ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਸ ਕਾਨੂੰਨ ‘ਤੇ ਦਸਤਖ਼ਤ ਕੀਤੇ, ਜੋ ਉਨ੍ਹਾਂ ਨੂੰ 2036 ਤੱਕ ਦੇਸ਼ ਦੀ ਸੱਤਾ ‘ਤੇ ਬਣੇ ਰਹਿਣ ਦੀ ਇਜਾਜ਼ਤ ਪ੍ਰਦਾਨ ਕਰਦਾ ਹੈ। ਕਾਨੂੰਨ ਉਨ੍ਹਾਂ ਨੂੰ 2036 ਤੱਕ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਬਣੇ ਰਹਿਣ ਦੀ ਯੋਗਤਾ ਪ੍ਰਦਾਨ ਕਰਦਾ ਹੈ। ਇਸ ਕਦਮ ਨਾਲ ਪਿਛਲੇ ਸਾਲ ਸੰਵਿਧਾਨਿਕ ਬਦਲਾਅ ਲਈ ਹੋਈ ਵੋਟਿੰਗ ‘ਚ ਪ੍ਰਾਪਤ ਸਮਰਥਨ ਨੂੰ ਰਸਮੀ ਰੂਪ ਦਿੱਤਾ ਗਿਆ ਹੈ। ਪਿਛਲੇ ਸਾਲ ਇਕ ਜੁਲਾਈ ਨੂੰ ਹੋਏ ਸੰਵਿਧਾਨਿਕ ਮਤਦਾਨ ‘ਚ ਇਕ ਅਜਿਹੀ ਵਿਵਸਥਾ ਸ਼ਾਮਿਲ ਸੀ ਜੋ ਪੁਤਿਨ ਨੂੰ ਦੋ ਵਾਰ ਹੋਰ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਿਲ ਹੋਣ ਦੀ ਇਜਾਜ਼ਤ ਪ੍ਰਦਾਨ ਕਰਦਾ ਹੈ। 68 ਸਾਲਾ ਪੁਤਿਨ ਨੇ ਕਿਹਾ ਕਿ ਉਹ 2024 ‘ਚ ਆਪਣਾ ਵਰਤਮਾਨ ਕਾਰਜਕਾਲ ਸਮਾਪਤ ਹੋਣ ਦੇ ਬਾਅਦ ਇਸ ਬਾਰੇ ਵਿਚਾਰ ਕਰਨਗੇ ਕਿ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਲਈ ਦੁਬਾਰਾ ਮੈਦਾਨ ‘ਚ ਉੱਤਰਨਾ ਹੈ ਜਾਂ ਨਹੀਂ।