Breaking News
Home / Uncategorized / ਪਾਕਿ ਦੇ ਸਿੱਖ ਭਾਈਚਾਰੇ ਲਈ ਉਤਰਾ-ਚੜ੍ਹਾਅ ਵਾਲਾ ਸਾਲ ਰਿਹਾ 2018

ਪਾਕਿ ਦੇ ਸਿੱਖ ਭਾਈਚਾਰੇ ਲਈ ਉਤਰਾ-ਚੜ੍ਹਾਅ ਵਾਲਾ ਸਾਲ ਰਿਹਾ 2018

ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ 2018 ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਵਾਲਾ ਰਿਹਾ। ਇਸ ਵਰ੍ਹੇ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਨੂੰ ਸ਼ੁਰੂ ਕੀਤਾ ਜਾਣਾ ਅਤੇ ਸਾਲ ਦੇ ਆਖੀਰ ਵਿਚ ਪਾਕਿ ਸੁਪਰੀਮ ਕੋਰਟ ਵਲੋਂ ਮਰਦਮਸ਼ੁਮਾਰੀ ਸੂਚੀ ‘ਚ ਸਿੱਖਾਂ ਨੂੰ ਵੱਖਰੇ ਧਰਮ ਦੇ ਤੌਰ ‘ਤੇ ਦਾਖ਼ਲ ਕਰਨ ਦੇ ਹੁਕਮਾਂ ਨੂੰ ਜਿੱਥੇ ਸਾਲ 2018 ਦੀ ਇਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ, ਉੱਥੇ ਹੀ ਲਹਿੰਦੇ ਪੰਜਾਬ ਦੀ ਅਸੈਂਬਲੀ ਵਿਚ ਆਨੰਦ ਕਾਰਜ ਐਕਟ ਬਿੱਲ ਪੇਸ਼ ਕੀਤੇ ਜਾਣ ਨੂੰ ਲੈ ਕੇ ਪਾਕਿ ਵਿਚ ਐਕਟ ਲਾਗੂ ਹੋਣ ਬਾਰੇ ਕੀਤੇ ਦਾਅਵੇ ਅਤੇ ਬਾਬਾ ਗੁਰੂ ਨਾਨਕ ਕੌਮਾਂਤਰੀ ਯੂਨੀਵਰਸਿਟੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਸ਼ੁਰੂ ਕੀਤੇ ਜਾਣ ਦੇ ਕੀਤੇ ਐਲਾਨ ਸਿਰਫ਼ ਛਲਾਵਾ ਸਾਬਤ ਹੋਏ ਹਨ। ਸਾਲ 2018 ਦੀ ਸ਼ੁਰੂਆਤ ਪਾਕਿਸਤਾਨੀ ਭੂਮੀ ਮਾਫ਼ੀਆ ਦੁਆਰਾ ਅਦਾਲਤੀ ਹੁਕਮਾਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਛਿੱਕੇ ‘ਤੇ ਟੰਗਦਿਆਂ ਸਾਹੀਵਾਲ ਸ਼ਹਿਰ ਦੇ ਵਪਾਰਕ ਇਲਾਕੇ ਸੌਰੀ ਗਲੀ ਬਾਜ਼ਾਰ ਵਿਚਲੇ ਢਾਈ ਮੰਜ਼ਿਲਾਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੀ ਆਲੀਸ਼ਾਨ ਇਮਾਰਤ ਦੇ ਵੱਡੇ ਹਿੱਸੇ ਨੂੰ ਢਾਹੁਣ ਦੀ ਕਾਰਵਾਈ ਨਾਲ ਹੋਈ। ਇਸ ਦੇ ਅਗਲੇ ਹੀ ਦਿਨ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਹੰਗੂ ਦੀ ਤਹਿਸੀਲ ਥਾਲ ਦੇ ਕਸਬਾ ਦੁਆਬਾ ਦੇ ਸਿੱਖ ਦੁਕਾਨਦਾਰਾਂ ਨੂੰ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ਵ ਭਰ ਦੇ ਸਿੱਖਾਂ ਵਲੋਂ ਪਾਕਿ ਸਰਕਾਰ ਦਾ ਵਿਰੋਧ ਕੀਤਾ ਗਿਆ, ਜਿਸ ਦੇ ਬਾਅਦ ਜ਼ਿਲ੍ਹਾ ਹੰਗੂ ਦੇ ਸਹਾਇਕ ਕਮਿਸ਼ਨਰ ਯਾਕੂਬ ਖ਼ਾਂ ਨੂੰ ਮੁਅੱਤਲ ਕਰਦਿਆਂ ਚੀਫ਼ ਸਕੱਤਰ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਅਗਾਂਹ ਸੂਬੇ ਵਿਚ ਅਜਿਹੀ ਕੋਈ ਕਾਰਵਾਈ ਨਹੀਂ ਹੋਵੇਗੀ ਜਿਸ ਨਾਲ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਸਿੱਖ ਕੌਂਸਲ ਆਫ਼ ਪਾਕਿਸਤਾਨ ਦੇ ਚੇਅਰਮੈਨ ਮਸਤਾਨ ਸਿੰਘ ਵਲੋਂ ਇਸੇ ਵਰ੍ਹੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਵਲੋਂ ਫ਼ੰਡਾਂ ਵਿਚ ਕਰੋੜਾਂ ਰੁਪਇਆਂ ਦੀ ਕੀਤੀ ਜਾ ਰਹੀ ਘਪਲੇਬਾਜ਼ੀ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੀ ਭੂਮੀ ਨੂੰ ਖ਼ੁਰਦ-ਬੁਰਦ ਕਰਨ ਦਾ ਮਾਮਲਾ ਅਦਾਲਤ ਦੇ ਧਿਆਨ ਵਿਚ ਲਿਆਂਦਾ ਗਿਆ। ਜਿਸ ਦੇ ਬਾਅਦ ਜਿੱਥੇ ਅਦਾਲਤੀ ਕਾਰਵਾਈ ਦੇ ਚਲਦਿਆਂ ਚੇਅਰਮੈਨ ਸਈਦ ਆਸਿਫ਼ ਅਖ਼ਤਰ ਹਾਸ਼ਮੀ ਨੂੰ ਦੋਸ਼ੀ ਸਾਬਤ ਹੋਣ ‘ਤੇ ਜੇਲ੍ਹ ਭੇਜਿਆ ਗਿਆ, ਉੱਥੇ ਹੀ ਉਨ੍ਹਾਂ ਤੋਂ ਬਾਅਦ ਬਣੇ ਚੇਅਰਮੈਨ ਸਾਦਿਕ ਉੱਲ ਫ਼ਾਰੂਕ ਨੂੰ ਵੀ ਅਯੋਗ ਘੋਸ਼ਿਤ ਕਰਦਿਆਂ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਪਾਕਿ ਸੁਪਰੀਮ ਕੋਰਟ ਦੀ ਇਸ ਕਾਰਵਾਈ ਦੇ ਬਾਵਜੂਦ ਸਿੱਖ ਗੁਰਦੁਆਰਿਆਂ ਦੀ ਭੂਮੀ ‘ਤੇ ਨਾਜਾਇਜ਼ ਕਬਜ਼ਿਆਂ ਅਤੇ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਸਿਲਸਿਲਾ ਸਾਲ ਦੇ ਅੰਤਲੇ ਹਫ਼ਤਿਆਂ ਤੱਕ ਵੀ ਜਾਰੀ ਰਿਹਾ।ઠ
ਇਸ ਵਰ੍ਹੇ ਦੌਰਾਨ ਜਿੱਥੇ ਪਿਸ਼ਾਵਰ ਦੇ ਸਿੱਖ ਆਗੂ ਚਰਨਜੀਤ ਸਿੰਘ ਸਾਗਰ ਦੇ ਕਤਲ, ਸ੍ਰੀ ਨਨਕਾਣਾ ਸਾਹਿਬ ਵਿਚ ਸਿੱਖ ਅਪਾਹਜ ਬੱਚੀ ਨਾਲ ਜਬਰ-ਜਨਾਹ ਅਤੇ ਕੁਝ ਇਲਾਕਿਆਂ ਵਿਚ ਸਿੱਖ ਭਾਈਚਾਰੇ ‘ਤੇ ਹੋਏ ਹਮਲੇ ਇਕ ਮੰਦਭਾਗੀ ਖ਼ਬਰ ਦੇ ਰੂਪ ‘ਚ ਸਾਹਮਣੇ ਆਏ, ਉੱਥੇ ਹੀ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਸ. ਈਸ਼ਰ ਸਿੰਘ ਦੀ ਪੁੱਤਰੀ ਬੀਬੀ ਸਤਵੰਤ ਕੌਰ ਦੇ ਦੇਸ਼ ਦੀ ਵੰਡ ਦੇ ਬਾਅਦ ਪਾਕਿ ਵਿਚ ਪੋਸਟ ਗ੍ਰੈਜੂਏਸ਼ਨ (ਐਮ. ਏ.)ਉਪਰੰਤ ਐਮ.ਫਿੱਲ ਕਰਨ, ਪਿਸ਼ਾਵਰ ਯੂਨੀਵਰਸਿਟੀ ਦੇ ਜ਼ਿਨਾਹ ਕਾਲਜ ਫ਼ਾਰ ਵੁਮੈਨ ਤੋਂ ਗਰੈਜੂਏਸ਼ਨ ਕਰਨ ਉਪਰੰਤ ਯੂਨੀਵਰਸਿਟੀ ਤੋਂ ਜਰਨਲਿਜ਼ਮ ਪ੍ਰੋਗਰਾਮ ਦੀ ਮਾਸਟਰ ਡਿਗਰੀ ਪੂਰੀ ਕਰਕੇ ਬੀਬੀ ਮਨਮੀਤ ਕੌਰ ਦੇ ਪਾਕਿ ਦੀ ਪਹਿਲੀ ਸਿੱਖ ਟੀ.ਵੀ. ਪੱਤਰਕਾਰ ਬਣਨ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੰਗੇ ਅੰਕਾਂ ਵਿਚ ਬੀ. ਕਾਮ ਦੀ ਪੜ੍ਹਾਈ ਪੂਰੀ ਕਰਕੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਸ. ਅਵਤਾਰ ਸਿੰਘ ਦੀ ਪੁੱਤਰੀ ਬੀਬੀ ਜਗਜੀਤ ਕੌਰ ਦੇ ਪਾਕਿ ਦੇ ਮਾਨਤਾ ਪ੍ਰਾਪਤ ਖ਼ੁਸ਼ਹਾਲੀ ਮਾਈਕਰੋ ਫਾਈਨਾਂਸ ਬੈਂਕ ਵਿਚ ਡਾਟਾ ਐਂਟਰੀ ਅਫ਼ਸਰ ਨਿਯੁਕਤ ਹੋਣ, ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਸਕੂਲ ਦੀ ਵਿਦਿਆਰਥਣ ਜੋਗਿੰਦਰ ਕੌਰ ਵਲੋਂ ਮੈਟ੍ਰਿਕ ਦੇ ਇਮਤਿਹਾਨ ਵਿਚ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੀਆਂ ਖ਼ਬਰਾਂ ਸਮੇਤ ਸ. ਕਲਿਆਣ ਸਿੰਘ ਕਲਿਆਣ ਦੇ ਸਰਕਾਰੀ ਕਾਲਜ ਯੂਨੀਵਰਸਿਟੀ ਲਾਹੌਰ ਵਿਚ ਪਹਿਲੇ ਸਿੱਖ ਸਹਾਇਕ ਪ੍ਰੋਫੈਸਰ ਵਜੋਂ, ਡਾ. ਮਿਮਪਾਲ ਸਿੰਘ ਦੇ ਲਾਹੌਰ ਦੀ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਵਿਚ ਪਹਿਲੇ ਸਿੱਖ ਸਹਾਇਕ ਪ੍ਰੋਫੈਸਰ ਨਿਯੁਕਤ ਹੋਣ, ਹਰਮੀਤ ਸਿੰਘ ਤੇ ਤਰਨਜੀਤ ਸਿੰਘ ਦੇ ਸਰਕਾਰੀ ਟੈਲੀਵਿਜ਼ਨ ਨਿਊਜ਼ ਐਂਕਰ ਬਣਨ ਅਤੇ ਜੁਲਾਈ 2018 ਵਿਚ ਹੋਈਆਂ ਚੋਣਾਂ ਵਿਚ ਸ: ਰਣਜੀਤ ਸਿੰਘ ਤੇ ਸ: ਮਹਿੰਦਰਪਾਲ ਸਿੰਘ ਨੂੰ ਰਾਖਵੀਂ ਸੀਟ ਤੋਂ ਐਮ. ਪੀ. ਏ.ਬਣਾਏ ਜਾਣ ਨਾਲ ਸਿੱਖ ਭਾਈਚਾਰੇ ਨੂੰ ਨਵਾਂ ਜੋਸ਼ ਤੇ ਉਤਸ਼ਾਹ ਮਿਲਿਆ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …