Breaking News
Home / ਮੁੱਖ ਲੇਖ / ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ

316844-1rz8qx1421419655-300x225-300x225ਵਾਰ-ਵਾਰ ਉਜੜੇ ਪੰਜਾਬ ਦੇ ਨਾਂ ‘ਤੇ ਜਸ਼ਨ ਕਿੱਥੋਂ ਤੱਕ ਜਾਇਜ਼!
ਤਾਰੀਖ ਦੀ ਨਜ਼ਰ ਵਿਚ ਤਾਂ 1 ਨਵੰਬਰ 1966 ਨੂੰ ਇਸ ਪੰਜਾਬ ਸੂਬੇ ਦਾ ਗਠਨ ਹੋਇਆ। ਇਸਦੇ ਗਠਨ ਲਈ 70-75 ਹਜ਼ਾਰ ਦੇ ਕਰੀਬ ਲੋਕ ਜੇਲ੍ਹਾਂ ਕੱਟਦੇ ਰਹੇ ਤੇ 42 ਯੋਧਿਆਂ ਨੇ ਇਸ ਪੰਜਾਬੀ ਸੂਬੇ ਖਾਤਰ ਸ਼ਹਾਦਤਾਂ ਵੀ ਦੇ ਦਿੱਤੀਆਂ। ਪਰ ਕੀ ਇਹ ਪੰਜਾਬ ਦਾ ਗਠਨ ਸੀ ਜਾਂ ਪੰਜਾਬ ਦਾ ਉਜਾੜਾ? ਪੰਜਾਬ ਉਸ ਦਿਨ ਵੀ ਉਜੜਿਆ ਜਦੋਂ ਹਿੰਦੋਸਤਾਨ ਦੇ ਦੋ ਟੋਟੇ ਹੋ ਕੇ ਭਾਰਤ ਤੇ ਪਾਕਿਸਤਾਨ ਬਣੇ। ਕਹਿਣ ਨੂੰ ਤਾਂ ਬਟਵਾਰਾ ਹਿੰਦੋਸਤਾਨ ਦਾ ਹੋਇਆ, ਪਰ ਸੱਚਾਈ ਤਾਂ ਇਹੋ ਹੈ ਕਿ ਉਜਾੜਾ ਤਾਂ ਪੰਜਾਬ ਦਾ ਹੋਇਆ। ਆਪਾਂ ਰਾਜੇ ਮਹਾਰਾਜਿਆਂ ਦੇ ਸਮੇਂ ਵਾਲੇ ਪੰਜਾਬ ਦੀ ਜੇਕਰ ਗੱਲ ਨਾ ਕਰੀਏ ਤਾਂ ਮੌਜੂਦਾ ਪੰਜਾਬ ਦੀ ਗੱਲ ਕਰਦਿਆਂ ਵੀ ਫਿਰ ਪੰਜਾਬ ਉਸ ਵੇਲੇ ਉਜੜਿਆ ਜਦੋਂ ਇਸ ਵਿਚੋਂ ਹਰਿਆਣਾ ਨਿਕਲਿਆ ਤੇ ਇੰਝ ਹਿਮਾਚਲ ਨਿਕਲਿਆ। ਫਿਰ ਕਿੰਝ ਮਨਾਈਏ ਜਸ਼ਨ?
ਦੀਪਕ ਸ਼ਰਮਾ ਚਨਾਰਥਲ
ਅੰਮ੍ਰਿਤਸਰ ਵਿਚ ਪੰਜਾਬ ਦਿਵਸ ਦੇ ਮੌਕੇ ‘ਤੇ ਜੋ ਰੌਣਕਾਂ ਲੱਗੀਆਂ ਉਹ ਦੇਖਿਆਂ ਹੀ ਬਣਦੀਆਂ ਸਨ। ਇਸ ਪੰਜਾਬੀ ਸੂਬੇ ਨੂੰ ਬਣੇ ਹੋਏ 50 ਵਰ੍ਹੇ ਹੋ ਗਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰੀ ਪੱਧਰ ‘ਤੇ ਪੰਜਾਬ ਦਿਵਸ ਇੰਨੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਹੋਵੇ ਤੇ ਪੰਜਾਬੀ ਸੂਬੇ ਲਈ ਮੋਰਚੇ ਲਾਉਣ ਵਾਲੇ ਸੰਘਰਸ਼ੀ ਯੋਧਿਆਂ ਦੇ ਸਨਮਾਨ ਕੀਤੇ ਗਏ ਹੋਣ, ਮੋਰਚੇ ਲਾਉਣ ਮੌਕੇ ਸ਼ਹੀਦ ਹੋਣ ਵਾਲੇ ਯੋਧਿਆਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ ਹੋਵੇ। ਪਹਿਲੀ ਨਜ਼ਰੇ ਸਰਕਾਰ ਦਾ ਇਹ ਉਦਮ ਚੰਗਾ ਲੱਗਦਾ ਹੈ। ਪਰ ਪੰਜਾਬ ਦਿਵਸ ਤਾਂ ਹਰ ਵਰ੍ਹੇ ਪਹਿਲੀ ਨਵੰਬਰ ਨੂੰ ਆਉਂਦਾ ਸੀ, ਇਸ ਵਾਰ ਹੀ ਏਨੇ ਵੱਡੇ ਪੱਧਰ ‘ਤੇ ਇਹ ਸਮਾਗਮ ਉਲੀਕਣੇ, ਕੀ ਇਸਦਾ ਆਧਾਰ ਸਿਰਫ ਇਹੋ ਹੈ ਕਿ ਇਹ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਹੈ। ਸਮਝਣ ਨੂੰ ਤਾਂ ਇਹੋ ਮਹਿਸੂਸ ਹੁੰਦਾ ਹੈ ਪਰ ਪਹਿਲਾਂ ਤਾਂ ਹਰ ਵਾਰ ਭਾਸ਼ਾ ਵਿਭਾਗ ਹੀ ਇੱਕਾ-ਦੁੱਕਾ ਸਮਾਗਮ ਕਰਕੇ ਇਹ ਦਿਹਾੜਾ ਮਨਾ ਲੈਂਦਾ ਸੀ। ਪਰ ਇਹ ਸਰਕਾਰੀ ਰੈਲੀ, ਸਰਕਾਰੀ ਸਮਾਗਮ ਸ਼ਾਇਦ ਇਸ ਲਈ ਵੀ ਇਸ ਮੌਕੇ ਉਲੀਕਿਆ ਗਿਆ ਕਿਉਂਕਿ ਸਾਹਮਣੇ ਪੰਜਾਬ ਵਿਧਾਨ ਸਭਾ ਚੋਣਾਂ ਦਿਸਦੀਆਂ ਹਨ। ਸੋ ਇਕ ਪੰਥ ਦੋ ਕਾਜ ਦੀ ਧਾਰਨਾ ‘ਤੇ ਚੱਲਦਿਆਂ ਅਕਾਲੀ-ਭਾਜਪਾ ਗਠਜੋੜ ਨੇ ਨਾਲੇ ਤਾਂ 50ਵੀਂ ਵਰ੍ਹੇਗੰਢ ਮਨਾ ਲਈ, ਨਾਲੇ ਰੈਲੀ ਦੀ ਰੈਲੀ ਕਰ ਲਈ। ਗੱਲ ਇੱਥੇ ਹੀ ਨਹੀਂ ਮੁੱਕਦੀ, ਸਵਾਲ ਤਾਂ ਇਹ ਹੈ ਕਿ ਕੀ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਜਾਇਜ਼ ਹਨ? ਜੇਕਰ ਜਾਇਜ਼ ਹਨ ਤਾਂ ਕਿੰਨੇ ਕੁ!  ਤਾਰੀਖ ਦੀ ਨਜ਼ਰ ਵਿਚ ਤਾਂ 1 ਨਵੰਬਰ 1966 ਨੂੰ ਇਸ ਪੰਜਾਬ ਸੂਬੇ ਦਾ ਗਠਨ ਹੋਇਆ। ਇਸਦੇ ਗਠਨ ਲਈ 70-75 ਹਜ਼ਾਰ ਦੇ ਕਰੀਬ ਲੋਕ ਜੇਲ੍ਹਾਂ ਕੱਟਦੇ ਰਹੇ ਤੇ 42 ਯੋਧਿਆਂ ਨੇ ਇਸ ਪੰਜਾਬੀ ਸੂਬੇ ਖਾਤਰ ਸ਼ਹਾਦਤਾਂ ਵੀ ਦੇ ਦਿੱਤੀਆਂ। ਪਰ ਕੀ ਇਹ ਪੰਜਾਬ ਦਾ ਗਠਨ ਸੀ ਜਾਂ ਪੰਜਾਬ ਦਾ ਉਜਾੜਾ? ਪੰਜਾਬ ਉਸ ਦਿਨ ਵੀ ਉਜੜਿਆ ਜਦੋਂ ਹਿੰਦੋਸਤਾਨ ਦੇ ਦੋ ਟੋਟੇ ਹੋ ਕੇ ਭਾਰਤ ਤੇ ਪਾਕਿਸਤਾਨ ਬਣੇ। ਕਹਿਣ ਨੂੰ ਤਾਂ ਬਟਵਾਰਾ ਹਿੰਦੋਸਤਾਨ ਦਾ ਹੋਇਆ, ਪਰ ਸੱਚਾਈ ਤਾਂ ਇਹੋ ਹੈ ਕਿ ਉਜਾੜਾ ਤਾਂ ਪੰਜਾਬ ਦਾ ਹੋਇਆ। ਆਪਾਂ ਰਾਜੇ ਮਹਾਰਾਜਿਆਂ ਦੇ ਸਮੇਂ ਵਾਲੇ ਪੰਜਾਬ ਦੀ ਜੇਕਰ ਗੱਲ ਨਾ ਕਰੀਏ ਤਾਂ ਮੌਜੂਦਾ ਪੰਜਾਬ ਦੀ ਗੱਲ ਕਰਦਿਆਂ ਵੀ ਫਿਰ ਪੰਜਾਬ ਉਸ ਵੇਲੇ ਉਜੜਿਆ ਜਦੋਂ ਇਸ ਵਿਚੋਂ ਹਰਿਆਣਾ ਨਿਕਲਿਆ ਤੇ ਇੰਝ ਹਿਮਾਚਲ ਨਿਕਲਿਆ। ਫਿਰ ਕਿੰਝ ਮਨਾਈਏ ਜਸ਼ਨ? ਜਸ਼ਨ ਤਾਂ ਇਸ ਲਈ ਵੀ ਜਾਇਜ਼ ਨਹੀਂ ਲੱਗਦੇ ਕਿਉਂਕਿ ਨਾ ਤਾਂ ਅਸੀਂ ਪੰਜਾਬੀ ਬੋਲਦੇ ਇਲਾਕੇ ਆਪਣੇ ਕੋਲ ਰੱਖ ਸਕੇ, ਨਾ ਹੀ ਉਨ੍ਹਾਂ ਨੂੰ ਮੁੜ ਹਾਸਲ ਕਰ ਸਕੇ ਅਤੇ ਨਾ ਹੀ ਆਪਣੀ ਰਾਜਧਾਨੀ ਚੰਡੀਗੜ੍ਹ ਨੂੰ ਹਾਸਲ ਕਰਨ ‘ਚ ਕਾਮਯਾਬ ਹੋਏ।
ਜੇਕਰ ਬਿਨਾ ਸਿਰ ਵਾਲਾ ਬੱਚਾ ਜੰਮ ਪਵੇ, ਫਿਰ ਉਸਦੇ ਜੰਮਣ ਦੀ ਖੁਸ਼ੀ ਨਹੀਂ ਦੁੱਖ ਹੁੰਦਾ ਹੈ, ਪੀੜ ਹੁੰਦੀ ਹੈ। ਇੰਝ ਹੀ ਅਸੀਂ ਪੰਜਾਬੀ ਸੂਬਾ ਤਾਂ ਬਣਾ ਲਿਆ ਪਰ ਉਹ ਵੀ ਬਿਨਾ ਸਿਰ ਵਾਲਾ। ਕਿਉਂਕਿ ਇਸਦੇ ਸਿਰ ‘ਤੇ ਰਾਜਧਾਨੀ ਦਾ ਤਾਜ ਤਾਂ ਟਿਕਿਆ ਹੀ ਨਹੀਂ, ਉਲਟਾ ਚੰਡੀਗੜ੍ਹ ਵਿਚ ਤਾਂ ਨਾ ਪੰਜਾਬੀ ਦਫਤਰੀ ਭਾਸ਼ਾ ਬਣ ਸਕੀ, ਨਾ ਸਾਈਨ ਬੋਰਡਾਂ ਦੀ ਭਾਸ਼ਾ ਬਣ ਸਕੀ ਤੇ ਨਾ ਸਿਲੇਬਸ ਦੀ ਭਾਸ਼ਾ ਬਣ ਸਕੀ। ਫਿਰ ਆਪਾਂ ਕੀ ਹਾਸਲ ਕਰਕੇ ਖੁਸ਼ ਹੋ ਰਹੇ ਹਾਂ। ਅੱਜ ਪੰਜਾਬੀ ਦਾ ਤੇ ਪੰਜਾਬੀਅਤ ਦਾ ਦਬਦਬਾ ਕੈਨੇਡਾ, ਅਮਰੀਕਾ ਤੱਕ ਹੈ, ਅੱਜ ਪੰਜਾਬੀ ਤੀਜੀ ਭਾਸ਼ਾ ਦਾ ਦਰਜਾ ਕੈਨੇਡਾ ਵਿਚ ਹਾਸਲ ਕਰ ਚੁੱਕੀ ਹੈ, ਪਰ ਉਸ ਨੂੰ ਇਹ ਮਾਣ ਇਸ ਪੰਜਾਬੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਤਾਂ ਨਾ ਮਿਲਿਆ ਤੇ ਹੁਣ ਤਾਂ ਇਸ ਪੰਜਾਬ ਵਿਚ ਵੀ ਪੰਜਾਬੀ ਨੂੰ ਪੂਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ। ਅੱਜ ਜਿਹੜਾ ਪੰਜਾਬ ਸਾਡੇ ਕੋਲ ਹੈ, ਉਸ ਪੰਜਾਬ ਨੂੰ ਬਚਾਉਣ ਲਈ ਇਸ ਪੰਜਾਬ ਦੀ ਪੰਜਾਬੀ ਨੂੰ ਬਚਾਉਣ ਲਈ, ਇਸ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤੇ ਇਸ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਅਤੇ ਇਸ ਪੰਜਾਬ ਦੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਅੱਜ ਫਿਰ ਮੋਰਚੇ ਲਾਉਣ ਦੀ ਲੋੜ ਹੈ, ਅੱਜ ਫਿਰ ਯੋਧੇ ਬਣਨ ਦੀ ਲੋੜ ਹੈ, ਅੱਜ ਫਿਰ ਦਰਸ਼ਨ ਸਿੰਘ ਫੇਰੂਮਾਨ ਦਾ ਰਾਹ ਅਖਤਿਆਰ ਕਰਨ ਦੀ ਲੋੜ ਹੈ, ਜਿਸ ਨੂੰ ਸਰਕਾਰਾਂ ਵੀ ਭੁੱਲ ਗਈਆਂ ਤੇ ਲੋਕ ਵੀ। ਸ਼ਾਇਦ ਇਹ ਉਪਰਾਲੇ ਕਰਕੇ ਅਸੀਂ ਪੰਜਾਬੀ ਸੂਬੇ ਦੇ ਗਠਨ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਤੇ ਸ਼ਹੀਦੀਆਂ ਪਾਉਣ ਵਾਲੇ ਆਪਣੇ ਸੂਰਮਿਆਂ ਨੂੰ ਸਨਮਾਨ ਦੇ ਸਕੀਏ। ਨਹੀਂ ਤਾਂ ਇਹ ਸਭ ਰੰਗਦਾਰ ਹੋ ਕੇ ਵੀ ਬੇਰੰਗਾ ਜਿਹਾ ਮਹਿਸੂਸ ਹੁੰਦਾ ਹੈ। ੲੲੲ

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …