Breaking News
Home / ਦੁਨੀਆ / ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਸਮੇਤ 3 ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ

ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਸਮੇਤ 3 ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ

ਸਟਾਕਹੋਮ : ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਇਸ਼ਤਰ ਡੂਫਲੋ ਅਤੇ ਮਾਈਕਲ ਕਰੇਮਰ ਨੂੰ ਸਾਂਝੇ ਤੌਰ ‘ਤੇ 2019 ਦਾ ਅਰਥ ਸ਼ਾਸ਼ਤਰ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਗਿਆ ਹੈ। ਤਿੰਨਾਂ ਅਰਥ ਸ਼ਾਸਤਰੀਆਂ ਨੂੰ ਦੁਨੀਆ ਵਿਚੋਂ ਗਰੀਬੀ ਦੂਰ ਕਰਨ ਲਈ ਐਕਸਪੈਰੀਮੈਂਟ ਅਪ੍ਰੋਚ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਨੋਬਲ ਪੁਰਸਕਾਰ ਅਧੀਨ ਜੇਤੂਆਂ ਨੂੰ 9-9 ਮਿਲੀਅਨ ਸਵੀਡਿਸ਼ ਕ੍ਰੋਨਰ ਪ੍ਰਦਾਨ ਕੀਤੇ ਜਾਂਦੇ ਹਨ। 4 ਕਿਤਾਬਾਂ ਲਿਖ ਚੁੱਕੇ ਹਨ ਅਭਿਜੀਤ : ਅਭਿਜੀਤ ਬੈਨਰਜੀ ਆਰਥਿਕ ਮਾਮਲਿਆਂ ‘ਤੇ ਕਈ ਆਰਟੀਕਲ ਲਿਖ ਚੁੱਕੇ ਹਨ। ਉਹ ‘ਪੁਅਰ ਇਕਨਾਮਿਕਸ’ ਸਮੇਤ 4 ਕਿਤਾਬਾਂ ਦੇ ਵੀ ਲੇਖਕ ਹਨ। ਉਕਤ ਕਿਤਾਬ ਨੂੰ ਗੋਲਡਮੈਨ ਸਾਕਸ ਬਿਜਨੈਸ ਬੁੱਕ ਆਫ ਦਿ ਯੀਅਰ ਦਾ ਖਿਤਾਬ ਮਿਲਿਆ ਸੀ।
ਕੌਮਾਂਤਰੀ ਗਰੀਬੀ ਖਤਮ ਕਰਨ ਲਈ ਕੀਤਾ ਕੰਮ
ਅਭਿਜੀਤ ਨੇ ਅਜਿਹੀਆਂ ਆਰਥਿਕ ਨੀਤੀਆਂ ‘ਤੇ ਰਿਸਰਚ ਕੀਤੀ, ਜੋ ਕੌਮਾਂਤਰੀ ਗਰੀਬੀ ਨੂੰ ਦੂਰ ਕਰਨ ਲਈ ਲਾਹੇਵੰਦ ਸਾਬਤ ਹੋਈਆਂ। 2003 ਵਿਚ ਉਨ੍ਹਾਂ ਆਪਣੀ ਪਤਨੀ ਡੂਫਲੋ ਅਤੇ ਸੈਂਡਹਿਲ ਮੁਲੈਂਟਨ ਨਾਲ ਮਿਲ ਕੇ ਅਬਦੁੱਲ ਲਤੀਫ ਜ਼ਮੀਲ ਪਾਵਰਟੀ ਐਕਸ਼ਨ ਲੈਬ ਦੀ ਨੀਂਹ ਰੱਖੀ। ਦਸ ਸਾਲ ਪਹਿਲਾਂ ਉਕਤ ਲੈਬ ਨੂੰ ਡਿਵੈਲਪਮੈਂਟ ਕੋਆਪ੍ਰੇਸ਼ਨ ਕੈਟਾਗਿਰੀ ਵਿਚ ਬੀਬੀਵੀਏ ਫਾਊਂਡੇਸ਼ਨ ਦਾ ਫਰੰਟੀਅਰ ਨਾਲੇਜ ਪੁਰਸਕਾਰ ਮਿਲਿਆ।
‘ਭਾਰਤੀ ਅਰਥ ਵਿਵਸਥਾ ਡਗਮਗਾਉਂਦੀ ਹਾਲਤ ‘ਚ ਹੈ। ਮੌਜੂਦਾ (ਵਿਕਾਸ ਦੇ) ਅੰਕੜਿਆਂ ਨੂੰ ਦੇਖਣ ਤੋਂ ਬਾਅਦ ਨੇੜਲੇ ਭਵਿੱਖ ‘ਚ ਅਰਥ ਵਿਵਸਥਾ ਦੇ ਸੁਧਾਰ ਸਬੰਧੀ ਪੱਕਾ ਨਹੀਂ ਹੋਇਆ ਜਾ ਸਕਦਾ। ਪਿਛਲੇ 5-6 ਸਾਲਾਂ ਵਿਚ ਅਸੀਂ ਘੱਟ ਤੋਂ ਘੱਟ ਕੁਝ ਵਿਕਾਸ ਤਾਂ ਦੇਖਿਆ ਪਰ ਹੁਣ ਉਹ ਭਰੋਸਾ ਵੀ ਖਤਮ ਹੋ ਗਿਆ ਹੈ।’
-ਅਭਿਜੀਤ ਬੈਨਰਜੀ, ਨੋਬਲ ਜੇਤੂ
”ਅਮ੍ਰਿਤਯਾ ਸੇਨ ਤੋਂ ਬਾਅਦ ਦੂਜੇ ਭਾਰਤੀ ਨੂੰ ਨੋਬਲ ਪੁਰਸਕਾਰ ਮਿਲਦਾ ਮਾਣ ਦੀ ਗੱਲ ਹੈ। ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਹੈ ਕਿ ਤੁਹਾਡੀ ਪਤਨੀ ਇਸ਼ਤਰ ਡੂਫਲੋ ਨੂੰ ਵੀ ਸਾਂਝੇ ਤੌਰ ‘ਤੇ ਪੁਰਸਕਾਰ ਮਿਲਿਆ।
-ਡਾ.ਮਨਮੋਹਨ ਸਿੰਘ,
ਸਾਬਕਾ ਪ੍ਰਧਾਨ ਮੰਤਰੀ
ਕੋਵਿੰਦ, ਮੋਦੀ, ਸੋਨੀਆ, ਰਾਹੁਲ ਨੇ ਦਿੱਤੀ ਵਧਾਈ
ਅਭਿਜੀਤ ਬੈਨਰਜੀ ਨੂੰ ਨੋਬਲ ਇਨਾਮ ਮਿਲਣ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ।
ਜੇਐਨਯੂ ਤੋਂ ਪੜ੍ਹੇ ਅਭਿਜੀਤ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਹੀ ਐਮਆਈਟੀ ਵਿਚ ਹਨ ਪ੍ਰੋਫੈਸਰ
58 ਸਾਲ ਦੇ ਅਭਿਜੀਤ ਬੈਨਰਜੀ ਇਸ ਸਮੇਂ ਅਮਰੀਕਾ ਦੇ ਮੈਸਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮ.ਆਈ.ਟੀ.) ਵਿਚ ਇਕ ਇਕਨਾਮਿਕਸ ਪੜ੍ਹਾਉਂਦੇ ਹਨ। ਉਨ੍ਹਾਂ ਦੀ ਪਤਨੀ ਡੂਫਲੋ ਵੀ ਐਮਆਈਟੀ ਵਿਚ ਹੈ ਅਤੇ ਉਹ ਪਾਵਰਟੀ ਐਲੀਵੀਏਸ਼ਨ ਐਂਡ ਡਿਵੈਲਪਮੈਂਟ ਇਕਨਾਮਿਕਸ ਦੀ ਪ੍ਰੋਫੈਸਰ ਹੈ। ਫਰਾਂਸੀਸੀ ਮੂਲ ਦੀ ਅਮਰੀਕੀ ਅਰਥ ਸ਼ਾਸ਼ਤਰੀ ਡੂਫਲੋ ਨੇ ਹਿਸਟਰੀ ਅਤੇ ਇਕਨਾਮਿਕਸ ਵਿਚ ਗਰੈਜੂਏਸ਼ਨ ਤੋਂ ਬਾਅਦ 1994 ਵਿਚ ਪੈਰਿਸ ਸਕੂਲ ਆਫ ਇਕਨਾਮਿਕਸ ਤੋਂ ਮਾਸਟਰ ਡਿਗਰੀ ਹਾਸਲ ਕੀਤੀ ਸੀ। ਅਭਿਜੀਤ ਨੇ 1981 ਵਿਚ ਯੂਨੀਵਰਸਿਟੀ ਆਫ ਕਲਕੱਤਾ ਤੋਂ ਬੀਐਸਸੀ ਕਰਨ ਪਿੱਛੋਂ 1983 ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮ.ਏ. ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ 1988 ਵਿਚ ਉਨ੍ਹਾਂ ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ।
ਨੋਟਬੰਦੀ ਦੇ ਕੱਟੜ ਆਲੋਚਕ ਹਨ ਅਭਿਜੀਤ
ਇਸ ਸਾਲ ਲੋਕ ਸਭਾ ਦੀਆਂ ਚੋਣਾਂ ਸਮੇਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਨਿਊਨਤਮ ਆਯ ਯੋਜਨਾ (ਨਿਆਯ) ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਕਾਂਗਰਸ ਦੀ ਇਸ ਯੋਜਨਾ ਦੇ ਪਿੱਛੇ ਅਭਿਜੀਤ ਬੈਨਰਜੀ ਦਾ ਹੀ ਦਿਮਾਗ ਕੰਮ ਕਰ ਰਿਹਾ ਸੀ। ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਵਾਂਗ ਅਭਿਜੀਤ ਵੀ ਨੋਟਬੰਦੀ ਦੇ ਕੱਟੜ ਆਲੋਚਕ ਹਨ।

Check Also

ਚੈਂਪੀਅਨਜ਼ ਟਰਾਫੀ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਕਿ੍ਰਕਟ ਮੈਚ 23 ਫਰਵਰੀ ਨੂੰ ਹੋਵੇਗਾ

ਆਈ.ਸੀ.ਸੀ. ਨੇ ਨਿਊਟਰਲ ਵੈਨਯੂ ਦੁਬਈ ਚੁਣਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਚੈਂਪੀਅਨਜ਼ ਟਰਾਫੀ ਵਿਚ ਭਾਰਤ ਅਤੇ ਪਾਕਿਸਤਾਨ …