Breaking News
Home / ਮੁੱਖ ਲੇਖ / ਵਿਦੇਸ਼ਾਂ ‘ਚ ਸਿੱਖਾਂ ‘ਤੇ ਨਸਲੀ ਹਮਲੇ : ਕਾਰਨ ਅਤੇ ਹੱਲ

ਵਿਦੇਸ਼ਾਂ ‘ਚ ਸਿੱਖਾਂ ‘ਤੇ ਨਸਲੀ ਹਮਲੇ : ਕਾਰਨ ਅਤੇ ਹੱਲ

316844-1rZ8qx1421419655-300x225ਤਲਵਿੰਦਰ ਸਿੰਘ ਬੁੱਟਰ
ਅਜੋਕੀ ਵਿਸ਼ਵ-ਵਿਆਪੀ ਸਿੱਖ ਕੌਮ ਲਈ ‘ਨਸਲੀ ਹਮਲਿਆਂ’ ਦਾ ਵਰਤਾਰਾ ਬੇਹੱਦ ਚਿੰਤਾਜਨਕ ਬਣਿਆ ਹੋਇਆ ਹੈ। ਪਿਛਲੇ ਦਿਨਾਂ ਦੌਰਾਨ ਵਿਦੇਸ਼ਾਂ ਵਿਚ ਵਾਪਰੀਆਂ ਸਿੱਖਾਂ ‘ਤੇ ਨਸਲੀ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਦੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਗੰਭੀਰਤਾ ਦਿਖਾਉਂਦਿਆਂ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾ ਕੇ ਇਨ੍ਹਾਂ ਹਮਲਿਆਂ ਨੂੰ ਰੋਕਣ ਸਬੰਧੀ ਸੁਝਾਅ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਕ ਅਨੁਮਾਨ ਅਨੁਸਾਰ ਪਿਛਲੇ ਚਾਰ ਮਹੀਨਿਆਂ ਦੌਰਾਨ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਨਾਲ 7 ਤੋਂ ਵੱਧ ਨਸਲੀ ਹਮਲਿਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਰੇਕ ਸਿੱਖ ਦੇ ਮਨ ਵਿਚ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਆਖ਼ਰ ਸਿੱਖਾਂ ਨਾਲ ਵਿਦੇਸ਼ਾਂ ਵਿਚ ਨਸਲੀ ਵਿਤਕਰਿਆਂ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਅਤੇ ਇਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
9/11 ਦੇ ਅਮਰੀਕੀ ਵਿਸ਼ਵ ਵਪਾਰ ਕੇਂਦਰ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨਾਂ ਦੇ ਭੁਲੇਖੇ ਵੱਡੀ ਪੱਧਰ ‘ਤੇ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂਕਿ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇਹ ਹਮਲਾ ਓਸਾਮਾ ਬਿਨ ਲਾਦੇਨ ਨੇ ਕਰਵਾਇਆ ਸੀ ਪਰ ਬਹੁਤੇ ਗੋਰੇ ਲੋਕ ਹਾਲੇ ਵੀ ਸਿੱਖਾਂ ਅਤੇ ਮੁਸਲਮਾਨਾਂ ਵਿਚ ਫ਼ਰਕ ਨੂੰ ਸਮਝ ਨਹੀਂ ਸਕੇ। ਉਹ ਪਗੜੀਧਾਰੀ ਅਤੇ ਦਾਹੜੀ ਵਾਲੇ ਸਿੱਖਾਂ ਨੂੰ ਵੀ ਮੁਸਲਮਾਨ ਸਮਝ ਲੈਂਦੇ ਹਨ। ਇਸੇ ਭੁਲੇਖੇ ਕਾਰਨ 2001 ਤੋਂ ਲੈ ਕੇ ਹੁਣ ਤੱਕ ਇਕੱਲੇ ਅਮਰੀਕਾ ਵਿਚ ਹੀ ਸਿੱਖਾਂ ‘ਤੇ 750 ਦੇ ਲਗਭਗ ਨਸਲੀ ਹਮਲਿਆਂ/ਵਿਤਕਰਿਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। 9/11 ਅੱਤਵਾਦੀ ਹਮਲੇ ਤੋਂ ਬਾਅਦ 15 ਸਤੰਬਰ 2001 ਨੂੰ ਅਮਰੀਕਾ ਵਿਚ ਗੈਸ ਸਟੇਸ਼ਨ ਦੇ ਮਾਲਕ ਬਲਬੀਰ ਸਿੰਘ ਸੋਢੀ ਨੂੰ ਅਣਪਛਾਤੇ ਗੋਰਿਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਕਿਸੇ ਸਿੱਖ ਨੂੰ ਮੁਸਲਮਾਨ ਸਮਝ ਕੇ ਕੀਤਾ ਗਿਆ ਇਹ ਪਹਿਲਾ ਨਸਲੀ ਹਮਲਾ ਸੀ। 6 ਅਗਸਤ 2012 ਨੂੰ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿਖੇ ਗੁਰਦੁਆਰਾ ਸਾਹਿਬ ਅੰਦਰ ਇਕ ਗੋਰੇ ਨਸਲਵਾਦੀ ਮਾਈਕਲ ਪੇਜ ਨੇ ਮਸ਼ੀਨਗੰਨ ਨਾਲ ਛੇ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 20 ਤੋਂ ਜ਼ਿਆਦਾ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪਿਛਲੇ ਇਕ ਦਹਾਕੇ ਦਾ ਅਮਰੀਕਾ ਵਿਚ ਸਿੱਖਾਂ ‘ਤੇ ਇਹ ਸਭ ਤੋਂ ਭਿਆਨਕ ਅਤੇ ਵੱਡਾ ਨਸਲੀ ਹਮਲਾ ਸੀ। ਹਾਲਾਂਕਿ ਸਿੱਖਾਂ ਪ੍ਰਤੀ ਵੱਧ ਰਹੇ ਨਸਲੀ ਹਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਮਰੀਕਾ ਪ੍ਰਸ਼ਾਸਨ ਨੇ ਵੱਕਾਰੀ ਏਜੰਸੀ ਐਫ਼.ਬੀ.ਆਈ. ਤੋਂ ਸਿੱਖਾਂ ਖਿਲਾਫ਼ ਨਸਲੀ ਹਮਲਿਆਂ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਇਸੇ ਦੌਰਾਨ ਸਿੱਖਾਂ ਨਾਲ ਨਸਲੀ ਵਿਤਕਰੇ ਰੋਕਣ ਲਈ ਕੈਲੀਫ਼ੋਰਨੀਆ ਦੇ ਗਵਰਨਰ ਨੇ ਇਕ ਬਿੱਲ ਵੀ ਪਾਸ ਕੀਤਾ ਸੀ ਪਰ ਇਸ ਦੇ ਬਾਵਜੂਦ ਨਸਲੀ ਹਮਲਿਆਂ ਦਾ ਵਰਤਾਰਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ ਮਹੀਨਿਆਂ ਦੌਰਾਨ ਨਸਲੀ ਹਮਲਿਆਂ ‘ਤੇ ਗੰਭੀਰਤਾ ਦਾ ਪ੍ਰਗਟਾਵਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਮੰਨਿਆ ਸੀ ਕਿ ਅਮਰੀਕੀ ਸਿੱਖਾਂ ਨੂੰ ਅਕਸਰ ਧਮਕੀਆਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਭੁਲੇਖੇ ਨਾਲ ਮੁਸਲਮਾਨ ਸਮਝ ਲਿਆ ਜਾਂਦਾ ਹੈ।
ਹਾਲਾਂਕਿ ਪਿਛਲੇ ਸਾਲ ਅਮਰੀਕੀ ਸਿੱਖਾਂ ਨੇ ਸਿੱਖ ਧਰਮ ਦੀ ਵਿਲੱਖਣ ਹੋਂਦ ਅਤੇ ਪਛਾਣ ਨੂੰ ਸਮਾਜ ਵਿਚ ਉਜਾਗਰ ਕਰਨ ਲਈ ਇਕ ਜਾਗਰੂਕਤਾ ਮੁਹਿੰਮ ਤਹਿਤ 80 ਹਜ਼ਾਰ ਡਾਲਰ ਦਾ ਬਜਟ ਰੱਖਿਆ ਸੀ। ਅਮਰੀਕੀ ਪ੍ਰਸ਼ਾਸਨ ਵਲੋਂ ਵੀ ਕਮਿਊਨਿਟੀ ਪੁਲਿਸਿੰਗ ਜ਼ਰੀਏ ਸਿੱਖਾਂ ਪ੍ਰਤੀ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਮੰਨੀ-ਪ੍ਰਮੰਨੀ ਅਮਰੀਕੀ ਕੰਪਨੀ ‘ਗੈਪ’ ਨੇ ਸਿੱਖ ਡਿਜ਼ਾਈਨਰ ਅਤੇ ਐਕਟਰ ਵਾਰਿਸ ਆਹਲੂਵਾਲੀਆ ਨੂੰ ਆਪਣੇ ਮਾਡਲ ਦੇ ਤੌਰ ‘ਤੇ ਵਰਤਿਆ ਸੀ ਪਰ ਨਿਊਯਾਰਕ ਵਿਚ ਕੁਝ ਥਾਵਾਂ ‘ਤੇ ਉਸ ਦੇ ਪੋਸਟਰਾਂ ਨੂੰ ਵੀ ਕਾਲਖ ਮਲ ਕੇ ਨਸਲੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਗਿਆ। ਪੋਸਟਰਾਂ ‘ਤੇ ‘ਓਸਾਮਾ ਵਾਪਸ ਜਾਓ, ਅੱਤਵਾਦੀ ਵਾਪਸ ਜਾਓ’ ਵਰਗੀਆਂ ਗੱਲਾਂ ਵੀ ਲਿਖੀਆਂ ਸਨ। ਇਸ ਤੋਂ ਬਾਅਦ ਵਾਰਿਸ ਆਹਲੂਵਾਲੀਆ ਨੇ ਇਕ ਵਿਲੱਖਣ ਮੁਹਿੰਮ ਜ਼ਰੀਏ ਟੀ.ਵੀ. ‘ਤੇ ਮਸ਼ਹੂਰੀਆਂ ਰਾਹੀਂ ਅਮਰੀਕੀਆਂ ਨੂੰ ਸਿੱਖਾਂ ਦੇ ਧਰਮ ਅਤੇ ਰਹੁ-ਰੀਤਾਂ ਬਾਰੇ ਦੱਸਣ ਦਾ ਉਪਰਾਲਾ ਵੀ ਵਿੱਢਿਆ ਸੀ।
ਪਿਛਲੇ ਚਾਰ ਮਹੀਨਿਆਂ ਦੌਰਾਨ ਵਿਦੇਸ਼ਾਂ ‘ਚ ਸਿੱਖਾਂ ਵਿਰੁੱਧ ਹੋਈਆਂ ਨਸਲੀ ਘਟਨਾਵਾਂ ਵਿਚੋਂ ਇਕ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਵੀ ਵਾਪਰੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਪਾਰਲੀਮੈਂਟ ਵਿਚ ਇਕ ਵਿਰੋਧੀ ਧਿਰ ਦੇ ਮੈਂਬਰ ਨੇ ਨਸਲੀ ਟਿੱਪਣੀ ਕੀਤੀ ਸੀ। ਅਮਰੀਕਾ ਅਤੇ ਜਰਮਨੀ ਦੇ ਗੁਰਦੁਆਰਿਆਂ ‘ਤੇ ਹਮਲੇ ਹੋਏ ਹਨ। ਧਰਮ ਸਬੰਧੀ ਭੁਲੇਖੇ ਤੋਂ ਇਲਾਵਾ ਕਈ ਦੇਸ਼ਾਂ ‘ਚ ਸਿੱਖਾਂ ‘ਤੇ ਨਸਲੀ ਹਮਲੇ ਹੋਣ ਦਾ ਇਕ ਕਾਰਨ ਸਮਾਜਿਕ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਆਸਟਰੇਲੀਆ ਸਮੇਤ ਕਈ ਦੇਸ਼ਾਂ ਦੇ ਕੁਝ ਖੇਤਰਾਂ ‘ਚ ਪਰਵਾਸੀ ਸਿੱਖਾਂ ਦੇ ਬੋਲਬਾਲੇ ਕਾਰਨ ਉਥੋਂ ਦੇ ਮੂਲ ਵਾਸੀ ਆਰਥਿਕ ਤੌਰ ‘ਤੇ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਅਣਗੌਲੇ ਵੀ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਪਰਵਾਸੀਆਂ ਕਾਰਨ ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਸੀਮਤ ਹੋ ਰਹੇ ਹਨ। ਇਸ ਵੀ ਸਿੱਖਾਂ ਪ੍ਰਤੀ ਨਸਲੀ ਨਫ਼ਰਤ ਦਾ ਇਕ ਕਾਰਨ ਹੈ।
ਜਿੱਥੋਂ ਤੱਕ ਵਿਦੇਸ਼ਾਂ ਵਿਚ ਸਿੱਖ ਧਰਮ ਪ੍ਰਤੀ ਜਾਗਰੂਕਤਾ ਦਾ ਸਵਾਲ ਹੈ, ਇਹ ਸੱਚਾਈ ਲੁਕਾਈ ਨਹੀਂ ਜਾ ਸਕਦੀ ਕਿ ਮੁਕਾਮੀ ਸਿੱਖ ਸਮਾਜ ਤੋਂ ਇਲਾਵਾ ਪੰਜਾਬ ਆਧਾਰਿਤ ਸਿੱਖਾਂ ਦੀਆਂ ਸਮਰੱਥ ਸੰਸਥਾਵਾਂ ਵੀ ਸਿੱਖ ਧਰਮ ਪ੍ਰਤੀ ਵਿਦੇਸ਼ੀ ਭਾਈਚਾਰਿਆਂ ਨੂੰ ਜਾਗਰੂਕ ਨਹੀਂ ਕਰ ਸਕੀਆਂ। ਬੇਸ਼ੱਕ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿਚ ਸਿੱਖਾਂ ਨੇ ਰਾਜਨੀਤੀ ਤੋਂ ਲੈ ਕੇ ਸਿਵਲ ਸੇਵਾਵਾਂ ਤੱਕ ਅਹਿਮ ਰੁਤਬੇ ਹਾਸਲ ਕੀਤੇ ਹਨ ਪਰ ਸਿੱਖ ਅਜੇ ਤੱਕ ਗੋਰਿਆਂ ਨੂੰ ਸਿੱਖ ਧਰਮ ਦੀ ਵੱਖਰੀ ਹੋਂਦ ਅਤੇ ਵਿਲੱਖਣ ਸਿਧਾਂਤਾਂ ਤੋਂ ਜਾਣੂ ਨਹੀਂ ਕਰਵਾ ਸਕੇ। ਭਾਵੇਂਕਿ ਅਮਰੀਕਾ ਵਿਚ ਭਾਰਤ ਤੋਂ ਬਾਅਦ ਸਿੱਖਾਂ ਦੀ ਆਬਾਦੀ ਤੀਜੇ ਨੰਬਰ ‘ਤੇ (ਪੰਜ ਲੱਖ) ਹੈ ਪਰ ਅਮਰੀਕਾ ਦੀ ‘ਸਿੱਖ ਅਮਰੀਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ’ (ਸੈਲਡਫ) ਸੰਸਥਾ ਅਤੇ ‘ਸਟੈਨਫੋਰਡ ਯੂਨੀਵਰਸਿਟੀ’ ਵਲੋਂ ਸਾਂਝੇ ਤੌਰ ‘ਤੇ ‘ਟਰਬਨ ਮਾਈਥਸ’ ਨਾਂਅ ਦੇ ਕੀਤੇ ਗਏ ਅਧਿਐਨ ਵਿਚ ਇਹ ਗੱਲ ਉਭਰ ਕੇ ਆਈ ਸੀ ਕਿ ਬਹੁਤੇ ਅਮਰੀਕੀ ਲੋਕ ਸਿੱਖਾਂ ਨੂੰ ਅਲਕਾਇਦਾ ਦੇ ਮਾਰੇ ਗਏ ਮੁਖੀ ਓਸਾਮਾ ਬਿਨ ਲਾਦੇਨ ਨਾਲ ਜੋੜ ਕੇ ਦੇਖਦੇ ਹਨ। 49 ਫ਼ੀਸਦੀ ਅਮਰੀਕੀ ਲੋਕ ਸਿੱਖਾਂ ਨੂੰ ਮੁਸਲਮਾਨ ਧਰਮ ਦਾ ਹਿੱਸਾ ਸਮਝਦੇ ਹਨ ਜਦੋਂਕਿ 70 ਫ਼ੀਸਦੀ ਗੋਰੇ ਕਿਸੇ ਸਿੱਖ ਦੀ ਸਹੀ ਪਛਾਣ ਨਹੀਂ ਕਰ ਸਕਦੇ।
ਇਕ ਹੋਰ ਸਰਵੇਖਣ ਅਨੁਸਾਰ ਅਮਰੀਕੀ ਸਕੂਲਾਂ ਵਿਚ ਪੜ੍ਹਨ ਵਾਲੇ 50 ਫ਼ੀਸਦੀ ਸਿੱਖ-ਅਮਰੀਕੀ ਬੱਚਿਆਂ ਅਤੇ 67 ਫ਼ੀਸਦੀ ਦਸਤਾਰ ਬੰਨ੍ਹਣ ਵਾਲੇ ਸਿੱਖ ਬੱਚਿਆਂ ਨੂੰ ਅਕਸਰ ਬੁਲਿੰਗ ਯਾਨੀ ਤਾਅਨੇਬਾਜ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਮਾਮਲਿਆਂ ਵਿਚ ਤਾਂ ਉਨ੍ਹਾਂ ਨੂੰ ਆਪਣੀ ਪੂਰੀ ਪੜ੍ਹਾਈ ਦੌਰਾਨ ਇਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਉਨ੍ਹਾਂ ਨੂੰ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਿਛਲੇ ਸਾਲ ‘ਨੈਸ਼ਨਲ ਸਿੱਖ ਕੰਪੇਨ’ ਵਲੋਂ ‘ਹਾਰਟ ਰਿਸਰਚ ਐਸੋਸੀਏਟਸ’ ਕੋਲੋਂ ਕਰਵਾਏ ਇਕ ਹੋਰ ਸਰਵੇਖਣ ਅਨੁਸਾਰ ਦਸਤਾਰਧਾਰੀ ਇਕ ਸਿੱਖ ਨੂੰ ਸਿਰਫ਼ 11 ਫ਼ੀਸਦੀ ਅਮਰੀਕਨ ਹੀ ਸਹੀ ਰੂਪ ਵਿਚ ਪਛਾਣ ਸਕੇ ਹਨ। 20 ਫੀਸਦੀ ਅਮਰੀਕੀ ਗੋਰਿਆਂ ਨੇ ਦਸਤਾਰਧਾਰੀ ਸਿੱਖ ਨੂੰ ਮੁਸਲਮਾਨ, 13 ਫ਼ੀਸਦੀ ਨੇ ਹਿੰਦੂ ਅਤੇ 28 ਫ਼ੀਸਦੀ ਨੇ ਪੱਛਮੀ ਏਸ਼ੀਆਈ ਮੰਨਿਆ ਹੈ। ਲੰਘੇ ਫ਼ਰਵਰੀ ਮਹੀਨੇ ਅਮਰੀਕਾ ਦੀ ‘ਨੈਸ਼ਨਲ ਸਿੱਖ ਕੰਪੇਨ’ ਜਥੇਬੰਦੀ ਦੁਆਰਾ ਓਬਾਮਾ ਦੀ ਮੀਡੀਆ ਟੀਮ ‘ਏ.ਕੇ.ਪੀ.ਡੀ.’ ਤੋਂ ਕਰਵਾਏ ਇਕ ਤਾਜ਼ਾ ਸਰਵੇਖਣ ਵਿਚ ਸਿੱਖ ਧਰਮ ਸਬੰਧੀ ਪੰਜ ਤਰ੍ਹਾਂ ਦੇ ਇਸ਼ਤਿਹਾਰ ਬਣਾ ਕੇ 600 ਅਮਰੀਕਨਾਂ ਨੂੰ ਦਿਖਾਏ ਗਏ, ਪਰ ਸਿਰਫ਼ 10 ਫ਼ੀਸਦੀ ਅਮਰੀਕਨਾਂ ਨੇ ਹੀ ਸਿੱਖਾਂ ਨੂੰ ਮੁਸਲਮਾਨਾਂ ਤੋਂ ਵੱਖਰੇ ਧਰਮ ਵਜੋਂ ਪਛਾਣਿਆ।    ਇਸ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਸਰਵੇਖਣ ਵਿਚ ਸ਼ਾਮਲ ਲੋਕਾਂ ਨੂੰ ਜਦੋਂ ਸਿੱਖ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਦੇ ਹਾਵ-ਭਾਵ ਸਿੱਖਾਂ ਪ੍ਰਤੀ ਉਦਾਸੀਨਤਾ ਤੋਂ ਬਦਲ ਕੇ ਗਰਮਜੋਸ਼ੀ ਵਾਲੇ ਹੋ ਗਏ।
‘ਸਿੱਖਇਜ਼ਮ ਇਨ ਯੂਨਾਈਟਿਡ ਸਟੇਟ- ਵਟ ਅਮੈਰੀਕਨਜ਼ ਨੋਅ ਐਂਡ ਨੀਡ ਟੂ ਨੋਅ’ ਨਾਂਅ ਦੀ ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਲੋਕਾਂ ਦਾ ਉਨ੍ਹਾਂ ਲੋਕਾਂ ਵੱਲ ਜ਼ਿਆਦਾ ਝੁਕਾਅ ਹੁੰਦਾ ਹੈ, ਜਿਹੜੇ ਉਨ੍ਹਾਂ ਨੂੰ ਆਪਣੇ ਨਾਲ ਮਿਲਦੇ-ਜੁਲਦੇ ਜਾਪਦੇ ਹਨ। ਜੇਕਰ ਸਿੱਖ ਆਪਣੀਆਂ ਕਦਰਾਂ-ਕੀਮਤਾਂ ਨੂੰ ਅਮਰੀਕੀ ਸੱਭਿਅਤਾ ਨਾਲ ਜੋੜ ਕੇ ਪੇਸ਼ ਕਰਨ ਤਾਂ ਇਸ ਨਾਲ ਅਮਰੀਕੀ ਲੋਕ ਸਿੱਖ ਵਿਰਸੇ ਦੇ ਹੋਰ ਨੇੜੇ ਆ ਸਕਦੇ ਹਨ। ਇਸੇ ਰਿਪੋਰਟ ਅਨੁਸਾਰ ਅਮਰੀਕੀ ਲੋਕ ਜਾਤ, ਧਰਮ, ਨਸਲ ਆਦਿ ਵਿਤਕਰਿਆਂ ਤੋਂ ਉਪਰ ਉਠ ਕੇ ਸਿੱਖੀ ਦੇ ‘ਬ੍ਰਹਿਮੰਡੀ ਸੰਦੇਸ਼’ ਨੂੰ ਸਮਝਣ ਲਈ ਤਿਆਰ ਹਨ, ਪਰ ਇਹ ਸਿੱਖ ਪ੍ਰਚਾਰਕਾਂ ਦੀ ਯੋਗਤਾ ‘ਤੇ ਨਿਰਭਰ ਹੈ ਕਿ ਉਹ ਕਿਸ ਤਰ੍ਹਾਂ ਅਮਰੀਕੀਆਂ ਨੂੰ ਆਪਣੇ ਧਰਮ ਤੋਂ ਪ੍ਰਭਾਵਿਤ ਕਰਦੇ ਹਨ। ਸਿੱਖ ਫ਼ਲਸਫ਼ੇ ਦੇ ਅਹਿਮ ਸਿਧਾਂਤ ‘ਬਰਾਬਰਤਾ’ ਨੂੰ ਅਜੋਕੀਆਂ ਅੰਤਰ-ਦ੍ਰਿਸ਼ਟੀਆਂ ਤੋਂ ਪੇਸ਼ ਕਰਨ ਦੀ ਲੋੜ ਹੈ, ਕਿਉਂਕਿ ਅਮਰੀਕੀ ਸਮਾਜ ਸਭ ਤੋਂ ਵੱਧ ਇਸ  ਸਿਧਾਂਤ ਨੂੰ ਪਸੰਦ ਕਰਦਾ ਹੈ।
ਸਿੱਖ ਧਰਮ ਦੀ ਬਾਕੀ ਧਰਮਾਂ ਨਾਲੋਂ ਬੁਨਿਆਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਹੋਰਨਾਂ ਮਤਾਂ ਵਾਂਗ ‘ਧਰਮ’ ਨੂੰ ਕਿਸੇ ਵਿਸ਼ੇਸ਼ ਨਸਲ ਜਾਂ ਜਾਤ ਲਈ ਰਾਖ਼ਵਾਂ ਰੱਖਣ ਅਤੇ ਵਲਗਣਾਂ ਵਿਚ ਕੈਦ ਕਰਨ ਦੀ ਥਾਂ ਸਿੱਖ ਫ਼ਲਸਫ਼ਾ ‘ਧਰਮ’ ਨੂੰ ਸਾਰੀ ਮਨੁੱਖਤਾ ਦਾ ਆਧਾਰ ਮੰਨਦਾ ਹੈ। ਅੱਜ ਦੁਨੀਆ ਭਰ ਵਿਚ ਪਦਾਰਥਵਾਦ ਨੂੰ ਲੈ ਕੇ ਪ੍ਰਬਲਤਾ, ਅਸਹਿਣਸ਼ੀਲਤਾ, ਨਸਲਵਾਦ, ਫ਼ਿਰਕਾਪ੍ਰਸਤੀ ਅਤੇ ਧਾਰਮਿਕ ਸੰਕੀਰਣਤਾ ਬਹੁਤ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਜੋਕੇ ਸਮੇਂ ਵਿਸ਼ਵ ਨੂੰ ਮਾਨਵਤਾ ਦੇ ਸਮੁੱਚੇ ਵਿਕਾਸ ਅਤੇ ਭਲੇ ਲਈ ਇਕ ਸਾਵੇਂ ਅਤੇ ਸਾਂਝੇ ਨਮੂਨੇ ਦੀ ਲੋੜ ਹੈ, ਜਿਹੜਾ ਅੱਜ ਦੁਨੀਆ ਭਰ ਵਿਚ ਪੈਦਾ ਹੋ ਰਹੀ ਅਸ਼ਾਂਤੀ ਨੂੰ ਦੂਰ ਕਰਕੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦੀ ਮਾਲਾ ਵਿਚ ਪਰੋ ਕੇ ਅਮਨ-ਸ਼ਾਂਤੀ  ਦੀ ਆਗੋਸ਼ ਦੇ ਸਕੇ। ਉਹ ਨਮੂਨਾ ਸਿਰਫ਼ ਸਿੱਖ ਧਰਮ ਦੇ ਪਾਵਨ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਪੇਸ਼ ਕਰ ਸਕਦੇ ਹਨ ਕਿਉਂਕਿ ਸਿੱਖ ਆਦਰਸ਼ ਦਾ ਆਧਾਰ ਹੀ ਸਮੁੱਚੀ ਮਾਨਵਤਾ ਦੀ ਚਿੰਤਾ ‘ਸਰਬੱਤ ਦਾ ਭਲਾ’ ਹੈ। ਸਿੱਖ ਧਰਮ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਨਾਯਾਬ ਸੁਨੇਹਾ ਦਿੰਦਾ ਹੈ, ਜਿਹੜਾ ਦੁਨੀਆ ਵਿਚ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਆਧਾਰ ਬੰਨ੍ਹਦਾ ਹੈ।
ਇਸੇ ਸਿਧਾਂਤ ਦੀ ਬਹੁ-ਪੱਖੀ ਵਿਆਖਿਆ ਸੰਸਾਰ ਦੇ ਸਾਹਮਣੇ ਰੂਪਮਾਨ ਕਰਕੇ ਸਮਾਜਿਕ ਆਰਥਿਕ ਆਧਾਰ ‘ਤੇ ਸਿੱਖਾਂਪ੍ਰਤੀ ਪੈਦਾ ਨਸਲੀ ਨਫ਼ਰਤ ਦੀਆਂ ਮਿੱਥਾਂ ਵੀ ਤੋੜੀਆਂ ਜਾ ਸਕਦੀਆਂ ਹਨ। ਸੋ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼-ਵਿਦੇਸ਼ ਦੀਆਂ ਸਮਰੱਥ ਸਿੱਖ ਸੰਸਥਾਵਾਂ ਨੂੰ ਵਿਦੇਸ਼ਾਂ ‘ਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੇ ਵਰਤਾਰੇ ਨੂੰ ਰੋਕਣ ਲਈ ਅਜੋਕੇ ਤਕਨੀਕੀ ਅਤੇ ਸੂਚਨਾ ਦੇ ਯੁੱਗ ਦੇ ਨਵੇਂ ਸਾਧਨਾਂ ਜ਼ਰੀਏ ਸਰਬ-ਕਲਿਆਣਕਾਰੀ ਸਿੱਖ ਫ਼ਲਸਫ਼ੇ ਨੂੰ ਦੁਨੀਆ ਦੇ ਸਾਹਮਣੇ ਅਜੋਕੀਆਂ ਬ੍ਰਹਿਮੰਡੀ ਅੰਤਰ-ਦ੍ਰਿਸ਼ਟੀਆਂ ਤੋਂ ਪੇਸ਼ ਕਰਨ ਦੀ ਯੋਗਤਾ ਦਿਖਾਉਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਨੂੰ ਘੱਟੋ-ਘੱਟ ਉਨ੍ਹਾਂ ਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨਿਆਂ ਨੇੜੇ ਸਿੱਖ ਮਿਸ਼ਨ ਸਥਾਪਤ ਕਰਨੇ ਚਾਹੀਦੇ ਹਨ, ਜਿਥੇ ਸਿੱਖ ਜ਼ਿਆਦਾ ਗਿਣਤੀ ਵਿਚ ਵੱਸਦੇ ਹਨ। ਇਨ੍ਹਾਂ ਸਿੱਖ ਮਿਸ਼ਨਾਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕਤਾ ਸਬੰਧੀ ਪ੍ਰਚਾਰ ਦੇ ਕੇਂਦਰਾਂ ਵਜੋਂ ਵਰਤਿਆ ਜਾਵੇ।

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …