1992 ਵਿਚ 2.20 ਲੱਖ ਲੋਕਾਂ ਦੀ ਥਾਂ ਹੁਣ ਰਹਿ ਗਏ 220 ਪਰਿਵਾਰ
ਕਾਬੁਲ : ਅਫਗਾਨਿਸਤਾਨ ਵਿਚ ਸਿੱਖ ਤੇ ਹੋਰ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਤਾਲਿਬਾਨ ਪੱਖੀ ਅੱਤਵਾਦੀਆਂ ਵੱਲੋਂ ਪ੍ਰੇਸ਼ਾਨ ਕਰਨ ਤੇ ਇਸਲਾਮ ਕਬੂਲ ਕਰਨ ਲਈ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਕਾਬੁਲ ਦੇ ਇਕ ਅੰਦਰੂਨੀ ਇਲਾਕੇ ਵਿਚ ਸਾਹਮਣੇ ਆਈ ਹੈ। ਜਗਤਾਰ ਸਿੰਘ ਲਾਗਮਾਨੀ ਨਾਮਕ ਇਕ ਸਿੱਖ ਆਪਣੀ ਰਵਾਇਤੀ ਜੜ੍ਹੀ ਬੂਟੀਆਂ ਦੀ ਦੁਕਾਨ ‘ਤੇ ਬੈਠਾ ਸੀ ਕਿ ਇਕ ਵਿਅਕਤੀ ਉਸ ਦੀ ਦੁਕਾਨ ‘ਤੇ ਆਇਆ ਤੇ ਉਸ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਅਜਿਹਾ ਨਾ ਕਰਨ ‘ਤੇ ਉਸ ਨੇ ਉਸ ਦਾ ਗਲ਼ਾ ਕੱਟਣ ਦੀ ਧਮਕੀ ਵੀ ਦਿੱਤੀ। ਉਥੇ ਮੌਜੂਦ ਲੋਕਾਂ ਤੇ ਨਾਲ ਵਾਲੇ ਦੁਕਾਨਦਾਰਾਂ ਨੇ ਵਿਚ ਪੈ ਕੇ ਮਸਾਂ ਉਸ ਦੀ ਜਾਨ ਬਚਾਈ। ਘੱਟ ਗਿਣਤੀ ਭਾਈਚਾਰੇ ‘ਤੇ ਤਾਲਿਬਾਨ ਪੱਖੀਆਂ ਦੀ ਇਹ ਤਾਜ਼ਾ ਕਾਰਵਾਈ ਹੈ। ਅਫਗਾਨਿਸਤਾਨ ਵਿਚ ਇਸ ਸਮੇਂ ਬਹੁਤ ਥੋੜ੍ਹੇ ਸਿੱਖਾਂ ਤੇ ਹਿੰਦੂਆਂ ਦੇ ਪਰਿਵਾਰ ਰਹਿ ਗਏ ਹਨ ਤੇ ਜ਼ਿਆਦਾਤਰ ਲੋਕ ਧਾਰਮਿਕ ਭੇਦਭਾਵ ਕਾਰਨ ਭਾਰਤ ਜਾਂ ਹੋਰ ਦੇਸ਼ਾਂ ਵਿਚ ਹਿਜਰਤ ਕਰ ਗਏ ਹਨ।
ਜਗਤਾਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਆਪਣੀ ਇਸ ਛੋਟੀ ਜਿਹੀ ਖਾਨਦਾਨੀ ਦੁਕਾਨ ਰਾਹੀਂ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਤੇ ਇਸ ਤਰ੍ਹਾਂ ਦੀਆਂ ਧਮਕੀਆਂ ਮਿਲਣ ਪਿੱਛੋਂ ਉਸ ਨੂੰ ਨਹੀਂ ਸੁੱਝ ਰਿਹਾ ਕਿ ਉਹ ਕੀ ਕਰੇ ਤੇ ਕਿੱਥੇ ਜਾਏ। ਇਥੇ ਜੇਕਰ ਕੋਈ ਮੁਸਲਿਮ ਨਹੀਂ ਤਾਂ ਉਸ ਨੂੰ ਇਨਸਾਨ ਹੀ ਨਹੀਂ ਸਮਿਝਆ ਜਾਂਦਾ। ਸਦੀਆਂ ਤੋਂ ਹਿੰਦੂ ਸਿੱਖ ਇਥੇ ਪੈਸਿਆਂ ਦੇ ਲੈਣ-ਦੇਣ ਦਾ ਕਾਰੋਬਾਰ ਕਰਦੇ ਸਨ ਪ੍ਰੰਤੂ ਹੁਣ ਸਿਰਫ਼ ਜੜ੍ਹੀ ਬੂਟੀਆਂ ਜਾਂ ਛੋਟਾ-ਮੋਟਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਨੈਸ਼ਨਲ ਕੌਂਸਲ ਫਾਰ ਹਿੰਦੂ ਤੇ ਸਿੱਖ ਦੇ ਚੇਅਰਮੈਨ ਅਵਤਾਰ ਸਿੰਘ ਅਨੁਸਾਰ ਹੁਣ ਘੱਟ ਗਿਣਤੀ ਫਿਰਕਿਆਂ ਦੇ ਕੇਵਲ 220 ਪਰਿਵਾਰ ਹੀ ਅਫਗਾਨਿਸਤਾਨ ਵਿਚ ਰਹਿ ਗਏ ਹਨ ਜਦਕਿ 1992 ਵਿਚ ਅਫਗਾਨਿਸਤਾਨ ਦੇ ਪਤਨ ਤੋਂ ਪਹਿਲਾਂ ਇਥੇ 2,20,000 ਮੈਂਬਰ ਰਹਿੰਦੇ ਸਨ। ਪਹਿਲੇ ਇਹ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੇ ਸਨ ਪ੍ਰੰਤੂ ਹੁਣ ਕੇਵਲ ਨੰਗਰਹਾਰ, ਗਜ਼ਨੀ ਤੇ ਰਾਜਧਾਨੀ ਕਾਬੁਲ ਵਿਚ ਹੀ ਇਹ ਪਰਿਵਾਰ ਰਹਿੰਦੇ ਹਨ। ਅਵਤਾਰ ਸਿੰਘ ਨੇ ਦੱਸਿਆ ਕਿ ਹੁਣ ਦੇਸ਼ ਦੇ ਹਾਲਾਤ ਤਾਲਿਬਾਨ ਸ਼ਾਸਨ ਨਾਲੋਂ ਵੀ ਮਾੜੇ ਹਨ। ਉਨ੍ਹਾਂ ਦੱਸਿਆ ਕਿ ਘੱਟ ਗਿਣਤੀ ਫਿਰਕੇ ਦੇ ਲੋਕ ਹੇਲਮੰਡ ਸੂਬੇ ਤੋਂ ਵੀ ਹਿਜਰਤ ਕਰ ਆਏ ਹਨ ਜਿਥੇ ਤਾਲਿਬਾਨ 2 ਲੱਖ ਅਫਗਾਨੀ (2,800 ਡਾਲਰ) ਪ੍ਰਤੀ ਪਰਿਵਾਰ ਮੰਗ ਰਹੇ ਹਨ। ਅਵਤਾਰ ਸਿੰਘ ਨੇ ਦੱਸਿਆ ਕਿ ਘੱਟ ਗਿਣਤੀ ਫਿਰਕੇ ਦੇ ਮੈਂਬਰ ਦੀ ਮੌਤ ‘ਤੇ ਸਸਕਾਰ ਸਮੇਂ ਵੀ ਕਈ ਸਮੱਸਿਆਵਾਂ ਆਉਂਦੀਆਂ ਹਨ ਮੁਸਲਿਮ ਲੋਕ ਅਰਥੀ ‘ਤੇ ਪੱਥਰ ਸੁੱਟਦੇ ਹਨ ਤੇ ਸਸਕਾਰ ‘ਤੇ ਇਤਰਾਜ਼ ਕਰਦੇ ਹਨ ਕਿ ਮੁਰਦੇ ਦੇ ਸੜਨ ਦੀ ਬਦਬੂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਿਮਾਰ ਹੋ ਜਾਂਦੇ ਹਨ। ਅੱਠ ਸਾਲਾ ਜਸਮੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਸਕੂਲ ਇਸ ਕਰਕੇ ਛੱਡਣਾ ਪਿਆ ਕਿ ਨਾਲ ਦੇ ਬੱਚੇ ਉਸ ਨੂੰ ਕਾਫਿਰ ਕਹਿੰਦੇ ਸਨ ਤੇ ਉਸ ਦੀ ਦਸਤਾਰ ਵੀ ਖੋਲ੍ਹ ਦਿੰਦੇ ਸਨ। ਬਲਜੀਤ ਸਿੰਘ ਨਾਂ ਦੇ ਦੁਕਾਨਦਾਰ ਨੇ ਕਿਹਾ ਕਿ ਜਦੋਂ ਅਸੀਂ ਭਾਰਤ ਰਹਿਣ ਲਈ ਜਾਂਦੇ ਹਾਂ ਤਾਂ ਸਾਨੂੰ ਅਫਗਾਨੀ ਕਿਹਾ ਜਾਂਦਾ ਹੈ ਤੇ ਇਥੇ ਰਹਿੰਦਿਆਂ ਸਾਨੂੰ ਬਾਹਰ ਵਾਲੇ ਕਿਹਾ ਜਾਂਦਾ ਹੈ, ਅਸੀਂ ਇਨ੍ਹਾਂ ਦੋ ਲਫਜ਼ਾਂ ਵਿਚ ਫਸ ਕੇ ਰਹਿ ਗਏ ਹਾਂ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …