Breaking News
Home / ਦੁਨੀਆ / ਅਮਰੀਕਾ ‘ਚ 50 ਭਾਰਤੀ ਉਤਪਾਦਾਂ ‘ਤੇ ਡਿਊਟੀ ਫ੍ਰੀ ਸਹੂਲਤ ਖਤਮ

ਅਮਰੀਕਾ ‘ਚ 50 ਭਾਰਤੀ ਉਤਪਾਦਾਂ ‘ਤੇ ਡਿਊਟੀ ਫ੍ਰੀ ਸਹੂਲਤ ਖਤਮ

ਡੋਨਾਲਡ ਟਰੰਪ ਦੇ ਇਸ ਫੈਸਲੇ ਨਾਲ ਹੈਂਡਲੂਮ ਤੇ ਖੇਤੀਬਾੜੀ ਉਤਪਾਦ ਪ੍ਰਭਾਵਿਤ
ਜੀਐਸਪੀ ਤਹਿਤ ਦਿੱਤੀ ਜਾ ਰਹੀ ਸਹੂਲਤ ਇਕ ਨਵੰਬਰ ਤੋਂ ਬੰਦ
ਵਾਸ਼ਿੰਗਟਨ : ਅਮਰੀਕੀ ਟਰੰਪ ਪ੍ਰਸ਼ਾਸਨ ਨੇ ਵਪਾਰਕ ਮਸਲਿਆਂ ‘ਤੇ ਸਖਤ ਰਵੱਈਆ ਵਿਖਾਇਆ ਹੈ। ਅਮਰੀਕਾ ਨੇ ਘੱਟੋ-ਘੱਟ 50 ਭਾਰਤੀ ਉਤਪਾਦਾਂ ‘ਤੇ ਦਿੱਤੀ ਜਾ ਰਹੀ ਦਰਾਮਤ ਡਿਊਟੀ ਤੋਂ ਰਿਆਇਤ ਵਾਪਸ ਲੈ ਲਈ ਹੈ। ਇਨ੍ਹਾਂ ਵਸਤਾਂ ‘ਚ ਜ਼ਿਆਦਾਤਰ ਵਸਤਾਂ ਹੈਂਡਲੂਮ ਤੇ ਖੇਤੀਬਾੜੀ ਖੇਤਰ ਨਾਲ ਸਬੰਧਤ ਹਨ। ਅਮਰੀਕੀ ਸਰਕਾਰ ਨੇ ਇਕ ਨੋਟੀਫਿਕੇਸ਼ਨ ਵਿਚ 90 ਉਤਪਾਦਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਦਰਾਮਦ ‘ਤੇ ਜਨਰਲਾਈਜ਼ਡ ਸਿਸਟਮ ਆਫ ਪ੍ਰਿਫਰਰੈਂਸੇਜ਼ (ਜੀਐਸਪੀ) ਤਹਿਤ ਡਿਊਟੀ ਨਹੀਂ ਲੱਗਦੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤਾ ਸੀ। ਇਸ ਮੁਤਾਬਕ ਚਿੰਨ੍ਹਤ ਵਸਤਾਂ ‘ਤੇ ਦਰਾਮਦ ਡਿਊਟੀ ‘ਚ ਰਿਆਇਤ ਦੀ ਸਹੂਲਤ ਇਕ ਨਵੰਬਰ ਤੋਂ ਖਤਮ ਹੋ ਗਈ। ਯੂਐਸ ਟ੍ਰੇਡ ਰਿਪ੍ਰਜੈਂਟੇਟਿਵ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਕ ਨਵੰਬਰ ਤੋਂ ਇਹ ਉਤਪਾਦ ਜੀਐਸਪੀ ਪ੍ਰੋਗਰਾਮ ਤਹਿਤ ਡਿਊਟੀ ਮੁਕਤ ਸਹੂਲਤ ਦੇ ਯੋਗ ਨਹੀਂ ਰਹਿਣਗੇ। ਹਾਲਾਂਕਿ ਸਭ ਤੋਂ ਵੱਧ ਤਰਜੀਹੀ ਦੇਸ਼ ਦੀ ਰੈਗੂਲਰ ਦਰ ‘ਤੇ ਇਨ੍ਹਾਂ ਦੀ ਦਰਾਮਦ ਜਾਰੀ ਰੱਖੀ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਦੇ ਐਲਾਨ ਦਾ ਕਿਸੇ ਦੇਸ਼ ਨਾਲ ਉਤਪਾਦ ‘ਤੇ ਕੇਂਦਰਿਤ ਹੈ। ਭਾਰਤ ਕਿਉਂਕਿ ਜੀਐਸਪੀ ਦਾ ਸਭ ਤੋਂ ਵੱਡਾ ਲਾਭਕਾਰੀ ਰਿਹਾ ਹੈ, ਇਸ ਲਈ ਟਰੰਪ ਪ੍ਰਸ਼ਾਸਨ ਦੇ ਤਾਜ਼ਾ ਫੈਸਲੇ ਦਾ ਭਾਰਤ ‘ਤੇ ਸਭ ਤੋਂ ਵੱਧ ਅਸਰ ਪਿਆ ਹੈ। ਜਿਨ੍ਹਾਂ ਉਤਪਾਦਾਂ ਤੋਂ ਡਿਊਟੀ ਫ੍ਰੀ ਦਰਾਮਦ ਦੀ ਸਹੂਲਤ ਖਤਮ ਹੋਈ ਹੈ, ਉਨ੍ਹਾਂ ਵਿਚ ਘੱਟੋ ਘੱਟ 50 ਉਤਪਾਦ ਭਾਰਤ ਦੇ ਹਨ। 2017 ਵਿਚ ਭਾਰਤ ਤੋਂ ਅਮਰੀਕਾ ‘ਚ ਜੀਐਸਪੀ ਤਹਿਤ 5.6 ਅਰਬ ਡਾਲਰ ਤੋਂ ਵੱਧ ਦੀ ਡਿਊਟੀ ਫ੍ਰੀ ਬਰਾਮਦ ਹੁੰਦੀ ਸੀ।
ਡਿਊਟੀ ਫ੍ਰੀ ਸਹੂਲਤ ਤੋਂ ਵਾਂਝੇ ਹੋਏ ਉਤਪਾਦਾਂ ਦੀ ਸੂਚੀ ‘ਤੇ ਗੌਰ ਕਰਨ ਨਾਲ ਪਤਾ ਲੱਗਦਾ ਹੈ ਕਿ ਵੱਡੇ ਪੱਧਰ ‘ਤੇ ਛੋਟੀਆਂ ਤੇ ਦਰਮਿਆਨੀਆਂ ਕੰਪਨੀਆਂ ‘ਤੇ ਇਸਦਾ ਪ੍ਰਭਾਵ ਪਵੇਗਾ ਤੇ ਖਾਸ ਕਰ ਹੈਂਡਲੂਮ ਤੇ ਖੇਤੀਬਾੜੀ ਖੇਤਰ ‘ਤੇ ਇਸਦਾ ਵਿਸ਼ੇਸ਼ ਅਸਰ ਪਵੇਗਾ। ਟਰੰਪ ਨੇ ਆਪਣੇ ਐਲਾਨ ਵਿਚ ਕਿਹਾ ਕਿ ਜੀਐਸਪੀ ਤਹਿਤ ਉਨ੍ਹਾਂ ਵਸਤਾਂ ਤੋਂ ਡਿਊਟੀ ਫ੍ਰੀ ਦਰਾਮਦ ਦੀ ਸਹੂਲਤ ਨਹੀਂ ਮਿਲੇਗੀ, ਜਿਨ੍ਹਾਂ ਦੀ ਦਰਾਮਦ ਕੰਪੀਟੀਟਿਵ ਨੀਡ ਲਿਮਿਟੇਸ਼ਨ (ਸੀਐਨਐਲ) ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਸਤਾਂ ਦੀ ਚੋਣ ‘ਚ ਕਿਸੇ ਦੇਸ਼ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ 2017 ਵਿਚ ਤੈਅ ਕੀਤਾ ਸੀ ਕਿ ਕੁਝ ਲਾਭਪਾਤਰੀ ਵਿਕਾਸਸ਼ੀਲ ਦੇਸ਼ਾਂ ਨੇ ਇਕ ਸਹੂਲਤ ਵਾਲੇ ਉਤਪਾਦਾਂ ਦੀ ਹੋਂਦ ਤੋਂ ਵੱਧ ਸਪਲਾਈ ਕੀਤੀ। ਇਸ ਲਈ ਅਜਿਹੇ ਦੇਸ਼ਾਂ ਦੇ ਇਨ੍ਹਾਂ ਉਤਪਾਦਾਂ ਨੂੰ ਇਹ ਸਹੂਲਤ ਖਤਮ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਚੀਨ ਨਾਲ ਵੀ ਅਮਰੀਕਾ ਦੀ ਟ੍ਰੇਡ ਵਾਰ ਜਾਰੀ ਹੈ।
ਭਾਰਤ ਤੋਂ ਇਲਾਵਾ ਇਹ ਦੇਸ਼ ਵੀ ਪ੍ਰਭਾਵਿਤ :ਅਰਜਨਟੀਨਾ, ਬ੍ਰਾਜ਼ੀਲ, ਥਾਈਲੈਂਡ, ਸੂਰੀਨਾਮ, ਪਾਕਿਸਤਾਨ, ਤੁਰਕੀ, ਫਿਲਪੀਨ, ਇਕਵਾਡੋਰ ਤੇ ਇੰਡੋਨੇਸ਼ੀਆ ਜਿਹੇ ਦੇਸ਼ਾਂ ਦੇ ਉਤਪਾਦਾਂ ਨੂੰ ਵੀ ਜੀਐਸਪੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਅਪ੍ਰੈਲ ‘ਚ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਜੀਐਸਪੀ ਲਈ ਭਾਰਤ ਦੀ ਯੋਗਤਾ ਦੀ ਸਮੀਖਿਆ ਕਰੇਗਾ।

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …