Breaking News
Home / ਭਾਰਤ / ਮਨੁੱਖਤਾ ਦਾ ਰਾਖਾ ਸੀ ਬੰਦਾ ਸਿੰਘ ਬਹਾਦਰ: ਮੋਦੀ

ਮਨੁੱਖਤਾ ਦਾ ਰਾਖਾ ਸੀ ਬੰਦਾ ਸਿੰਘ ਬਹਾਦਰ: ਮੋਦੀ

Modi Badal News copy copyਸਿੱਖ ਜਰਨੈਲ ਦੀ ਸ਼ਹੀਦੀ ਤ੍ਰੈਸ਼ਤਾਬਦੀ ਬਾਰੇ ਸਮਾਗਮ ਵਿੱਚ ਕੀਤੀ ਸ਼ਿਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਯੋਧੇ, ਕੁਸ਼ਲ ਪ੍ਰਸ਼ਾਸਕ ਤੇ ਸਮਾਜ ਸੁਧਾਰਕ ਸਨ, ਜੋ ਮਨੁੱਖਤਾ ਪ੍ਰਤੀ ਬੇਹੱਦ ਸੰਵੇਦਨਸ਼ੀਲ ਸਨ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਦੇ ਹਰ ਪੰਨੇ ‘ਤੇ ਸ਼ਹੀਦੀ ਦੀ ਦਾਸਤਾਨ ਲਿਖੀ ਹੋਈ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵਰਗੀ ਮਿਸਾਲ ਸ਼ਾਇਦ ਹੀ ਹੋਰ ਕਿਧਰੇ ਮਿਲੇ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਜਨਮ ਦਿਹਾੜਾ ਅਗਲੇ ਸਾਲ ਦੇਸ਼ ਦੇ ਹਰ ਕੋਨੇ ਤੇ ਵਿਦੇਸ਼ ਵਿੱਚ ਵੱਡੀ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਲਈ ਕੇਂਦਰ ਸਰਕਾਰ ਨੇ 100 ਕਰੋੜ ਰੁਪਏ ਰੱਖੇ ਹਨ ਤੇ ਕੌਮੀ ਪੱਧਰੀ ਉੱਚ ਕਮੇਟੀ ਬਣਾਈ ਜਾ ਰਹੀ ਹੈ।ਪੰਜਾਬੀ ਵਿੱਚ ਆਪਣਾ ਭਾਸ਼ਣ ਸ਼ੁਰੂ ਕਰਕੇ ਮੋਦੀ ਨੇ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਅਤੇ ਘੱਟ ਸਾਧਨਾਂ ਦੇ ਬਾਵਜੂਦ ਆਪਣੀ ਸੰਗਠਨ ਸਮਰੱਥਾ ਦੇ ਹੁਨਰ ਨਾਲ ਹਰ ਤਬਕੇ ਨੂੰ ਆਪਣੇ ਨਾਲ ਜੋੜਿਆ। ਉਹ ਲੋਕਤੰਤਰੀ ਰਵਾਇਤਾਂ ਦੇ ਪੱਖ ਵਿੱਚ ਸਨ। ਪ੍ਰਧਾਨ ਮੰਤਰੀ ਨੇ ਬਾਬਾ ਬੰਦਾ ਬਹਾਦਰ ਬਾਰੇ ਦਿੱਲੀ ਕਮੇਟੀ ਵੱਲੋਂ ਤਿਆਰ ਸਚਿੱਤਰ ਕਿਤਾਬ ਤੇ ਸੋਵੀਨਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨਾਲ ਮਿਲ ਕੇ ਜਾਰੀ ਕੀਤਾ। ਦਿੱਲੀ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਪਿਛਲੇ ਦਿਨੀਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਸ਼ਹੀਦੀ ਸ਼ਤਾਬਦੀ ਦੀ ਯਾਦ ਵਿੱਚ ਜਾਰੀ ਕੀਤੇ ਗਏ ਸਿੱਕੇ ਵੀ ਭੇਟ ਕੀਤੇ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਨਰਿੰਦਰ ਮੋਦੀ ਨੂੰ ਸ੍ਰੀ ਸਾਹਿਬ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ। ਸਿੱਖਾਂ ਦਾ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ ਤੇ ਦੇਸ਼ ਉਪਰ ਜਦੋਂ ਵੀ ਮੁਸੀਬਤ ਆਈ ਹੈ ਪੰਜਾਬੀਆਂ ਨੇ ਦੇਸ਼ ਦਾ ਸਾਥ ਦਿੱਤਾ ਹੈ ਤੇ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ 4 ਮਹੀਨਿਆਂ ਤੱਕ ‘ਜੰਗੇ-ਆਜ਼ਾਦੀ’ ਯਾਦਗਾਰ ਤਿਆਰ ਹੋ ਜਾਵੇਗੀ। ਮੰਚ ਸੰਚਾਲਨ ਕਰ ਰਹੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਜਰਨੈਲ ਹੋਇਆ ਜਿਨ੍ਹਾਂ ਨੇ ਮੁਗਲ ਹਕੂਮਤ ਨੂੰ ਖਦੇੜਿਆ ਤੇ ਆਪਣੇ ਨਾਂ ਦੇ ਸਿੱਕੇ ਚਲਾਉਣ ਦੀ ਥਾਂ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕੇ ਚਲਾ ਕੇ ਖ਼ਾਲਸਾ ਰਾਜ ਕਾਇਮ ਕੀਤਾ ਅਤੇ ਆਜ਼ਾਦੀ ਦਾ ਮੁੱਢ ਬੰਨ੍ਹਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ, ਜਸਪਾਲ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਿੱਚ ਅਣਗੌਲੇ ਜਾਣ ਲਈ ਅਸੀਂ ਵੀ ਕਸੂਰਵਾਰ ਹਾਂ। ਡਾ. ਜਸਪਾਲ ਸਿੰਘ ਨੇ ਬੰਦਾ ਬਹਾਦਰ ਦੀ ਦਸਮ ਪਾਤਸ਼ਾਹ ਨਾਲ ਮੁਲਾਕਾਤ ਤੇ ਮਗਰੋਂ ਯੁੱਗ ਪਲਟਾਊ ਤਬਦੀਲੀਆਂ ਦੇ ਮੁੱਖ ਨੁਕਤੇ ਉਭਾਰੇ। ਤਰਲੋਚਨ ਸਿੰਘ ਨੇ ਸ਼ਿਕਵਾ ਕੀਤਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਬਣਦਾ ਮੁੱਲ ਨਹੀਂ ਪਿਆ।
ਪੰਜਾਬੀਆਂ ਨੂੰ ਨਸ਼ੇੜੀ ਦੱਸਣ ਵਾਲਿਆਂ ਤੋਂ ਚੌਕਸ ਹੋਵੋ: ਸੁਖਬੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਦੇ ਸਿੱਖਾਂ ਨੂੰ ‘ਅੱਤਵਾਦੀ’ ਆਖਿਆ ਗਿਆ ਤੇ ਹੁਣ ਪੰਜਾਬੀਆਂ ਨੂੰ ਨਸ਼ੇੜੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅਜਿਹੇ ਸਿਆਸੀ ਦਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਪੰਜਾਬੀਆਂ ਵੱਲੋਂ ਦੇਸ਼ ਦੀ ਤਰੱਕੀ, ਆਜ਼ਾਦੀ ਦੇ ਸੰਘਰਸ਼, ਸਨਅਤਾਂ, ਅੰਨ ਉਤਪਾਦਨ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਵਿਦੇਸ਼ੀ ਧਰਤੀ ਉਪਰ ਪੰਜਾਬੀਆਂ ਵੱਲੋਂ ਬਣਾਈ ਆਪਣੀ ਪਛਾਣ ਦੀ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਦੇ 350ਵੇਂ ਜਨਮ ਦਿਹਾੜੇ ਲਈ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਰੱਖੇ ਹਨ ਤੇ 100 ਕਰੋੜ ਕੇਂਦਰ ਸਰਕਾਰ ਦੇ ਰਹੀ ਹੈ।

Check Also

ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ

ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …