4.5 C
Toronto
Friday, November 14, 2025
spot_img
Homeਪੰਜਾਬਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ 20 ਮਾਰਚ ਨੂੰ ਤਲਬ

ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ 20 ਮਾਰਚ ਨੂੰ ਤਲਬ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀਆਂ ਮਿਲੀਆਂ ਸਨ ਸ਼ਿਕਾਇਤਾਂ
ਲੁਧਿਆਣਾ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਹੇਠ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਲੁਧਿਆਣਾ ਦੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਹੁਣ ਵਿਜੀਲੈਂਸ ਵੱਲੋਂ ਪੁੱਛ-ਪੜਤਾਲ ਲਈ 20 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਤੋਂ ਵਿਜੀਲੈਂਸ ਦੀ ਟੀਮ ਕੁਲਦੀਪ ਵੈਦ ਦੀਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਸੀ ਤੇ ਇਸ ਕਾਰਵਾਈ ਦੌਰਾਨ ਵੈਦ ਹੁਣ ਤੱਕ ਗਾਇਬ ਰਹੇ ਹਨ।
ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਕੁਲਦੀਪ ਸਿੰਘ ਵੈਦ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕਰਨ ਮਗਰੋਂ ਰਿਪੋਰਟ ਤਿਆਰ ਕੀਤੀ ਹੈ। ਇਸ ਸਬੰਧੀ ਨਗਰ ਨਿਗਮ ਤੇ ਗਲਾਡਾ ਦੇ ਅਧਿਕਾਰੀਆਂ ਤੋਂ ਵੀ ਸਾਬਕਾ ਵਿਧਾਇਕ ਦੀ ਜਾਇਦਾਦ ਦਾ ਰਿਕਾਰਡ ਮੰਗਿਆ ਗਿਆ ਹੈ। ਵਿਜੀਲੈਂਸ ਦੀ ਟੀਮ ਨੇ ਵੈਦ ਦੀਆਂ ਪ੍ਰਾਪਰਟੀਆਂ ਦੇ ਕਾਗਜ਼ਾਤ ਕਬਜ਼ੇ ‘ਚ ਲੈ ਲਏ ਹਨ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਲਗਾਤਾਰ ਚਲੀ ਇਸ ਜਾਂਚ ਦੌਰਾਨ ਵਿਜੀਲੈਂਸ ਦੇ ਹੱਥ ਕਈ ਕਾਗਜ਼ਾਤ ਲੱਗੇ ਹਨ, ਜਿਸ ਮਗਰੋਂ ਹੁਣ ਸਾਬਕਾ ਵਿਧਾਇਕ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਵਿਜੀਲੈਂਸ ਵੱਲੋਂ ਅਧਿਕਾਰੀ ਵਜੋਂ ਤਾਇਨਾਤ ਕੁਲਦੀਪ ਵੈਦ ਦੇ ਕਾਰਜਕਾਲ ਤੋਂ ਲੈ ਕੇ ਵਿਧਾਇਕ ਬਣਨ ਦੇ ਸਮੇਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਧਾਇਕ ਦੇ ਪੰਜ ਮੰਜ਼ਿਲਾ ਹੋਟਲ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਦੀਆਂ ਸਿਰਫ਼ ਦੋ ਮੰਜ਼ਿਲਾਂ ਦਾ ਨਕਸ਼ਾ ਪਾਸ ਕਰਵਾਇਆ ਗਿਆ ਹੈ, ਜਦਕਿ ਉੱਪਰ ਵਾਲੀਆਂ ਤਿੰਨ ਮੰਜ਼ਿਲਾਂ ਦੀ ਉਸਾਰੀ ਨਾਜਾਇਜ਼ ਕਰਵਾਈ ਗਈ ਹੈ। ਵਿਜੀਲੈਂਸ ਦੀ ਟੀਮ ਵੱਲੋਂ ਵੈਦ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਦਰਜ ਜਾਇਦਾਦਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਨੂੰ 20 ਮਾਰਚ ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ ਤਾਂ ਜੋ ਉਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

 

RELATED ARTICLES
POPULAR POSTS