ਵਾਂਝੇ ਤਬਕੇ ਦੇ ਬੱਚਿਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣਾ ਹੈ ਮਕਸਦ
ਲੰਡਨ :ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਉਸ ਨਵੇਂ ‘ਵਿਕਾਸ ਬਾਂਡ’ ਦੀ ਹਮਾਇਤ ਕੀਤੀ ਹੈ, ਜਿਸ ਦਾ ਉਦੇਸ਼ ਭਾਰਤ ਵਿਚ ਵਾਂਝੇ ਤਬਕੇ ਦੇ ਬੱਚਿਆਂ ਤੱਕ ਸਿੱਖਿਆ ਪਹੁੰਚਾਉਣਾ ਹੈ। ਇਨ੍ਹੀਂ ਦਿਨੀਂ ਏਸ਼ੀਆ ਦਾ ਦੌਰਾ ਕਰ ਰਹੇ ਚਾਰਲਸ ਦੋ ਦਿਨਾਂ ਦੀ ਯਾਤਰਾ ‘ਤੇ ਭਾਰਤ ਆਏ ਹਨ। ਇੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਕ ਕਰੋੜ ਡਾਲਰ (ਲਗਭਗ 65 ਕਰੋੜ ਰੁਪਏ) ਦੇ ‘ਐਜੂਕੇਸ਼ਨ ਡਿਵੈਲਪਮੈਂਟ ਇੰਪੈਕਟ ਬਾਂਡ’ (ਡੀਆਈਬੀ) ਦੀ ਸਥਾਪਨਾ ਬ੍ਰਿਟਿਸ਼ ਏਸ਼ੀਅਨ ਟਰੱਸਟ ਨੇ ਕੀਤੀ ਹੈ। ਇਸ ਟਰੱਸਟ ਦੀ ਸਥਾਪਨਾ ਪ੍ਰਿੰਸ ਆਫ ਵੇਲਸ ਨੇ ਦੱਖਣੀ ਏਸ਼ੀਆ ਵਿਚ ਗਰੀਬੀ ਨਾਲ ਨਜਿੱਠਣ ਲਈ ਕੀਤੀ ਸੀ। ਡੀਆਈਬੀ ਦਾ ਉਦੇਸ਼ ਭਾਰਤ ਵਿਚ ਵਾਂਝੇ ਤਬਕੇ ਦੇ ਹਜ਼ਾਰਾਂ ਬੱਚਿਆਂ ਲਈ ਪੜ੍ਹਾਈ ਲਿਖਾਈ ਨੂੰ ਬਿਹਤਰ ਬਣਾਉਣਾ ਹੈ। ਇਸ ਬਾਂਡ ਦੀ ਸ਼ੁਰੂਆਤ ਭਾਰਤ ਤੋਂ ਹੋਵੇਗੀ ਅਤੇ ਬਾਅਦ ਵਿਚ ਟਰੱਸਟ ਦੀ ਮੁਹਿੰਮ ਦੇ ਦਾਇਰੇ ਵਿਚ ਆਉਣ ਵਾਲੇ ਹੋਰਨਾਂ ਖੇਤਰਾਂ ਵਿਚ ਵੀ ਇਸ ਨੂੰ ਅਜਮਾਇਆ ਜਾਵੇਗਾ। ਪ੍ਰਿੰਸ ਚਾਰਲਸ ਨੇ ਇਸ ਸਿਲਸਿਲੇ ਵਿਚ ਕਿਹਾ, ਮੈਨੂੰ ਉਮੀਦ ਹੈ ਕਿ ਟਰੱਸਟ ਜ਼ਰੀਏ ਅਸੀਂ ਭਾਰਤ ਦੇ ਬੱਚਿਆਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਾਂਗੇ। ਨਾਲ ਹੀ ਦੁਨੀਆ ਭਰ ਵਿਚ ਪਰਮਾਰਥ ਕੰਮਾਂ ਵਿਚ ਲੱਗੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਬਦਲ ਸਕਾਂਗੇ। ਟਰੱਸਟ ਅਤੇ ਯੂਬੀਐਸ ਆਪਟਿਮਸ ਫਾਊਂਡੇਸ਼ਨ ਨੇ ਮਿਲ ਕੇ ਐਜੂਕੇਸ਼ਨ ਡਿਵੈਲਮੈਂਟ ਇੰਪੈਕਟ ਬਾਂਡ ਬਣਾਇਆ ਹੈ। ਇਸ ਦਾ ਉਦੇਸ਼ ਭਾਰਤ ਵਿਚ ਸਿੱਖਿਆ ਦੇ ਭਵਿੱਖ ਵਿਚ ਬਦਲਾਅ ਲਿਆਉਣਾ ਹੈ। ਇਸ ਪਹਿਲ ਤਹਿਤ ਡੀਆਈਬੀ ਦੇਸ਼ ਵਿਚ ਚਾਰ ਸਥਾਨਕ ਗੈਰ ਲਾਭਕਾਰੀ ਭਾਈਵਾਲਾਂ ਨੂੰ ਚਾਰ ਸਾਲਾਂ ਤੱਕ ਪੈਸਾ ਉਪਲਬਧ ਕਰਵਾਏਗਾ।