ਅਜੀਤ ਸਿੰਘ ਰੱਖੜਾ
ਬੜਾ ਕਠਨ ਸਵਾਲ ਹੈ, ਇਹ ਸਮਝਣਾ ਕਿ ਅਣਜਾਣਤਾ ਨੁਕਸਾਨ ਦੇਹ ਨਹੀਂ ਹੁੰਦੀ। ਸਾਰੀ ਦੁਨੀਆਂ ਤਾਂ ਕਹਿੰਦੀ ਹੈ ਕਿ ਗਿਆਨ ਦੀ ਕੋਈ ਸੀਮਾ ਨਹੀਂ। ਜਿਨਾ ਵੀ ਲਵੋ ਥੋਹੜਾ ਹੈ। ਬੰਦਾ ਸਾਰੀ ਉਮਰ ਸਿਖਦਾ ਹੀ ਸਿਖਦਾ ਹੈ। ਜਿਥੇ ਇਹ ਸਹੀ ਹੈ, ਉਥੇ ਇਹ ਵੀ 16 ਆਨੇ ਸਚ ਹੈ ਕਿ ਅਣਜਾਣਤਾ ਕਈ ਵਾਰ ਫਾਇਦੇਮੰਦ ਸਾਬਤ ਹੁੰਦੀ ਹੈ। ਅੰਗਰੇਜੀ ਦੀ ਫਰੇਜ਼ ਹੈ, ਇਨੋਸੈਂਸ ਇਜ਼ ਬਲਿਸ। ਗੁਰਬਾਣੀ ਵਿਚ ਲਿਖਿਆ ਹੈ ‘ਪਾਇਓ ਬਾਲ ਬੁਧ ਸੁਖਰੇ’ ਜਾਂ ‘ਬਹੁਤ ਸਿਆਣਪ, ਜਮਕਾ ਭਓ ਵਿਆਪੇ’ ਜਾਂ ‘ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ’। ਮਸੂਮੀਅਤ ਅਤੇ ਬਚਪਨੀ ਸਰਲਤਾ ਨੂੰ ਰੱਬ ਵਰਗੀ ਆਖਿਆ ਗਿਆ ਹੈ। ਅਣਜਾਣਤਾ ਸਵੈ ਵਿਸ਼ਵਾਸ ਨੂੰ ਨਰੋਆ ਅਤੇ ਡਰ ਨੂੰ ਦੂਰ ਭਜਾਉਂਦੀ ਹੈ। ਅਣਜਾਣਤਾ ਸਰੀਰ ਅਤੇ ਮਨ ਨੂੰ ਤੰਦਰੁਸਤ ਰਖਦੀ ਹੈ। ਸੰਸਾਰ ਵਿਚ ਜਿਨੇ ਉਪਰਾਮ ਅਤੇ ਪ੍ਰੇਸ਼ਾਨ ਲੋਕ ਸਿਖਸ਼ਤ ਵਰਗ ਵਿਚੋਂ ਹੁੰਦੇ ਹਨ, ਉਨ੍ਹੇ ਸਧਾਰਣ ਅਤੇ ਅਨਪੜ੍ਹ ਲੋਕਾਂ ਵਿਚ ਨਹੀਂ ਹੁੰਦੇ। ਅਲਜ਼ਾਈਮਰ ਅਤੇ ਡੀਮੈਨਸ਼ੀਆ (ਯਾਦਾਸ਼ਤ ਦੀ ਕਮਯੋਰੀ) ਵਰਗੀਆਂ ਬੀਮਾਰੀਆਂ ਅਮੂਮਨ, ਵਿਗਿਆਨੀਆਂ, ਵਕੀਲਾਂ ਅਤੇ ਫਿਲਾਸਫਰਾਂ ਨੂੰ ਲੱਗਦੀਆਂ ਹਨ। ਸਿਧੇ ਸਾਧੇ ਲੋਕ ਵਡੀਆਂ ਉਮਰਾਂ ਵਾਲੇ ਅਤੇ ਯਾਦਾਸ਼ਤਾਂ ਪੱਖੋ ਤਿਖੇ ਅਤੇ ਨਜ਼ਰਾਂ ਵਲੋਂ ਤੰਦਰੁਸਤ ਹੁੰਦੇ ਹਨ। ਮਨ ਅਤੇ ਦਿਮਾਗ ਦੀਆਂ ਉਲਝਣਾਂ ਬੰਦੇ ਦੀ ਘਟ ਉਮਰ ਅਤੇ ਮਾਨਸਿਕ ਵਿਕਾਰਾਂ ਦਾ ਕਾਰਣ ਬਣਦੀਆਂ ਹਨ।
ਜਾਨਵਰਾਂ ਦੀ ਉਮਰ ਅਮੂਮਨ ਨਿਸਚਤ ਹੁੰਦੀ ਹੈ।ਜੀਵ ਜੰਤੁਆਂ ਦੀ ਮਿਨਟਾਂ ਅਤੇ ਘੰਟਿਆ ਵਿਚ ਜਾਂ ਕੁਝ ਦਿਨਾ ਵਿਚ, ਪੰਛੀਆਂ ਦੀ 15 ਤੋਂ 33 ਸਾਲ, (ਕੁਕੜ= 15 ਸਾਲ, ਚਿੜੀਆਂ= 23 ਸਾਲਅਤੇ ਕੂੰਜਾਂ 33 ਸਾਲ)। ਮੈਮਲਜ਼ (ਚੌਪਾਇਆਂ) ਦੀ ਉਮਰ 4 ਤੋਂ 70 ਸਾਲ ( ਚੂਹਾ= 4 ਸਾਲ, ਖਰਗੋਸ਼ =9 ਸਾਲ, ਕੁਤਾ =17 ਸਾਲ ਅਤੇ ਹਾਥੀ =70 ਸਾਲ) ਇਨਸਾਨਾ ਦੀ ਸਭ ਤੋਂ ਵਧ 80 ਤੋਂ 100 ਸਾਲ ਤਕ ਸੋਚੀ ਜਾ ਸਕਦੀ ਹੈ। ਅੰਕੜਿਆ ਮੁਤਾਬਿਕ ਕਨੇਡਾ ਵਿਚ ਸਭ ਤੋਂ ਵਧ ਔਸਤਨ ਉਮਰ, ਯਾਨੀ 81,24 ਸਾਲ ਹੈ, ਸ੍ਰੀ ਲੰਕਾ 72,6, ਮਾਲਦੀਵ 68,5, ਭਾਰਤ 66,21, ਪਾਕਿਸਤਾਨ 65,6 ਅਤੇ ਸਭ ਤੋਂ ਘਟ ਜ਼ਾਂਬੀਆ 45 ਸਾਲ। ਰੈਪਟਾਈਲਜ਼ (ਅਜਗਰ) 135 ਸਾਲਾਂ ਤਕ ਵੀ ਜੀਵਤ ਰਹਿ ਸਕਦੇ ਹਨ। ਬੰਦਿਆਂ ਵਿਚ ਉਮਰ ਦਾ ਤਕਾਜ਼ਾ ਜੀਵਨ ਦੇ ਗਲਤ ਗਿਆਨ ਭੰਡਾਰ ਨਾਲ ਵਧਦਾ ਘਟਦਾ ਹੈ। ਪੁਰਾਣੇ ਸਮਿਆਂ ਵਿਚ ਰਿਸ਼ੀਮੁਨੀ ਸੈਂਕੜੇ ਸਾਲ ਜੀਵੇ ਸੁਣੇ ਜਾਦੇ ਹਨ। ਅਜੋਕੇ ਸਮੇ ਅਨੁਪਾਤਨ ਉਮਰ ਘਟੀ ਹੈ। ਜਾਨਵਰਾਂ ਵਿਚ ਗਿਆਨ ਅਤੇ ਸਿਖਸ਼ਤ ਹੋਣ ਦਾ ਕੋਈ ਵਸੀਲਾ ਨਹੀਂ ਹੂੰਦਾ, ਫਲਸਰੂਪ ਇਕ ਨਿਸਚਤ ਉਮਰ ਭੋਗਦੇ ਹਨ। ਇਨਸਾਨਾਂ ਦੀ ਸਿੱਖਣ ਸ਼ਕਤੀ ਬਹੁਤ ਹੈ, ਜਿਸਦੇ ਕਾਰਣ ਉਮਰ ਵਧਦੀ, ਘਟਦੀ ਹੈ। ਕਿਸੇ ਵਡੀ ਉਮਰ ਦੇ ਬੰਦੇ ਨਾਲ ਬਾਤ ਚੀਤ ਕਰੋ ਤਾਂ ਪਾਓਗੇ ਕਿ ਉਨ੍ਹਾਂ ਦਾ ਜੀਵਨ ਅਤੀ ਸਰਲ ਅਤੇ ਸਧਾਰਣ ਹੁੰਦਾ ਹੈ। ਵਹਿਮਾਂ ਭਰਮਾ ਤੋਂ ਦੂਰ, ਸਧਾਰਣ ਭੋਜਨ ਖਾਣਵਾਲੇ ਅਤੇ ਜੀਵਨ ਦੀਆਂ ਪੇਚੀਦਗੀਆਂ ਤੋਂ ਬਚਕੇ ਚਲਣ ਵਾਲੇ ਲੋਕ ਵਧ ਉਮਰਾਂ ਭੋਗਦੇ ਹਨ। ਸਿਖਸ਼ਤਇਨਸਾਨ ਦਾ ਅੰਤਿਹਕਰਣ ਡੂੰਘਾ ਹੋ ਜਾਂਦਾ ਹੈ। ਜੇ ਤਾਂ ਪ੍ਰਾਪਤ ਕੀਤਾ ਗਿਆਨ ਸਹੀ ਹੈ, ਤਾਂ ਉਸ ਵਿਚ ਹੋਰ ਇਜ਼ਾਫੇ ਦੀ ਬੜੀ ਜਗਾਹ ਸੋਚੀ ਜਾ ਸਕਦੀ ਹੈ, ਜੇ ਗਿਆਨ ਭੰਡਾਰ ਸਹੀ ਨਹੀਂ ਤਾਂ ਹੋਰ ਗਿਆਨ ਪ੍ਰਾਪਤ ਕਰਨ ਵਿਚ ਬਹੁਤ ਵਡੀ ਅੜਚਣ ਬਣਦੀ ਹੈ। ਗਣਿਤ ਦੇ ਸਵਾਲਾਂ ਦੀ ਤਰ੍ਹਾਂ ਜੇ ਤਾਂ ਫਾਰਮੂਲਾ ਸਹੀ ਇਸਤੇਮਾਲ ਹੋ ਗਿਆ ਹੈ ਤਾਂ ਆਖਰੀ ਹਲ ਮਿਲ ਜਾਣ ਦਾ ਪਤਾ ਲਗ ਜਾਂਦਾ ਹੈ। ਜੇ ਫਾਰਮੂਲਾ ਸਹੀ ਇਸਤੇਮਾਲ ਨਹੀਂ ਹੋਇਆ ਤਾਂ ਜ਼ਰਬਾਂ ਤਕਸੀਮਾ ਨਾਲ ਕਾਗਜ਼ ਭਰ ਜਾਵੇਗਾ ਪਰ ਆਖਰੀ ਹਲ ਨਹੀਂ ਮਿਲੇਗਾ। ਗਲਤ ਗਿਆਨ ਪ੍ਰਾਪਤ ਕਰਤਾ ਲੋਕ ਆਲੇ ਦੁਆਲੇ ਲਈ ਅਤੇ ਆਪਣੇ ਲਈ ਮੁਸੀਬਤ ਬਣਦੇ ਹਨ। ਉਨ੍ਹਾਂ ਅੰਦਰ ਹੋਰ ਗਿਆਨ ਦੀ ਜਗਿਆਸਾ ਖਤਮ ਹੋ ਜਾਂਦੀ ਹੈ। ਨਾ ਲੀਤੇ ਗਿਆਨ ਨਾਲ ਨਵੀਂ ਜਾਣਕਾਰੀ ਮੇਲ ਖਾਵੇ ਅਤੇ ਨਾ ਹੋਰ ਗਿਆਨ ਅੰਦਰ ਜਜ਼ਬ ਹੋਵੇ। ਗਲਤ ਗਿਆਨ ਦਾ ਭੰਡਾਰ ਬੰਦੇ ਅੰਦਰ ਨਾਸਤਿਕਤਾ ਵਰਗਾ ਨਾਹ ਪੱਖੀ, ਅਵੱਲਾ ਰੋਗ ਪੈਦਾ ਕਰ ਦੇਂਦਾ ਹੈ।
ਦਿਮਾਗ ਦਾ ਖਾਲੀ ਹੋਣਾ, ਜਾਣਕਾਰੀਆਂ ਦੀ ਘਟ ਭੀੜ ਅਤੇ ਦਿਮਾਗੀ ਸਰਲਤਾ ਵਿਚ ਸਿੱਖਣ ਸ਼ਕਤੀ ਬੜੀ ਪ੍ਰਬਲ ਹੁੰਦੀ ਹੈ। ਬੱਚਿਆਂ ਨੂੰ ਕੋਈ ਕਹਾਣੀ ਸੁਣਾਓ, ਟੇਪ ਰੀਕਾਰਡਰ ਦੀ ਤਰ੍ਹਾਂ ਉਨ੍ਹਾ ਨੂੰ ਹੁਬਹੂ ਯਾਦ ਹੋ ਜਾਂਦੀ ਹੈ। ਬਿਨਾ ਸਿਖਿਆਂ, ਕੇਵਲ ਪਿਕਚਰਾਂ ਵੇਖ ਵੇਖ, ਕਮਾਲ ਦਾ ਡਾਂਸ ਕਰ ਲੈਂਦੇ ਹਨ। ਦੂਸਰਿਆਂ ਦੀ ਵਧੀਆ ਨਕਲ ਕਰ ਸਕਦੇ ਹਨ। ਬਚਪਨ ਦੀਆਂ ਸੁਣੀਆਂ ਪਰੀ ਕਹਾਣੀਆਂ ਸਾਰੀ ਉਮਰ ਕਦੇ ਭੁਲਦੀਆਂ ਨਹੀਂ। ਜਿਸ ਚੀਜ਼ ਦੀ ਜਾਣਕਾਰੀ ਨਾ ਹੋਵੇ, ਉਹ ਸੁਨਣ ਦੀ ਬੜੀ ਤੀਬਰਤਾ ਹੁੰਦੀ ਹੈ। ਹੈਰਾਨੀ ਇਹ ਕਿ ਉਹ ਸਚ ਵਾਂਗ ਮਹਿਸੂਸ ਹੁੰਦੀ ਹੈ। ਧਾਰਮਿਕ ਗੁਰੂਆਂ ਦੀ ਅਧਿਆਤਮਕਤਾ ਦੀ ਬਾਤ ਚੀਤ ਮਨ ਨੂੰ ਬੜੀ ਸਹੀ ਲਗਦੀ ਹੈ, ਕਿਓ ਕਿ ਅਜਿਹੀ ਜਾਣਕਾਰੀ ਅਭਿਲਾਸ਼ੀ ਕੋਲ ਪਹਿਲੋਂ ਨਹੀਂਹੁੰਦੀ। ਇਸੇ ਮਨੋਵਿਗਿਆਨ ਦਾ ਸਹਾਰਾ ਲੈਕੇ ਸੰਪੂਰਣ ਮੀਡੀਆ, ਸੰਪੂਰਣ ਲੈਕਚਰਬਾਜ ਅਤੇ ਸੰਪੂਰਣ ਕਲਾਕਾਰ ਲੋਕ, ਇਨਸਾਨੀ ਭੀੜਾ ਦੇ ਭੁਖੇ ਬਣੇ ਰਹਿੰਦੇ ਹਨ, ਜਿਥੇ ਉਹ ਆਪਣੀਆਂ ਜਾਣਕਾਰੀਆਂ ਦਾ ਵਿਖਾਵਾ ਕਰ ਸਕਣ ਜਾਂ ਡਲਿਵਰ ਕਰ ਸਕਣ। ਅੰਦਰ ਪਈ ਜਾਣਕਾਰੀ ਨੂੰ ਦੁਸਰਿਆਂ ਤਕ ਪਹੁੰਚਾਕੇ ਬੜਾ ਸਕੂਨ ਮਿਲਦਾ ਹੈ।ਇਹ ਉਹੋ ਜਿਹਾ ਸਕੂਨ ਹੁੰਦਾ ਹੈ, ਜਿਹੋ ਜਿਹਾ ਕਬਜ਼ ਰਹਿਤ ਗੁਸਲ ਕਰਨ ਬਾਅਦ ਮਿਲਦਾ ਹੈ। ਇਕ ਆਮ ਪਰਚਾਰਿਆ ਜਾਂਦਾ ਤਥ ਸਮਝਣ ਯੋਗ ਹੈ ਕਿ ਬੰਦਾ ਆਪਣੇ ਦਿਮਾਗ ਦੀ ਸਮਰੱਥਾ ਦਾ 10 ਵਾਂ ਹਿਸਾ ਹੀ ਵਰਤੋਂ ਵਿਚ ਲਿਆਉਂਦਾ ਹੈ। ਇਹ ਗਲ ਇਕ ਅਨਪੜ੍ਹ ਅਤੇ ਇਕ ਉਚੀ ਪੜ੍ਹਾਈ ਕਰਨਵਾਲੇ ਦੋ ਵਿਅਕਤੀਆਂ ਲਈ ਤਾਂ ਸਹੀ ਹੋ ਸਕਦੀ ਹੈ, ਪਰ ਅਜੋਕੇ ਯੁਗ ਵਿਚ ਸਭ ਲੋਕਾਂ ਉਪਰ ਨਹੀਂ। ਉਚੀਆਂ ਪੜ੍ਹਾਈਆਂ ਅਤੇ ਉਚੀਆਂ ਪਦਵੀਆਂ ਵਾਲੇ ਸਭ ਲੋਕ ਆਪਣੇ ਦਿਮਾਗ ਦਾ ਵਡਾ ਹਿਸਾ ਵਰਤੋਂ ਵਿਚ ਲਿਆਉਂਦੇ ਹਨ। ਇਸੇ ਲਈ ਅਜਕਲ ਲੋਕਾਂ ਦੀ ਯਾਦ ਸਮਰੱਥਾ ਘਟ ਗਈ ਹੈ। ਅਜਕਲ ਦੇ ਬਚੇ ਵੀ ਬਜ਼ੁਰਗਾਂ ਦੀ ਤਰ੍ਹਾਂ ਦੂਸਰਿਆਂ ਦੇ ਨਾਮ ਭੁਲ ਜਾਂਦੇ ਹਨ, ਕਹੀ ਗਲ ਯਾਦ ਨਹੀਂ ਰੱਖ ਸਕਦੇ ਅਤੇ ਚੇਤੇ ਰਖਣ ਲਈ ਆਪਣੇ ਫੋਨਾਂ ਵਿਚ ਅਲਾਰਮ ਲਗਾਕੇ ਕੰਮ ਸਾਰਦੇ ਹਨ। ਇਹ ਕਿਓਂ ਹੈ? ਇਸ ਕਾਰਣ ਕਿ ਦਿਮਾਗ ਦਾ ਬਹੁਤ ਵਡਾ ਹਿਸਾ ਉਨ੍ਹਾਂ ਦਾ ਪੜ੍ਹਾਈਆਂ ਲਈ ਵਰਤਿਆ ਜਾ ਰਿਹਾ ਹੈ, ਉਸ ਵਿਚ ਬਿਜ਼ੀ ਰਹਿੰਦਾ ਹੈ। ਜਾਣਕਾਰੀਆਂ ਦੀ ਦਿਮਾਗੀ ਭੀੜ ਕਾਰਣ ਬਹੁਤ ਕੁਝ ਨੂੰ ਸਾਂਭਣ ਲਈ ਉਨ੍ਹਾਂ ਦੇ ਦਿਮਾਗ ਵਿਚ ਜਗਾਹ ਨਹੀਂ ਹੁੰਦੀ ਅਤੇ ਉਹ ਇਲਾਕਟਰਾਨਿਕ ਉਪਕਰਣਾਂ ਦਾ ਇਸਤੇਮਾਲ ਕਰਦੇ ਹਨ।ਅਜਕਲ ਦੇ ਲੋਕਾਂ ਦਾ ਐਹੋ ਜਿਹਾ ਹਾਲ ਹੈ ਜਿਵੇਂ ਵਾਇਰਸ ਈਫੈਕਟਿਡ ਕੰਪਿਓਟਰ ਦਾ ਹੁੰਦਾ ਹੈ। ਸਵਿਚ ਦਬਾਉਣ ਤੋਂ ਬਾਅਦ ਕਿਨ੍ਹੀ ਕਿਨ੍ਹੀ ਦੇਰ ਉਡੀਕ ਕਰਨੀ ਪੈਂਦੀ ਹੈ ਕੋਈ ਸਾਈਟ ਵੇਖਣ ਲਈ। ਇਸਦਾ ਕਾਰਣ ਹੁੰਦਾ ਹੈ ਕਿ ਕੰਪਿਓਟਰ ਦੀ ਯਾਦ ਸ਼ਕਤੀ ਓਵਰ ਲੋਡਿਡ ਹੈ। ਇਹੀ ਹਾਲਤ ਬੰਦੇ ਦੀ ਹੁੰਦੀ ਹੈ। ਦਿਮਾਗ ਵਿਚ ਯਾਦਾਸ਼ਤ ਖਾਨੇ ਦੀ ਇਕ ਸੀਮਾ ਹੈ, ਜਦ ਇਹ ਭਰ ਜਾਵੇ ਤਾਂ ਦਿਮਾਗੀ ਕਮਯੋਰੀ ਦੇ ਅਸਾਰ ਬਣਨੇ ਸ਼ੂਰੂ ਹੋ ਜਾਂਦੇ ਹਨ। ਅੱਜ ਕਲ ਦੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਉਹ ਸਭ ਕੁਝ ਪਤਾ ਲਗ ਜਾਂਦਾ ਹੈ ਜੋ ਸਾਡੀ ਪੀੜ੍ਹੀ ਨੂੰ ਕਾਲਜਾਂ ਵਿਚ ਜਾਕੇ ਪਤਾ ਲਗਦਾ ਸੀ। ਦਿਮਾਗ ਦਾ ਬਹੁਤ ਵਡਾ ਹਿਸਾ ਵਰਤਿਆ ਜਾ ਰਿਹਾ ਹੈ, ਕੰਪਿਓਟਰ ਯੁਗ ਵਿਚ।
ਹਾਂ ਪ੍ਰਚਾਰਿਆ ਜਾਂਦਾ ਉਪਰ ਵਾਲਾ ਤੱਥ ਇਸ ਪੱਖ ਤੋਂ ਸਹੀ ਹੈ ਕਿ ਸਾਡਾ ਦਿਮਾਗ ਜਿਨੇ ਤਰ੍ਹਾਂ ਦੇ ਕੰਮ ਕਰਨ ਲਈ ਕੁਦਰਤ ਨੇ ਡੀਜ਼ਾਈਨ ਕੀਤਾ ਹੈ, ਉਸਦਾ ਦਸਵਾਂ ਹਿਸਾ ਹੀ ਅਸੀ ਇਸਤੇਮਾਲ ਕਰਦੇ ਹਾਂ। ਸਰੀਰਕ ਵਿਗਿਆਨ ਮੁਤਾਬਿਕ ਸਾਡਾ ਦਿਮਾਗ ਕੇਵਲ ਇਕ ਪੁਰਜ਼ਾ ਨਹੀਂ ਹੈ ਸਗੋ ਅਣਗਿਣਤ ਨਿਕੇ ਨਿਕੇ ਦਿਮਾਗਾਂ ਦਾ ਸਮੂਹ ਹੈ। ਕੋਈ ਹਿਸਾ ਸਰੀਰ ਦੇ ਅੰਦਰ ਵਾਲੇ ਸਿਸਟਮ ਲਈ ਹੈ, ਕੋਈ ਨਾਮ ਯਾਦ ਰੱਖਣ ਲਈ ਅਤੇ ਕੋਈ ਹਿਸਾਬ ਕਿਤਾਬ ਕਰਨ ਲਈ। ਕਿਸੇ ਦੀ ਗਲ ਅਸੀਂ ਜਿਹੜੇ ਦਿਮਾਗ ਨਾਲ ਸੁਣਦੇ, ਸਮਝਦੇ ਹਾਂ, ਉਸ ਨਾਲ ਅਸੀਂ ਕਿਸੇ ਨੂੰ ਸਲਾਹ ਨਹੀਂ ਦੇਂਦੇ। ਸਲਾਹ ਦੇਣ ਲਈ ਕੋਈ ਹੋਰ ਹਿਸਾ ਕੰਮ ਕਰਦਾ ਹੈ। ਗਉਣ ਲਈ ਇਕ ਹਿਸਾ ਅਤੇ ਕਹਾਣੀ ਸੁਣਾਉਣ ਲਈ ਦੂਸਰਾ ਹਿਸਾ ਸਕਰੀਯ ਹੁੰਦਾ ਹੈ। ਇਸੇ ਤਰ੍ਹਾਂ ਧਾਰਮਿਕ ਗਿਆਨ ਇਕ ਜਗਾਹ ਅਤੇ ਸ਼ਰਾਰਤਾਂ ਦਾ ਖਜ਼ਾਨਾ ਕਿਸੇ ਹੋਰ ਖੂੰਜੇ ਪਿਆ ਹੁੰਦਾ ਹੈ। ਹਸਣਾ, ਡਰਨਾ, ਰੋਣਾ ਅਤੇ ਅਫਸੋਸ ਕਰਨਾ ਸਭ ਵਖ ਵਖ ਜਗਾਹ ਤੋਂ ਉਪਰੇਟ ਹੁੰਦਾ ਹੈ। ਇਸੇ ਕਾਰਣ ਕਦੇ ਸਿਰ ਵਿਚ ਸਟ ਲਗ ਜਾਵੇ ਜਾਂ ਕਿਸੇ ਬੀਮਾਰੀ ਕਾਰਣ ਸਾਡੇ ਦਿਮਾਗ ਦੇ ਕੁਝ ਹਿਸੇ ਕੰਮ ਕਰਨਾ ਬੰਦ ਕਰ ਦੇਂਦੇ ਹਨ ਜਾਂ ਸਹੀ ਕੰਮ ਨਹੀਂ ਕਰਦੇ।ਮਨੋਵਿਗਿਆਨੀਆਂ ਨੇ ਇਨ੍ਹਾਂ ਲਛਣਾਂ ਨੂੰ ਕਈ ਤਰ੍ਹਾਂ ਦੇ ਨਾਮ ਦਿਤੇ ਹੋਏ ਹਨ। ਸਭ ਤੋਂ ਵਧ ਜਾਣਿਆ ਜਾਣ ਵਾਲਾ ਅਜਿਹਾ ਨਾਮ ਹੈ ਡੀਪਰੈਸ਼ਨ, ਐਗਜ਼ਾਈਟੀ ਜਾਂ ਕਿਸੇ ਕਿਸਮ ਦਾ ਫੋਬੀਆ। ਸਕੀਜ਼ੋਫੀਰੀਨੀਆ (ਵਹਿਮ) ਇਕ ਅਜਿਹੀ ਬੀਮਾਰੀ ਹੈ ਜੋ ਦਿਮਾਗ ਦੇ ਉਸ ਹਿਸੇ ਦੀ ਉਪਜ ਹੁੰਦੀ ਹੈ ਜੋ ਲੋਕਾਂ ਨੂੰ ਸਮਝਣ ਲਈ ਕੰਮ ਕਰਦਾ ਹੈ। ਕਿਸੇ ਬਾਰੇ ਬੇਭਰੋਸਗੀ ਦਾ ਡਰ ਬੈਠ ਜਾਵੇ ਤਾਂ ਉਸਨੂੰ ਪੰਜਾਬੀ ਵਿਚ ‘ਵਹਿਮ ਰੋਗ’ ਕਹਿੰਦੇ ਹਨ। ਸਾਡਾ ਦਿਮਾਗ ਅਜਕਲ ਦੇ ਨਵੀਨਤਮ ਮੁਬਾਈਲ ਫੋਨ ਵਾਂਗ ਹੈ ਜਿਸ ਦੇ ਕੁਝ ਫੰਕਸ਼ਨ ਹੀ ਨਿਤ ਵਰਤੋਂ ਵਿਚ ਆਉਂਦੇ ਹਨ। ਬਜ਼ੁਰਗ ਲੋਕ ਤਾਂ ਕੇਵਲ ਇਸਦਾ ਇਸਤੇਮਾਲ ਗਲ ਕਰਨ ਜਾਂ ਗਲ ਸੁਨਣ ਲਈ ਕਰਦੇ ਹਨ। ਪਰ ਬਚੇ ਟੈਕਸਟ ਕਰਨ ਲਈ ਅਲਾਰਮ ਲਗਾਉਣ ਲਈ, ਗਾਣੇ ਸੁਨਣ ਲਈ, ਈਮੇਲ ਕਰਨ ਲਈ ਅਤੇ ਕਈ ਕੁਝ ਹੋਰ ਕਰਨ ਲਈ ਵਰਤਦੇ ਹਨ। ਫਿਰ ਵੀ ਇਨ੍ਹਾਂ ਫੋਨਾ ਦੇ ਸਾਰੇ ਫੰਕਸ਼ਨ ਇਸਤੇਮਾਲ ਨਹੀਂ ਹੁੰਦੇ। ਇਸੇ ਤਰ੍ਹਾਂ ਸਾਡੇ ਦਿਮਾਗ ਦੇ ਸਾਰੇ ਖਾਨੇ ਇਸਤੇਮਾਲ ਨਹੀਂ ਹੁੰਦੇ। ਸਾਡੇ ਵਿਚ ਭਵਿੱਖ ਦਰਸ਼ਣ ਦੀ ਸਮਰੱਥਾ ਹੈ, ਸਾਡੇ ਵਿਚ ਦੂਸਰੇ ਦਾ ਮਨ ਪੜ੍ਹਨ ਦੀ ਕਾਬਲੀਅਤ ਦਾ ਸਵਿਚ ਹੈ ਅਤੇ ਸਾਡੇ ਵਿਚ ਦੂਰ ਦੂਰ ਤਕ ਮੈਸੇਜ ਭੇਜਣ ਦਾ ਬਲ ਹੈ। ਐਹੋ ਜਹੇ ਅਨੇਕਾਂ ਹੋਰ ਖਾਨੇ (ਸਵਿਚ) ਹਨ ਜੋ ਸ਼ਾਇਦ ਆਉਣ ਵਾਲੇ ਸਮਿਆਂ ਵਿਚ ਵਰਤੇ ਜਾਣ। ਇਸੇ ਕਾਰਣ ਕਹਾਵਤ ਪ੍ਰਚਲਤ ਹੈ, ਕਿ ਅਸੀਂ ਦਿਮਾਗ ਦਾ 10 ਵਾ ਹਿਸਾ ਇਸਤੇਮਾਲ ਕਰਦੇ ਹਾਂ।
ਸਹੀ ਗਿਆਨ ਵਾਲੇ ਅਨੇਕਾ ਬੰਦੇ ਹੋ ਸਕਦੇ ਹਨ, ਪਰ ਗਲਤ ਗਿਆਨ ਵਾਲੇ ਇਕੱਲੇ ਦੁਕੱਲੇ ਹੁੰਦੇ ਹਨ। ਤੁਸੀ ਇਕ ਗਲ ਨਾਲ ਸਹਿਮਤ ਹੋਵੋਗੇ ਕਿ ਬੰਦੇ ਦੇ ਬਣਾਏ ਉਪਕਰਣ ਸਭ ਇਕ ਜਹੇ ਹੁੰਦੇ ਹਨ। ਹਰ ਕੈਲਕੁਲੇਟਰ, ਹਰ ਕੰਪਿਓਟਰ ਉਪਰ ਜਰਬਾ ਤਕਸੀਮਾ ਦੇ ਜਵਾਬ ਇਕ ਜਹੇ ਮਿਲਦੇ ਹਨ। ਪਰ ਰੱਬ ਦੇ ਬਣਾਏ ਮਹਾਂ ਕੰਪਿਓਟਰ (ਬੰਦੇ ਦਾ ਦਿਮਾਗ) ਵਿਚ ਸਭ ਕੁਝ ਦੇ ਜਵਾਬ ਇਕ ਜਹੇ ਨਹੀਂ ਮਿਲਦੇ। ਪੰਜਾਬੀ ਦਾ ਇਕ ਮੁਹਾਵਰਾ ਇਸ ਗਲ ਨੂੰ ਸਾਫ ਕਰਦਾ ਹੈ। ਸੌ ਸਿਆਣਿਆ ਇਕ ਮੱਤ, ਮੂਰਖ ਆਪੋ ਆਪਣੀ। ਸਭ ਧਰਮ ਇਕੇ ਗਲ ਨੂੰ ਦਰਿੜ ਕਰਦੇ ਹਨ ਕਿ ਪ੍ਰਮਾਤਮਾ ਸਰਬ ਸ਼ਕਤੀ ਮਾਨ ਹੈ, ਸਭ ਦਾ ਪ੍ਰਤੀਪਾਲਿਕ ਹੈ। ਉਸ ਦੀ ਨਿਗਾਹ ਵਿਚ ਸਭ ਲੋਕ ਇਕ ਜਹੇ ਹਨ। ਇਹ ਗਲ ਉਨ੍ਹਾਂ ਲੋਕਾਂ ਦੀ ਕਹੀ ਹੋਈ ਹੈ ਜੋ ਉਸ ਧਰਮ ਦੇ ਬਾਨੀ ਸਨ ਅਤੇ ਸਹੀ ਗਿਆਨ ਵਾਲੇ ਸਨ। ਪਰ ਉਨ੍ਹਾਂ ਦੇ ਅਨੁਆਈਆਂ ਨੇ ਆਪਣੇ ਆਪਣੇ ਹਿਸਾਬ ਨਾਲ ਗਲਤ ਮਲਤ ਅਰਥ ਦੇ ਲਏ। ਫਲਸਰੂਪ ਅਜ ਦੇ ਯੁਗ ਵਿਚ ਸਭ ਧਰਮ ਗਲਤ ਹੋ ਗਏ ਹਨ। ਧਰਮਾ ਦੇ ਅਰਥ ਬਦਲ ਗਏ ਹਨ।ਹੁਣਬਹੁਤੇ ਲੋਕ ਆਪਣੇ ਆਪ ਨੂੰ ਕਿਸੇ ਵੀ ਧਰਮ ਨਾਲ ਨਾ ਜੋੜਕੇ ਖੁਸ਼ੀ ਮਹਿਸੂਸ ਕਰਦੇ ਹਨ।
ਤੁਸੀਂ ਸੁਣਿਆ ਹੋਵੇਗਾ ਕਿ ਲੋਕ ਕੇਵਲ ਆਪਣੇ ਪਿੰਡ ਦੇ ਸਿਵਿਆਂ ਤੋਂ ਡਰਦੇ ਹਨ, ਦੁਸਰੇ ਪਿੰਡ ਦੇ ਸਿਵਿਆਂ ਤੋਂ ਨਹੀਂ। ਅਣਭੋਲ ਅਤੇ ਛੋਟੀ ਉਮਰ ਦੇ ਬਚੇ ਸੱਪ ਅਤੇ ਹੋਰ ਜਹਿਰੀਲੇ ਅਤੇ ਮਾਰਖੰਡ ਜੰਗਲੀ ਜੀਵਾਂ ਤੋਂ ਨਹੀਂ ਡਰਦੇ। ਕਿਸੇ ਵੀ ਨਵੇਂ ਮੁਲਕ ਵਿਚ ਜਾਕੇ, ਉਨ੍ਹੀ ਦੇਰ ਬੰਦਾ ਬਿਨਾ ਡਰ ਵਿਚਰਦਾ ਹੈ ਜਦ ਤਕ ਉਸਨੂੰ ਦੋ ਚਾਰ ਵਾਰ ਟਰੈਫਿਕ ਟਿਕਟਾਂ ਨਹੀਂ ਮਿਲਦੀਆਂ ਜਾਂ ਸਮਾਜਕ ਜੀਵਨ ਵਿਚ ਪੋਲੀਸ ਦੇ ਵਸ ਨਹੀਂ ਪੈਂਦਾ। ਇਹ ਸਭ ਕੁਝ ਇਸ ਲਈ ਘਟਦਾ ਹੈ, ਕਿ ਅਣਜਾਣਤਾ ਵਿਚ ਕੋਈ ਸਟਰੈਸ ਨਹੀਂ ਹੁੰਦੀ। ਅਣਜਾਣਤਾ ਵਸ ਅਸੀਂ ਉਹੀ ਕੁਝ ਨਿਰਵਿਘਨ ਕਰਦੇ ਰਹਿੰਦੇ ਹਾਂ ਜੋ ਆਪਣੇ ਮੁਲਕਾਂ ਵਿਚ ਕਰਦੇ ਆਏ ਹਾਂ। ਜਾਣਕਾਰੀਆਂ ਦੀ ਘਾਟ ਸਾਨੂੰ ਦਿਮਾਗੀ ਪੱਧਰ ਉਪਰ ਅਜਾਦ ਰਖਦੀ ਹੈ। ਜਿਓਂ ਜਿਓਂ ਸਾਡੀ ਜਾਣਕਾਰੀ ਦਾ ਘੇਰਾ ਵਧਦਾ ਹੈ, ਅਸੀਂ ਅੰਦਰੋਂ ਸੁੰਗੜਨਾ ਸ਼ੁਰੂ ਕਰ ਦੇਂਦੇ ਹਾਂ। ਆਪਣੇ ਪਿੰਡ ਦੇ ਸੁਣੇ ਸੁਣਾਏ ਸਿਵਿਆਂ ਦੇ ਚਿਠੇ, ਸਾਡੇ ਅੰਦਰ ਉਸ ਜਗਾਹ ਲਈ ਖੌਫ ਪੈਦਾ ਕਰਦੇ ਹਨ। ਖੂੰਹਖਾਰ ਜਾਨਵਰਾਂ ਦੀਆਂ ਕਹਾਣੀਆਂ ਸੁਨਣ ਬਾਅਦ ਅਸੀਂ ਵੀ ਉਨ੍ਹਾਂ ਤੋਂ ਡਰਨਾ ਚਾਲੂ ਹੋ ਜਾਂਦੇ ਹਾਂ। ਜਾਣਕਾਰੀਆਂ ਦਾ ਭੰਡਾਰ ਸਾਡੇ ਅੰਦਰ ਪੇਚੀਦਗੀਆਂ ਦਾ ਅੰਧੇਰਾ ਪੈਦਾ ਕਰਦਾ ਹੈ। ਤੁਸੀਂ ਇਸ ਤਥ ਨਾਲ ਹੈਰਾਨ ਰਹਿ ਜਾਵੋਗੇ ਕਿ ਧਰਮ ਕਰਮ ਅਤੇ ਗਣਤੰਤਰ ਸਿਸਟਮ ਕੇਵਲ ਅਨਪੜ੍ਹ ਅਤੇ ਘੱਟ ਸਮਝ ਵਾਲੇ ਲੋਕਾਂ ਦੇ ਸਿਰਤੇ ਚਲਦੇ ਹਨ। ਕਦੇ ਟੀਵੀ ਚੈਨਲਾਂ ਉਪਰ ਅਜਕਲ ਦੇ ਬਾਬਿਆਂ ਦੇ ਧਾਰਮਿਕ ਭਾਸ਼ਣਾਂ ਨੂੰ ਸੁਨਣ ਵਾਲੇ ਸਰੋਤਿਆਂ ਦੀਆਂ ਸ਼ਕਲਾਂ ਉਪਰ ਝਾਤੀ ਮਾਰੋ ਤਾਂ ਸਮਝ ਲਗਦੀ ਹੈ ਕਿ ਕਿਹੋ ਜਹੇ ਲੋਕ ਹਜਾਰਾਂ ਦੀ ਗਿਣਤੀ ਵਿਚ ਚਾਨਣੀਆਂ ਨੀਚੇ ਬੈਠੇ ਇਨ੍ਹਾਂ ਮਹਾਂਪੁਰਖਾਂ ਨੂੰ ਸੁਣ ਰਹੇ ਹੁੰਦੇ ਹਨ। ਰਾਜਨੀਤਕਾਂ ਨੂੰ ਪ੍ਰਭਾਵਿਤ ਕਰਨ ਲਈ ਬਾਬੇ ਇਨ੍ਹਾਂ ਵਿਸ਼ਾਲ ਇਕੱਠਾ ਦਾ ਵਿਖਾਵਾ ਕਰਦੇ ਹਨ ਇਹ ਦਸਣ ਲਈ ਕਿ ਇਹ ਸਭ ਆਪਣੀਆਂ ਵੋਟਾ ਹਨ। ਇਕ ਤਰ੍ਹਾਂ ਨਾਲ ਸਭ ਮੁਲਕਾਂ ਵਿਚ ਗਣਤੰਤਰ ਅਜਿਹੇ ਲੋਕਾਂ ਦੀਆਂ ਭੀੜਾ ਦੇ ਸਿਰਤੇ ਹੀ ਚਲ ਰਿਹਾ ਹੈ। ਇੰਗਲੈਂਡ ਵਰਗੇ ਮੁਲਕਾਂ ਵਿਚ ਵੀ ਰੂਰਲ ਵੋਟਾਂ ਦਾ ਵਡਾ ਯੋਗਦਾਨ ਹੁੰਦਾ ਹੈ। ਰੂਰਲ ਲੋਕਾਂ ਦੀ ਜਾਣਕਾਰੀ ਬੜੀ ਸੀਮਤ ਹੁੰਦੀ ਹੈ, ਕਿਓਕਿ ਉਨ੍ਹਾਂ ਤਕ ਨਾ ਤਾਂ ਬਹੁਤਾ ਕੁਝ ਪਹੁੰਚਦਾ ਹੈ ਅਤੇ ਨਾ ਹੀ ਉਨ੍ਹਾਂ ਅੰਦਰ ਜਾਨਣ ਦੀ ਉਤਸੁਕਤਾ ਹੁੰਦੀ ਹੈ।ਮੰਦਰਾਂ ਗੁਰਦੁਆਰਿਆਂ ਵਿਚ ਬੰਦਿਆਂ ਨਾਲੋਂ ਬੀਬੀਆਂ ਦੀ ਭੀੜ ਵਧੇਰੇ ਹੁੰਦੀ ਹੈ।ਬੀਬੀਆਂ ਵਿਚ ਜਾਣਕਾਰੀਆਂ ਮਰਦਾਂ ਤੋਂ ਘਟ ਹੁੰਦੀਆਂ ਹਨ।
ਇਨਸਾਨੀ ਸਰੀਰ ਦਾ ਮਾਨਸਿਕ ਤਾਣਾ ਬਾਣਾ ਐਡਾ ਗੁੰਝਲਦਾਰ ਹੈ ਕਿ ਇਸ ਨੂੰ ਦਸਣ ਲਈ ਕੋਈ ਵਧੀਆ ਤਸ਼ਬੀਹ ਨਹੀਂ ਲਭਦੀ। ਨਾਸਾ ਵਰਗੇ ਸਪੇਸ ਸੈਂਟਰਾਂ ਵਿਚ ਵੀ ਸ਼ਾਇਦ ਐਨੇ ਉਪਕਰਣ ਨਹੀਂ ਲਗੇ ਹੋਣਗੇ ਜਿਨੇ ਇਨਸਾਨ ਦੇ ਮਾਨਸਿਕ ਸਿਸਟਮ ਵਿਚ ਲਗੇ ਹੋਏ ਹਨ। ਅਨੇਕਾ ਸਵਿਚ, ਅਨੇਕਾਂ ਅਲਾਰਮ ਅਤੇ ਅਨੇਕਾਂ ਟਰਾਂਸਮੀਟਰ 24 ਘੰਟੇ ਆਨ ਆਫ ਹੁੰਦੇ ਰਹਿੰਦੇ ਹਨ।ਦਿਨ ਅਤੇ ਰਾਤ ਦੇ ਸਮਿਆਂ ਵੇਲੇ ਸਰੀਰਕ ਕ੍ਰਿਆਵਾਂ ਵਿਚ ਕਈ ਕੁਝ ਵਖਰਾ ਵਾਪਰਦਾ ਹੈ। ਯਾਦ ਸ਼ਕਤੀ ਕ੍ਰਿਆਵਾਂ ਰਾਤ ਸਮੇ ਵਧੇਰੇ ਸਰਗਰਮ ਹੁੰਦੀਆਂ ਹਨ। ਦਿਨ ਵੇਲੇ ਦੀਆਂ ਕਈ ਸਮਸਿਆਵਾਂ ਦੇ ਹਲ ਰਾਤ ਵੇਲੇ ਮਿਲਦੇ ਹਨ। ਦਿਮਾਗ ਦਾ ਬਹੁਤਾ ਵਡਾ ਭਾਰ ਰਾਤ ਸਮੇ ਡੀਲੀਟ ਹੋ ਜਾਂਦਾ ਹੈ। ਦਿਨ ਵੇਲੇ ਦੇ ਆਨ ਕੀਤੇ ਬਹੁਤੇ ਸਵਿਚ ਰਾਤ ਨੂੰ ਆਫ ਹੋ ਜਾਂਦੇ ਹਨ। ਕਈ ਸਵਿਚਾਂ ਨਾਲ ਰੀਲੇਅ ਲਗੇ ਹੁੰਦੇ ਹਨ ਜੋ ਉਨੀ ਦੇਰ ਤਕ ਪੱਕੇ ਆਫ ਨਹੀਂ ਨਹੀਂ ਹੋ ਸਕਦੇ ਜਿਨੀ ਦੇਰ ਰੀਲੇਅ ਨੂੰ ਕਟ ਆਫ ਨਾ ਕੀਤਾ ਜਾਵੇ। ਅਜਿਹੀਆਂ ਰੀਲੇਅਜ਼ ਨੂੰ ਪੰਡਤ ਵਿਦਿਆ ਵਿਚ ਦੈਵੀ ਦੋਸ਼ ਕਿਹਾ ਜਾਂਦਾ ਹੈ।
ਸਾਰੀ ਕਹਾਣੀ ਨੂੰ ਦਸਣ ਦਾ ਮਕਸਦ ਹੈ ਕਿ ਸਾਡੀ ਕਿਸੇ ਇਕ ਵੰਨਗੀ ਦੀ ਜਾਣਕਾਰੀ ਚੂਸਣ (ਪ੍ਰਾਪਤ ਕਰਨ) ਦੀ ਇਕ ਸੀਮਾ ਹੁੰਦੀ ਹੈ ਜਿਸ ਨੂੰ ਇਤਿਆਦ ਨਾਲ ਵਰਤਣਾ ਬੰਦੇ ਦੇ ਭਲੇ ਵਿਚ ਜਾਂਦਾ ਹੈ। ਇਸੇ ਲਈ ਗੁਰਬਾਣੀ ਵਿਚ ਸੰਯਮ ਦੀ ਬੜੀ ਚਰਚਾ ਹੈ। ਮਹਾਂਪੁਰਖਾ ਨੇ ਜੀਵਨ ਦੇ ਹਰ ਪੱਖ ਵਿਚ ਸੰਯਮ ਨੂੰ ਪਹਿਲ ਦਿਤੀ ਹੈ। ਗਾਂਧੀ ਜੀਨੇ ਤਿੰਨ ਬਾਂਦਰਾਂ ਦੀ ਮਿਸਾਲ ਦੇਕੇ ਕਹਿਣਾ ਚਾਹਿਆ ਸੀ ਕਿ ਸੁਨਣ ਬੋਲਣ ਅਤੇ ਵੇਖਣ ਵਿਚ ਸੰਯਮ ਅਨੁਵਾਰੀਯ ਹੈ। ਇਨ੍ਹਾਂ ਤਿੰਨਾਂ ਦੀ ਵਰਤੋਂ ਨਾਲ ਸਾਡਾ ਜੀਵਨ ਸੁਖਾਲਾ ਹੋ ਜਾਂਦਾ ਹੈ। ਜਿਵੇਂ ਪਰਮਾਤਮਾਂ ਨੇ ਸਾਡੇ ਲਈ ਕੁਝ ਵੀ ਖਾਲਸ ਰੂਪ ਵਿਚ ਪੈਦਾ ਨਹੀਂ ਕੀਤਾ, ਕੇਵਲ ਇਕ ਸਰੀਰਕ ਮਸ਼ੀਨ ਦਿਤੀ ਹੈ ਜੋ ਹਰ ਮਿਲਾਵਟ ਨੂੰ ਠੀਕ ਕਰਕੇ ਵਰਤੋਂ ਯੋਗ ਕਰਦੀ ਹੈ।ਇਸੇ ਤਰ੍ਹਾਂ ਸੰਯਮ ਸਾਡੇ ਮਾਨਸਿਕ ਡਾਂਚੇ ਨੂੰ ਸ਼ੁਧ ਰਖਣ ਦਾ ਵਿਕਲਪ ਹੈ। ਮਾਨਸਿਕ ਸਿਸਟਮ ਦੀ ਸਹੀ ਵਰਤੋਂ ਕਰਨ ਲਈ ਬੁਧ ਵਿਬੇਕ ਦਿਤਾ ਹੈ ਜਿਸ ਦੀ ਮਦਤ ਨਾਲ ਅਸੀਂ ਹਰ ਵਿਚਾਰ ਨੂੰ ਆਪਣੇ ਵਾਸਤੇ ਸ਼ੁਧ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਗੰਦੇ ਪਾਣੀ ਨੂੰ ਪੁਣਕੇ ਪੀਣ ਯੋਗ ਬਣਾ ਲੈਂਦੇ ਹਾਂ, ਗੰਦੀ ਹਵਾ ਨੂੰ ਨਾਸਾਂ ਦੀ ਮਦਤ ਨਾਲ ਸਾਹ ਲੈਣ ਯੋਗ ਬਣਾ ਲੈਂਦੇ ਹਾਂ ਅਤੇ ਸਹੀ ਅਤੇ ਗਲਤ ਖੁਰਾਕ ਦੀ ਪਹਿਚਾਣ ਸੁੰਘਕੇ ਕਰ ਲੈਂਦੇ ਹਾਂ। ਇਸੇ ਤਰ੍ਹਾਂ ਆਪਣੇ ਦਿਮਾਗ ਦਾ ਸਹੀ ਇਸਤੇਮਾਲ ਕਰਕੇ ਆਪਣੇ ਦਿਮਾਗ ਦੀ ਸਹੀ ਯਾਦ ਸਮਰੱਥਾ ਦਾ ਫਾਇਦਾ ਲੈ ਸਕਦੇ ਹਾਂ। ਐਹਿ ਰੈਡੀਓ, ਅਖਬਾਰਾਂ ਅਤੇ ਟੀਵੀ ਸਾਡੇ ਲਈ ਦਿਮਾਗੀ ਪਲੂਸ਼ਨ ਦਾ ਵਸੀਲਾ ਹਨ। ਇਨ੍ਹਾਂ ਵਿਚ ਦੀ ਸਮੱਗਰੀ ਵਾਸਤੇ ਸਾਨੂੰ ਆਪਣੀ ਮਾਨਸਿਕ ਅਵਸਥਾ ਮੁਤਾਬਿਕ ਚਾਇਸ ਕਰਨੀ ਜਰੂਰੀ ਹੈ। ਜੋ ਲੋਕ ਧਾਰਮਿਕ ਪ੍ਰਵਿਰਤੀ ਦੇ ਮਾਲਕ ਹੋਣ, ਉਨ੍ਹਾਂ ਨੂੰ ਅਪ੍ਰਾਧ ਕਹਾਣੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ। ਰਿਸ਼ਤਿਆਂ ਦੇ ਵਿਗਾੜ ਵਾਲੀਆਂ ਕਹਾਣੀਆਂ, ਸਿਰੀਅਲ ਅਤੇ ਖਬਰਾਂ ਦਿਮਾਗ ਨੂੰ ਖਰਾਬ ਕਰਦੇ ਹਨ। ਪਿਓ ਧੀ, ਭੈਣ ਭਰਾ ਅਤੇ ਸਤਿਕਾਰਯਯੋਗ ਮਾਮੀਆਂ ਚਾਚੀਆਂ ਦੇ ਰਿਸ਼ਤਿਆਂ ਬਾਰੇ ਨਾਜਾਇਜ਼ ਕਹਾਣੀਆਂ ਕਿਓ ਲੋਕ ਅਖਬਾਰਾਂ ਵਿਚ ਛਾਪਦੇ ਹਨ ਅਤੇ ਕਿਓ ਲੋਕ ਪੜ੍ਹਦੇ ਹਨ, ਸਮਝ ਤੋਂ ਬਾਹਰ ਹੈ। ਚੰਗੇ ਲੋਕਾਂ ਦੀ ਸੰਗਤ, ਚੰਗੀਆਂ ਖਬਰਾਂ ਅਤੇ ਚੰਗੇ ਦਰਿਸ਼ ਤੁਹਾਨੂੰ ਚੰਗਾ ਬਣਾਉਂਦੇ ਹਨ ਅਤੇ ਮਾੜੇ, ਮਾੜਾ। ਅਜੋਕਾ ਸਮਾ ਐਨਾ ਭਰਿਸ਼ਟਿਆ ਜਾ ਚੁਕਾ ਹੈ ਕਿ ਇਸਦੀ ਕਲਪਨਾ ਵੀ ਔਖੀ ਹੈ। ਇਸ ਪੱਖ ਤੋਂ ਜਿਨ੍ਹਾਂ ਆਪਣੇ ਆਪ ਨੂੰ ਅਣਜਾਣ ਰਖੋਗੇ ਉਨ੍ਹਾਂ ਹੀ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਧੀਆ ਹੋਵੇਗਾ।
:::