-19.8 C
Toronto
Saturday, January 24, 2026
spot_img
Homeਦੁਨੀਆਮੋਡੈਸਟੋ 'ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਮੋਡੈਸਟੋ ‘ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਨਡਾਲਾ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਮੋਡੈਸਟੋ ਵਿੱਚ ਇੱਕ ਗੋਰੇ ਨੇ ਸਟੋਰ ‘ਤੇ ਕੰਮ ਕਰਦੇ ਪੰਜਾਬੀ ਨੌਜਵਾਨ ਜਗਜੀਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਨੌਜਵਾਨ ਪਿੰਡ ਹਬੀਬਵਾਲ ਨਾਲ ਸਬੰਧਤ ਸੀ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜੀਜੇ ਕੰਵਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ ਸਿੰਘ (30) ਪੁੱਤਰ ਮਹਿੰਦਰ ਸਿੰਘ ਬੱਲ ਹਬੀਬੀਵਾਲ ਹਾਲ ਵਾਸੀ ਨਡਾਲਾ, ਮੋਡੈਸਟੋ ਵਿੱਚ ਇੱਕ ਸਟੋਰ ‘ਤੇ ਕੰਮ ਕਰਦਾ ਸੀ। ਦੇਰ ਰਾਤ ਇੱਕ ਅਮਰੀਕੀ ਨੌਜਵਾਨ ਸਟੋਰ ‘ਤੇ ਆਇਆ ਤੇ ਸਿਗਰਟਾਂ ਦੀ ਮੰਗ ਕਰਨ ਲੱਗਿਆ। ਗੋਰੇ ਵੱਲੋਂ ਦਿੱਤੀ ਆਈ.ਡੀ. ਸਹੀ ਨਾ ਹੋਣ ‘ਤੇ ਜਗਜੀਤ ਨੇ ਸਹੀ ਆਈ.ਡੀ. ਮੰਗੀ। ਇਸ ਕਾਰਨ ਗੋਰਾ ਤੈਸ਼ ਵਿੱਚ ਆ ਗਿਆ ਤੇ ਦੋਹਾਂ ਵਿੱਚ ਤਕਰਾਰ ਹੋ ਗਈ। ਰਾਤ ਕਰੀਬ 11.50 ਵਜੇ ਜਗਜੀਤ ਜਦੋਂ ਸਟੋਰ ਦੇ ਸ਼ਟਰ ਬੰਦ ਕਰ ਰਿਹਾ ਸੀ ਤਾਂ ਉਸ ਗੋਰੇ ਨੇ ਚਾਕੂ ਨਾਲ ਜਗਜੀਤ ‘ਤੇ ਹਮਲਾ ਕਰ ਦਿੱਤਾ। ਸਟੋਰ ਵਿੱਚ ਕੰਮ ਕਰਦੇ ਸਿਕੰਦਰ ਸਿੰਘ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਜਗਜੀਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਕੰਵਰਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਕਰੀਬ ਡੇਢ ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਖ਼ਾਤਰ ਅਮਰੀਕਾ ਗਿਆ ਸੀ। ਉਸ ਦੇ ਪਰਿਵਾਰ ਵਿੱਚ ਪਿਤਾ ਤੋਂ ਇਲਾਵਾ ਪਤਨੀ ਕੁਲਜੀਤ ਕੌਰ, ਲੜਕਾ ਇਸ਼ਮੀਤ ਸਿੰਘ (9) ਅਤੇ ਦਿਲਪ੍ਰੀਤ ਸਿੰਘ (7) ਰਹਿ ਗਏ ਹਨ। ਉਸ ਦਾ ਵੱਡਾ ਭਰਾ ਹਰਜੀਤ ਸਿੰਘ ਫਰਾਂਸ ਵਿੱਚ ਹੈ।

RELATED ARTICLES
POPULAR POSTS