ਯੂਰੋਪ ਵਿਚ ਨਾਗਰਿਕਤਾ ਲੈਣ ਲਈ ਭੱਜਣ ਦਾ ਸ਼ੱਕ
ਲੰਡਨ/ਬਿਊਰੋ ਨਿਊਜ਼
ਕਾਮਨਵੈਲਥ ਖੇਡਾਂ ਵਿਚ ਹਿੱਸਾ ਲੈਣ ਗਏ ਪਾਕਿਸਤਾਨੀ ਖਿਡਾਰੀਆਂ ਦੇ ਦਲ ਵਿਚੋਂ ਦੋ ਬੌਕਸਰ ਗਾਇਬ ਹੋ ਗਏ ਹਨ। ਇਸ ਤੋਂ ਬਾਅਦ ਬੌਕਸਿੰਗ ਫੈਡਰੇਸ਼ਨ ਇਨ੍ਹਾਂ ਦਾ ਪਤਾ ਲਗਾਉਣ ਵਿਚ ਜੁਟ ਗਈ ਹੈ। ਹੁਣ ਤੱਕ ਇਨ੍ਹਾਂ ਖਿਡਾਰੀਆਂ ਦਾ ਪਤਾ ਨਹੀਂ ਲੱਗਾ ਹੈ। ਗਾਇਬ ਹੋਏ ਇਨ੍ਹਾਂ ਦੋਵੇਂ ਬੌਕਸਰਾਂ ਨੂੰ ਇਨ੍ਹਾਂ ਖੇਡਾਂ ਵਿਚ ਕੋਈ ਵੀ ਮੈਡਲ ਨਹੀਂ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਖਿਡਾਰੀ ਕਿਸੇ ਯੂਰੋਪੀ ਦੇਸ਼ ਵਿਚ ਸੁਰੱਖਿਅਤ ਭਵਿੱਖ ਦੀ ਤਲਾਸ਼ ਕਰਨ ਲਈ ਗਾਇਬ ਹੋਏ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪਾਕਿਸਤਾਨੀ ਖਿਡਾਰੀ ਗਾਇਬ ਹੋਏ ਹੋਣ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ‘ਦ ਡੇਲੀ ਪਾਕਿਸਤਾਨ’ ਦੇ ਮੁਤਾਬਕ ਗਾਇਬ ਹੋਣ ਵਾਲੇ ਇਹ ਦੋਵੇਂ ਬੌਕਸਰਾਂ ਦਾ ਨਾਮ ਸੁਲੇਮਾਨ ਬਲੋਚ ਅਤੇ ਨਜ਼ੀਰਉਲਾ ਹੈ। ਇਹ ਦੋਵੇਂ ਉਦੋਂ ਗਾਇਬ ਹੋਏ ਜਦੋਂ ਬਾਕੀ ਖਿਡਾਰੀ ਟੀਮ ਬਸ ਵਿਚ ਸਵਾਰ ਹੋਣ ਲਈ ਜਾ ਰਹੇ ਸਨ। ਪਾਕਿਸਤਾਨ ਉਲੰਪਿਕ ਐਸੋਸੀਏਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਹੁਣ ਇਸ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਇਕ ਸਪੈਸ਼ਲ ਕਮੇਟੀ ਬਣਾਈ ਗਈ ਹੈ।