਾਲੇ ਵੀ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਹਨੀਪ੍ਰੀਤ ਕੋਲੋਂ ਨਹੀਂ ਮਿਲੇ। ਇਸ ਕਰਕੇ ਹਨੀਪ੍ਰੀਤ ਦਾ ਪੁਲਿਸ ਰਿਮਾਂਡ ਹੋਰ ਵਧਾਇਆ ਜਾਵੇ।
ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਪੁਲਿਸ ਰਿਮਾਂਡ ਦੌਰਾਨ ਮੰਨ ਲਿਆ ਹੈ ਕਿ ਪੰਚਕੂਲਾ ਵਿਚ ਹਿੰਸਾ ਉਸਦੇ ਹੀ ਇਸ਼ਾਰੇ ‘ਤੇ ਹੀ ਹੋਈ ਸੀ। ਐਸਆਈਟੀ ਮੁਤਾਬਕ, ਹਨੀਪ੍ਰੀਤ ਨੇ ਦੱਸਿਆ ਕਿ ਹਿੰਸਾ ਕਰਵਾਉਣ ਲਈ ਉਸ ਨੇ ਸਵਾ ਕਰੋੜ ਰੁਪਏ ਵੀ ਵੰਡੇ ਸਨ। ਰਿਮਾਂਡ ਤੋਂ ਬਾਅਦ ਲੰਘੇ ਮੰਗਲਵਾਰ ਨੂੰ ਐਸਆਈਟੀ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਸੀ ਤੇ ਹਨਪ੍ਰੀਤ ਨੂੰ ਤਿੰਨ ਦਾ ਹੋਰ ਰਿਮਾਂਡ ਮਿਲਿਆ ਸੀ। ਇਸ ਤੋਂ ਪਹਿਲਾਂ ਹਨੀਪ੍ਰੀਤ ਇਹ ਕਹਿੰਦੀ ਰਹੀ ਹੈ ਕਿ ਮੈਂ ਬੇਕਸੂਰ ਹਾਂ। ਪੰਚਕੂਲਾ ਵਿਚ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਹਿੰਸਾ ਦੌਰਾਨ 36 ਡੇਰਾ ਪ੍ਰੇਮੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਵੀ ਹੋਏ ਸਨ।
ਐਸਆਈਟੀ ਨੇ ਕਿਹਾ ਸੀ ਕਿ ਹਨੀਪ੍ਰੀਤ ਨੇ ਦੇਸ਼ ਵਿਰੋਧੀ ਵੀਡੀਓ ਵਾਇਰਲ ਕੀਤਾ ਸੀ। ਇਸ ਵੀਡੀਓ ਵਿਚ ਨਾਅਰੇਬਾਜ਼ੀ ਕੀਤੀ ਗਈ ਸੀ ਕਿ ਜੇਕਰ ਰਾਮ ਰਹੀਮ ਨੂੰ ਸਜ਼ਾ ਹੋਈ ਤਾਂ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਤੋਂ ਮਿਟਾ ਦਿਆਂਗੇ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …