Breaking News
Home / ਮੁੱਖ ਲੇਖ / ਕਿਉਂ ਪਰਵਾਸੀ ਪੰਜਾਬੀਆਂ ਤੋਂ ਖੌਫ਼ਜਦਾ ਹਨ ਪੰਜਾਬ ਦੇ ਨੇਤਾ?

ਕਿਉਂ ਪਰਵਾਸੀ ਪੰਜਾਬੀਆਂ ਤੋਂ ਖੌਫ਼ਜਦਾ ਹਨ ਪੰਜਾਬ ਦੇ ਨੇਤਾ?

316844-1rZ8qx1421419655-300x225ਗੁਰਮੀਤ ਸਿੰਘ ਪਲਾਹੀ
ਅਵੇਰ-ਸਵੇਰ ਪੰਜਾਬ ਵਿਧਾਨ ਸਭਾ ਚੋਣਾਂ ਪੰਜਾਬੀਆਂ ਦੀ ਬਰੂਹਾਂ ‘ਤੇ ਹਨ। ਪੰਜਾਬ ਦੀਆਂ ਪੰਜ-ਛੇ ਧਿਰਾਂ ਇਨਾਂ ਚੋਣਾਂ ਵਿਚ ਆਪਣੀ ਤਾਕਤ ਪਰਖਣ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਇਨਾਂ ਧਿਰਾਂ ਵਿਚੋਂ ਬਹੁਤੀਆਂ ਧਿਰਾਂ ਦਾ ਜ਼ੋਰ, ਪ੍ਰਦੇਸ਼ ਵਸਦੇ ਪੰਜਾਬੀਆਂ ਨੂੰ ਆਪਣੀ ਧਿਰ ਵੱਲ ਕਰਨ ਦਾ ਹੈ ਤਾਂ ਕਿ ਉਹ ਆਪਣੀ ਜਿੱਤ ਯਕੀਨੀ ਬਣਾ ਸਕਣ। ਕਿਉਂਕਿ ਪੰਜਾਬ ਦੇ ਨੇਤਾਵਾਂ ਦੀ ਸਿੱਧੀ-ਪੱਧਰੀ ਸੋਚ ਇਹ ਹੈ ਕਿ ਵਤਨੋਂ-ਪਾਰ ਬੈਠੇ ਪੰਜਾਬੀ, ਪੰਜਾਬ ਚੋਣਾਂ ‘ਚ ਉਨਾਂ ਦੀ ਜਿੱਤ-ਹਾਰ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸੇ ਲਈ ਸਾਰੇ ਸਿਆਸੀ ਦਲ ਹੁਣੇ ਤੋਂ ਹੀ ਪਰਵਾਸੀ ਪੰਜਾਬੀਆਂ ਦਾ ਦਿਲ ਜਿੱਤਣ ਲਈ ਪੱਬਾਂ ਭਾਰ ਹੋਏ ਪਏ ਹਨ। ਇਹੋ ਹੀ ਕਾਰਨ ਹੈ ਕਿ ਇਨਾਂ ਦਿਨਾਂ ਵਿੱਚ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਨੇਤਾ ਵਿਦੇਸ਼ੀ ਦੌਰਿਆਂ ‘ਤੇ ਚੜ੍ਹੇ ਹੋਏ ਹਨ।
ਬਿਨਾਂ ਸ਼ੱਕ ਪਰਵਾਸੀ ਪੰਜਾਬੀਆਂ ਦੀ ਆਪਣੀ ਵੋਟ ਨਹੀਂ ਹੈ, ਜਿਸ ਨਾਲ ਉਹ ਕਿਸੇ ਸਿਆਸੀ ਨੇਤਾ ਨੂੰ ਸਿੱਧੇ ਜਿਤਾ ਸਕਣ। ਪਰ ਉਨ੍ਹਾਂ ਵਿਚੋਂ ਬਹੁਤਿਆਂ ਦੀ ਆਪੋ-ਆਪਣੇ ਪਿੰਡਾਂ, ਇਲਾਕਿਆਂ ‘ਚ ਚੰਗੀ ਪੈਂਠ ਮੰਨੀ ਜਾਂਦੀ ਹੈ ਅਤੇ ਸਿਆਸੀ ਦਲਾਂ ਦੇ ਲਈ ਚੋਣਾਂ-ਫੰਡਿਗ ਦਾ ਉਹ ਵੱਡਾ ਜ਼ਰੀਆ ਵੀ ਹਨ।
ਪਰਵਾਸੀ ਪੰਜਾਬੀ ਜਿਨ੍ਹਾਂ ਦੀਆਂ ਜੜ੍ਹਾਂ ਆਮ ਕਰਕੇ ਪੰਜਾਬ ਦੇ ਪਿੰਡ ਹਨ, ਉਹ ਪਿੰਡਾਂ ਦੇ ਸਰਪੰਚ, ਪੰਚਾਂ ਦੀਆਂ ਚੋਣਾਂ ਤੋਂ ਲੈ ਕੇ ਪੰਚਾਇਤ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ, ਵਿਧਾਨ ਸਭਾ ਚੋਣਾਂ ਵਿਚ ਖਾਸ ਕਰਕੇ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਦੀ ਵੱਖਰੀ ਕਿਸਮ ਦੀ ਰਾਜਨੀਤੀ ਦੂਰ ਬੈੋਠਿਆਂ ਵੀ ਪੰਜਾਬ ਦੇ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਖੇਡ ਕਲੱਬਾਂ, ਸਹਿਕਾਰੀ ਸੁਸਾਇਟੀਆਂ, ਪ੍ਰਾਈਵੇਟ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਚਲਾਉਣ ਅਤੇ ਸਥਾਨਕ ਨੇਤਾਵਾਂ ਦੀ ਚੜ੍ਹਤ ਅਤੇ ਗਿਰਾਵਟ ਲਈ ਆਮ ਤੌਰ ‘ਤੇ ਹੀ ਮੰਨੀ ਜਾਂਦੀ ਹੈ। ਕਿਉਂਕਿ ਸਾਲਾਂ ਬੱਧੀ ਵਿਦੇਸ਼ ਵਿੱਚ ਰਹਿ ਕੇ ਵੀ ਉਹ ਪਿੰਡੋਂ ਜਿਸ ਧਿਰ ਨਾਲ ਬੱਝੇ ਵਿਦੇਸ਼ઠਵੱਲ ਵਹੀਰਾਂ ਘੱਤਦੇ ਰਹੇ ਹਨ, ਉਸੇ ਧਿਰ ਨਾਲ ਸਾਰੀ ਉਮਰ ਧੜਾ ਪਾਲਦੇ ਹਨ। ਉਸ ਧਿਰ ਨੂੰ ਪਲੋਸਦੇ ਹਨ, ਉਤਸ਼ਾਹਤ ਕਰਦੇ ਹਨ, ਨਰੋਆ ਕਰਦੇ ਹਨ, ਅਤੇ ਪੈਸੇ ਟਕੇ ਦੀ ਮਦਦ ਤੋੰ ਬਿਨਾਂ ਆਪਣੇ ਸ਼ਰੀਕੇ ਭਾਈਚਾਰੇ ਨੂੰ ਆਪਣੇ ਨੂੰ ਧੜੇ ਲਈ ਖੜ੍ਹਨ ਵਾਸਤੇ ਟੈਲੀਫੋਨ ਚਿੱਠੀਆਂ ਸੁਨੇਹੇ ਭੇਜਦੇ ਰਹਿੰਦੇ ਹਨ। ਇਹ ਸਭ ਕੁਝ ਕਰਦਿਆਂ ਉਹ ਆਪਣੇ ਪਿੰਡ , ਉਸਦੇ ਵਿਕਾਸ, ਆਪਣੇ ਧੜੇ , ਉਸਦੀ ਸਥਿਰਤਾ ਦਾ ਧਿਆਨ ਰੱਖਦੇ ਹਨ, ਉਥੇ ਨਾਲ ਹੀ ਆਪਣੀਆਂ ਪੁਰਾਣੀਆਂ ਕਿੜਾਂ ਰੜਕਾਂ ਕੱਢਣ ਅਤੇ ਸਾਂਝਾ ਤੋਂ ਵੀ ਪਿੱਛੇ ਨਹੀਂ ਹੱਟਦੇ । ਇਹ ਸਭ ਕੁਝ ਕਰਦਿਆਂ ਉਹ ਆਪਣੇ ਪਿੰਡ, ਸ਼ਹਿਰ , ਕਸਬੇ, ਸੂਬੇ ਦੀ ਮਾੜੀ ਹਾਲਤ, ਉਥੇ ਦੀ ਕਾਨੂੰਨ ਵਿਵਸਥਾ , ਪਿੰਡਾਂ ਸ਼ਹਿਰਾਂઠ’ਚ ਹੁੰਦੀ ਲੁੱਟ ਖਸੁੱਟ ਨੇਤਾਵਾਂ ਅਤੇ ਸਥਾਨਕ ਪਾਰਟੀਆਂ ਦੇ ਨੇਤਾਵਾਂ ਦੇ ਵਰਤਾਰੇ ਅਤੇ ਧਾਰਮਿਕ ਅਤੇ ਰਾਜਨੀਤਕ ਹਾਲਤਾਂ ਨੂੰ ਨਿਰਖ-ਪਰਖਕੇ ਆਪਣੇ ਵਿਚਾਰ ਪਿੱਛੇ ਰਹੇ ਦੋਸਤਾਂ ਤੋਂ ਸੁਣ ਜਾਣਕੇ, ਵਿਦੇਸ਼ ਦੀਆਂ ਦੇਸੀ ਅਖ਼ਬਾਰਾਂ ਤੋਂ ਜਾਣਕਾਰੀ ਲੈ ਕੇ, ਇੰਟਰਨੈੱਟ ਮੋਬਾਇਲ ਰਾਹੀਂ ਸਮਝ ਕੇ, ਉਹ ਉਸ ਦੇਸ਼ ਜਿਥੇ ਉਹ ਰਹਿੰਦੇ ਹਨ ਦੇ ਨਾਲ ਆਪਣੀ ਜਨਮ ਭੂਮੀ ਦਾ ਮੁਕਾਬਲਾ ਕਰਦੇ ਰਹਿੰਦੇ ਹਨ ਅਤੇ ਆਪਣੀ ਸਮਝ ਅਨੁਸਾਰ ਉਨ੍ਹਾਂ ਦੀ ਇਹ ਧਾਰਨਾ ਬਣਦੀ ਹੈ ਕਿ ਉਨ੍ਹਾਂ ਦੀ ਪਿਛਲੀ ਜਨਮ ਭੂਮੀ ਵੀ ਇਹੋ ਜਿਹੀ ਹੋਵੇ, ਉਥੇ ਰਹਿੰਦੇ ਉਨ੍ਹਾਂ ਦੇ ਮਿੱਤਰ ਪਿਆਰੇ ਵੀ ਉਹੋ ਜਿਹੀਆਂ ਸਹੂਲਤਾਂ ਮਾਨਣ ਜਿਹੜੀਆਂ ਉਹ ਮਾਣ ਰਹੇ ਹਨ ਅਤੇ ਸਿੱਟੇ ਵਜੋਂ ਉਹ ਸਮੇਂ ਸਮੇਂ ਵੋਟਾਂ ‘ਚ ਚੰਗੇ ਉਮੀਦਵਾਰਾਂ, ਚੰਗੀਆਂ ਪਾਰਟੀਆਂ, ਸਿਆਣੇ ਸੁਲਝੇ ਲੋਕਾਂ ਨੂੰ ਅੱਗੇ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣੋਂ ਨਹੀਂ ਝਿਜਕਦੇ। ਇੰਝ ਬਣਾਈ ਸੋਚ ਸਦਕਾ ਉਹ ਇੱਕਲੇ, ਕਦੇ ਗਰੁੱਪਾਂ ਵਿਚ ਇੱਕਠੇ ਹੋ ਕੇ, ਇੱਕ ਪ੍ਰਭਾਵਸ਼ਾਲੀ ਅਵਾਜ਼ ਨਾਲ ਆਪਣੀ ਰਾਏ ਹੀ ਪ੍ਰਗਟ ਨਹੀਂ ਕਰਦੇ, ਸਗੋਂ ਪ੍ਰਗਟ ਅਵਾਜ਼ ਨੂੰ ਹਕੀਕਤ ਵਿੱਚ ਬਦਲਣ ਲਈ ਤਨੋਂ, ਮਨੋਂ, ਧਨੋਂ, ਪੂਰਾ ਜ਼ੋਰ ਲਗਾ ਕੇ ਤਬਦੀਲੀ ਲਿਆਉਣ ਦਾ ਉਪਰਾਲਾ ਕਰਦੇ ਹਨ। ਕਈ ਵੇਰ ਇਹ ਅਵਾਜ਼ ਇਨੀਂ ਸਥਿਰ ਅਤੇ ਸ਼ਕਤੀਸ਼ਾਲੀ ਬਣਦੀ ਹੈ ਕਿ ਸੂਬੇ ਪੰਜਾਬ ਦੇ ਹਾਕਮ ਇਹ ਅਵਾਜ਼ ਤੋਂ ਤਰਿੰਹਦੇ ਹਨ, ਡਰਦੇ ਹਨ। ਹਾਕਮ ਆਪਣੇ ਕੀਤੇ ਕੰਮਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਲਈ ਅਤੇ ਵਿਰੋਧੀ ਧਿਰ ਹਾਕਮਾਂ ਨੂੰ ਨਿੰਦਣ ਅਤੇ ਆਪਣੀ ਧਿਰ ਨਾਲ ਪਰਵਾਸੀਆਂ ਨੂੰ ਖੜ੍ਹੇ ਕਰਨ ਲਈ ਉਨ੍ਹਾਂ ਤੱਕ ਪਹੁੰਚ ਕਰਦੀ ਹੈ। ਸਮੇਂ ਸਮੇਂ ਤੇ ਅਜ਼ਾਦੀ ਤੋਂ ਪਹਿਲਾਂ ਦੀਆਂ ਵਤਨੋਂ ਦੂਰ ਉਠੀਆਂ ਲਹਿਰਾਂ ਅਤੇ ਉਨ੍ਹਾਂ ਵਿਚ ਸ਼ਾਮਲ ਪੰਜਾਬੀਆਂ ਨੇ ਆਪਣੀ ਜਨਮ ਭੂਮੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਵੱਡਾ ਰੋਲ ਅਦਾ ਕੀਤਾ। ਅਜ਼ਾਦੀ ਤੋਂ ਬਾਅਦ , ਖਾਸ ਤੌਰ ਪਿਛਲੇ ਤਿੰਨ ਚਾਰ ਦਹਾਕੇ ਪੰਜਾਬ ਵਿਚ ਪਰਵਾਸੀ ਪੰਜਾਬੀਆਂ ਨੇ ਧਾਰਮਿਕ, ਸਮਾਜਿਕ, ਰਾਜਨੀਤਕ ਖੇਤਰ ਵਿਚ ਤਬਦੀਲੀ ਲਈ ਅਹਿਮ ਭੂਮਿਕਾ ਨਿਭਾਈ। ਪੰਜਾਬ ਦਾ ਹਰ ਪੱਖੋਂ ਵਿਕਾਸ ਹੋਵੇ , ਇਥੇ ਚੰਗੇਰਾ ਬੁਨਿਆਦੀ ਢਾਂਚਾ ਉਸਰੇ, ਚੰਗੀਆਂ ਸਿੱਖਿਆ ਸਿਹਤ, ਸਹੂਲਤਾਂ ਮਿਲਣ। ਪਰਵਾਸੀ ਪੰਜਾਬੀਆਂ ਇਸੇ ਲਈ ਆਪਣੀ ਕਿਰਤ-ਕਮਾਈ ਵਿਚੋਂ ਇਥੇ ਸਕੂਲ ਖੋਲ੍ਹੇ, ਹਸਪਤਾਲ ਬਣਾਏ, ਖੇਡ ਸਟੇਡੀਅਮ ਉਸਾਰੇ। ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਤੋਂ ਲੈਕੇ ਸੀਵਰੇਜ ਸਿਸਟਮ ਉਸਾਰਨ, ਸੁੰਦਰ ਧਾਰਮਿਕ ਸਥਾਨ ਬਣਾਉਣ ਤੋਂ ਲੈਕੇ ਲੋੜਬੰਦ ਵਿਦਿਆਰਥੀਆਂ ਦੀਆਂ ਫੀਸਾਂ ਦੇਣ, ਲੜਕੀਆਂ ਦੇ ਵਿਆਹ ਕਰਨ ਜਿਹੇ ਪਰਉਪਕਕਾਰੀ ਕੰਮ ਕੀਤੇ। ਰੁਜ਼ਗਾਰ ਦੇਣ ਲਈ ਕਈ ਥਾਈਂ ਆਪਣੀ ਕਮਾਈ ਪੂੰਜੀ ਵਿਚੋਂ ਕਾਰੋਬਾਰ ਖੋਲ੍ਹੇ।
ਪਰ ਪਰਵਾਸੀ ਪੰਜਾਬੀਆਂ ਨੂੰ ਜੋ ਦਿੱਕਤਾਂ, ਉਨ੍ਹਾਂ ਦੇ ਪੰਜਾਬ ਵਿੱਚ ਪਈ ਜਾਇਦਾਦ ਦੀ ਸੰਭਾਲ ਲਈ ਆਈਆਂ, ਜਿਵੇਂ ਕਈ ਥਾਂਈ ਉਨ੍ਹਾਂ ਦੇ ਰਿਸ਼ਤੇਦਾਰਾਂ ਸਕੇ ਸਬੰਧੀਆਂ, ਇਥੋਂ ਦੇ ਦਲਾਲ ਕਿਸਮ ਦੇ ਲੋਕਾਂ ਉਨ੍ਹਾਂ ਦੀ ਲੁੱਟ ਕੀਤੀ, ਉਨ੍ਹਾਂ ਨਾਲ ਗੈਰਾਂ ਜਿਹਾ ਵਿਵਹਾਰ ਹੋਇਆ, ਇਸਦੀ ”ਚਸਕ” ਉਨ੍ਹਾਂ ਦੇ ਮਨਾਂ ਤੇ ”ਚਟਾਕ” ਪਾ ਗਈ ! ਹਵਾਈ ਅੱਡੇ ਤੇ ਉਨ੍ਹਾਂ ਦੀ ਆਉ-ਭਗਤ ਦੀ ਥਾਂ , ਉਨ੍ਹਾਂ ਦੀਆਂ ਜੇਬਾਂ ਟਟੋਲਣ ਜਿਹਾ ਅਧਿਕਾਰੀਆਂ ਦਾ ਵਰਤਾਰਾ , ਭੂ-ਮਾਫੀਆਂ ਵਲੋਂ ਉਨ੍ਹਾਂ ਦੀ ਜਾਇਦਾਦ ਦੀ ਵੇਚ-ਵਟੱਤ ਸਮੇਂ ਵੱਡੀਆਂ ਹੇਰਾ-ਫੇਰੀਆਂ, ਪੁਲਿਸ ਵਲੋਂ ਸਥਾਨਕ ਨੇਤਾਵਾਂ ਦੀ ਸ਼ਹਿ ਉਤੇ ਬਿਨ੍ਹਾਂ ਵਜਹ ਐਫ.ਆਈ . ਆਰ. [ਪਰਚੇ] ਦਰਜ਼ ਕਰਨ ਕਾਰਨ ਉਨ੍ਹਾਂ ਦਾ ਪੰਜਾਬ ਪ੍ਰਸ਼ਾਸ਼ਨ ਪ੍ਰਤੀ ਮੋਹ ਭੰਗ ਹੋਇਆ ਹੈ । ਕੇਂਦਰੀ ਤੇ ਸੂਬਾ ਸਰਕਾਰਾਂ ਦਾ ਉਨ੍ਹਾਂ ਪ੍ਰਤੀ ਭੈੜਾ ਰਵੱਈਆ ਉਨ੍ਹਾਂ ਵਿੱਚ ਲਗਾਤਾਰ ਰੋਸਾ ਪੈਦਾ ਕਰਦਾ ਰਿਹਾ ਹੈ। ਇਸ ”ਰੋਸੇ” ਨੂੰ ਦੂਰ ਕਰਨ ਲਈ, ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ, ਸੂਬਾ ਸਰਕਾਰ ਵਲੋਂ ਹਰ ਵਰ੍ਹੇ ਪਰਵਾਸੀ ਸੰਮੇਲਨ ਤੇ ਫਿਰ ਸੰਗਤ ਦਰਸ਼ਨ ਕਰਕੇ ਉਨ੍ਹਾਂ ਦਾ ਮਨ ਜਿੱਤਣ ਦਾ ਯਤਨ ਹੋਇਆ ਹੈ, ਉਨਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ, ਪਰ ਫਿਰ ਵੀ ਉਹਨਾਂ ਦਾ ਪੰਜਾਬ ਪ੍ਰਤੀ, ਇਥੋਂ ਦੀਆਂ ਸਮੇਂ ਸਮੇਂ ਬਣੀਆਂ ਕਾਂਗਰਸੀ- ਅਕਾਲੀ ਸਰਕਾਰਾਂ ਪ੍ਰਤੀ ਗੁੱਸਾ ਸੱਤ ਅਸਮਾਨੇ ਹੈ। ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ, ਅਤੇ ਭ੍ਰਿਸ਼ਟਾਚਾਰ ਜਿਹੇ ਮੁੱਦਿਆਂ ਕਾਰਨ ਪਰਵਾਸੀਆਂ ਦਾ ਸਰਕਾਰਾਂ ਪ੍ਰਤੀ ਭਰੋਸਾ ਕੰਮਜੋਰ ਹੋਇਆ ਹੈ ਤੇ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਬਾਹਰ ਬੈਠ ਪਰਵਾਸੀ, ਪੰਜਾਬ ‘ਚ ਸਤਹ ਵਿਚ ਤਬਦੀਲੀ ਦੀ ਤੀਬਰ ਇੱਛਿਆ ਪਾਲੀ ਬੈਠੇ ਹਨ। ਇਸ ਸਭ ਕੁਝ ਨੂੰ ਵੇਖਦਿਆਂ ਰਾਜਨੀਤਕ ਪਾਰਟੀਆਂ ਪਰਵਾਸੀਆਂ ਨੂੰ ਆਪਣੇ ਵੱਲ ਕਰਨ ਲਈ ਉਨਾਂ ਦੇ ਦਰੀਂ ਢੁਕ ਰਹੀਆਂ ਹਨ ਤਾਂ ਕਿ ਉਨਾਂ ਰਾਹੀਂ ਉਨਾਂ ਦੇ ਸੰਪਰਕਾਂ ਵਾਲੀਆਂ ਇਧਰਲੀਆਂ ਵੋਟਾਂ ਆਪਣੇ ਹੱਕ ਵਿਚ ਭੁਨਾਈਆ ਜਾ ਸਕਣ ਅਤੇ ਉਨਾਂ ਤੋਂ ਇਸ ਚੋਣ ਲਈ ਮਾਇਕ ਸਹਾਇਤਾ ਵੀ ਲਈ ਜਾਵੇ।ਪਿਛਲੇ ਦਿਨੀਂ ਨਵੀਂ ਸਥਾਪਿਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਯੂਰਪ ਦਾ ਦੌਰਾ ਕੀਤਾ। ਸਮਝਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਉਭਾਰ ਵਿੱਚ ਪਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਸੀ, ਤਦੇ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ 4 ਲੋਕ ਸਭਾ ਸੀਟਾਂ ਜਿੱਤੀ, ਅਤੇ ਕੁਲ ਪੋਲ ਵੋਟਾਂ ਵਿਚ 30% ਹਾਸਲ ਕਰਨ ਵਿਚ ਕਾਮਯਾਬ ਹੋਈ। ਅਸਲ ਵਿੱਚ ਪੂਰੇ ਦੇਸ਼ ਵਿੱਚ ਪੰਜਾਬ ਹੀ ਇਹੋ ਜਿਹੀ ਥਾਂ ਸੀ, ਜਿਥੇ ਕੇਜਰੀਵਾਲ ਦੀ ਰਾਜਨੀਤਕ ਪਾਰਟੀ ਨੇ ਚੌਕਾ ਮਾਰਿਆ। ਯੂਰਪ ਦੇ ਇਸ ਦੌਰੇ ਦੋਰਾਨ ਛੋਟੇਪੁਰ ਨੂੰ ਬੇਅੰਤ ਮਾਇਆ ਦੇ ਗੱਫੇ ਮਿਲੇ, ਜਿਸ ਸਬੰਧੀ ਪੰਜਾਬ ਦਾ ਮੌਜੂਦਾ ਹਾਕਮ ਅਕਾਲੀ ਦਲ ਤਰਲੋ ਮੱਛੀ ਹੋ ਗਿਆ। ਹੁਣ ਆਪ ਦਾ ਇਕ ਹੋਰ ਨੇਤਾ ਜੋ ਕੁਝ ਸਮਾਂ ਪਹਿਲਾਂ ਹੀ ਆਪ ਦੇ ਲੜ ਲਗਿਆ ਹੈ, ਸੁਖਪਾਲ ਖਹਿਰਾ, 15 ਅਪ੍ਰੈਲ ਤੋਂ ਅਮਰੀਕਾ ਦੌਰਾ ਤੇ ਜਾਵੇਗਾ। ਕਾਂਗਰਸ ਵੀ ਅਕਾਲੀ ਦਲ ਨਾਲ ਨਰਾਜ਼ ਪਰਵਾਸੀਆਂ ਨੂੰ ਆਪਣੇ ਵੱਲ ਕਰਨ ਦੇ ਚੱਕਰ ਵਿੱਚ ਹੈ, ਉਸਨੂੰ ਖਦਸ਼ਾ ਹੈ ਕਿ ਕਿਧਰੇ ਅਕਾਲੀ ਦਲ ਨਾਲ ਨਰਾਜ਼ ਹੋਏ ਪ੍ਰਵਾਸੀ ”ਆਪ” ਦੇ ਖੇਮੇ ਵਿਚ ਨਾ ਚਲੇ ਜਾਣ। ਪਿਛਲੇ ਦਿਨੀਂ ਕਾਂਗਰਸੀ ਸਾਬਕਾ ਵਿਦੇਸ਼ ਰਾਜਮੰਤਰੀ ਪਰਨੀਤ ਕੌਰ ਨੇ ਅਸਟਰੇਲੀਆ ਅਤੇ ਨਿਊਜੀਲੈਂਡ ਦਾ ਦੌਰਾ ਕੀਤਾ ਸੀ ਅਤੇ ਹੁਣ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ 19 ਅਪ੍ਰੈਲ 2016 ਤੋਂ ਅਮਰੀਕਾ ਦੌਰੇ ‘ਤੇ ਜਾ ਰਹੇ ਹਨ , ਜਿਥੇ ਅਕਾਲੀ ਦਲ ਵਿਰੁੱਧ ਪਰਵਾਸੀਆਂ ਦਾ ਵਿਰੋਧ ਚਰਮ-ਸੀਮਾ ਉਤੇ ਹੈ। ਉਹ ਵੱਖਰੇ ਵੱਖਰੇ ਸ਼ਹਿਰਾਂ ਵਿਚ ਲੋਕਾਂ ਨੂੰ ਮਿਲਣਗੇ। ਕਾਂਗਰਸੀਆਂ ਦਾ ਐਨ. ਆਰ. ਆਈ. ਵਿੰਗ ਪਹਿਲਾਂ ਹੀ ਵਿਦੇਸ਼ ‘ਚ ਸਰਗਰਮ ਹੈ। ਕਾਂਗਰਸ ਪ੍ਰਧਾਨ ਨ ਦੌਰੇ ਤੋਂ ਪਹਿਲਾਂ ਹੀ ਕਹਿ ਦਿਤਾ ਹੈ ਕਿ ਪਰਵਾਸੀ ਪੰਜਾਬੀਆਂ ਵਲੋਂ ਆਪ ਨੂੰ ਹੋ ਰਹੀ ਫੰਡਿੰਗ ਰੋਕਣਾ ਅਤੇ ਪਰਵਾਸੀਆਂ ਨੂੰ ਆਪਣੇ ਪੱਖ ਵਿਚ ਕਰਨਾ ਹੀ ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਹੈ। ਪਰਵਾਸੀ ਪੰਜਾਬੀਆਂ ਵਿਚਲੇ ਅਕਾਲੀ ਦਲ ਦੇ ਵਿਰੋਧ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਦੇਸ਼ਾਂ ਵਿੱਚ ਪਾਰਟੀ ਦੀਆਂ ਇਕਾਈਆਂ ਸਥਾਪਤ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਯੂਥ ਵਿੰਗ ਬਨਾਉਣ ਦਾ ਐਲਾਨ ਕੀਤਾ ਹੈ ਅਤੇ ਪਰਵਾਸੀ ਪੰਜਾਬੀਆਂ ਦੀ ਵੱਡੀ ਸੰਖਿਆ ਵਿਚ ਪ੍ਰਭਾਵਸ਼ਾਲੀ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਨਾਲ ਜੋੜਿਆ ਹੈ। ਪਰਵਾਸੀਆਂ ਕੇਂਦਰ ਸਰਕਾਰ ਵਲੋ ਜਾਰੀ ਹੋਈ ਕਾਲੀ ਸੂਚੀ ਵਿਚੋਂ ਬਹੁਤੇ ਨਾਮ ਹਟਵਾਏ ਹਨ। ਪਰ ਇਨਾਂ ਪੁੱਜੇ ਹੋਏ ਨੇਤਾਵਾਂ ਕੋਲ ਜਦੋਂ ਪਰਵਾਸੀ ਸਵਾਲ ਪਾਉਂਦੇ ਹਨ ਅਤੇ ਪੁੱਛਦੇ ਹਨ ਕਿ ਪੰਜਾਬ ਦਾ ਭੈੜਾ ਹਾਲ ਕਿਉਂ ਹੋ ਗਿਆ? ਕਿਉਂ ਇਥੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ? ਕਿਉਂ ਪੰਜਾਬ ਨਸ਼ਿਆਂ ਦੀ ਦਲ-ਦਲ ਵਿਚ ਫੱਸ ਗਿਆ ਹੈ? ਕਿਉਂ ਪੰਜਾਬ ਵਿਚ ਭ੍ਰਿਸ਼ਟਾਚਾਰੀ ਦਾ ਬੋਲਬਾਲਾ ਹੋ ਗਿਆ ਹੈ? ਕਿਉਂ ਪੰਜਾਬ ‘ਚ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਇਆ ਹੈ? ਕਿਉਂ ਭੂ-ਮਾਫੀਆ ਪਰਵਾਸੀਆਂ ਦੀਆਂ ਜ਼ਮੀਨਾਂ ਹੜੱਪ ਗਿਆ? ਕਿਉਂ ਪਰਵਾਸੀਆਂ ਉਤੇ ਬੇਵਜਾ ”ਪਰਚੇ” ਐਫ. ਆਈ. ਆਰਾਂ ਦਰਜ ਹੋਈਆਂ? ਕਿਉਂ ਕਈ ਪਰਵਾਸੀਆਂ ਦੇ ਕਤਲ ਹੋਏ? ਕਿਉਂ ਪੰਜਾਬ ਪ੍ਰਸ਼ਾਸ਼ਨ ਪਰਵਾਸੀਆਂ ਦੇ ਮਾਮਲਿਆਂ ਸਬੰਧੀ ਬੇ-ਰੁਖੀ ਧਾਰੀ ਬੈਠਾ ਹੈ? ਕਿਉਂ ਪ੍ਰਵਾਸੀਆਂ ਦੇ ਹੱਕ ਵਿਚ ਬਣਾਏ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੇ? ਕਿਉਂ ਪਰਵਾਸੀਆਂ ਨੂੰ ਪੰਜਾਬ ਵਿਚ ਜੀ ਆਇਆਂ ਨਹੀਂ ਆਖਿਆ ਜਾਂਦਾ ਤੇ ਉਨਾਂ ਦੀਆਂ ਦੁਕਾਨਾਂ, ਘਰ, ਜ਼ਮੀਨਾਂ, ਜਾਇਦਾਦਾਂ ਸ਼ਰੀਕੇ ਭਾਈਚਾਰੇ ਭੂ-ਮਾਫੀਏ ਵਲੋਂ ਹੱੜਪੀਆਂ ਜਾਂਦੀਆਂ ਹਨ ਤੇ ਪ੍ਰਸ਼ਾਸ਼ਨ ਹੱਥ ਤੇ ਹੱਥ ਧਰੀ ਬੈਠਾ ਰਹਿੰਦਾ ਹੈ! ਕਿਉਂ ਪਰਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਇੰਨਾ ਪੇਚੀਦਾ ਬਣਾ ਦਿਤਾ ਗਿਆ ਹੈ ਕਿ ਉਸ ਤੱਕ ਉਹ ਪੁੱਜਦੀਆਂ ਹੀ ਨਹੀਂ? ਕਿਉਂ ਪੰਜਾਬੀਆਂ ਦੀ ਇਕੋ ਇੱਕ ਅਵਾਜ਼ ਐਨ. ਆਰ. ਆਈ. ਸਭਾ ਜਲੰਧਰ ਨੂੰ ਸਰਕਾਰੀ ਅਫਸਰਾਂ ਦੀ ਝ੍ਰੋਲੀ ਵਿਚ ਪਾ ਦਿਤਾ ਗਿਆ ਹੈ, ਜਦਕਿ ਕਰੋੜਾਂ, ਅਰਬਾਂ ਰੁਪਏ ਇਸ ਦੀ ਇਮਾਰਤ ਉਤੇ ਅਤੇ ਫੰਡ ਰੇਜਿੰਗ ਲਈ ਪਰਵਾਸੀਆਂ ਨੇ ਖਰਚੇ ਹਨ। ਤਾਂ ਇਧਰੋਂ ਗਏ ਨੇਤਾਵਾਂ ਦੇ ਮੂੰਹ ਤੇ ਛਿਕੜੀ ਜੰਮ ਜਾਂਦੀ ਹੈ। ਉਨਾਂ ਦੇ ਜਵਾਬ ਵਿੱਚ ਨੇਤਾਵਾਂ ਦੇ ਮੂੰਹ ਹੀ ਨਹੀਂ ਖੁਲ੍ਹਦੇ। ਕਿਉਂਕਿ ਪੰਜਾਬ ਤੇ ਰਾਜ ਕਰਨ ਵਾਲੀਆਂ ਪਾਰਟੀਆਂ ਤੇ ਰਾਜ ਕਰ ਚੁੱਕੀਆਂ ਪਾਰਟੀਆਂ ਇਕੋ ਥੈਲੀ ਦੇ ਚੱਟੇ-ਬੱਟੇ ਹਨ। ਅਤੇ ਉਨਾਂ ਵਲੋਂ ਪਰਵਾਸੀਆਂ ਦੀ ਸਮੇਂ ਸਮੇਂ ਜੇਬਾਂ ਹੀ ਟਟੋਲੀਆਂ ਹਨ, ਉਨਾਂ ਨਾਲ ”ਜੇ ਆਇਆਂ ਤਾਂ ਕੀ ਲੈ ਕੇ ਆਇਆਂ, ਤੇ ਚੱਲਿਆਂ ਤਾਂ ਕੀ ਦੇ ਕੇ ਚੱਲਿਆਂ”? ਜਿਹਾ ਵਤੀਰਾ ਹੀ ਅਪਨਾਇਆ ਹੈ। ਇਹੋ ਕਾਰਨ ਹੈ ਕਿ ਉਹ ਅਤੇ ਉਨਾਂ ਦੀ ਔਲਾਦ, ਪੰਜਾਬ ਦੇ ਮੌਜੂਦਾ ਹਾਲਤ ਨੂੰ ਵੇਖਦਿਆਂ, ਪੰਜਾਬ ਤੋਂ ਮੁੱਖ ਮੋੜੀ ਬੈਠੀ ਹੈ, ਮੁੜ ਆਪਣੇ ਘਰ ਪੰਜਾਬ ਨੂੰ ਪਰਤਣਾ ਹੀ ਨਹੀਂ ਚਾਹੁੰਦੀ, ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਪਰਤਕੇ ਆਪਣੇ ਕਾਰੋਬਾਰ ਖੋਹਲਣ ਦਾ ਭਰੋਸਾ ਦਿਤਾ, ਪਰ ਜ਼ਮੀਨੀ ਪੱਧਰ ਉਤੇ ਉਨਾਂ ਨਾਲ ਹੋਇਆ ਸਰਕਾਰੀ ਬਾਬੂਆਂ, ਅਫਸਰਾਂ, ਸਥਾਨਕ ਨੇਤਾਵਾਂ ਦਾ ਵਤੀਰਾ ਉਨਾਂ ਨੂੰ ਸਦਾ ਹੀ ਨਿਰਾਸ਼ ਕਰਦਾ ਰਿਹਾ ਹੈ। ਸਾਰੀਆਂ ਗੱਲਾਂ ਤੋਂ ਦੁਖੀ ਉਹ, ਪਿਛਲੇ ਦਿਨਾਂ ਵਿਚ ਹਾਕਮ ਧਿਰ ਨਾਲ ਜੁੜੇ ਨੇਤਾਵਾਂ ਦੇ ਵਿਦੇਸ਼ੀ ਦੌਰਿਆਂ ਖਾਸਕਰ ਕੈਨੇਡਾ, ਅਮਰੀਕਾ ‘ਚ ਉਹ ਉਨਾਂ ਦੀ ਸ਼ਰੇਆਮ ਵੱਡੀ ਲਾਹ-ਪਾਹ ਕਰਦੇ ਉਥੋਂ ਦੀਆਂ ਸਥਾਨਕ ਅਤੇ ਇਧਰਲੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਅਤੇ ਵਿਰੋਧੀ ਨੇਤਾਵਾਂ ਦੀ ਆਓ-ਭਗਤੀ ਇਸ ਆਸ ਨਾਲ ਕਰਦੇ ਹਨ, ਕਿ ਉਹ ਪੰਜਾਬ ਦੀ ਉਲਝੀ ਤਾਣੀ ਨੂੰ ਸੰਵਾਰ ਦੇਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਉਹ ਇਨਸਾਫ ਦੇਣਗੇ ਅਤੇ ਪੰਜਾਬ ਮੁੜ ਚਿਹਕੇਗਾ, ਗੁਣਗੁਣਾਏਗਾ, ਨੱਚੇਗਾ, ਟੱਪੇਗਾ ਅਤੇ ਖੁਸ਼ਹਾਲ ਹੋਏਗਾ।
ਪਰਵਾਸ ਵਿਚ ਰਹਿੰਦਿਆਂ ਪੰਜਾਬੀਆਂ ਵੱਡੀਆਂ ਮੱਲਾਂ ਮਾਰੀਆਂ ਹਨ। ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ-ਤਾਣ ਦਿਵਾਉਣ ਲਈ ਉਪਰਾਲੇ ਕਰਕੇ, ਕੈਨੇਡਾ ਜਿਹੇ ਮੁਲਕ ਵਿਚ ਤੀਜੀ ਭਾਸ਼ਾ ਹੋਣ ਦਾ ਮਾਣ ਹਾਸਲ ਕਰਵਾਇਆ ਹੈ। ਕੈਨੇਡਾ ‘ਚ ਰਾਜਨੀਤਕ ਸ਼ਕਤੀ ਬਣਕੇ ਆਪਣੇ 4 ਮੰਤਰੀ ਕੇਂਦਰੀ ਕੈਬਨਿਟ ਵਿੱਚ ਲਿਆਂਦੇ ਹਨ, 23 ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਪ੍ਰੋਫੈਸ਼ਨਲ, ਕਾਰੋਬਾਰ, ਖੇਤੀਬਾੜੀ, ਦੇ ਖੇਤਰ ‘ਚ ਮੱਲਾਂ ਤਾਂ ਹਰ ਮੁਲਕ ਵਿੱਚ ਉਨਾਂ ਮਾਰੀਆਂ ਹਨ ਤੇ ਪ੍ਰਸਿੱਧ ਡਾਕਟਰ, ਇੰਜੀਨੀਅਰ, ਵਕੀਲ, ਕਾਰੋਬਾਰੀਏ ਬਣਕੇ ਨਾਮਣਾ ਖੱਟਿਆ ਹੈ, ਆਪਣਾ ਨਾਮ ਚਮਕਾਇਆ ਹੈ ਅਤੇ ਵਿਦੇਸ਼ੀ ਸਰ-ਜ਼ਮੀਨ ਉਤੇ ਉਥੋਂ ਦੇ ਲੋਕਾਂ ‘ਚ ਆਪਣੀ ਪੈਂਠ ਬਣਾਈ ਹੈ, ਆਪਣੇ ਸਭਿਆਚਾਰ, ਬੋਲੀ, ਪਹਿਰਾਵੇ, ਨੂੰ ਜੀਊਂਦਾ ਰੱਖਿਆ ਹੈ। ਇਹੋ ਜਿਹੇ ਅਣਖ਼ ਭਰੇ ਕੰਮ ਕਰਦਿਆਂ ਭਲਾ ਜੇ ਉਨ੍ਹਾਂ ਨੂੰ ਜਾਪਣ ਲੱਗ ਪਿਆ ਹੈ ਕਿ ਉਹਨਾਂ ਦੇ ਆਪਣੇ ਮੁਲਕ ਨੂੰ, ਉਹਦੇ ਆਪਣੇ ਹੀ ਤਬਾਹੀ ਦੇ ਰਾਸਤੇ ਲੈ ਜਾ ਰਹੇ ਹਨ, ਤਾਂ ਉਨ੍ਹਾਂ ਦਾ ਗੁੱਸਾ ਸਤ-ਅਸਮਾਨੇ ਤਾਂ ਚੜ੍ਹੇਗਾ ਹੀ, ਅਤੇ ਇਸ ਗੁੱਸੇ ਤੋਂ ਪੰਜਾਬ ਦੇ ਸਵਾਰਥੀ ਨੇਤਾਵਾਂ ਦਾ ਖ਼ੋਫ਼ਜਦਾ ਹੋਣਾ ਸੁਭਾਵਿਕ ਹੈ, ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬੀ ਸਦਾ ਹੱਕ, ਸੱਚ, ਇਨਸਾਫ ਲਈ ਪੂਰੇ ਜੋਸ਼ ਨਾਲ ਲੜਾਈ ਲੜਨ ਲਈ ਜਾਣੇ ਜਾਂਦੇ ਹਨ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …