Breaking News
Home / ਭਾਰਤ / ਸਿੱਖ ਕਤਲੇਆਮ ਭਾਰਤ ਦੇ ਪ੍ਰਸ਼ਾਸਕੀ ਅਤੇ ਨਿਆਂਇਕ ਚਿਹਰੇ ‘ਤੇ ਡੂੰਘਾ ਦਾਗ ਕਰਾਰ

ਸਿੱਖ ਕਤਲੇਆਮ ਭਾਰਤ ਦੇ ਪ੍ਰਸ਼ਾਸਕੀ ਅਤੇ ਨਿਆਂਇਕ ਚਿਹਰੇ ‘ਤੇ ਡੂੰਘਾ ਦਾਗ ਕਰਾਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਮ੍ਰਿਤਕਾਂ ਦੀ ਯਾਦ ਵਿਚ ਬਣਾਈ ਗਈ ‘ਸੱਚ ਦੀ ਕੰਧ’ ਉਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਉਨ੍ਹਾਂ ਸਿੱਖ ਕਤਲੇਆਮ ਨੂੰ ਦੇਸ਼ ਦੇ ਪ੍ਰਸ਼ਾਸਕੀ ਤੇ ਨਿਆਂਇਕ ਚਿਹਰੇ ਉਪਰ ਡੂੰਘਾ ਦਾਗ਼ ਕਰਾਰ ਦਿੱਤਾ। ਇਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਮ੍ਰਿਤਕਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਦਮ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਕਰਕੇ ਸਿੱਖਾਂ ਦੇ ਕਤਲ ਹੋਏ। ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਕਮੇਟੀਆਂ ਨੇ ਸਿੱਖਾਂ ਦੇ ਕਾਤਲਾਂ ਨੂੰ ਸਿਰੋਪੇ ਦਿੱਤੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਅਦਾਲਤਾਂ ਤੋਂ ਸੰਸਦ ਤੱਕ ਇਨਸਾਫ਼ ਦੀ ਲੜਾਈ ਲੜੀ। ਬਾਅਦ ਵਿੱਚ ਮ੍ਰਿਤਕਾਂ ਦੀ ਯਾਦ ਵਿੱਚ ਬਣੇ ਸਥਾਨ ਉਪਰ ਮੋਮਬੱਤੀਆਂ ਜਗਾ ਕੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਬੇਕਸੂਰ ਅਤੇ ਨਿਹੱਥੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਜਗਾਉਣ ਲਈ ਇਹ ਮੋਮਬੱਤੀਆਂ ਜਲਾਈਆਂ ਗਈਆਂ ਹਨ। ਸਿੱਖ ਕਤਲੇਆਮ ਦੀ ਅਹਿਮ ਗਵਾਹ ਜਗਦੀਸ਼ ਕੌਰ ਨੇ ਆਪਣੇ ਤੇ ਪਰਿਵਾਰ ਨਾਲ ਬੀਤੇ ਭਾਣੇ ਦੀ ਦਰਦ ਭਰੀ ਦਾਸਤਾਂ ਸੁਣਾਈ। ਇਸ ਮੌਕੇ ਸਿੱਖ ਕਤਲੇਆਮ ਨਾਲ ਜੁੜੀਆਂ ਘਟਨਾਵਾਂ ਬਾਰੇ ਇਕ ਚਿੱਤਰ ਪ੍ਰਦਰਸ਼ਨੀ ਸੱਚ ਦੀ ਕੰਧ ‘ਤੇ ਲਾਈ ਗਈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ‘ਤੇ ਸਮਾਗਮ ਦੌਰਾਨ ਦੋ ਮਿੰਟ ਦਾ ਮੌਨ ਧਾਰ ਕੇ 1 ਨਵੰਬਰ ਤੋਂ 3 ਨਵੰਬਰ 1984 ਦੌਰਾਨ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਭੜਕੀ ਭੀੜ ਵੱਲੋਂ ਮਾਰੇ ਗਏ ਬੇਦੋਸ਼ੇ ਤੇ ਨਿਹੱਥੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਢੀਂਡਸਾ ਨੇ ਕਿਹਾ ਕਿ ਸਿੱਖ ਕਤਲੇਆਮ ਦੇਸ਼ ਦੇ ਲੋਕਤੰਤਰ ‘ਤੇ ਕਾਲਾ ਧੱਬਾ ਹੈ। ਤਿਲਕ ਨਗਰ ਦੇ ਤਿਲਕ ਵਿਹਾਰ ਸਥਿਤ ਗੁਰਦੁਆਰਾ ਸ਼ਹੀਦ ਗੰਜ ਵਿਚ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ।
ਸਿੱਖ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ’ ਉਤੇ ਮੋਮਬੱਤੀਆਂ ਜਗਾ ਕੇ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਕਰਵਾਏ ਗਏ ਅਤੇ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ’ ਉਤੇ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਹੀਦਾਂ ਦੀ ਇਕ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 36 ਵਰ੍ਹਿਆਂ ਤੋਂ ਸੰਸਦ ਤੋਂ ਲੈ ਕੇ ਸੜਕਾਂ ਤੱਕ ਇਸ ਲੜਾਈ ਨੂੰ ਲੜਦਾ ਆ ਰਿਹਾ ਹੈ ਅਤੇ ਉਸੇ ਦਾ ਹੀ ਨਤੀਜਾ ਹੈ ਕਿ ਸੱਜਣ ਕੁਮਾਰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੈ ਅਤੇ ਜਗਦੀਸ਼ ਟਾਈਟਲਰ ਅਤੇ ਕਮਲਨਾਥ ‘ਤੇ ਵੀ ਸ਼ਿਕੰਜਾ ਕੱਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਕਾਤਲਾਂ ਨੂੰ ਜੇਲ੍ਹ ਨਹੀਂ ਭਿਜਵਾ ਦਿੰਦੇ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਸਮਾਗਮ ‘ਚ ਦਿੱਲੀ ਕਮੇਟੀ ਅਹੁਦੇਦਾਰ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਅਵਤਾਰ ਸਿੰਘ ਹਿੱਤ ਸਮੇਤ ਹੋਰਨਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਕਤਲੇਆਮ ਦੇਸ਼ ਦੇ ਇਤਿਹਾਸ ਵਿਚ ਇਕ ਅਜਿਹਾ ਬਦਨੁਮਾ ਦਾਗ਼ ਹੈ ਜੋ ਕਿ ਕਾਂਗਰਸ ਦੀ ਸਰਕਾਰ ਨੇ ਦਿੱਤਾ, ਇਸੇ ਨੂੰ ਨਾ ਤਾਂ ਮਿਟਾਇਆ ਜਾ ਸਕਦਾ ਹੈ ਅਤੇ ਨਾ ਹੀ ਕਦੇ ਭੁਲਾਇਆ ਜਾ ਸਕਦਾ ਹੈ। ਇਸ ਮੌਕੇ ਇਕ ਮਾਮਲੇ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਵੀ ਹਾਜ਼ਰੀ ਭਰੀ।

Check Also

‘ਆਪ’ ਆਗੂ ਸੰਜੇ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਲਗਾਇਆ ਵੱਡਾ ਆਰੋਪ

ਕਿਹਾ : 5ਜੀ ਨੀਲਾਮੀ ਰਾਹੀਂ ਪ੍ਰਧਾਨ ਮੰਤਰੀ ਨੇ ਆਪਣੇ ਦੋਸਤਾਂ ਨੂੰ ਵੰਡੇ 15 ਲੱਖ ਕਰੋੜ …