Breaking News
Home / ਸੰਪਾਦਕੀ / ਜੀਵਨ ਤੋਂ ਭੱਜ ਰਹੇ ਲੋਕ

ਜੀਵਨ ਤੋਂ ਭੱਜ ਰਹੇ ਲੋਕ

ਦੁਨੀਆ ਭਰ ਵਿਚ ਹਰ ਸਾਲ ਘੱਟੋ-ਘੱਟ 8 ਲੱਖ ਲੋਕ ਆਤਮ-ਹੱਤਿਆ ਕਰ ਲੈਂਦੇ ਹਨ, ਜਿਸ ਦਾ ਦਸਵਾਂ ਹਿੱਸਾ ਸਿਰਫ਼ ਭਾਰਤੀ ਲੋਕ ਹੀ ਹਨ। ਇਹ ਬਹੁਤ ਭਿਆਨਕ ਅਤੇ ਚਿੰਤਾਜਨਕ ਤੱਥ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ਵਿਚ ਖਪਤ ਸੱਭਿਆਚਾਰ ਕਾਰਨ ਵੱਧ ਰਹੀ ਪਦਾਰਥਕ ਤਮ੍ਹਾ ਨੇ ਮਨੁੱਖੀ ਸੁਭਾਅ ਅੰਦਰ ਅਸੰਤੋਸ਼ ਅਤੇ ਅਤ੍ਰਿਪਤੀ ਦੀ ਭਾਵਨਾ ਪ੍ਰਬਲ ਕੀਤੀ ਹੈ। ਇਸੇ ਕਾਰਨ ਹੀ ਦੁਨੀਆ ਭਰ ਵਿਚ ਮਾਨਸਿਕ ਤਣਾਅ (ਡਿਪਰੈਸ਼ਨ) ਵਰਗੀ ਬਿਮਾਰੀ ਬਹੁਤ ਤੇਜ਼ੀ ਨਾਲ ਫ਼ੈਲ ਰਹੀ ਹੈ।
ਆਤਮ-ਹੱਤਿਆ ਸਬੰਧੀ ਭਾਰਤ ਦੇ ‘ਨੈਸ਼ਨਲ ਕਰਾਈਮ ਬਿਓਰੋ’ ਵਲੋਂ ਜਾਰੀ ਕੀਤੇ ਅੰਕੜਿਆਂ ਵਿਚ ਵੀ ਇਹ ਗੱਲ ਆਖੀ ਗਈ ਹੈ ਕਿ ਆਤਮ-ਹੱਤਿਆ ਕਰਨ ਵਾਲੇ ਲੋਕਾਂ ਵਿਚੋਂ 40 ਫ਼ੀਸਦੀ ਮਾਨਸਿਕ ਤਣਾਅ ਤੋਂ ਦੁਖੀ ਹੋ ਕੇ ਇਹ ਆਤਮਘਾਤੀ ਕਦਮ ਚੁੱਕਦੇ ਹਨ। ਪੀ.ਜੀ.ਆਈ. ਦੇ ਮਨੋਰੋਗ ਵਿਭਾਗ ਦੇ ਸੰਸਥਾਪਕ ਪ੍ਰੋ. ਐਨ.ਐਨ. ਵਿੰਗ ਨੇ ਕੁਝ ਸਮਾਂ ਪਹਿਲਾਂ ਮਨੋਰੋਗ ਮਾਹਰਾਂ ਦੇ ਇਕ ਕੌਮੀ ਸੰਮੇਲਨ ਦੌਰਾਨ ਖੁਲਾਸਾ ਕੀਤਾ ਸੀ ਕਿ ਭਾਰਤ ਵਿਚ ਅੱਜ ਹਰ ਤੀਜਾ ਵਿਅਕਤੀ ਤਣਾਅ ਦਾ ਸ਼ਿਕਾਰ ਹੈ। ਔਰਤਾਂ ਪੁਰਸ਼ਾਂ ਨਾਲੋਂ ਪੰਜ ਗੁਣਾ ਜ਼ਿਆਦਾ ਮਾਨਸਿਕ ਤਣਾਅ ਦੀਆਂ ਸ਼ਿਕਾਰ ਹਨ। ਇਕ ਹੋਰ ਅੰਕੜੇ ਅਨੁਸਾਰ ਇਕੱਲੇ ਪੰਜਾਬ ਵਿਚ ਹੀ 40 ਲੱਖ ਲੋਕ ਮਾਨਸਿਕ ਰੋਗੀ ਹਨ।
ਮਾਨਸਿਕ ਤਣਾਅ ਅਰਥਾਤ ਚਿੰਤਾ ਰੋਗ ਮਨੁੱਖ ਵਿਚ ਉਦੋਂ ਤੋਂ ਹੀ ਚਲਿਆ ਆ ਰਿਹਾ ਹੈ ਜਦੋਂ ਤੋਂ ਦੁਨੀਆ ਦਾ ਪਸਾਰਾ ਬਣਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜੀਵਨ ਦਾ ਤੱਤ ਸਾਰ ਦਿੰਦਿਆਂ ਫ਼ੁਰਮਾਇਆ ਹੈ ‘ਨਾਨਕ ਦੁਖੀਆ ਸਭੁ ਸੰਸਾਰੁ।’ ਹਰ ਮਨੁੱਖ ਦੁਖੀ ਹੈ। ਕੋਈ ਔਲਾਦ ਨਾ ਹੋਣ ਤੋਂ ਦੁਖੀ ਹੈ ਅਤੇ ਕੋਈ ਔਲਾਦ ਤੋਂ ਦੁਖੀ ਹੈ। ਕੋਈ ਗਰੀਬੀ ਤੋਂ ਦੁਖੀ ਹੈ ਅਤੇ ਕੋਈ ਜ਼ਿਆਦਾ ਧਨ ਨੂੰ ਸਾਂਭਣ ਦੇ ਫ਼ਿਕਰ ਵਿਚ ਹੈ।ઠ ઠઠ
ਦੁਨੀਆ ਵਿਚ ਜਿਉਂ-ਜਿਉਂ ਪਦਾਰਥਕ ਬਹੁਤਾਤ ਵੱਧ ਰਹੀ ਹੈ ਤਿਵੇਂ-ਤਿਵੇਂ ਮਨੁੱਖ ਤ੍ਰਿਪਤ ਹੋਣ ਦੀ ਥਾਂ ਲੋਭੀ ਅਤੇ ਸਵਾਰਥੀ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਗਰੀਬ, ਪੱਛੜੇ ਜਾਂ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿਕਸਿਤ ਅਤੇ ਸੰਪੂਰਨ ਦੇਸ਼ਾਂ ਵਿਚ ਮਾਨਸਿਕ ਰੋਗੀ ਜ਼ਿਆਦਾ ਹਨ। ਪਿਛੇ ਜਿਹੇ ਇਕ ਰਿਪੋਰਟ ਛਪੀ ਸੀ ਕਿ ਮਾਨਸਿਕ ਤਣਾਅ ਦੂਰ ਕਰਨ ਵਾਲੀ ਦਵਾਈ ਦੀ ਪੂਰੀ ਦੁਨੀਆ ਦੀ ਸਭ ਤੋਂ ਵੱਧ ਖ਼ਪਤ ਇਕੱਲੇ ਅਮਰੀਕਾ ਵਿਚ ਹੋ ਰਹੀ ਹੈ। ਜਿਉਂ ਜਿਉਂ ਭਾਰਤ ਪਦਾਰਥਕ ਉਨਤੀ ਦੀਆਂ ਲੀਹਾਂ ‘ਤੇ ਗਤੀ ਫੜਦਾ ਜਾ ਰਿਹਾ ਹੈ, ਇਥੇ ਵੀ ਇਹ ਬਿਮਾਰੀ ਅਮਰ ਵੇਲ ਵਾਂਗ ਵੱਧਦੀ ਜਾ ਰਹੀ ਹੈ। ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇ, ਜਿਹੜਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਸ ਸਮੱਸਿਆ ਦਾ ਸ਼ਿਕਾਰ ਨਾ ਹੋਵੇ। ਭਾਰਤੀ ਸਮਾਜ ਅੰਦਰ ਵੱਧ ਰਹੇ ਮਾਨਸਿਕ ਤਣਾਅ ਅਤੇ ਨਿਰਾਸ਼ਤਾ ਦਾ ਕਾਰਨ ਸਾਂਝੀਆਂ ਪਰਿਵਾਰਕ ਇਕਾਈਆਂ ਦਾ ਖ਼ਤਮ ਹੋ ਜਾਣਾ ਅਤੇ ਬੇਹੱਦ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਮੰਨਿਆ ਜਾ ਰਿਹਾ ਹੈ। ਜ਼ਿੰਦਗੀ ਦੀ ਭੱਜ-ਦੌੜ ਅਤੇ ਰੁਝੇਵੇਂ ਇੰਨੇ ਵੱਧ ਗਏ ਹਨ ਕਿ ਹੁਣ ਭਾਰਤ ਵਿਚ ਵੀ ਜ਼ਿਆਦਾਤਰ ਕੰਮਕਾਜੀ ਪਰਿਵਾਰਾਂ ਨੂੰ ਹਫ਼ਤੇ ਵਿਚ ਇਕ ਦਿਨ ਇਕੱਠੇ ਬੈਠਣ ਦਾ ਸਬੱਬ ਵੀ ਮਸਾਂ ਮਿਲਦਾ ਹੈ। ਲੋਕਾਂ ਦੀ ਸੋਚ ਖਪਤ ਸੱਭਿਆਚਾਰ ਕਾਰਨ ਸਵਾਰਥੀ ਹੋ ਰਹੀ ਹੈ ਅਤੇ ਸਮਾਜਿਕ ਰਿਸ਼ਤਿਆਂ ਦੀਆਂ ਮੋਹ-ਤੰਦਾਂ ਢਿੱਲੀਆਂ ਪੈ ਰਹੀਆਂ ਹਨ। ਸਮਾਜ ਅੰਦਰ ਸਾਂਝੀਵਾਲਤਾ ਦੀ ਭਾਵਨਾ ਖ਼ਤਮ ਹੋ ਰਹੀ ਹੈ। ਖੁਸ਼ੀਆਂ ਅਤੇ ਗਮ ਇਕ-ਦੂਜੇ ਨਾਲ ਸਾਂਝੇ ਕਰਨ ਵਰਗੀਆਂ ਭਾਵਨਾਤਮਕ ਰਸਮਾਂ ਹੁਣ ਸਿਰਫ਼ ਲੋਕਲਾਜੀ ਰਸਮਾਂ ਬਣ ਕੇ ਰਹਿ ਗਈਆਂ ਹਨ। ਮਨੁੱਖ ਸਿਰਫ਼ ਤੇ ਸਿਰਫ਼ ਸੁਆਰਥੀ ਬਣਦਾ ਜਾ ਰਿਹਾ ਹੈ ਅਤੇ ਉਸ ਦੀ ਭਾਵਨਾਤਮਕ ਤ੍ਰਿਪਤੀ ਨਹੀਂ ਹੋ ਰਹੀ।
ਬਦਲੇ ਆਰਥਿਕ ਹਾਲਾਤਾਂ ਕਾਰਨ ਪਰਿਵਾਰਾਂ ਦੀਆਂ ਆਰਥਿਕ ਤਰਜੀਹਾਂ ਬਦਲੀਆਂ ਹਨ ਅਤੇ ਔਰਤਾਂ ਦੇ ਫ਼ਰਜ਼ ਅਤੇ ਜ਼ਿੰਮੇਵਾਰੀਆਂ ਵੀ ਪਿਛਲੇ ਦੋ ਦਹਾਕਿਆਂ ਦੌਰਾਨ ਵੱਡੇ ਪੱਧਰ ‘ਤੇ ਬਦਲੀਆਂ ਹਨ। ਅੱਜ ਔਰਤਾਂ ਘਰਾਂ ਦੀ ਚਾਰਦੀਵਾਰੀ ਵਿਚਲੇ ਕੰਮਾਂ-ਕਾਰਾਂ ਤੋਂ ਵੱਧ ਕੇ ਮਰਦਾਂ ਦੇ ਬਰਾਬਰ ਆਰਥਿਕ ਖੇਤਰ ਵਿਚ ਵਿਚਰ ਰਹੀਆਂ ਹਨ। ਪਰ ਇਸ ਦਾ ਮਾੜਾ ਪ੍ਰਭਾਵ ਇਹ ਪਿਆ ਕਿ ਔਰਤਾਂ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਜਿਸ ਕਾਰਨ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਲੋੜੀਂਦਾ ਸਮਾਂ ਦੇਣ ਤੋਂ ਬੇਵੱਸ ਹਨ। ਸਿੱਟੇ ਵਜੋਂ ਪਰਿਵਾਰਾਂ ਵਿਚਲਾ ਭਾਵਨਾਤਮਕ ਪ੍ਰਸਾਰ ਟੁੱਟ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਔਰਤਾਂ ਮਰਦਾਂ ਨਾਲੋਂ ਵੱਧ ਮਾਨਸਿਕ ਤਣਾਅ ਦਾ ਸ਼ਿਕਾਰ ਬਣ ਰਹੀਆਂ ਹਨ।
ਓਪਰੇ ਤੌਰ ‘ਤੇ ਤਾਂ ਇਹ ਆਖਿਆ ਜਾ ਰਿਹਾ ਹੈ ਕਿ ਇਹ ਮਨੁੱਖੀ ਅਸੰਤੋਸ਼ ਤੇ ਮਾਨਸਿਕ ਤਣਾਅ ਦੀ ਸਮੱਸਿਆ ਪਰਿਵਾਰਕ ਮਸਲਿਆਂ, ਨਸ਼ਾਖੋਰੀ ਜਾਂ ਭਵਿੱਖ ਨੂੰ ਲੈ ਕੇ ਚਿੰਤਾ ਵਿਚੋਂ ਪੈਦਾ ਹੁੰਦੀ ਹੈ, ਪਰ ਅਸਲ ਵਿਚ ਇਸ ਦੀ ਸਮੱਸਿਆ ਦੀ ਵਿਆਪਕਤਾ ਨੂੰ ਸਮਝਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜੋਕੇ ਵਿਕਾਸ ਦਾ ਸਰਮਾਏਦਾਰੀ ਆਧਾਰਿਤ ਨਮੂਨਾ ਹੀ ਦੁਨੀਆ ਭਰ ਵਿਚ ਮਨੁੱਖੀ ਸੁਭਾਅ ਅੰਦਰ ਵੱਧ ਰਹੀ ਨਿਰਾਸ਼ਤਾ ਦਾ ਕਾਰਨ ਬਣ ਰਿਹਾ ਹੈ। ਆਖਰ ਸਰਮਾਏਦਾਰੀ ਵਿਵਸਥਾ ਵਿਚ ਕਿਹੜੀ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਉਦਾਸੀ ਤੇ ਨਿਰਾਸ਼ਾ ਵੱਲ ਧੱਕਦੀ ਹੈ? ਸਰਮਾਏਦਾਰੀ ਮਨੁੱਖ ਨੂੰ ਲੋਭੀ, ਸੁਆਰਥੀ, ਈਰਖ਼ਾਲੂ, ਨਿੰਦਕ ਅਤੇ ਹੰਕਾਰੀ ਬਣਨ ਲਈ ਉਤੇਜਿਤ ਕਰਦੀ ਹੈ। ਇਹ ਵਿਵਸਥਾ ਮਨੁੱਖ ਨੂੰ ਕਿਸੇ ਵੀ ਚੀਜ਼ ਦਾ ਅਨੰਦ ਮਾਨਣ ਤੋਂ ਪਹਿਲਾਂ ਉਸ ਦਾ ਮਾਲਕ ਬਣਨ ਲਈ ਉਤੇਜਿਤ ਕਰਦੀ ਹੈ। ਇਸ ਕਾਰਨ ਹਰ ਮਨੁੱਖ ਵਿਚ ਵੱਧ ਤੋਂ ਵੱਧ ਪਦਾਰਥਾਂ ਦਾ ਮਾਲਕ ਬਣਨ ਦੀ ਹੋੜ ਲੱਗੀ ਹੋਈ ਹੈ। ਉਪਭੋਗਵਾਦੀ ਪ੍ਰਬਲਤਾ ਦਾ ਕੋਈ ਅੰਤ ਨਹੀਂ ਹੈ। ਇਸ ਦੇ ਕੋਲ ਸਾਂਝੀਵਾਲਤਾ ਦਾ ਕੋਈ ਸੰਕਲਪ ਨਹੀਂ। ਸਰਮਾਏਦਾਰੀ ਦੀ ਦੇਣ ‘ਨਿੱਜਵਾਦ’ ਮਨੁੱਖ ਨੂੰ ਕੁਦਰਤ ਨਾਲ ਟਕਰਾਅ ਦੇ ਰਾਹ ‘ਤੇ ਪਾ ਰਿਹਾ ਹੈ। ਅਜਿਹਾ ਮਨੁੱਖ ਕਦੀ ਵੀ ਸਹਿਜ ਅਤੇ ਆਨੰਦ ਵਰਗੀਆਂ ਭਾਵਨਾਵਾਂ ਮਹਿਸੂਸ ਨਹੀਂ ਕਰ ਸਕਦਾ ਅਤੇ ਅੰਤ ਵਿਚ ਨਿਰਾਸ਼ਾ ਅਤੇ ਉਦਾਸੀ ਦਾ ਸ਼ਿਕਾਰ ਹੀ ਹੁੰਦਾ ਹੈ । ਇਹ ਵਿਵਸਥਾ ਮਨੁੱਖ ਦੇ ਅੰਦਰੋਂ ਸਬਰ ਅਤੇ ਸੰਤੋਖ ਖ਼ਤਮ ਕਰ ਰਹੀ ਹੈ ਫ਼ਲਸਰੂਪ ਮਨੁੱਖੀ ਅਸੰਤੋਸ਼ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਨਵ-ਉਦਾਰਵਾਦੀ ਆਰਥਿਕ ਨਮੂਨੇ ਨੇ ਹੀ ਪਿਛਲੇ ਦੋ ਦਹਾਕਿਆਂ ਅੰਦਰ ਸਾਡੇ ਸਮਾਜ ਅੰਦਰੋਂ ਸਾਂਝੇ ਪਰਿਵਾਰਾਂ ਨੂੰ ਲੁਪਤ ਕਰ ਦਿੱਤਾ ਅਤੇ ਮਨੁੱਖ ਨੂੰ ਇਕੱਲਤਾ, ਨਿਰਾਸ਼ਾ, ਲੋਭ ਅਤੇ ਸਵਾਰਥ ਦਾ ਸ਼ਿਕਾਰ ਬਣਾ ਦਿੱਤਾ ਹੈ। ਮਨੁੱਖ ਸਿਰਫ਼ ਉਪਭੋਗਵਾਦ ਵਿਚ ਗ੍ਰਸਤ ਹੋ ਰਿਹਾ ਹੈ ਜਦੋਂਕਿ ਉਸ ਦੀ ਭਾਵਨਾਤਮਕ ਭੁੱਖ ਦੀ ਤ੍ਰਿਪਤੀ ਨਾ ਹੋਣ ਕਾਰਨ ਉਹ ਮਾਨਸਿਕ ਤੌਰ ‘ਤੇ ਗੰਭੀਰ ਤੇ ਖ਼ਤਰਨਾਕ ਹੇਠਲੀ ਸਥਿਤੀ ਵਿਚ ਪਹੁੰਚ ਰਿਹਾ ਹੈ। ਸਮੁੱਚੇ ਵਿਸ਼ਵ ਲਈ ਅੱਜ ਮਨੁੱਖਤਾ ਨੂੰ ਆਤਮਘਾਤੀ ਮਾਰਗ ‘ਤੇ ਤੁਰਨ ਤੋਂ ਰੋਕਣ ਲਈ ਇਸ ਰੁਝਾਨ ਨੂੰ ਆਲਮੀ ਸਮੱਸਿਆ ਸਮਝ ਕੇ ਇਸ ਦੇ ਵਿਆਪਕ ਆਰਥਿਕ, ਸਮਾਜਿਕ ਅਤੇ ਭਾਵਨਾਤਮਕ ਕਾਰਨਾਂ ‘ਤੇ ਚਿੰਤਨ ਕਰਨ ਦੀ ਲੋੜ ਹੈ। ਸਰਮਾਏਦਾਰੀ ਦੀ ਥਾਂ ਆਰਥਿਕ ਵਿਕਾਸ ਦੇ ਇਕ ਸਾਵੇਂ ਅਤੇ ਸਾਂਝੇ ਨਮੂਨੇ ਦੀ ਭਾਲ ਕਰਨੀ ਚਾਹੀਦੀ ਹੈ, ਜਿਹੜਾ ਮਨੁੱਖੀ ਸੁਭਾਅ ਅੰਦਰੋਂ ਲੋਭ ਅਤੇ ਲਾਲਚ ਨੂੰ ਖ਼ਤਮ ਕਰਕੇ ਸੰਤੁਸ਼ਟੀ ਅਤੇ ਸਬਰ ਪ੍ਰਦਾਨ ਕਰਨ ਦਾ ਸਮਰੱਥ ਹੋਵੇ। ਅਜੋਕੇ ਆਰਥਿਕ ਨਮੂਨੇ ਦੀ ਥਾਂ ਜਿਹੜਾ ਆਰਥਿਕ ਨਮੂਨਾ ਇਹ ਸੁਨੇਹਾ ਦੇਵੇ ਕਿ ਕਿਸੇ ਵੀ ਚੀਜ਼ ਦਾ ਆਨੰਦ ਉਸ ਦਾ ਮਾਲਕ ਬਣੇ ਬਗੈਰ ਲਿਆ ਜਾ ਸਕਦਾ ਹੈ, ਅਰਥਾਤ ਸਾਂਝੀਵਾਲਤਾ ਅਤੇ ‘ਸ਼ੇਅਰਿੰਗ’ ਰਾਹੀਂ ਮਨੁੱਖ ਦੀ ਪਦਾਰਥਕ ਲਾਲਸਾ ਨੂੰ ਖ਼ਤਮ ਕਰ ਸਕਦਾ ਹੋਵੇ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …