ਨੀਰਵ ਮੋਦੀ ਬਰਤਾਨਵੀ ਨਾਗਰਿਕਤਾ ਲੈਣ ਦੀ ਕਰ ਰਿਹੈ ਕੋਸ਼ਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼ :
ਗ੍ਰਿਫਤਾਰੀ ਤੋਂ ਬਚਣ ਲਈ ਵਿਜੇ ਮਾਲਿਆ ਤੇ ਲਲਿਤ ਮੋਦੀ ਵਾਂਗ ਨੀਰਵ ਮੋਦੀ ਵੀ ਬਰਤਾਨੀਆ ਪਹੁੰਚ ਗਿਆ ਹੈ। ਭਾਰਤ ਦੇ ਦੌਰੇ ‘ਤੇ ਆਏ ਬਰਤਾਨਵੀ ਵਫ਼ਦ ‘ਚ ਸ਼ਾਮਲ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ਵਿੱਚ ਕੌਮੀਕ੍ਰਿਤ ਬੈਂਕ ਪੀਐਨਬੀ ਨਾਲ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਲੋੜੀਂਦਾ ਹੀਰਾ ਕਾਰੋਬਾਰੀ ਨੀਰਵ ਮੋਦੀ ਯੂਕੇ ਵਿੱਚ ਹੈ। ਇਸ ਦੇ ਨਾਲ ਹੀ ਯੂਕੇ ਦੇ ਮੰਤਰੀ ਬੈਰੋਨੈਸ ਵਿਲੀਅਮਜ਼ ਨੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੂੰ ਭਰੋਸਾ ਦਿੱਤਾ ਹੈ ਕਿ ਬ੍ਰਿਟੇਨ ਨੀਰਵ ਮੋਦੀ, ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਤੇ ਹੋਰਨਾਂ ਦੀ ਸਪੁਰਦਗੀ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਵੇਗਾ।
ਭਾਰਤ ਨੇ ਯੂਕੇ ਨੂੰ ਸਾਫ਼ ਕਰ ਦਿੱਤਾ ਕਿ ਹੋਰਨਾਂ ਮੁਲਕਾਂ ਵਿਚ ਲੋੜੀਂਦੇ ਅਪਰਾਧੀ ਬਰਤਾਨੀਆ ਨੂੰ ਸੁਰੱਖਿਅਤ ਛੁਪਣਗਾਹ ਵਜੋਂ ਨਾ ਵੇਖਣ। ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪਰੈਲ ਵਿੱਚ ਲੰਡਨ ਫੇਰੀ ਦੌਰਾਨ ਤਿਰੰਗੇ ਦੀ ਹੋਈ ਬੇਅਦਬੀ ਅਤੇ ਕੁਝ ਕਸ਼ਮੀਰੀ ਤੇ ਸਿੱਖ ਜਥੇਬੰਦੀਆਂ ਬਰਤਾਨੀਆ ਦੀ ਧਰਤੀ ਤੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ‘ਤੇ ਨਿਰਾਸ਼ਾ ਵੀ ਜਤਾਈ। ਇਸ ਦੌਰਾਨ ਸੀਬੀਆਈ ਨੇ ਇੰਟਰਪੋਲ ਨੂੰ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਕਿਹਾ ਹੈ। ਨੋਟਿਸ ਜਾਰੀ ਹੋਣ ਮਗਰੋਂ ਲਿਓਨ ਆਧਾਰਿਤ ਕੌਮਾਂਤਰੀ ਪੁਲਿਸ ਕੋਆਪਰੇਸ਼ਨ ਏਜੰਸੀ ਦੇ ਮੈਂਬਰ ਮੁਲਕ ਨੀਰਵ ਮੋਦੀ ਨੂੰ ਗ੍ਰਿਫ਼ਤਾਰ ਤੇ ਭਾਰਤ ਸਪੁਰਦ ਕਰਨ ਦੇ ਸਮਰੱਥ ਹੋ ਜਾਣਗੇ।
ਉਧਰ ‘ਦਿ ਫਾਇਨਾਂਸ਼ੀਅਲ ਟਾਈਮਜ਼’ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਯੂਕੇ ਭੱਜਿਆ ਹੀਰਾ ਕਾਰੋਬਾਰੀ ਨੀਰਵ ਮੋਦੀ ਉਥੇ ਸਿਆਸੀ ਸ਼ਰਣ ਲੈਣ ਦੇ ਆਹਰ ਵਿੱਚ ਹੈ। ਹੀਰਾ ਕਾਰੋਬਾਰੀ ਕੌਮੀਕ੍ਰਿਤ ਬੈਂਕ ਵੱਲੋਂ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਾਉਣ ਤੋਂ ਹਫ਼ਤਿਆਂ ਪਹਿਲਾਂ ਯੂਕੇ ਭੱਜ ਗਿਆ ਸੀ। ਰਿਜਿਜੂ ਨੇ ਯੂਕੇ ਦੇ ਮੰਤਰੀ ਨਾਲ ਮੀਟਿੰਗ ਮਗਰੋਂ ਕਿਹਾ, ‘ਯੂਕੇ ਦੇ ਅੱਤਵਾਦ ਨਾਲ ਟਾਕਰੇ ਬਾਰੇ ਮੰਤਰਾਲੇ ਵਿਚ ਰਾਜ ਮੰਤਰੀ ਬੈਰੋਨੈੱਸ ਵਿਲੀਅਮਜ਼ ਨਾਲ ਹੋਈ ਮੀਟਿੰਗ ਕਾਫ਼ੀ ਸਾਰਥਿਕ ਰਹੀ। ਮੀਟਿੰਗ ਦੌਰਾਨ ਅਸੀਂ ਅੱਤਵਾਦ ਤੇ ਇੰਤਹਾਪਸੰਦੀ ਨਾਲ ਲੜਨ ਲਈ ਭਾਰਤ-ਯੂਕੇ ਸਾਂਝੇ ਯਤਨਾਂ ‘ਤੇ ਚਰਚਾ ਕੀਤੀ। ਸਪੁਰਦਗੀ ਤੇ ਇਕ ਦੂਜੇ ਨਾਲ ਸੂਚਨਾ ਦੇ ਅਦਾਨ ਪ੍ਰਦਾਨ ਨੂੰ ਲੈ ਕੇ ਵੀ ਸਹਿਮਤੀ ਬਣੀ।’ ਯਾਦ ਰਹੇ ਕਿ ਨੀਰਵ ਮੋਦੀ ਤੇ ਉਸ ਦੇ ਅੰਕਲ ਮੇਹੁਲ ਚੋਕਸੀ ਖ਼ਿਲਾਫ਼ ਅਪਰਾਧਕ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਦੋਵੇਂ ਇਸ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਦੇਸ਼ ਛੱਡ ਗਏ ਸਨ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …