Breaking News
Home / Special Story / ਸੁਲਤਾਨਪੁਰ ਲੋਧੀ ਬਣਿਆ ਪੂਰਾ ਇਕ ਵੱਡਾ ਸ਼ਹਿਰ

ਸੁਲਤਾਨਪੁਰ ਲੋਧੀ ਬਣਿਆ ਪੂਰਾ ਇਕ ਵੱਡਾ ਸ਼ਹਿਰ

35000 ਦੀ ਰਿਹਾਇਸ਼ ਸਮਰੱਥਾ ਦੇ 2219 ਤੰਬੂਆਂ ਦਾ ਟੈਂਟ ਸਿਟੀ 1 ਨਵੰਬਰ ਤੋਂ ਸੰਗਤਾਂ ਦੀ ਸੇਵਾ ਵਿਚ
ਸੁਲਤਾਨਪੁਰ ਲੋਧੀ : 20 ਹਜ਼ਾਰ ਦੀ ਅਬਾਦੀ ਵਾਲੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼ਰਧਾ ਨੂੰ ਸਿਜਦਾ ਹੋਣ ਪਹੁੰਚਣਗੀਆਂ। ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ 277 ਏਕੜ ਵਿਚ ਸੁਲਤਾਨਪੁਰ ਲੋਧੀ ਦੇ 3 ਵੱਖ-ਵੱਖ ਹਿੱਸਿਆਂ ਵਿਚ ਟੈਂਟ ਸਿਟੀ ਦਾ ਬੰਦੋਬਸਤ ਕੀਤਾ ਹੈ। 52.83 ਕਰੋੜ ਦੀ ਲਾਗਤ ਨਾਲ ਬਣੇ 22.19 ਤੰਬੂਆਂ ਦੀ ਸਮਰੱਥਾ ਰੱਖਦੇ ਟੈਂਟ ਸਿਟੀ ਵਿਚ 35 ਹਜ਼ਾਰ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ।
ਟੈਂਟ ਸਿਟੀ ਦਾ ਨਿਰਮਾਣ ਕਰ ਰਹੇ ਗਿਰਧਾਰੀ ਲਾਲ ਐਂਡ ਸਨਜ਼ ਦੇ ਪ੍ਰਾਜੈਕਟ ਮੈਨੇਜਰ ਪੰਕਜ ਸ਼ਰਮਾ ਮੁਤਾਬਕ ਟੈਂਟ ਸਿਟੀ ਨੂੰ 3 ਥਾਵਾਂ ‘ਤੇ ਵੰਡਿਆ ਗਿਆ ਹੈ। ਇਕ ਨੰਬਰ ਟੈਂਟ ਸਿਟੀ ਗੁਰਦੁਆਰਾ ਬੇਰ ਸਾਹਿਬ ਦੇ ਪਿੱਛੇ ਕਾਲੀ ਵੇਈਂ ਦੇ ਕੰਢੇ ਬਣਾਈ ਗਈ ਹੈ। ਦੋ ਨੰਬਰ ਟੈਂਟ ਸਿਟੀ ਲੋਹੀਆਂ ਸੜਕ ‘ਤੇ ਸਥਿਤ ਹੈ ਅਤੇ ਤਿੰਨ ਨੰਬਰ ਟੈਂਟ ਸਿਟੀ ਕਪੂਰਥਲਾ ਤੋਂ ਆਉਂਦੇ ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਹੈ। ਪੰਕਜ ਦੱਸਦੇ ਹਨ ਕਿ ਅਸੀਂ ਟੈਂਟ ਸਿਟੀ ਦੇ ਲਈ ਸਾਫ-ਸਫਾਈ, ਬੁਨਿਆਦੀ ਪ੍ਰਬੰਧਾਂ ਤੋਂ ਲੈ ਕੇ ਇਸਦੇ ਨਿਰਮਾਣ ਦਾ ਕਾਰਜ 28 ਜੂਨ ਤੋਂ ਸ਼ੁਰੂ ਕੀਤਾ ਸੀ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਟੈਂਟ ਸਿਟੀ ਅਤੇ ਪੰਡਾਲ ਦਾ ਕੰਮ 20 ਅਕਤੂਬਰ ਤੱਕ ਮੁਕੰਮਲ ਕਰ ਦੇਵਾਂਗੇ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਟੈਂਟ ਸਿਟੀ 1 ਨਵੰਬਰ ਤੋਂ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹੋਵੇਗੀ ਅਤੇ ਫਿਲਹਾਲ ਦੀ ਜਾਣਕਾਰੀ ਮੁਤਾਬਕ 20 ਨਵੰਬਰ ਤੱਕ ਸੰਗਤਾਂ ਟੈਂਟ ਸਿਟੀ ਵਿਚ ਠਹਿਰਾਅ ਕਰ ਸਕਦੀਆਂ ਹਨ।
ਗਿਰਧਾਰੀ ਲਾਲ ਐਂਡ ਸਨਜ਼ ਦਾ ਲੰਮਾ ਤਜ਼ਰਬਾ ਰੱਖਦੀ ਈਵੈਂਟ ਮੈਨੇਜਮੈਂਟ ਦੀ ਇਹ ਕੰਪਨੀ ਇੰਦੌਰ ਤੋਂ ਹੈ। ਅਜਿਹੇ ਧਾਰਮਿਕ ਸਮਾਗਮਾਂ ਦਾ ਇਸ ਕੰਪਨੀ ਦਾ ਪੁਰਾਣਾ ਤਜਰਬਾ ਹੈ। ਕੁੰਭ ਮੇਲੇ ਦੌਰਾਨ ਟੈਂਟਾਂ ਦਾ ਪ੍ਰਬੰਧ ਅਤੇ ਪਟਨਾ ਸਾਹਿਬ ਵਿਖੇ 350ਵੇਂ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਮੌਕੇ ਟੈਂਟ ਸਿਟੀ ਦਾ ਨਿਰਮਾਣ ਵੀ ਇਸੇ ਕੰਪਨੀ ਨੇ ਹੀ ਕੀਤਾ ਸੀ। ਕੰਪਨੀ ਦੇ ਮੁਖੀ ਪ੍ਰਦਿਊਮਨ ਸਿੰਗਲ ਅਤੇ ਉਨ੍ਹਾਂ ਦੇ ਪੁੱਤਰ ਚੈਤੰਨਿਆ ਸਿੰਗਲ ਖੁਦ ਇਨ੍ਹਾਂ ਦਿਨਾਂ ਵਿਚ ਸੁਲਤਾਨਪੁਰ ਲੋਧੀ ਵਿਖੇ ਹਾਜ਼ਰ ਹਨ। ਪ੍ਰਦਿਉਮਨ ਸਿੰਗਲ ਕਹਿੰਦੇ ਹਨ ਕਿ ਬੇਸ਼ੱਕ ਉਨ੍ਹਾਂ ਦਾ ਤਜਰਬਾ ਇਸ ਖੇਤਰ ਵਿਚ ਲੰਮਾ ਹੈ, ਪਰ ਪੰਜਾਬ ਦੀ ਸੇਵਾ ਭਾਵਨਾ ਅਤੇ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਤਜਰਬਾ ਰਿਹਾ ਹੈ। ਟੈਂਟ ਸਿਟੀ ਦੀ ਬਣਤਰ-ਸੁਲਤਾਨਪੁਰ ਲੋਧੀ ਵਿਖੇ ਟੈਂਟ ਸਿਟੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ।
4 ਮਹੀਨੇ-3 ਟੈਂਟ ਸਿਟੀ-100 ਮਾਹਰ-800 ਕਾਰੀਗਰ-35000 ਰਿਹਾਇਸ਼ ਸਮਰੱਥਾ-2219 ਤੰਬੂ
ਟੈਂਟ ਸਿਟੀ ਅੰਦਰ ਸਹੂਲਤਾਂ
ਇਸ ਨੂੰ ਪੂਰੇ ਨਗਰ ਵਿਕਾਸ ਦੇ ਬੁਨਿਆਦੀ ਪ੍ਰਬੰਧ ਦੀ ਤਰ੍ਹਾਂ ਉਲੀਕਿਆ ਗਿਆ ਹੈ। ਹਰ ਟੈਂਟ ਸਿਟੀ ਦੇ ਅੰਦਰ ਰਹਿਣ ਵਾਲੀਆਂ ਸੰਗਤਾਂ ਦੀ ਪਾਰਕਿੰਗ ਦਾ ਪ੍ਰਬੰਧ ਇਨ੍ਹਾਂ ਟੈਂਟ ਸਿਟੀ ਦੇ ਅੰਦਰ ਹੀ ਹੋਵੇਗਾ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਅਤੇ ਹੋਰ ਪੁੱਛਗਿੱਛ ਲਈ ਐਡਮਿਨ ਬਲਾਕ, ਜੋੜਾ ਘਰ, ਲੰਗਰ ਹਾਲ, ਰਸੋਈ, ਲੰਗਰ ਲਈ ਸਟੋਰ, ਗਠੜੀ ਘਰ ਦਾ ਪ੍ਰਬੰਧ ਰੱਖਿਆ ਗਿਆ ਹੈ। ਆਈਆਂ ਸੰਗਤਾਂ ਦੀ ਸਿਹਤ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਟੈਂਟ ਸਿਟੀ ਦੇ ਅੰਦਰ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ।
ਟੈਂਟ ਸਿਟੀ ਦੇ ਪ੍ਰੋਜੈਕਟ ਮੈਨੇਜਰ ਪੰਕਜ ਸ਼ਰਮਾ ਮੁਤਾਬਕ ਸਭ ਤੋਂ ਵੱਡਾ ਬਲਾਕ ਟੈਂਟ ਸਿਟੀ ਨੰਬਰ ਤਿੰਨ ਵਿਚ ਰੱਖਿਆ ਗਿਆ ਹੈ। 13 ਹਜ਼ਾਰ ਸਕੇਅਰ ਫੁੱਟ ਦੇ ਇਸ ਮੈਡੀਕਲ ਬਲਾਕ ਵਿਚ 100 ਮੰਜਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ 225 ਕੈਮਰੇ ਵੀ ਲਗਾਏ ਗਏ ਹਨ। ਇਹ ਕੈਮਰੇ ਲੰਮੀ ਦੂਰੀ ਵਿਚ ਵੇਖਣ ਵਾਲੇ ਪੀ.ਟੀ. ਜ਼ੈਡ ਅਤੇ ਸਧਾਰਨ ਕੈਮਰੇ ਹਨ।ਟੈਂਟ ਸਿਟੀ ਦੇ ਅੰਦਰ ਸੰਗਤਾਂ ਲਈ ਮੰਜੇ-ਬਿਸਤਰੇ, ਬਿਜਲੀ, ਮੇਜ਼ ਕੁਰਸੀਆਂ ਅਤੇ ਸ਼ੀਸ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਟੈਂਟ ਸਿਟੀ ਦੇ ਅੰਦਰ ਆਈਆਂ ਸੰਗਤਾਂ ਦੇ ਲਈ ਪ੍ਰਤੀ 20 ਬੰਦਿਆਂ ਪਿੱਛੇ ਜਨਤਕ ਪਖਾਨਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਹਰ ਟੈਂਟ ਸਿਟੀ ਦੇ ਅੰਦਰ ਫਾਇਰ ਸਟੇਸ਼ਨ ਵੀ ਉਸਾਰੇ ਗਏ ਹਨ। ਆਈਆਂ ਸੰਗਤਾਂ ਲਈ ਸਾਫ ਪਾਣੀ ਦਾ ਪ੍ਰਬੰਧ ਧਿਆਨ ਵਿਚ ਰੱਖਦਿਆਂ ਵੱਡਾ ਆਰ.ਓ. ਪ੍ਰਾਜੈਕਟ ਵੀ ਲਾਇਆ ਗਿਆ ਹੈ।
ਮੁੱਖ ਸਮਾਗਮ ਪੰਡਾਲ : ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਕਾਲੀ ਵੇਈਂ ਦੇ ਕੰਢੇ ਮੁੱਖ ਪੰਡਾਲ ਬਣਾਇਆ ਗਿਆ ਹੈ। 16 ਹਜ਼ਾਰ ਸਕੇਅਰ ਫੁੱਟ ਦੇ ਇਸ ਪੰਡਾਲ ਵਿਚ 40 + 40 ਦੀਆਂ 3 ਸਟੇਜਾਂ ਹਨ। ਇਸ ਪੰਡਾਲ ਵਿਚ 20 ਹਜ਼ਾਰ ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ ਅਤੇ ਪੰਡਾਲ ਦੇ ਨਾਲ ਵੀ.ਆਈ.ਪੀ. ਲਈ 5 ਏਕੜ ਅਤੇ ਸੰਤ ਸਮਾਜ ਲਈ 10 ਏਕੜ ਵਿਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਧਿਆਨ ਦੇਣ ਯੋਗ ਗੱਲਾਂ : ਗੁਰਪੁਰਬ ਮੌਕੇ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ ਨੂੰ ਆਪਣੇ ਨਾਲ ਇਕ ਪਛਾਣ ਪੱਤਰ ਲਿਆਉਣਾ ਜ਼ਰੂਰੀ ਹੋਵੇਗਾ। ਟੈਂਟ ਸਿਟੀ ਲਈ ਬਹੁਤ ਛੇਤੀ ਸੂਬਾ ਸਰਕਾਰ ਦੀ ਵੈਬਸਾਈਟ ਤੇ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ ਅਤੇ ਇਸ ਬੁਕਿੰਗ ਤੋਂ ਬਾਅਦ ਟੈਂਟ ਸਿਟੀ ਪਹੁੰਚ ਕੇ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੋਵੇਗੀ।
ਰਜਿਸਟ੍ਰੇਸ਼ਨ ਦੌਰਾਨ ਇਕ ਪਛਾਣ ਪੱਤਰ ਹਰ ਬੰਦੇ ਨੂੰ ਦਿੱਤਾ ਜਾਵੇਗਾ। ਫਿਲਹਾਲ ਦੀ ਜਾਣਕਾਰੀ ਮੁਤਾਬਕ ਇਕ ਬੰਦਾ ਆਨਲਾਈਨ ਬੁਕਿੰਗ ਦੌਰਾਨ ਆਪਣਾ ਪਛਾਣ ਪੱਤਰ ਦੇ ਕੇ ਆਪਣੇ ਨਾਲ ਪੰਦਰਾਂ ਜਣਿਆਂ ਦੀ ਬੁਕਿੰਗ ਕਰ ਸਕਦਾ ਹੈ। ਫਿਲਹਾਲ ਸੂਬਾ ਸਰਕਾਰ ਇਸ ‘ਤੇ ਵਿਚਾਰ ਕਰ ਰਹੀ ਹੈ ਅਤੇ ਇਨ੍ਹਾਂ ਨਿਯਮਾਂ ਵਿਚ ਨਿੱਕੇ ਮੋਟੇ ਫੇਰਬਦਲ ਕਰਕੇ ਛੇਤੀ ਹੀ ਆਨਲਾਈਨ ਬੁਕਿੰਗ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।
ਗੁਰੂ ਨਾਨਕ ਦੇਵ ਜੀ ਨੇ ਆਪਸੀ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ : ਸੁਖਜਿੰਦਰ ਸਿੰਘ ਰੰਧਾਵਾ
ਡੇਰਾ ਬਾਬਾ ਨਾਨਕ : ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਲਾਂਘੇ ਦਾ ਜਾਇਜ਼ਾ ਲੈਣ ਪੁੱਜੇ ਗ੍ਰਹਿ ਮੰਤਰਾਲੇ ਦੇ ਨੁਮਾਇੰਦਿਆਂ ਦੇ ਨਾਲ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਲਈ ਪੁੱਜ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ‘ਤੇ ਡੇਰਾ ਬਾਬਾ ਨਾਨਕ ਵਿਚ ਸਾਂਝੀ ਸਟੇਜ ਲੱਗੇਗੀ। ਜਿਹੜਾ ਸ਼ਰਧਾਲੂ ਇਕ ਵਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਵੇਗਾ, ਉਸ ਨੂੰ ਦੁਬਾਰਾ ਦਰਸ਼ਨ ਕਰਨ ਦਾ ਮੌਕਾ ਇਕ ਸਾਲ ਬਾਅਦ ਮਿਲ ਸਕੇਗਾ। ਰੰਧਾਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਸੀ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦੀ ਧਿਰ ਬਣੀ ਹੋਈ ਹੈ।
ਸੰਗਤਾਂ ਲਈ 1 ਨਵੰਬਰ ਤੋਂ ਚੱਲਣਗੇ 800 ਈ ਰਿਕਸ਼ਾ ਅਤੇ 300 ਮਿੰਨੀ ਬੱਸਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੀ ਸੁਵਿਧਾ ਲਈ ਪੰਜਾਬ ਸਰਕਾਰ ਵਲੋਂ 1 ਨਵੰਬਰ ਤੋਂ 300 ਮਿੰਨੀ ਬੱਸਾਂ ਅਤੇ 800 ਈ ਰਿਕਸ਼ਾ ਚਲਾਏ ਜਾਣਗੇ, ਜਿਹੜੇ ਕਿ ਸੰਗਤਾਂ ਨੂੰ ਪਾਰਕਿੰਗ ਵਾਲੀਆਂ ਥਾਵਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਲੈ ਕੇ ਜਾਣਗੇ। ਇੱਥੇ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਅਤੇ ਐਸ.ਐਸ.ਪੀ. ਸਤਿੰਦਰ ਸਿੰਘ ਵਲੋਂ ਕੌਂਸਲਰਾਂ ਨਾਲ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੋਵੇਗੀ ਕਿ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ‘ਤੇ ਘੱਟੋ ਘੱਟ ਰੋਕਾਂ ਲਾਈਆਂ ਜਾਣ।
ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਪਵਿੱਤਰ ਨਗਰੀ ਨੂੰ ਆਉਣ ਵਾਲੇ ਸਾਰੇ ਵਾਹਨਾਂ ਨੂੰ ਪਾਰਕਿੰਗ ਸਥਾਨਾਂ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਗਰੁਦਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਸਥਿਤ ਪਾਰਕਿੰਗਾਂ ਵਿਚ ਲਿਜਾਣ ਲਈ 300 ਮਿੰਨੀ ਬੱਸਾਂ ਲਾਈਆਂ ਜਾਣਗੀਆਂ, ਜਿਥੋਂ ਉਹ ਪੈਦਲ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਨ੍ਹਾਂ ਇਹ ਸਾਫ ਕੀਤਾ ਕਿ ਬਜ਼ੁਰਗ ਜਾਂ ਬਿਮਾਰ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੱਕ ਈ ਰਿਕਸ਼ਾ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਰਦਾ ਰਿਹਾ ਹੱਤਕ : ਕੈਪਟਨ
ਕਾਂਗਰਸ ਸਰਕਾਰ ਨੇ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਦਾ ਕੀਤਾ ਸਤਿਕਾਰ
ਚੰਡੀਗੜ੍ਹ : ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਸੂਬਾ ਸਰਕਾਰ ਖਿਲਾਫ ਕੀਤੀ ਗਈ ਬਿਆਨਬਾਜ਼ੀ ਦਾ ਠੋਕਵਾਂ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਬਾਦਲ ਨੂੰ ਚੇਤੇ ਕਰਵਾਇਆ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਦੌਰਾਨ ਅਕਾਲੀ ਆਗੂ ਖ਼ੁਦ ਹੀ ਰਾਜਸੀ ਸ਼ਕਤੀ ਦੇ ਬਲਬੂਤੇ ਬੇਸ਼ਰਮੀ ਨਾਲ ਗਿਣਮਿੱਥ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਸਨ ਪਰ ਉਨ੍ਹਾਂ ਦੀ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਦਾ ਹਰ ਪੱਖੋਂ ਮਾਣ ਤੇ ਸਤਿਕਾਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰਸਿਮਰਤ ਬਾਦਲ ਸਮੇਤ ਸਾਰੇ ਅਕਾਲੀ ਸੱਤਾ ਦੇ ਨਸ਼ੇ ਵਿੱਚ ਚੂਰ ਰਹੇ ਅਤੇ ਆਪਣੇ ਦਮਨਕਾਰੀ ਰਾਜ ਦੌਰਾਨ ਨਾ ਤਾਂ ਅਕਾਲ ਤਖ਼ਤ ਨੂੰ ਬਖ਼ਸ਼ਿਆ ਅਤੇ ਨਾ ਹੀ ਪੰਜਾਬ ਦੇ ਲੋਕਾਂ ਨਾਲ ਕੋਈ ਲਿਹਾਜ਼ ਵਰਤਿਆ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸੌੜੇ ਸਿਆਸੀ ਲਾਭ ਦੀ ਖ਼ਾਤਰ ਅਜਿਹੇ ਝੂਠ ਬੋਲਣੇ ਬੰਦ ਕਰਨ ਲਈ ਆਖਿਆ। 550ਵੇਂ ਪ੍ਰਕਾਸ਼ ਦਿਵਸ ਮੌਕੇ ਸਾਂਝੇ ਸਮਾਗਮਾਂ ਦੇ ਮੁੱਦੇ ‘ਤੇ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਵਿਰੁੱਧ ਲਾਏ ਦੋਸ਼ਾਂ ‘ਤੇ ਕੈਪਟਨ ਨੇ ਕਿਹਾ, ”ਹੰਕਾਰ ਵਿੱਚ ਡੁੱਬੇ ਹੋਏ ਤੁਸੀਂ (ਅਕਾਲੀ) ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਕਿਹੋ ਜਿਹਾ ਸਲੂਕ ਕਰਦੇ ਰਹੇ ਹੋ ਅਤੇ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਆਪਣੀਆਂ ਸ਼ਰਤਾਂ ਥੋਪ ਕੇ ਸਿੱਖ ਸੰਸਥਾ ਦੀ ਦੁਰਵਰਤੋਂ ਕਰਨ ਦੀਆਂ ਘਟੀਆਂ ਚਾਲਾਂ ਚੱਲ ਰਹੇ ਹੋ।” ਮੁੱਖ ਮੰਤਰੀ ਨੇ ਕਿਹਾ,”ਹਰਸਿਮਰਤ ਅਤੇ ਅਕਾਲੀਆਂ ਵਿੱਚ ਸਹੀ ਫੈਸਲਾ ਲੈਣ ਦੀ ਸੂਝ-ਬੂਝ ਨਹੀਂ ਹੈ। ਇਕ ਪਾਸੇ ਤਾਂ ਹਰਸਿਮਰਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਸੋਹਲੇ ਗਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਉਸ ਦਾ ਪਤੀ ਸੁਖਬੀਰ ਸਿੰਘ ਬਾਦਲ ਹਰਿਆਣਾ ਚੋਣਾਂ ਵਿੱਚ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਦੀਆਂ ਅਪੀਲਾਂ ਕਰ ਰਿਹਾ ਹੈ।” ਕੈਪਟਨ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮ ਸਾਂਝੇ ਤੌਰ ‘ਤੇ ਮਨਾਉਣ ਲਈ ਉਹ ਕਈ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਤੌਰ ‘ਤੇ ਅਪੀਲਾਂ ਕਰ ਰਹੇ ਹਨ ਪਰ ਅਕਾਲੀ ਆਪਣੀ ਚੌਧਰ ਜਮਾਉਣ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਲੀਹੋਂ ਲਾਹੁਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਆਪਣੇ ਸਿਆਸੀ ਹਿੱਤ ਪੂਰਨ ਲਈ ਹਮੇਸ਼ਾ ਹੀ ਧਰਮ ਦਾ ਸੋਸ਼ਣ ਕਰਦੇ ਆਏ ਹਨ ਪਰ ਫਿਰ ਵੀ ਉਹ ਆਸ ਕਰਦੇ ਸਨ ਕਿ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ‘ਤੇ ਸ਼ਾਇਦ ਅਕਾਲੀ ਕੁਝ ਸਿਆਣਪ ਦਿਖਾਉਂਦੇ। ਕੈਪਟਨ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖਰੇ ਸਮਾਗਮ ਲਈ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਵਜ਼ੀਰਾਂ ਨੂੰ ਸੱਦਾ ਦੇਣ ਲਈ ਗਈ ਸੀ, ਉਸ ਤੋਂ ਹੀ ਇਨ੍ਹਾਂ ਦੇ ਘਿਨਾਉਣੇ ਇਰਾਦੇ ਸਪੱਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਬਿਨਾਂ ਪੁਸ਼ਟੀ ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰਕੇ ਹਰਸਿਮਰਤ ਨੇ ਇਨ੍ਹਾਂ ਦੋਵੇਂ ਸਿਖਰਲੇ ਅਹੁਦਿਆਂ ਦੇ ਗੌਰਵ ਨੂੰ ਸੱਟ ਮਾਰੀ ਹੈ। ਇਨ੍ਹਾਂ ਦੋਵੇਂ ਸ਼ਖ਼ਸੀਅਤਾਂ ਦੇ ਪ੍ਰੋਗਰਾਮ ਜਾਰੀ ਕਰਨ ਦਾ ਕੰਮ ਪ੍ਰਧਾਨ ਮੰਤਰੀ ਦਫ਼ਤਰ ਅਤੇ ਰਾਸ਼ਟਰਪਤੀ ਭਵਨ ਦਾ ਹੈ ਪਰ ਹਰਸਿਮਰਤ ਨੇ ਗਲਤ ਢੰਗ ਨਾਲ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਕੇਂਦਰ ਸਰਕਾਰ ਵਿੱਚ ਆਪਣੀ ਅਣਹੋਂਦ ਦਾ ਪ੍ਰਗਟਾਵਾ ਕੀਤਾ ਹੈ।
ਹਰਸਿਮਰਤ ਨੇ ਕੈਪਟਨ ‘ਤੇ ਧਾਰਮਿਕ ਸਮਾਗਮ ਨੂੰ ਰਾਜਸੀ ਰੰਗਤ ਦੇਣ ਦਾ ਲਗਾਇਆ ਇਲਜ਼ਾਮ
ਲੁਧਿਆਣਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਵੱਖਰੀ ਸਟੇਜ ਲਾ ਕੇ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਂਝਾ ਸਮਾਗਮ ਕਰਵਾਉਣ ਸਬੰਧੀ ਦਿੱਤੇ ਮਸ਼ਵਰੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਕੋਸ਼ਿਸਾਂ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਸਮਾਗਮ ਲਈ ਵੱਖਰੀ ਸਟੇਜ ਲਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਨੂੰ ਪੰਜਾਬ ਸਰਕਾਰ ਰਾਜਸੀ ਰੰਗਤ ਦੇਣ ‘ਤੇ ਲੱਗੀ ਹੋਈ ਹੈ। ਕੇਂਦਰੀ ਮੰਤਰੀ ਬਾਦਲ ਨੇ ਕਿਹਾ ਕਿ ਬਿਹਾਰ ‘ਚ ਜਦ ਧਾਰਮਿਕ ਸਮਾਗਮ ਹੋਇਆ ਸੀ ਤਾਂ ਉਸ ਸਮੇਂ ਸਰਕਾਰ ਨੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਸਨ, ਪਰ ਮੁੱਖ ਧਾਰਮਿਕ ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਕੀਤਾ ਸੀ।
ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਬਾਦਲਾਂ ਨੇ ਸਿੱਖ ਭਾਈਚਾਰੇ ਨਾਲ ਵਿਸ਼ਵਾਸ਼ ਘਾਤ ਕੀਤਾ : ਰੰਧਾਵਾ
ਚੰਡੀਗੜ੍ਹ : ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਾਦਲ ਪਰਿਵਾਰ ਦੇ ਦਬਾਅ ਹੇਠ ਆ ਕੇ ਬਾਬੇ ਨਾਨਕ ਦੇ 550ਵੇਂ ਗੁਰਪੁਰਬ ਨੂੰ ਪੰਜਾਬ ਸਰਕਾਰ ਨਾਲ ਸਾਂਝੇ ਤੌਰ ‘ਤੇ ਮਨਾਉਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਤੇ ਸਿੱਖ ਭਾਈਚਾਰੇ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਹ ਸਾਂਝੇ ਤੌਰ ਉੱਤੇ ਸਮਾਗਮ ਕਰਨ ਦੀਆਂ ਗੱਲਾਂ ਸਾਡੇ ਨਾਲ ਕਰਦੇ ਰਹੇ ਪਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਤੇ ਅਹਿਮ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਸ਼੍ਰੋਮਣੀ ਕਮੇਟੀ ਵੱਲੋਂ ਦਿੰਦੇ ਰਹੇ।’ ਇਹ ਪ੍ਰਗਟਾਵਾ ਕਰਦਿਆਂ ਕੈਪਟਨ ਸਰਕਾਰ ਦੇ ਤਿੰਨ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ 27 ਸਤੰਬਰ ਨੂੰ ਭੇਜੇ ਪੱਤਰ ਸਬੰਧੀ ਕਿਹਾ ਕਿ ਇਕ ਪਾਸੇ ਉਨ੍ਹਾਂ ਨੇ ਸਾਂਝੇ ਸਮਾਗਮਾਂ ਲਈ 4 ਅਕਤੂਬਰ ਨੂੰ ਮੀਟਿੰਗ ਰੱਖੀ ਸੀ, ਜਿਸ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਲ ਹੋਏ ਸਨ ਤੇ ਉਸ ਮੀਟਿੰਗ ਵਿਚ ਸਾਂਝੇ ਤੌਰ ਉੱਤੇ ਸਮਾਗਮ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਮੰਤਰੀਆਂ ਨੂੰ ਭੇਜਿਆ ਗਿਆ ਪੱਤਰ ਮਿਲਿਆ ਹੈ, ਜਿਸ ‘ਤੇ 27 ਸਤੰਬਰ ਦੀ ਤਾਰੀਕ ਲਿਖੀ ਹੋਈ ਹੈ ਤੇ ਇਸ ਪੱਤਰ ਰਾਹੀ ਮੰਤਰੀਆਂ ਨੂੰ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਤੋਂ 12 ਨਵੰਬਰ ਤਕ ਹੋ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੱਤਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਹੈ, ਜਿਹੜੇ ਸਾਂਝੇ ਸਮਾਗਮਾਂ ਦੇ ਹੱਕ ਵਿੱਚ ਨਹੀਂ ਹਨ। ਪ੍ਰਾਪਤ ਜਾਣਕਾਰੀ ਅੁਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ 29 ਜੂਨ ਨੂੰ ਕੈਪਟਨ ਸਰਕਾਰ ਦੇ ਮੰਤਰੀਆਂ ਨਾਲ ਸਾਂਝੇ ਸਮਾਗਮਾਂ ਬਾਰੇ ਮੀਟਿੰਗ ਕੀਤੀ ਪਰ ਉਸ ਤੋਂ ਕੁੱਝ ਦਿਨ ਬਾਅਦ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹਿਲੀ ਜੁਲਾਈ ਨੂੰ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇਣ ਗਏ। ਮੁੜ 17 ਸਤੰਬਰ ਨੂੰ ਤਿੰਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਚਰਨਜੀਤ ਸਿੰਘ ਚੰਨੀ ਅਤੇ ਓ.ਪੀ.ਸੋਨੀ ਨਾਲ ਮੀਟਿੰਗ ਕੀਤੀ ਪਰ ਇਸ ਤੋਂ ਚਾਰ ਦਿਨ ਬਾਅਦ ਉਹ ਸੁਖਬੀਰ ਸਿੰਘ ਬਾਦਲ ਨਾਲ 21 ਸਤੰਬਰ ਨੂੰ ਰਾਸ਼ਟਰਪਤੀ ਨੂੰ ਸੱਦਾ ਪੱਤਰ ਦੇਣ ਚਲੇ ਗਏ । ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਹੀ ਸਾਂਝੇ ਸਮਾਗਮਾਂ ਨੂੰ ਤਾਰਪੀਡੋ ਕੀਤਾ ਹੈ।
ਸ਼ਰਧਾਲੂਆਂ ਦੀ ਸਹੂਲਤ ਲਈ ‘ਪ੍ਰਕਾਸ਼ ਉਤਸਵ 550’ ਮੋਬਾਇਲ ਐਪ ਜਾਰੀ
ਮੋਬਾਇਲ ਡਾਟਾ ਆਫ ਲਾਈਨ ਹੋਣ ‘ਤੇ ਵੀ ਕੰਮ ਕਰੇਗੀ ਐਪ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ਤਾਵਾਂ ਭਰਪੂਰ ‘ਪ੍ਰਕਾਸ਼ ਉਤਸਵ 550’ ਮੋਬਾਇਲ ਐਪ ਜਾਰੀ ਕੀਤੀ ਗਈ। ਇਹ ਐਪ ਇਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਇਲ ਡਾਟਾ ਆਫ ਲਾਹੀਨ ਹੋਣ ‘ਤੇ ਵੀ ਕੰਮ ਕਰੇਗੀ ਅਤੇ ਇਸ ਲਈ ਇੰਟਰਨੈਟ ਕੁਨੈਕਟੀਵਿਟੀ ਦੀ ਵੀ ਜ਼ਰੂਰਤ ਨਹੀਂ ਪਵੇਗੀ। ਮੋਬਾਇਲ ਐਪ ਨੂੰ ਜਾਰੀ ਕਰਨ ਉਪਰੰਤ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਅਤੇ ਐਸ.ਐਸ.ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਇਹ ਮੋਬਾਇਲ ਐਪ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਆਵਾਜਾਈ ਰੂਟ, ਰੇਲਵੇ, ਰਿਹਾਇਸ਼, ਸੁਰੱਖਿਆ, ਇਤਿਹਾਸਕ ਗੁਰਦੁਆਰਾ, ਡਾਕਟਰੀ ਸਹੂਲਤ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਐਂਡਰਾਇਡ ਫੋਨ ਦੀ ਵਰਤੋਂ ਕਰਨ ਵਾਲੇ ਗੂਗਲ ਪਲੇਅ ਸਟੋਰ ਵਿਚ ਜਾ ਕੇ ਇਹ ਮੋਬਾਇਲ ਐਪ ਡਾਊਨਲੋਡ ਕਰ ਸਕਦੇ ਹਨ, ਜਦਕਿ ਆਈ ਫੋਨ ਵਰਤਣ ਵਾਲੇ ਅਗਲੇ ਤਿੰਨ ਦਿਨਾਂ ਤੋਂ ਐਪਲ ਸਟੋਰ ਵਿਚ ਜਾ ਕੇ ਐਪ ਡਾਊਨਲੋਡ ਕਰ ਸਕਦੇ ਹਨ ਅਤੇ ਲਾਭ ਉਠਾ ਸਕਦੇ ਹਨ।
ਕੀ ਹਨ ਐਪ ਦੀਆਂ ਵਿਸ਼ੇਸ਼ਤਾਵਾਂ
ਐਪ ਦੀਆਂ ਵਿਸ਼ੇਸ਼ਤਾਵਾਂ ਦੱਸਦਿਆਂ ਅਧਿਕਾਰੀਆਂ ਨੇ ਕਿਹਾ ਕਿ ਇਸ ਮੋਬਾਇਲ ਐਪ ‘ਤੇ ਸਿੰਗਲ ਕਲਿੱਕ ਨਾਲ ਇਤਿਹਾਸਕ ਗੁਰਦੁਆਰਿਆਂ, ਟਰਾਂਸਪੋਰਟ, ਸਿਹਤ ਸੇਵਾਵਾਂ, ਪ੍ਰਬੰਧਨ, ਭੋਜਨ ਅਤੇ ਪਾਣੀ ਪ੍ਰਬੰਧਨ, ਪਖਾਨੇ ਅਤੇ ਕੂੜੇ ਦੀ ਸੰਭਾਲ, ਪੁਲਿਸ ਚੈਕ ਪੋਸਟ ਮੈਨੇਜਮੈਂਟ, ਆਈ.ਟੀ. ਸੂਚਨਾ ਕੇਂਦਰ, ਕੀ ਮੈਂ ਤੁਹਾਡੀ ਮੱਦਦ ਕਰ ਸਕਦਾ ਹਾਂ ਡੈਸਕ, ਪਾਰਕਿੰਗ, ਗੁਰਦੁਆਰਿਆਂ ਦੀ ਭਾਲ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ 37 ਵੱਖ-ਵੱਖ ਲੰਗਰਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ।
ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼
ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ 20 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਭਾਰਤ ਵਾਲੇ ਪਾਸੇ ‘ਜ਼ੀਰੋ ਲਾਈਨ’ ਨੂੰ ਪਾਕਿਸਤਾਨ ਨਾਲ ਜੋੜਦੇ ਚਹੁੰ-ਮਾਰਗੀ ਹਾਈਵੇਅ ਦਾ ਨਿਰਮਾਣ ਕਾਰਜ ਜ਼ੋਰਾਂ ‘ਤੇ ਚੱਲ ਰਿਹਾ ਹੈ ਪਰ ਸਰੱਹਦ ਪਾਰ ਇਸ ਕੰਮ ਦੀ ਰਫ਼ਤਾਰ ਕਾਫੀ ਮੱਠੀ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਭਾਰਤ ਦੀ ਲੈਂਡ ਪੋਰਟ ਅਥਾਰਿਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਪੱਤਰਕਾਰਾਂ ਨੂੰ ਦੱਸਿਆ, ”ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਜਾਣ ਲਈ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ 20 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।” ਉਨ੍ਹਾਂ ਕਿਹਾ ਕਿ ਚਹੁੰ-ਮਾਰਗੀ ਹਾਈਵੇਅ ਅਤੇ ਸਟੇਟ-ਆਫ-ਆਰਟ ਯਾਤਰੀ ਟਰਮੀਨਲ, ਜਿਸ ਦੀ 5000 ਯਾਤਰੀਆਂ ਦੀ ਸਮਰੱਥਾ ਹੈ, ਦਾ ਕੰਮ ਅਕਤੂਬਰ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਦੂਜੇ ਪਾਸੇ, ਪਾਕਿਸਤਾਨ ਵਾਲੇ ਪਾਸੇ ਕੰਮ ਦੀ ਮੱਠੀ ਰਫ਼ਤਾਰ ਭਾਰਤ ਵਾਲੇ ਪਾਸਿਓਂ ਸਾਫ਼ ਦਿਖਾਈ ਦਿੰਦੀ ਹੈ ਕਿਉਂਕਿ ਸੜਕ ਅਤੇ ਪੁਲ, ਜੋ ਭਾਰਤ ਵੱਲ ਬਣੀ ਚਹੁੰ-ਮਾਰਗੀ ਸੜਕ ਨੂੰ ਜੋੜੇਗਾ, ਉੱਪਰ ਕੋਈ ਕੰਮ ਨਹੀਂ ਚੱਲ ਰਿਹਾ ਹੈ। ਗੋਵਿੰਦ ਮੋਹਨ ਨੇ ਕਿਹਾ, ”ਪਾਕਿਸਤਾਨ ਨੇ ਨਿਰਮਾਣ ਮੁਲਤਵੀ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਕੰਮ ਸਹੀ ਸਮੇਂ ‘ਤੇ ਮੁਕੰਮਲ ਕਰ ਲਿਆ ਜਾਵੇਗਾ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਪੁਲ ਅਤੇ ਸੜਕ ਨਾ ਬਣਨ ਕਾਰਨ ਬਦਲ ਵਜੋਂ ਜ਼ੀਰੋ ਪੁਆਇੰਟ ਤੱਕ ਵੱਖਰੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਲੋਂ ਆਪਣੇ ਪਾਸੇ ਦੇ ਸੇਵਾ ਕੇਂਦਰ ਤੋਂ ਜ਼ੀਰੋ ਪੁਆਇੰਟ ਤੱਕ ਯਾਤਰੀਆਂ ਨੂੰ ਲਿਜਾਣ ਅਤੇ ਛੱਡਣ ਲਈ ਆਵਾਜਾਈ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਲੋਂ ਹਾਲੇ ਵੀ ਗੁਆਂਢੀ ਮੁਲਕ ਵਲੋਂ ਹਰੇਕ ਸ਼ਰਧਾਲੂ ਲਈ ਰੱਖੀ ਗਈ 20 ਡਾਲਰ (ਅਮਰੀਕੀ) ਫੀਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।

Check Also

ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਉਮੀਦ ਦੀ ਆਵਾਜ਼ ਡਾ. ਦੇਵਿੰਦਰ ਪਾਲ ਸਿੰਘ ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ …