Breaking News
Home / ਦੁਨੀਆ / ਬ੍ਰਿਟੇਨ ‘ਚ ਸਿੱਖ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲੀ

ਬ੍ਰਿਟੇਨ ‘ਚ ਸਿੱਖ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲੀ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਇੰਟਰਨੈਸ਼ਨਲ ਟੈਲੀਕਾਮ ਫਰਮ ਵਿਚ ਕੰਮ ਕਰਦੇ ਇਕ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਕਿਰਪਾਨ ਪਾ ਕੇ ਕੰਮ ‘ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਯੂਕੇ ਦੀ ਸਿੱਖ ਕੌਂਸਲ ਤੋਂ ਇਲਾਵਾ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਇਕ ਵਰਕਰ ਦੇ ਹੱਕ ਵਿਚ ਦਖਲ ਦਿੱਤਾ ਅਤੇ ਕੰਪਨੀ ਨੂੰ ਕਿਹਾ ਕਿ ਸਿੱਖ ਪ੍ਰੰਪਰਾਵਾਂ ਅਨੁਸਾਰ ਕਿਰਪਾਨ ਪਾਉਣਾ ਧਰਮ ਦੀ ਰਹਿਤ ਮਰਿਆਦਾ ਦਾ ਜ਼ਰੂਰੀ ਅੰਗ ਹੈ। ਇਸ ਪਿੱਛੋਂ ਕੰਪਨੀ ਨੇ ਆਪਣਾ ਫ਼ੈਸਲਾ ਬਦਲਦਿਆਂ ਉਸ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ। ਕੌਂਸਲ ਦੇ ਸਕੱਤਰ ਜਨਰਲ ਜਗਤਾਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਿੱਖ ਧਰਮ ਬਾਰੇ ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਕਈ ਕੌਮਾਂਤਰੀ ਕੰਪਨੀਆਂ ਅਜੇ ਵੀ ਇਸ ਤਰ੍ਹਾਂ ਦੇ ਅੜਿੱਕੇ ਖੜ੍ਹੇ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਮ ‘ਤੇ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਮਾਮਲੇ ਉਨ੍ਹਾਂ ਕੋਲ ਅਕਸਰ ਆਉਂਦੇ ਰਹਿੰਦੇ ਹਨ ਜਿਨ੍ਹਾਂ ਦਾ ਹੱਲ ਕੱਢਣ ਲਈ ਕੌਂਸਲ ਪੂਰੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਕੌਂਸਲ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਕੋਲ ਪਿਛਲੇ ਕੁਝ ਸਮੇਂ ਵਿਚ ਇਸ ਤਰ੍ਹਾਂ ਦਾ ਇਹ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਦੱਖਣੀ-ਪੂਰਬੀ ਇੰਗਲੈਂਡ ਸਥਿਤ ਇਕ ਵੱਡੇ ਕੌਮਾਂਤਰੀ ਹਵਾਈ ਅੱਡੇ ਦੋ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਾਉਣ ਤੋਂ ਰੋਕਿਆ ਗਿਆ ਸੀ ਜਿਸ ਦਾ ਹੱਲ ਕਰਵਾ ਦਿੱਤਾ ਗਿਆ ਸੀ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …