Breaking News
Home / ਦੁਨੀਆ / ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ

ਮੋਦੀ ਅਤੇ ਜਿਨਪਿੰਗ ਦੀ ਮੁਲਾਕਾਤ

ਭਾਰਤ ਤੇ ਚੀਨ ਸ਼ੁਰੂ ਕਰਨਗੇ ਨਵਾਂ ਅਧਿਆਏ
ਮੋਦੀ ਨੂੰ ਤੀਜੀ ਗ਼ੈਰ-ਰਸਮੀ ਸਿਖਰ ਵਾਰਤਾ ਲਈ ਚੀਨ ਆਉਣ ਦਾ ਸੱਦਾ
ਮਹਾਬਲੀਪੁਰਮ/ਬਿਊਰੋ ਨਿਊਜ਼
ਤਾਮਿਲਨਾਡੂ ਦੇ ਪੁਰਾਤਨ ਸਾਹਿਲੀ ਨਗਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੋ ਦਿਨਾਂ ਦੌਰਾਨ ਕਰੀਬ ਸੱਤ ਘੰਟਿਆਂ ਦੀ ਵਾਰਤਾ ਹੋਈ। ਦੋਹਾਂ ਆਗੂਆਂ ਨੇ ਭਾਰਤ ਅਤੇ ਚੀਨ ਦੇ ਮੱਤਭੇਦਾਂ ਨੂੰ ਦੂਰਅੰਦੇਸ਼ੀ ਨਾਲ ਦੂਰ ਕਰਦਿਆਂ ਸਹਿਯੋਗ ਦਾ ਨਵਾਂ ਅਧਿਆਏ ਸ਼ੁਰੂ ਕਰਨ ਦਾ ਅਹਿਦ ਲਿਆ। ਉਨ੍ਹਾਂ ਵਪਾਰ ਤੇ ਨਿਵੇਸ਼ ਅਤੇ ਭਰੋਸਾ ਬਹਾਲੀ ਦੇ ਯਤਨਾਂ ਨੂੰ ਹੋਰ ਵਧਾਉਣ ਦੇ ਰਾਹ ਲੱਭਣ ਸਮੇਤ ਹੋਰ ਕਈ ਅਹਿਮ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ। ਦੋ ਦਿਨ ਦੇ ਭਾਰਤ ਦੌਰੇ ਮਗਰੋਂ ਚੀਨੀ ਰਾਸ਼ਟਰਪਤੀ ਆਪਣੇ ਅਗਲੇ ਪੜਾਅ ਲਈ ਨੇਪਾਲ ਪਹੁੰਚੇ।
ਮੋਦੀ-ਸ਼ੀ ਵਿਚਕਾਰ ਦੂਜੀ ਗ਼ੈਰ ਰਸਮੀ ਸਿਖਰ ਵਾਰਤਾ ਦੌਰਾਨ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਨਵਾਂ ਉੱਚ ਪੱਧਰੀ ਪ੍ਰਬੰਧ ਸਥਾਪਤ ਕਰਨ ‘ਤੇ ਸਹਿਮਤੀ ਪ੍ਰਗਟਾਈ ਗਈ। ਵਪਾਰ ਅਤੇ ਨਿਵੇਸ਼ ਦੇ ਨਵੇਂ ਪ੍ਰਬੰਧ ਦੀ ਅਗਵਾਈ ਚੀਨ ਵੱਲੋਂ ਉਪ ਪ੍ਰਧਾਨ ਮੰਤਰੀ ਹੂ ਚੁਨਹੁਆ ਜਦਕਿ ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕਰਨਗੇ। ਪ੍ਰਸਤਾਵਿਤ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਦੀਆਂ ਸ਼ਰਤਾਂ ਸਬੰਧੀ ਭਾਰਤ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਦਾ ਚੀਨ ਵੱਲੋਂ ਭਰੋਸਾ ਦਿੱਤਾ ਗਿਆ। ਇਸ ਦੇ ਨਾਲ ਸੁਰੱਖਿਆ ਸਹਿਯੋਗ ਅਤੇ ਸਰਹੱਦ ‘ਤੇ ਸ਼ਾਂਤੀ ਲਈ ਭਰੋਸਾ ਬਹਾਲੀ ਦੇ ਵਾਧੂ ਯਤਨਾਂ ਨੂੰ ਵੀ ਵਿਚਾਰਿਆ ਗਿਆ। ਸਿਖਰ ਵਾਰਤਾ ਦੇ ਮੁਕੰਮਲ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਇਸ ਦੌਰਾਨ ਕਸ਼ਮੀਰ ਮਸਲਾ ਨਹੀਂ ਉਠਾਇਆ ਗਿਆ ਪਰ ਸ਼ੀ ਨੇ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹਫ਼ਤੇ ਦੇ ਸ਼ੁਰੂ ‘ਚ ਪੇਈਚਿੰਗ ਯਾਤਰਾ ਬਾਰੇ ਜ਼ਰੂਰ ਜਾਣਕਾਰੀ ਦਿੱਤੀ। ‘ਦੋਵੇਂ ਆਗੂਆਂ ਵਿਚਕਾਰ ਦੋਸਤਾਨਾ ਮਾਹੌਲ ‘ਚ ਗੱਲਬਾਤ ਹੋਈ ਜਿਸ ਦੌਰਾਨ ਆਲਮੀ ਅਤੇ ਖੇਤਰੀ ਮਹੱਤਤਾ ਵਾਲੇ ਰਣਨੀਤਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।’
ਆਲੀਸ਼ਾਨ ਰਿਜ਼ੌਰਟ ‘ਚ ਸ਼ੀ ਨਾਲ ਡੇਢ ਘੰਟੇ ਤਕ ਇਕੱਲਿਆਂ ਗੱਲਬਾਤ ਮਗਰੋਂ ਵਫ਼ਦ ਪੱਧਰੀ ਮੁਲਾਕਾਤ ਦੌਰਾਨ ਮੋਦੀ ਨੇ ਕਿਹਾ ਕਿ ‘ਚੇਨੱਈ ਕੁਨੈਕਟ’ ਨਾਲ ਭਾਰਤ ਅਤੇ ਚੀਨ ਵਿਚਕਾਰ ਸਹਿਯੋਗ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਪਿਛਲੇ 2000 ਵਰ੍ਹਿਆਂ ਦੇ ਜ਼ਿਆਦਾ ਸਮੇਂ ਤੱਕ ਆਲਮੀ ਆਰਥਿਕ ਤਾਕਤਾਂ ਸਨ ਅਤੇ ਹੁਣ ਉਹ ਹੌਲੀ ਹੌਲੀ ਉਸੇ ਪੱਧਰ ਨੂੰ ਹਾਸਲ ਕਰ ਰਹੇ ਹਨ। ਸ਼ੀ ਨੇ ਕਿਹਾ ਕਿ ਦੁਵੱਲੇ ਸਬੰਧਾਂ ਬਾਰੇ ਸਪੱਸ਼ਟ ਅਤੇ ਦਿਲ ਤੋਂ ਦਿਲ ਤੱਕ ਡੂੰਘਾਈ ਨਾਲ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਹਿੰਦ-ਚੀਨ ਸਬੰਧਾਂ ਨੂੰ ਹੋਰ ਅਗਾਂਹ ਲੈ ਕੇ ਜਾਣਾ ਉਨ੍ਹਾਂ ਦੀ ਸਰਕਾਰ ਦੀ ਨੀਤੀ ਹੈ। ਸ਼ੀ ਮੁਤਾਬਕ ਵੂਹਾਨ ‘ਚ ਹੋਈ ਪਹਿਲੀ ਗ਼ੈਰਰਸਮੀ ਸਿਖਰ ਵਾਰਤਾ ਦਾ ਉਸਾਰੂ ਅਸਰ ਦਿਖਾਈ ਦੇ ਰਿਹਾ ਹੈ। ਰਾਸ਼ਟਰਪਤੀ ਸ਼ੀ ਨੇ ਮੋਦੀ ਨੂੰ ਚੀਨ ‘ਚ ਤੀਜੀ ਗ਼ੈਰ ਰਸਮੀ ਸਿਖਰ ਵਾਰਤਾ ਦਾ ਸੱਦਾ ਦਿੱਤਾ ਜਿਸ ਨੂੰ ਪ੍ਰਧਾਨ ਮੰਤਰੀ ਨੇ ਸਵੀਕਾਰ ਕਰ ਲਿਆ। ਸਿਖਰ ਵਾਰਤਾ ਦਾ ਵੇਰਵਾ ਦਿੰਦਿਆਂ ਗੋਖਲੇ ਨੇ ਕਿਹਾ ਕਿ ਦੋਵੇਂ ਆਗੂ ਇਸ ਗੱਲੋਂ ਫਿਕਰਮੰਦ ਸਨ ਕਿ ਅੱਤਵਾਦ ਲਗਾਤਾਰ ਸਾਰਿਆਂ ਲਈ ਸਾਂਝਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਅੱਤਵਾਦੀ ਗੁੱਟਾਂ ਨੂੰ ਸਿਖਲਾਈ, ਮਾਲੀ ਸਹਾਇਤਾ ਅਤੇ ਹਮਾਇਤ ਦੇਣ ਖਿਲਾਫ ਖਿਲਾਫ ਸਾਂਝੇ ਯਤਨਾਂ ਨੂੰ ਆਲਮੀ ਪੱਧਰ ‘ਤੇ ਰਲ ਕੇ ਉਠਾਉਣ ਦਾ ਫ਼ੈਸਲਾ ਲਿਆ। ਸਰਹੱਦ ਪਾਰੋਂ ਅੱਤਵਾਦ ਬਾਰੇ ਵਿਚਾਰਾਂ ਹੋਣ ਸਬੰਧੀ ਪੁੱਛੇ ਗਏ ਸਵਾਲ ‘ਤੇ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ-ਚੀਨ ਸਬੰਧ ਇਕ ਮਸਲੇ ‘ਤੇ ਆਧਾਰਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੀਆਂ ਤਰੀਕਾਂ ਨੂੰ ਬਾਅਦ ‘ਚ ਅੰਤਿਮ ਰੂਪ ਦਿੱਤਾ ਜਾਵੇਗਾ। ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਕਿਸੇ ਵੀ ਮਸਲੇ ਸਮੇਤ ਹੋਰ ਰਣਨਤੀਕ ਸੰਪਰਕਾਂ ਬਾਰੇ ਵੀ ਸਹਿਮਤੀ ਬਣੀ ਹੈ। ਸੂਤਰਾਂ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਉਸ ਦਾ ਖਰੜਾ ਇਕ-ਦੂਜੇ ਨਾਲ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਮੋਦੀ ਅਤੇ ਸ਼ੀ ਨੇ ਬੀਚ ‘ਤੇ ਸੈਰ ਵੀ ਕੀਤੀ ਅਤੇ ਦੋਵੇਂ ਆਗੂ ਗੋਲਫ ਮੈਦਾਨ ‘ਚ ਵਰਤੇ ਜਾਣ ਵਾਲੇ ਵਾਹਨ ‘ਚ ਵਾਰਤਾ ਵਾਲੀ ਥਾਂ ‘ਤੇ ਪਹੁੰਚੇ। ਇਸ ਮਗਰੋਂ ਵਫ਼ਦ ਪੱਧਰੀ ਗੱਲਬਾਤ ਹੋਈ। ਉਧਰ ਪੇਈਚਿੰਗ ‘ਚ ਭਾਰਤੀ ਸਫ਼ਾਰਤਖਾਨੇ ਨੇ ਚੀਨੀਆਂ ਲਈ ਪੰਜ ਵਰ੍ਹਿਆਂ ਦਾ ਬਹੁ-ਮੰਤਵੀ ਈ-ਵੀਜ਼ੇ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਸਫ਼ਾਰਤਖਾਨੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਇਸ ਨਾਲ ਦੋਵੇਂ ਮੁਲਕਾਂ ਦੇ ਲੋਕਾਂ ਵਿਚਕਾਰ ਰਾਬਤਾ ਕਾਇਮ ਹੋਵੇਗਾ ਅਤੇ ਚੀਨੀ ਸੈਲਾਨੀ ਸੈਰ ਸਪਾਟੇ ਲਈ ਭਾਰਤ ਨੂੰ ਚੁਣਨਗੇ।
ਮੋਦੀ ਨੇ ਸ਼ੀ ਨੂੰ ਸਿਲਕ ਦੀ ਸ਼ਾਲ ਭੇਟ ਕੀਤੀ
ਚੇਨੱਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਹੱਥ ਨਾਲ ਬਣੀ ਰੇਸ਼ਮ ਦੀ ਵੱਡੀ ਸ਼ਾਲ ਤੋਹਫੇ ਵਜੋਂ ਭੇਟ ਕੀਤੀ। ਸ਼ਾਲ ‘ਤੇ ਜ਼ਰੀ ਨਾਲ ਸ਼ੀ ਦੀ ਤਸਵੀਰ ਬਣੀ ਹੋਈ ਹੈ ਅਤੇ ਸ਼ਾਲ ਦਾ ਰੰਗ ਸੁਰਖ ਲਾਲ ਹੈ। ਪ੍ਰਧਾਨ ਮੰਤਰੀ ਨੇ ਬਾਅਦ ‘ਚ ਹੱਥ ਨਾਲ ਬਣੇ ਰੇਸ਼ਮ ਵਾਲੀ ਤਸਵੀਰ ਵੀ ਸ਼ੀ ਨੂੰ ਭੇਟ ਕੀਤੀ ਜਿਸ ਨੂੰ ਕੋਇੰਬਟੂਰ ਦੇ ਦਸਤਕਾਰਾਂ ਨੇ ਬਣਾਇਆ ਸੀ। ਇਸ ਤੋਂ ਪਹਿਲਾਂ ਮੋਦੀ ਅਤੇ ਸ਼ੀ ਹੈਂਡਲੂਮ ਨਾਲ ਸਬੰਧਤ ਨੁਮਾਇਸ਼ ‘ਚ ਵੀ ਗਏ ਜਿਥੇ ਤਾਮਿਲ ਨਾਡੂ ਦੇ ਦਸਤਕਾਰਾਂ ਵੱਲੋਂ ਵਸਤਾਂ ਸਜਾਈਆਂ ਗਈਆਂ ਸਨ। ਸ਼ੀ ਨੇ ਚੀਨੀ ਮਿੱਟੀ ਨਾਲ ਬਣਿਆ ਬਰਤਨ ਯਾਦ ਵਜੋਂ ਭੇਟ ਕੀਤਾ ਜਿਸ ‘ਤੇ ਮੋਦੀ ਦਾ ਚਿੱਤਰ ਬਣਿਆ ਹੋਇਆ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …