Breaking News
Home / ਮੁੱਖ ਲੇਖ / ਮੰਦਭਾਗੇ ਧਾਰਮਿਕ ਵਿਵਾਦ ਤੇ ਪੰਜਾਬ

ਮੰਦਭਾਗੇ ਧਾਰਮਿਕ ਵਿਵਾਦ ਤੇ ਪੰਜਾਬ

316844-1rZ8qx1421419655-300x225ਨਿੰਦਰ ਘੁਗਿਆਣਵੀ
ਇਹਨੀ ਦਿਨੀ ਮਲੇਰਕੋਟਲਾ ਵਿਖੇ ਕੁਰਾਨ ਦੇ ਪੱਤਰੇ ਪਾੜਨ ਦੀ ਘਟਨਾ ਨੇ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ ਕਿ ਆਖਰ ਹੈ ਕੌਣ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਾ? ਇਹ ਖਬਰ ਹਾਲੇ ਗਰਮਾ ਹੀ ਰਹੀ ਸੀ ਕਿ ਭਗਤਾ ਭਾਈ ਕਾ ਤੋਂ ਖਬਰ ਆ ਗਈ ਹੈ ਕਿ ਸ੍ਰੀ ਗੁਟਕਾ ਸਾਹਬ ਦੀ ਬੇਅਦਬੀ ਕੀਤੀ ਗਈ। ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੁਲੀਸ ਦੇ ਹੱਥੇ ਅਜਿਹੇ ਲੋਕ ਚੜ੍ਹ ਕਿਉਂ ਨਹੀਂ ਰਹੇ? ਸਵਾਲ ਦਰ ਸਵਾਲ ਸਾਡੇ ਰੂਬਰੂ ਹਨ। ਅਰਦਾਸ ਹੀ ਕਰ ਸਕਦੇ ਹਾਂ ਕਿ ਪੰਜਾਬ ਉਤੇ ਮੁੜ ਕਾਲੇ ਦਿਨਾਂ ਦੀ ਹਨੇਰੀ ਨਾ ਝੁੱਲੇ!
ਇਹਨੀ ਦਿਨੀਂ ਸਾਡੇ ਸੂਬੇ ਵਿੱਚ ਉਲਝੇ ਤੇ ਗਰਮਾਏ ਹੋਏ ਧਾਰਮਿਕ ਮੁੱਦੇ ਪੂਰੇ ਪੰਜਾਬ ਦੇ ਲੋਕਾਂ ਦਾ ਸਿਰਫ਼ ਧਿਆਨ ਹੀ ਆਪਣੀ ਤਰਫ਼ ਨਹੀਂ ਖਿੱਚ ਰਹੇ, ਸਗੋਂ ਲੋਕਾਂ ਦੇ ਮਨਾਂ ਅੰਦਰ ਡਾਹਢਾ ਭੈਅ ਵੀ ਪੈਦਾ ਕਰ ਰਹੇ ਹਨ। ਭੈਅ ਭਰੇ ਮਨਾਂ ਨਾਲ ਲੱਦੇ ਤੁਰੇ-ਫਿਰਦੇ ਲੋਕੀਂ ਬੱਸਾਂ, ਹੱਟੀਆਂ-ਭੱਠੀਆਂ, ਚੌਕਾਂ-ਚੌਰਾਹਿਆਂ ਆਦਿ ‘ਤੇ ਵਿਚਾਰ-ਚਰਚਾ ਕਰਦੇ ਮੂੰਹੋਂ-ਮੂੰਹ ਇਹੀ ਆਖ ਰਹੇ ਹਨ ਕਿ ਪੰਜਾਬ ਉਤੇ ਮਾੜੇ ਦਿਨਾਂ ਦਾ ਪਰਛਾਵਾਂ ਫਿਰ ਪੈਣ ਵਾਲਾ ਹੈ। ਵਿਚੋਂ ਹੀ ਪ੍ਰਤੀਕਰਮ ਮਿਲਦਾ ਹੈ ਕਿ ਕੁਝ ਨਹੀਂ ਹੋਣ ਵਾਲਾ, ਜਦ ਵੋਟਾਂ ਨੇੜੇ ਆਉਂਦੀਆਂ ਨੇ ਤਾਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਹਨ ਤਾਂ ਕਿ ਲੋਕਾਂ ਦਾ ਧਿਆਨ ਏਧਰ-ਓਧਰ ਕੀਤਾ ਜਾ ਸਕੇ। ਇਸ ਵੇਲੇ ਪੰਜਾਬ ਦਾ ਹਰੇਕ ਤਬਕਾ ਡਾਹਢੀ ਫਿਕਰਮੰਦੀ ਵਿੱਚ ਵਿਚਰ ਰਿਹਾ ਹੈ, ਚਾਹੇ ਕਿਰਸਾਨ ਹੈ, ਵਪਾਰੀ ਹੈ, ਆਮ ਦੁਕਾਨਦਾਰ ਹੈ, ਤੇ ਮਜ਼ਦੂਰ ਵੀ। ਵਪਾਰੀ ਵਰਗ ਦਾ ਕਹਿਣਾ ਹੈ ਕਿ ਅਜਿਹੇ ਮਾੜੇ ਦਿਨਾਂ ਵਿੱਚ ਜਿਹੜਾ ਨੁਕਸਾਨ ਇਸ ਵਰਗ ਦਾ ਹੁੰਦਾ ਹੈ, ਉਸਦੀ ਭਰਪਾਈ ਚਿਰਾਂ ਤੀਕ ਨਹੀਂ ਹੁੰਦੀ। ਆਮ ਲੋਕ ਕਹਿ ਰਹੇ ਹਨ ਕਿ ਸਭ ਤੋਂ ਵੱਧ ਨੁਕਸਾਨ ਹੇਠਲੇ ਵਰਗ ਦਾ ਹੁੰਦਾ ਹੈ। ਮਜ਼ਦੂਰ ਕਹਿ ਰਹੇ ਹਨ ਕਿ ਜਦ ਬਜ਼ਾਰ ਜਾਂ ਮਾਰਕਿਟ ਵਿੱਚ ਕੰਮ ਹੀ ਨਹੀਂ ਰਹਿੰਦਾ ਤਾਂ ਉਹਨਾਂ ਨੂੰ ਕੌਣ ਲਿਜਾਵੇ? ਉਹਨਾਂ ਨੂੰ ਤਾਂ ਦਿਹਾੜੀ ਲੱਭਣ ਲਈ ਚੌਂਕਾਂ ਵਿੱਚ ਵੀ ਨਹੀਂ ਖਲੋਣ ਦਿੱਤਾ ਜਾਂਦਾ ਕਿ ਸੁਰੱਖਿਆ ਪੱਖ ਤੋਂ ਖਤਰਾ ਹੈ। ਜੇਕਰ ਸਾਡੇ ਸੂਬੇ ਦੇ ਧਾਰਮਿਕ ਉਲਝੇਵਿਆਂ ਉਤੇ ਪਿਛਲ-ਝਾਤ ਮਾਰੀ ਜਾਵੇ ਤਾਂ ਹੈਰਾਨੀ ਤੇ ਉਦਾਸੀ ਮੱਲੋ-ਮੱਲੀ ਆ ਪੈਰ ਪਸਾਰਦੀਆਂ ਹਨ ਤੇ ਨਾਲ ਹੀ ਅਣਗਿਣਤ ਸਵਾਲ ਮੂੰਹ ਅੱਡ ਖਲੋਂਦੇ ਨੇ ਕਿ ਜੇਕਰ ਇੰਝ ਹੀ ਪੰਜਾਬ ਧਾਰਮਿਕ ਮੁੱਦਿਆਂ ‘ਤੇ ਸੰਤਾਪ ਭੋਗਦਾ ਤੇ ਖਮਿਆਜੇ ਭੁਗਤਦਾ ਰਿਹਾ ਤਾਂ ਸਾਡਾ ਬਣੇਗਾ ਕੀ? ਅਜੇ ਤਾਂ ਪਹਿਲੇ ਜ਼ਖ਼ਮ ਹੀ ਨਹੀਂ ਭਰੇ ਤੇ ਹੋਰ ਭਾਂਬੜ ਬਾਲਣ ਲਈ ਲਾਂਬੂ ਇਕੱਠਾ ਕੀਤਾ ਜਾ ਰਿਹਾ ਹੈ।
ਡੇਰਾ ਸਿਰਸਾ ਵਿਖੇ ਉਥੋਂ ਦੇ ਮੁਖੀ ਵੱਲੋਂ ਖੰਡੇ ਬਾਟੇ ਦਾ ਅੰਮਿਰਤ ਤੇ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਜਿਹੀ ਪੁਸ਼ਾਕ ਪਾਉਣ ਤੋਂ ਉਪਜੇ ਵਿਵਾਦ ਨੂੰ ਚਾਹੇ ਨੌ ਸਾਲ ਦਾ ਅਰਸਾ ਹੋਣ ਲੱਗਿਆ ਹੈ ਪਰੰਤੂ ਅੰਦਰੇ-ਅੰਦਰ ਧੁਖ ਰਹੀ ਧੂਣੀ ਦਾ ਸੇਕ ਮੱਠਾ ਕਦੀ ਨਹੀਂ ਪਿਆ। ਇਸੇ ਵਿਵਾਦ ਕਾਰਨ ਡੇਰਾ ਮੁਖੀ ਦਾ ਪੰਜਾਬ ਵਿੱਚ ਦਾਖਲਾ ਅਜੇ ਤੀਕ ਨਹੀਂ ਹੋ ਸਕਿਆ ਹੈ। ਇਸ ਵਿਵਾਦ ਉਪਰੰਤ ਤਾਂ ਪੰਜਾਬ ਵਿੱਚ ਜਿਵੇਂ ਧਾਰਮਿਕ ਵਿਵਾਦਾਂ ਦੀ ਝੜੀ ਹੀ ਲੱਗ ਗਈ ਹੋਵੇ! ਸਭ ਤੋਂ ਵਧੇਰੇ ਚਰਚਿਤ ਬਰਗਾੜੀ-ਬਹਿਬਲ ਤੇ ਬੁਰਜ ਜਵਾਹਰ ਸਿੰਘ ਵਾਲਾ ਕਾਂਡ ਰਹੇ ਹਨ। ਸਰਕਾਰੀ ਤੇ ਗੈਰ-ਸਰਕਾਰੀ ਤਫਤੀਸ਼ਾਂ ਵੀ ਹੋ ਹਟੀਆਂ ਪਰ ਸਿੱਟਾ ਕੁਝ ਨਹੀਂ ਨਿਕਲਿਆ। ਜਦ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅਜਿਹੀਆਂ ਮੰਦਭਾਗੀਆਂ ਤੇ ਭੈਭੀਤ ਕਰਨ ਵਾਲੀਆਂ ਖ਼ਬਰਾਂ ਵਿਚ ਭਾਰੀ ਵਾਧਾ ਹੋਣ ਲੱਗਿਆ ਤਾਂ ਲੋਕ ਆਪਣੇ ਕਲੇਜੇ ਫੜਦੇ ਤੇ ਹਰ ਕੋਈ ਅੰਦਰੇ-ਅੰਦਰ ਗੁੱਸਾ ਪੀਂਦਾ ਦਿਖਾਈ ਦੇ ਰਿਹਾ ਸੀ। ਪੰਜਾਬ ਪੁਲਿਸ ਵਿੱਚ ਨਵੇਂ-ਨਵੇਂ ਭਰਤੀ ਹੋਏ ਤੇ ਬਰਗਾੜੀ-ਬਹਿਬਲ ਗੋਲੀ ਕਾਂਡ ਵਿੱਚ ਦਿਨ-ਰਾਤ ਦੀ ਡਿਊਟੀ ਦੇ ਕੇ ਆਏ ਮੁੰਡੇ-ਕੁੜੀਆਂ ਲਈ ਅੱਖੀਂ ਡਿੱਠਾ ਇਹ ਪਹਿਲਾ ਤਜ਼ਰਬਾ ਸੀ। ਗੋਲੀਆਂ ਚਲਦੀਆਂ ਤੇ ਅੱਗਾਂ ਲੱਗਦੀਆਂ ਦੇਖ ਉਹ ਦਹਿਲਣ ਲੱਗੇ ਸਨ ਤੇ ਕਈ ਜਣੇ ਡਿਊਟੀ ਦੌਰਾਨ ਹੀ ਬੇਹੋਸ਼ ਹੋ ਕੇ ਡਿੱਗ ਪਏ। ਇਹ ਸਭ ਕੁਝ ਉਹ ਖੁਦ ਦੱਸਦੇ ਹਨ ਕਿ ਜਦ ਡਿਊਟੀ ਤੋਂ ਵਾਪਸ ਪਰਤੇ ਤਾਂ ਘਰ ਆਣ ਕੇ ਮਾਪਿਆਂ ਨੂੰ ਆਖਣ ਲੱਗੇ ਕਿ ਅਸੀਂ ਨਹੀਂ ਪੁਲੀਸ ਦੀ ਨੌਕਰੀ ਕਰਨੀ। ਦੱਸਦੇ ਹਨ ਕਿ ਅਜਿਹੇ ਮੁੰਡੇ-ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਤੇ ਮਾਤਹਿਤਾਂ ਨੇ ਸਮਝਾ-ਬੁਝਾ ਕੇ ਮੁੜ ਡਿਊਟੀ ਉਤੇ ਹਾਜ਼ਰ ਹੋਣ ਲਈ ਪ੍ਰੇਰਿਆ। ਲਗਦੇ ਹੱਥ ਇਹ ਗੱਲ ਕਰਨੀ ਵੀ ਕੁਥਾਂ ਨਹੀਂ ਹੋਵੇਗੀ, ਜੋ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਆਹਲਾ ਅਫਸਰ ਨੇ ਸਾਂਝੀ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਹੁਣ ਪਹਿਲਾਂ ਵਾਲੀ ਪੁਲਿਸ ਨਹੀਂ ਰਹੀ ਹੈ, ਜੋ ਅੱਤਵਾਦ ਸਮੇਂ ਲੜਾਈ ਲੜਦੀ ਆਪ ਵੀ ਮਾਰੀ ਗਈ ਤੇ ਆਪਣੇ ਬੱਚੇ ਵੀ ਮਰਵਾ ਲਏ ਸਨ। ਖੈਰ!
ਸਰਬੱਤ ਖ਼ਾਲਸਾ ਬੁਲਾਏ ਜਾਣ ਤੇ ਨਵੇਂ ਜਥੇਦਾਰ ਥਾਪੇ ਜਾਣ ਬਅਦ ਧਾਰਮਿਕ ਮੁੱਦਿਆਂ ਨੇ ਹੋਰ ਵੀ ਤੂਲ ਫੜ ਲਈ। ਵੱਖੋ-ਵੱਖਰੀਆਂ ਧਾਰਮਿਕ ਸੰਗਠਨਾਂ ਦੇ ਆਗੂ ਆਪਾ-ਧਾਪਾ ਵਿਚ ਵੰਨ-ਸੁਵੰਨੇ ਬਿਆਨ ਦੇਣ ਲੱਗੇ। ਹੁਣੇ ਜਦੋਂ ਸਾਕਾ ਨੀਲਾ ਤਾਰਾ ਦਿਨ ਲੰਘ ਕੇ ਗਿਆ ਤਾਂ ਉਥੇ ਕੁਝ ਰਾਜਨੀਤਿਕਾਂ ਦੀ ਖਿੱਚਾ-ਧੂਹੀ ਨੇ ਕਈ ਦਿਨ ਲੋਕਾਂ ਦਾ ਧਿਆਨ ਆਪਣੀ ਤਰਫ਼ ਮੱਲੀ ਰੱਖਿਆ।  ਮੁੱਖ-ਮੰਤਰੀ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਅਰਦਾਸੀ-ਸਿੰਘ ਵੱਲੋਂ ਸਿਰੋਪਾ ਨਾ ਦੇਣਾ ਤੇ ਗੁਰੂ ਗਰੰਥ ਸਾਹਿਬ ਦੀ ਘੋਰ ਬੇਅਦਬੀ ਕਾਰਨ ਆਪਣਾ ਰੋਸ ਪ੍ਰਗਟਾਉਣਾ ਵੀ ਇਸੇ ਕੜੀ ਵਿੱਚੋਂ ਵੀ ਪੈਦਾ ਹੋਇਆ ਵਿਵਾਦ ਸੀ।
ਨਾਮਧਾਰੀ ਪਰੰਪਰਾ ਦੇ ਗੁਰੂ ਬਾਬਾ ਜਗਜੀਤ ਸਿੰਘ ਦੀ ਧਰਮ ਪਤਨੀ ਬੀਬੀ ਚੰਦ ਕੌਰ ਦੀ ਬਜ਼ੁਰਗ ਅਵਸਥਾ ਵਿਚ ਹੱਤਿਆ ਕਰ ਦੇਣੀ ਤੇ ਪੁਲਿਸ ਵਲੋਂ ਸਿਰਤੋੜ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਾਤਲਾਂ ਥਹੁ-ਪਤਾ ਨਾ ਲੱਗਣਾ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ। ਠਾਕੁਰ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਧੜੇ ਵੀ ਇਸ ਕਾਂਡ ਕਾਰਨ ਭਿੜੇ। ਇਨ੍ਹਾਂ ਘਟਨਾਵਾਂ ਦੀਆਂ ਖ਼ਬਰਾਂ ਦੀ ਚਰਚਾ ਹਾਲੇ ਲੋਕਾਂ ਦੀ ਜ਼ੁਬਾਨ ਉਤੇ ਹੀ ਸੀ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਬਾਬਾ ਹਰਨਾਮ ਸਿੰਘ ਧੁੰਮਾ ਖ਼ਾਲਸਾ ਦੇ ਧੜਿਆਂ ਦਾ ਭੇੜ ਹੋ ਗਿਆ। ਇਸ ਭੇੜ ਵਿੱਚ ਇੱਕ ਸਿੱਖ ਪ੍ਰਚਾਰਕ ਦੀ ਜਾਨ ਵੀ ਜਾਂਦੀ ਰਹੀ। ਸਿਆਸੀ ਲੋਕ ਇਸ ਮੁੱਦੇ ਰੋਟੀਆਂ ਸੇਕਣ ਲੱਗੇ। ਹਾਲੇ ਵੀ ਇਸ ਮੁੱਦੇ ਉਤੇ ਤਣਾ-ਤਣੀ ਮੁੱਕੀ ਨਹੀਂ ਤੇ ਹਾਲ ਹੀ ਵਿੱਚ ਟਕਸਾਲ ਨਾਲ ਸਬੰਧਤ ਇੱਕ ਪ੍ਰਚਾਰਕ ਉਤੇ ਹਮਲਾ ਵੀ ਹੋ ਗਿਆ। ਇਹ ਦਿਨ ਚੱਲ ਹੀ ਰਹੇ ਸਨ ਕਿ ਸਵਾਮੀ ਕ੍ਰਿਸ਼ਨਾ ਨੰਦ ਭੂਰੀ ਵਾਲਿਆਂ ਦੇ ਲਾਪਤਾ ਹੋ ਜਾਣ ਦੀ ਖ਼ਬਰ ਆ ਗਈ। ਉਨ੍ਹਾਂ ਨੂੰ ਹਾਲੇ ਪ੍ਰਸ਼ਾਸਨ ਤੇ ਪੁਲਿਸ ਦੇ ਪੱਬਾਂ ਭਾਰ ਹੋਣ ਦੇ ਬਾਵਜੂਦ ਵੀ ਲੱਭ ਨਹੀਂ ਸਕੀ। ਸਵਾਮੀ ਜੀ ਦੇ ਪੈਰੋਕਾਰਾਂ ਨੇ ਅਲਟੀਮੇਟਮ ਦੇ ਰੱਖਿਆ ਹੈ ਕਿ ਜੇਕਰ ਸਵਾਮੀ ਜੀ ਨਾ ਲੱਭੇ ਗਏ ਤਾਂ ਉਹ ਅੰਦੋਲਨ ਛੇੜਨਗੇ।
ਬਾਬਾ ਪਿਆਰਾ ਸਿੰਘ ਭਨਿਆਰਾ ਕੇਸ ਨੇ ਵੀ ਲੋਕਾਂ ਦਾ ਧਿਆਨ ਆਪਣੇ ਤੋਂ ਰਤਾ ਜੁਦਾ ਨਹੀਂ ਸੀ ਹੋਣ ਦਿੱਤਾ ਤੇ ਨਾ ਹੀ ਨੂਰਮਹਿਲ ਦਿਵਿਆ ਜਾਗ੍ਰਤੀ ਸੰਸਥਾਨ ਦੇ ਮੁਖੀ ਬਾਬਾ ਆਸ਼ੂਤੋਸ਼ ਦੇ ਅਕਾਲ ਚਲਾਣੇ ਤੋਂ ਛਿੜੇ ਵਿਵਾਦ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਵਾਰ-ਵਾਰ ਸੂਬਾ ਸਰਕਾਰ ਨੂੰ ਝਾੜਾਂ ਪਾਉਂਦੀ ਚਲੀ ਆ ਰਹੀ ਹੈ ਕਿ ਆਸ਼ੂਤੋਸ਼ ਦਾ ਸੰਸਕਾਰ ਕਿਉਂ ਨਹੀਂ ਕਰਵਾਇਆ ਜਾ ਰਿਹਾ ਪਰੰਤੂ ਸਭ ਨੂੰ ਪਤਾ ਹੈ ਕਿ ਸੰਸਥਾਨ ਇਸ ਲਈ ਰਾਜ਼ੀ ਨਹੀਂ ਹੋ ਰਿਹਾ। ਹੁਣੇ ਜਿਹੇ ਹਾਈਕੋਰਟ ਨੇ ਮੁੜ ਤੋਂ ਇਕ ਜੱਜਮੈਂਟ ਵਿਚ ਆਖਿਆ ਹੈ ਕਿ ਜੇਕਰ ਫਰਿਜ਼ ਵਿਚ ਦੇਹਾਂ ਰੱਖਣ ਦਾ ਰਿਵਾਜ ਪੈ ਗਿਆ ਤਾਂ ਸਾਰੇ ਲੋਕ ਹੀ ਇੰਝ ਕਰਨਾ ਸ਼ੁਰੂ ਕਰ ਦੇਣਗੇ, ਜੋ ਕਿ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਵੇਗਾ।
ਜਦੋਂ ਇਹ ਸਭ ਘਟਨਾਵਾਂ ਵਾਪਰ ਰਹੀਆਂ ਸਨ ਤਾਂ ਡੇਰੇ ਸਿਰਸਾ ਤੇ ਉਸਦੇ ਪੈਰੋਕਾਰ ਖ਼ਾਮੋਸ਼ ਅਵਸਥਾ ਵਿਚ ਸਨ ਵਿਚਰ ਰਹੇ ਸਨ। ਡੇਰੇ ਦੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਡੇਰੇ ਵਲੋਂ ਆਪਣੇ ਪੈਰੋਕਾਰਾਂ ਨੂੰ ਇਹ ਆਦੇਸ਼ ਬੜੀ ਗੰਭੀਰਤਾ ਨਾਲ ਕੀਤੇ ਗਏ ਸਨ ਕਿ ਉਹ ਕਿਸੇ ਵੀ ਧਾਰਮਿਕ ਮਾਮਲੇ ਵਿਚ ਬਿਲਕੁਲ ਦਖ਼ਲਅੰਦਾਜ਼ੀ ਨਾ ਕਰਨ ਤੇ ਨਾ ਹੀ ਕੋਈ ਬਿਆਨ ਦੇਣ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਦੁਕਾਨ ਕਰਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਹੱਤਿਆ ਕਾਂਡ ਤੋਂ ਮੁੜ ਤੋਂ ਭੈਅ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਘਟਨਾ ਤੋਂ ਦੂਜੇ-ਤੀਜੇ ਦਿਨ ਹੀ ਸਰਬੱਤ ਖਾਲਸਾ ਮੌਕੇ ਥਾਪੇ ਗਏ ਜਥੇਦਾਰਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।
ਉਪਰੋਕਤ ਕੁਝ ਛੋਟੀਆਂ ਤੇ ਕੁਝ ਵੱਡੀਆਂ ਘਟਨਾਵਾਂ ਕਾਰਨ ਦੁਨੀਆਂ ਦੇ ਹਰੇਕ ਖਿੱਤੇ ਵਿੱਚ ਬੈਠੇ ਸਮੁੱਚੇ ਪੰਜਾਬੀਆਂ ਦਾ ਧਿਆਨ ਬੁਰੀ ਤਰ੍ਹਾਂ ਖੰਡਿਤ ਹੋ ਗਿਆ ਹੈ। ਸਿਆਸੀ ਮੁੱਦਿਆਂ ਨਾਲ ‘ਚ ਉਲਝ ਰਹੇ ਪੰਜਾਬ ਦੀ ਚਿੰਤਾ ਵਿਚ ਗ੍ਰਸੇ ਹੋਏ ਉਹ ਪੰਜਾਬ ਲਈ ਠੰਢੀਆਂ ਹਵਾਵਾਂ ਦੀਆਂ ਅਰਦਾਸਾਂ ਕਰਨ ਲੱਗੇ ਹੋਏ ਹਨ। ਉਹਨਾਂ ਦੀਆਂ ਅੱਖਾਂ ਤੇ ਕੰਨ ਪੰਜਾਬ ਵੱਲੋਂ ਆਉਂਦੀਆਂ ਵੰਨ-ਸੁਵੰਨੀਆਂ ਵਿਵਾਦੀ ਤੇ ਉਦਾਸ ਖ਼ਬਰਾਂ ਵੱਲ ਹੀ ਲੱਗੇ ਰਹਿੰਦੇ ਹਨ।
-94174-21700

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …