ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਦੇ ਸਦਨ ਕਾਂਗਰਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨਾਲ ਜੰਗ ਛੇੜਨ ਦੇ ਖਤਰੇ ਪ੍ਰਤੀ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਮੁੜ ਤੋਂ ਨਿਰਧਾਰਤ ਕਰਨ ਲਈ ਮਤਾ ਪਾਸ ਕਰ ਦਿੱਤਾ ਹੈ। ਮਤੇ ਅਨੁਸਾਰ ਰਾਸ਼ਟਰਪਤੀ ਉਦੋਂ ਤੱਕ ਇਰਾਨ ਵਿਰੁੱਧ ਕੋਈ ਫੌਜੀ ਕਾਰਵਾਈ ਨਹੀਂ ਕਰੇਗਾ ਜਦੋਂ ਤੱਕ ਸੰਸਦ ਉਸ ਨੂੰ ਅਧਿਕਾਰਤ ਨਹੀਂ ਕਰਦੀ।
ਇਸ ਮਤੇ ਨੂੰ ਪੇਸ਼ ਕਰਨ ਪਿੱਛੇ ਮੁੱਖ ਕਾਰਨ ਟਰੰਪ ਵੱਲੋਂ ਇਰਾਨ ਦੇ ਕਮਾਂਡਰ ਨੂੰ ਮਾਰਨ ਦੇ ਹੁਕਮ ਦੇਣੇ ਹਨ ਤੇ ਇਸ ਤੋਂ ਬਾਅਦ ਇਰਾਨ ਵੱਲੋਂ ਅਮਰੀਕੀ ਟਿਕਾਣੇ ਉੱਤੇ ਮਿਜ਼ਾਈਲ ਹਮਲਾ ਕੀਤਾ ਜਾਣਾ ਹੈ। ਇਹ ਮਤਾ 194 ਵੋਟਾਂ ਦੇ ਮੁਕਾਬਲੇ 224 ਵੋਟਾਂ ਦੇ ਨਾਲ ਪਾਸ ਹੋ ਗਿਆ ਹੈ।
ਡੈਮੋਕਰੇਟਾਂ ਵੱਲੋਂ ਲਿਆਂਦੇ ਇਸ ਮਤੇ ਦੇ ਹੱਕ ਵਿੱਚ ਟਰੰਪ ਦੀ ਕੰਜ਼ਰਵੇਟਿਵ ਪਾਰਟੀ ਦੇ ਵੀ ਤਿੰਨ ਮੈਂਬਰਾਂ ਨੇ ਵੋਟ ਪਾਈ ਹੈ। ਦੂਜੇ ਪਾਸੇ ਟਰੰਪ ਨੇ ਕਿਹਾ ਹੈ ਕਿ ਹਮਲਾ ਕਰਨ ਲਈ ਉਸ ਨੂੰ ਕਿਸੇ ਦੀ ਪ੍ਰਵਾਨਗੀ ਲੋੜ ਨਹੀਂ ਹੈ। ਇਸ ਮਤੇ ਤੋਂ ਪਹਿਲਾਂ ਦਿਨ ਭਰ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਲੈ ਕੇ ਸਦਨ ਵਿੱਚ ਬਹਿਸ ਹੋਈ।
ਕਸ਼ਮੀਰ ਦੇ ਸਿਆਸੀ ਆਗੂਆਂ ਦੀ ਨਜ਼ਰਬੰਦੀ ਤੋਂ ਅਮਰੀਕਾ ਚਿੰਤਤ
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ 15 ਦੇਸ਼ਾਂ ਦੇ ਰਾਜਦੂਤਾਂ ਵੱਲੋਂ ਕੀਤੀ ਗਈ ਜੰਮੂ ਕਸ਼ਮੀਰ ਦੀ ਯਾਤਰਾ ਨੂੰ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ ਪਰ ਨਾਲ ਕਸ਼ਮੀਰ ਦੇ ਸਿਆਸੀ ਆਗੂਆਂ ਨੂੰ ਨਜ਼ਰਬੰਦ ਰੱਖੇ ਜਾਣ ਅਤੇ ਉੱਥੇ ਇੰਟਰਨੈੱਟ ‘ਤੇ ਲੱਗੀ ਪਾਬੰਦੀ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰੱਖੀਆਂ ਹਨ। ਪਿਛਲੇ ਸਾਲ ਕਸ਼ਮੀਰ ‘ਚ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਪਹਿਲੀ ਵਾਰ 15 ਮੁਲਕਾਂ ਦੇ ਰਾਜਦੂਤਾਂ ਨੇ ਪਿਛਲੇ ਹਫ਼ਤੇ ਕਸ਼ਮੀਰ ਦੀ ਯਾਤਰਾ ਕੀਤੀ ਜਿਨ੍ਹਾਂ ‘ਚ ਅਮਰੀਕਾ ਦੇ ਭਾਰਤ ਲਈ ਰਾਜਦੂਤ ਕੈਨੇਥ ਜਸਟਰ ਵੀ ਸ਼ਾਮਲ ਸਨ। ਉਨ੍ਹਾਂ ਇੱਥੇ ਕਈ ਸਿਆਸੀ ਪਾਰਟੀਆਂ ਦੇ ਆਗੂਆਂ, ਲੋਕ ਸੰਸਥਾਵਾਂ ਦੇ ਮੈਂਬਰਾਂ ਤੇ ਫੌਜ ਦੇ ਸਿਖਰਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਹਾਲਾਂਕਿ ਸਰਕਾਰ ‘ਤੇ ਦੋਸ਼ ਲੱਗ ਰਿਹਾ ਹੈ ਕਿ ਇਹ ਯੋਜਨਾਬੱਧ ਯਾਤਰਾ ਸੀ ਪਰ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ। ਦੱਖਣੀ ਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਸਕੱਤਰ ਐਲਿਸ ਜੀ ਵੈਲਜ਼ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਸ ਖੇਤਰ ‘ਚ ਹਾਲਾਤ ਜਲਦੀ ਹੀ ਆਮ ਵਰਗੇ ਹੋ ਜਾਣਗੇ।